Wednesday, June 27, 2012

                                   ਵੱਡਿਆਂ' ਘਰਾਂ ਅੱਗੇ ਬੌਣਾ ਹੋਇਆ ਪਾਵਰਕੌਮ
                                                                   ਚਰਨਜੀਤ ਭੁੱਲਰ
ਬਠਿੰਡਾ : 'ਵੱਡੇ ਲੋਕਾਂ' ਦੇ ਬਿਜਲੀ ਮੀਟਰ ਘਰਾਂ ਦੇ ਅੰਦਰ ਹੀ ਲੱਗੇ ਹੋਏ ਹਨ ਜਦਕਿ 'ਆਮ ਲੋਕਾਂ' ਦੇ ਬਿਜਲੀ ਮੀਟਿਰ ਘਰਾਂ 'ਚੋਂ ਬਾਹਰ ਕੱਢ ਦਿੱਤੇ ਗਏ ਹਨ। ਪਾਵਰਕੌਮ ਨੇ ਅਫਸਰਾਂ ਅਤੇ ਨੇਤਾਵਾਂ ਦੇ ਘਰਾਂ 'ਚੋਂ ਬਿਜਲੀ ਮੀਟਰ ਬਾਹਰ ਕੱਢਣ ਵਿੱਚ ਢਿੱਲ ਵਰਤੀ ਹੈ ਦੂਜੇ  ਪਾਸੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਘਰਾਂ 'ਚੋਂ ਮੀਟਰ ਬਾਹਰ ਕੱਢਣ ਦਾ ਕੰਮ ਫੁਰਤੀ ਨਾਲ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਵਰਕੌਮ ਵੱਲੋਂ ਬਿਜਲੀ ਚੋਰੀ ਰੋਕਣ ਲਈ ਤਿੰਨ ਵਰ੍ਹੇ ਪਹਿਲਾਂ ਬਿਜਲੀ ਮੀਟਰ ਘਰਾਂ 'ਚੋਂ ਬਾਹਰ ਕੱਢਣੇ ਸ਼ੁਰੂ ਕੀਤੇ ਗਏ ਸਨ। ਇਹ ਜਾਣਕਾਰੀ ਪਾਵਰਕੌਮ ਦੇ ਦਰਜਨਾਂ ਦਫਤਰਾਂ ਤੋਂ ਸੂਚਨਾ ਅਧਿਕਾਰ ਤਹਿਤ ਪ੍ਰਾਪਤ ਹੋਈ ਹੈ।ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਦੇ ਜੱਦੀ ਪਿੰਡ ਸਰਾਏਨਾਗਾ ਵਿਚਲੀ ਰਿਹਾਇਸ਼ ਵਿੱਚ ਘਰੇਲੂ ਬਿਜਲੀ ਦੇ 17 ਮੀਟਰ ਹਨ। ਇਹ ਸਾਰੇ ਮੀਟਰ ਰਿਹਾਇਸ਼ ਦੇ ਅੰਦਰ ਹੀ ਹਨ ਅਤੇ ਕੋਈ ਮੀਟਰ ਘਰ ਤੋਂ ਬਾਹਰ ਨਹੀਂ ਕੱਢਿਆ ਗਿਆ ਹੈ। ਇਨ੍ਹਾਂ 'ਚੋਂ ਹਰਚਰਨ ਸਿੰਘ ਬਰਾੜ ਦੇ ਨਾਮ 'ਤੇ ਦੋ ਮੀਟਰ, ਉਨ੍ਹਾਂ ਦੇ ਪੁੱਤਰ ਦੇ ਨਾਮ 'ਤੇ ਪੰਜ ਮੀਟਰ, ਨੂੰਹ ਕਰਨ ਕੌਰ ਦੇ ਨਾਮ 'ਤੇ ਇੱਕ ਮੀਟਰ ਅਤੇ ਦਸਮੇਸ਼ ਸਟੱਡ ਫਾਰਮ ਦੇ ਨਾਮ 'ਤੇ ਤਿੰਨ ਮੀਟਰ ਹਨ। ਬਾਕੀ ਛੇ ਮੀਟਰ ਹੋਰ ਨਾਵਾਂ 'ਤੇ ਰਿਹਾਇਸ਼ ਅੰਦਰ ਹਨ। ਪਾਵਰਕੌਮ ਨੇ ਪਿੰਡ ਸਰਾਏਨਾਗਾ ਦੇ ਹੋਰ ਘਰਾਂ 'ਚੋਂ ਮੀਟਰ ਬਾਹਰ ਕੱਢ ਦਿੱਤੇ ਹਨ ਪਰ ਇਸ ਵੀ.ਆਈ.ਪੀ. ਪਰਿਵਾਰ ਦੇ ਬਿਜਲੀ ਮੀਟਰ ਰਿਹਾਇਸ਼ ਦੇ ਅੰਦਰ ਹੀ ਹਨ।
           ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵਿੱਚ ਘਰੇਲੂ ਬਿਜਲੀ ਦੇ 11 ਮੀਟਰ ਹਨ, ਜਿਨ੍ਹਾਂ 'ਚੋਂ 10 ਮੀਟਰ ਮਹਿਲ ਤੋਂ ਬਾਹਰ ਨਹੀਂ ਕੱਢੇ ਗਏ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦੀ ਰਿਹਾਇਸ਼ 'ਚੋਂ ਹਾਲੇ ਤੱਕ ਮੀਟਰ ਬਾਹਰ ਨਹੀਂ ਕੱਢਿਆ ਗਿਆ ਹੈ। ਪਾਵਰਕੌਮ ਦੇ ਜਲੰਧਰ ਦਫਤਰ ਦਾ ਕਹਿਣਾ ਹੈ ਕਿ ਉਹ ਹੁਣ ਮੀਟਰ ਬਾਹਰ ਕੱਢ ਰਹੇ ਹਨ। ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਬਿਜਲੀ ਦੇ ਦੋ ਮੀਟਰ ਘਰ ਦੀ ਰਿਹਾਇਸ਼ ਦੇ ਅੰਦਰ ਹੀ ਹਨ। ਏਦਾਂ ਹੀ ਸਾਬਕਾ ਕਾਂਗਰਸੀ ਮੰਤਰੀ ਚੌਧਰੀ ਜਗਜੀਤ ਸਿੰਘ ਅਤੇ ਭਾਜਪਾ ਆਗੂ ਤੇ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ, ਮੁੱਖ ਸੰਸਦੀ ਸਕੱਤਰ ਸੋਹਣ ਸਿਘ ਠੰਡਲ ਤੋਂ ਇਲਾਵਾ ਸਾਬਕਾ ਵਿਧਾਇਕ ਰਾਜ ਖੁਰਾਣਾ ਦੇ ਘਰਾਂ ਦੇ ਅੰਦਰ ਹੀ ਮੀਟਰ ਲੱਗੇ ਹੋਏ ਹਨ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਵਿਧਾਇਕ ਸੋਮ ਪ੍ਰਕਾਸ਼, ਕਾਂਗਰਸੀ ਵਿਧਾਇਕ ਬ੍ਰਹਮ ਮਹਿੰਦਰਾ, ਸਾਬਕਾ ਵਿਧਾਇਕ ਹਰਮੇਲ ਟੌਹੜਾ, ਅਕਾਲੀ ਵਿਧਾਇਕ ਹਰਪ੍ਰੀਤ ਸਿੰਘ ਮਲੋਟ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ, ਸਾਬਕਾ ਵਿਧਾਇਕ ਨੱਥੂ ਰਾਮ, ਵਿਧਾਇਕ ਸੁੰਦਰ ਸ਼ਾਮ ਅਰੋੜਾ ਅਤੇ ਮਹਿਲਾ ਵਿਧਾਇਕ ਹਰਚੰਦ ਕੌਰ ਦੇ ਬਿਜਲੀ ਮੀਟਰ ਵੀ ਘਰਾਂ ਦੇ ਅੰਦਰ ਹੀ ਹਨ।
             ਸੂਚਨਾ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਬਿਜਲੀ ਮੀਟਰ ਘਰ ਤੋਂ ਬਾਹਰ ਕੱਢ ਕੇ ਲਾਇਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਦਾ ਬਿਜਲੀ ਮੀਟਰ ਵੀ ਘਰ ਤੋਂ ਬਾਹਰ ਕੱਢਿਆ ਗਿਆ ਹੈ। ਇਸੇ ਤਰ੍ਹਾਂ ਜਗਮੀਤ ਸਿੰਘ ਬਰਾੜ, ਵਜ਼ੀਰ ਸੁਰਜੀਤ ਸਿੰਘ ਰੱਖੜਾ, ਕੇ.ਡੀ. ਭੰਡਾਰੀ, ਬਲਵੀਰ ਸਿੰਘ ਘੁੰਨਸ, ਵਿਧਾਇਕ ਬਲਵੀਰ ਸਿੰਘ ਸਿੱਧੂ, ਕੇਵਲ ਢਿਲੋਂ, ਵਿਧਾਇਕ ਅਮਰਿੰਦਰ ਸਿੰਘ, ਬੀਬੀ ਉਪਿੰਦਰਜੀਤ ਕੌਰ, ਮੰਤਰੀ ਸਰਬਣ ਸਿੰਘ ਫਿਲੌਰ, ਦੇਸ ਰਾਜ ਧੁੱਗਾ, ਸਾਬਕਾ ਮੰਤਰੀ ਅਵਤਾਰ ਬਰਾੜ, ਦੀਪ ਮਲਹੋਤਰਾ ਆਦਿ ਦੇ ਮੀਟਰ ਵੀ ਘਰਾਂ ਤੋਂ ਬਾਹਰ ਕੱਢੇ ਜਾ ਚੁੱਕੇ ਹਨ।  ਵੱਡੇ ਅਫਸਰਾਂ 'ਤੇ ਨਜ਼ਰ ਮਾਰੀਏ ਤਾਂ ਡਿਪਟੀ ਕਮਿਸ਼ਨਰ ਮੋਗਾ ਦੀ ਰਿਹਾਇਸ਼ ਅਤੇ ਕੈਂਪ ਆਫਿਸ ਦੇ ਅੰਦਰ ਹੀ ਮੀਟਰ ਲੱਗਿਆ ਹੋਇਆ ਹੈ। ਬਠਿੰਡਾ ਦੇ ਐਸ.ਐਸ.ਪੀ, ਡਿਪਟੀ ਕਮਿਸ਼ਨਰ ਤੋਂ ਇਲਾਵਾ ਐਸ.ਐਸ.ਪੀ ਫਰੀਦਕੋਟ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਰਿਹਾਇਸ਼ ਦੇ ਅੰਦਰ ਬਿਜਲੀ ਮੀਟਰ ਲੱਗਿਆ ਹੋਇਆ ਹੈ। ਪਾਵਰਕੌਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੀਟਰ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਹੋਏ ਹਨ।
            ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਮੀਟਰ ਅੰਦਰ ਹੈ ਜਦਕਿ ਕੈਂਪ ਆਫਿਸ ਦਾ ਬਾਹਰ ਹੈ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਹੁਸ਼ਿਆਰਪੁਰ ਦਾ ਬਿਜਲੀ ਮੀਟਰ ਵੀ ਰਿਹਾਇਸ਼ ਦੇ ਅੰਦਰ ਹੀ ਲੱਗਿਆ ਹੋਇਆ ਹੈ। ਇਸ ਦੇ ਉਲਟ ਲੁਧਿਆਣਾ ਅਤੇ ਮੁਕਤਸਰ ਜ਼ਿਲ੍ਹੇ ਵਿੱਚ ਸਾਰੇ ਆਈ.ਏ.ਐਸ., ਆਈ.ਪੀ.ਐਸ. ਅਫਸਰਾਂ ਦੇ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢੇ ਜਾ ਚੁੱਕੇ ਹਨ। ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਨਵਾਂ ਸ਼ਹਿਰ ਦੇ ਐਸ.ਐਸ.ਪੀ. ਦੀ ਰਿਹਾਇਸ਼ ਦਾ ਮੀਟਰ ਵੀ ਘਰ ਤੋਂ ਬਾਹਰ ਹੈ। ਕਿਸਾਨ ਤੇ ਮਜ਼ਦੂਰ ਧਿਰਾਂ ਦਾ ਕਹਿਣਾ ਹੈ ਕਿ ਸਾਰੇ ਨੇਤਾਵਾਂ, ਅਫਸਰਾਂ ਅਤੇ ਪਾਵਰਕੌਮ ਦੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਸਭ ਤੋਂ ਪਹਿਲਾਂ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢ ਜਾਣੇ ਚਾਹੀਦੇ ਹਨ।
                                                 ਪਿੰਡ ਬਾਦਲ ਵਿੱਚ ਹੋਈ ਕਮਾਲਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿੱਚ ਸੌ ਫੀਸਦੀ ਬਿਜਲੀ ਮੀਟਰ ਘਰਾਂ 'ਚੋਂ ਬਾਹਰ ਕੱਢੇ ਜਾ ਚੁੱਕੇ ਹਨ। ਮੁੱਖ ਮੰਤਰੀ ਦੇ ਪਰਿਵਾਰ ਦੇ ਮੀਟਰ ਵੀ ਬਾਹਰ ਕੱਢੇ ਗਏ ਹਨ। ਪਿੰਡ ਬਾਦਲ ਵਿੱਚ 705 ਘਰੇਲੂ ਬਿਜਲੀ ਦੇ ਕੁਨੈਕਸ਼ਨ ਹਨ ਜਦਕਿ 153 ਖੇਤੀ ਮੋਟਰਾਂ ਦੇ ਕੁਨੈਕਸ਼ਨ ਹਨ। ਪਿੰਡ ਬਾਦਲ ਦੇ ਸਭ ਤੋਂ ਵੱਡੇ ਚਾਰ ਬਿਜਲੀ ਖਪਤਕਾਰਾਂ ਵਿੱਚ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਪੀ.ਐਸ. ਢਿਲੋਂ ਅਤੇ ਤੇਜਾ ਸਿੰਘ ਸ਼ਾਮਲ ਹਨ। ਇਸ ਪਿੰਡ ਦੇ 33 ਖਪਤਕਾਰ ਡਿਫਾਲਟਰ ਹਨ, ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਜਾਣੇ ਹਨ। ਪਾਵਰਕੌਮ ਨੇ ਦੱਸਿਆ ਹੈ ਕਿ ਇੱਥੇ ਕੋਈ ਖਪਤਕਾਰ ਬਿਜਲੀ ਚੋਰੀ ਕਰਦਾ ਨਹੀਂ ਫੜਿਆ ਗਿਆ ਹੈ।

No comments:

Post a Comment