Thursday, June 14, 2012

                                        ਮਿਸ਼ਨ
                       ਜ਼ਿੰਦਗੀ ਦੇ ਖਰੇ ਨਾਇਕ
                                   ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਧੋਬੀ ਮਹਾਂਵੀਰ ਪ੍ਰਸ਼ਾਦ ਨੂੰ ਜ਼ਿੰਦਗੀ ਨੇ ਹਲੂਣ ਦਿੱਤਾ ਹੈ। ਲੋਕਾਂ ਦੀ ਜ਼ਿੰਦਗੀ ਬਚਾਉਣ ਵਾਲਾ ਖ਼ੁਦ ਜ਼ਿੰਦਗੀ ਲਈ ਜੰਗ ਲੜ ਰਿਹਾ ਹੈ। ਮਹਾਂਵੀਰ ਪ੍ਰਸ਼ਾਦ ਇਕ ਸਾਲ ਵਿੱਚ ਚਾਰ ਦਫ਼ਾ ਖ਼ੂਨਦਾਨ ਕਰਦਾ ਹੈ। ਏਨਾ ਖ਼ੂਨਦਾਨ ਕੀਤਾ ਹੈ ਕਿ ਉਸ ਨੂੰ ਗਿਣਤੀ ਦਾ ਵੀ ਚੇਤਾ ਨਹੀਂ ਹੈ। ਇਕ ਸਾਲ ਤੋਂ ਉਸ ਨੇ ਖ਼ੂਨਦਾਨ ਕਰਨਾ ਬੰਦ ਕਰ ਦਿੱਤਾ ਹੈ। ਹੁਣ ਉਸ ਦੇ ਦੋਵੇਂ ਗੁਰਦੇ ਖਰਾਬ ਹੋ ਚੁੱਕੇ ਹਨ ਤੇ ਉਸ ਕੋਲ ਇਲਾਜ ਲਈ ਕੋਈ ਪੈਸਾ ਨਹੀਂ ਹੈ। ਉਸ ਦੇ ਸਾਥੀ ਖ਼ੂਨਦਾਨੀ ਉਸ ਦੀ ਜ਼ਿੰਦਗੀ ਲਈ ਪੈਸੇ ਇਕੱਠੇ ਕਰ ਰਹੇ ਹਨ। ਡਾਕਟਰ ਆਖਦੇ ਹਨ ਕਿ ਗੁਰਦੇ ਖਰਾਬ ਹੋਣ ਦੀ ਵਜ੍ਹਾ ਹੋਰ ਹੈ, ਨਾ ਕਿ ਖ਼ੂਨਦਾਨ। ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਾ ਮਹਾਂਵੀਰ ਹੁਣ ਖ਼ੁਦ ਖਾਲੀ ਹੱਥ ਹੈ। ਭਲਕੇ ਵਿਸ਼ਵ ਖੂਨਦਾਨੀ ਦਿਵਸ ਹੈ ਅਤੇ ਏਦਾਂ ਦੇ ਸੈਂਕੜੇ ਖੂਨਦਾਨੀ ਹਨ, ਜੋ ਖ਼ੁਦ ਦੁੱਖਾਂ ਦੇ ਢੇਰ 'ਤੇ ਬੈਠੇ ਹਨ ਪਰ ਫਿਰ ਵੀ ਉਨ੍ਹਾਂ ਖ਼ੂਨਦਾਨ ਨੂੰ ਮਿਸ਼ਨ ਬਣਾਇਆ ਹੋਇਆ ਹੈ।
             ਕੋਟਸ਼ਮੀਰ ਦਾ ਕ੍ਰਿਸ਼ਨ ਅਧਿਆਪਕ ਬਣਨਾ ਚਾਹੁੰਦਾ ਸੀ ਪਰ ਉਹ ਮਜ਼ਦੂਰ ਬਣ ਗਿਆ। ਭਾਵੇਂ ਉਹ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਪਰ ਉਹ ਖ਼ੂਨਦਾਨ ਕਰਨਾ ਨਹੀਂ ਭੁੱਲਦਾ। ਇਹ ਨੌਜਵਾਨ 20 ਤੋਂ ਜ਼ਿਆਦਾ ਵਾਰ ਖ਼ੂਨਦਾਨ ਕਰ ਚੁੱਕਾ ਹੈ। ਕ੍ਰਿਸ਼ਨ ਦੀ ਯੋਗਤਾ ਬੀ.ਏ., ਬੀ.ਐੱਡ ਹੈ। ਉਹ ਰੁਜ਼ਗਾਰ ਲਈ ਲੰਮਾ ਸਮਾਂ ਭਟਕਦਾ ਰਿਹਾ। ਆਖਰ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕਿਧਰੋਂ ਆਵਾਜ਼ ਪੈਂਦੀ ਹੈ ਤਾਂ ਉਹ ਖ਼ੂਨਦਾਨ ਕਰਨ ਲਈ ਪਹੁੰਚ ਜਾਂਦਾ ਹੈ। ਪ੍ਰਿੰਸੀਪਲ ਪ੍ਰੇਮ ਕੁਮਾਰ ਮਿੱਤਲ ਨੇ ਵੀ ਏਦਾਂ ਦੇ ਦੁੱਖ ਝੱਲੇ ਹਨ। ਉਹ 70 ਤੋਂ ਜ਼ਿਆਦਾ ਵਾਰ ਖ਼ੂਨਦਾਨ ਕਰ ਚੁੱਕਾ ਹੈ। ਉਹ ਹਰ ਵਰ੍ਹੇ ਤਿੰਨ ਚਾਰ ਦਫ਼ਾ ਖ਼ੂਨਦਾਨ ਕਰਦਾ ਹੈ। ਨੌਜਵਾਨ ਪ੍ਰਿੰਸੀਪਲ ਦੀ ਪਤਨੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਲੜਕਾ ਦਿਲ ਦੀ ਬਿਮਾਰੀ ਤੋਂ ਪੀੜਤ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਫਿਰ ਵੀ ਜਦੋਂ ਕਿਸੇ ਲੋੜਵੰਦ ਦਾ ਫੋਨ ਵੱਜਦਾ ਹੈ ਤਾਂ ਉਹ ਦੂਰ ਦੁਰਾਡੇ ਵੀ ਖ਼ੂਨਦਾਨ ਕਰਨ ਵਾਸਤੇ ਜਾਂਦਾ ਹੈ। ਬਠਿੰਡਾ ਦੀ ਮੁਲਤਾਨੀਆ ਰੋਡ ਦੀ ਵਸਨੀਕ ਘਰੇਲੂ ਔਰਤ ਪਰਮਜੀਤ ਕੌਰ ਵੀ ਖ਼ੂਨਦਾਨ ਨੂੰ ਆਪਣਾ ਮਿਸ਼ਨ ਸਮਝਦੀ ਹੈ। ਉਹ 15 ਵਰ੍ਹਿਆਂ ਤੋਂ ਖ਼ੂਨਦਾਨ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਕਰੰਟ ਲੱਗਣ ਕਰਕੇ ਮੌਤ ਹੋ ਚੁੱਕੀ ਹੈ। ਹੁਣ ਇਸ ਵਿਧਵਾ ਔਰਤ ਨੇ ਉਪਦੇਸ਼ ਵੈਲਫੇਅਰ ਸੁਸਾਇਟੀ ਬਣਾ ਕੇ ਆਪਣੇ ਪਤੀ ਦੀ ਹਰ ਬਰਸੀ 'ਤੇ ਖ਼ੂਨਦਾਨ ਕੈਂਪ ਲਾਉਣੇ ਸ਼ੁਰੂ ਕੀਤੇ ਹਨ। ਉਸ ਦਾ ਭਰਾ ਵੀ ਖ਼ੂਨਦਾਨੀ ਹੈ ਅਤੇ ਲੜਕਾ ਵੀ। ਸੋਨੂੰ ਲਲਾਰੀ ਨੂੰ ਤਾਂ ਖ਼ੂਨਦਾਨ ਕਰਨ ਦਾ ਜਜ਼ਬਾ ਹੈ। ਭਾਵੇਂ ਉਹ ਮੁਸ਼ਕਲ ਨਾਲ ਪਰਿਵਾਰ ਪਾਲ ਰਿਹਾ ਹੈ ਪਰ ਉਹ ਖੂਨਦਾਨ ਦੀ ਲਹਿਰ ਮੋਹਰੀ ਵੀ ਹੈ। ਉਸ ਨੇ ਤਾਂ ਲਲਾਰੀ ਸਾਥੀਆਂ ਨੂੰ ਵੀ ਆਪਣੀ ਮੁਹਿੰਮ ਵਿੱਚ ਰਲਾ ਲਿਆ ਹੈ।
            ਬਠਿੰਡਾ ਦੀ ਅਜੀਤ ਰੋਡ ਦਾ ਵਸਨੀਕ ਜਤਿੰਦਰ ਖ਼ੂਨਦਾਨ ਕਰਨ ਵਿੱਚ ਕਦੇ ਪਿੱਛੇ ਨਹੀਂ ਰਿਹਾ। ਕਿੰਨੇ ਹੀ ਲੋਕਾਂ ਨੂੰ ਜੀਵਨ ਦੇਣ ਵਾਲਾ ਜਤਿੰਦਰ ਹੁਣ ਖੁਦ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ। ਉਸ ਦਾ ਸੱਤ ਵਰ੍ਹਿਆਂ ਦਾ ਇਕਲੌਤਾ ਬੱਚਾ ਕਦੇ ਆਪਣੇ ਪਿਤਾ ਜਤਿੰਦਰ ਨੂੰ ਖ਼ੂਨਦਾਨ ਲਹਿਰ ਵਿੱਚ ਮਿਲੀਆਂ ਸ਼ੀਲਡਾਂ ਵੱਲ ਦੇਖਦਾ ਹੈ ਅਤੇ ਕਦੇ ਮੰਜੇ ਉਤੇ ਪਏ ਬਾਪ ਵੱਲ ਵੇਖਦਾ ਹੈ। ਬਠਿੰਡਾ ਦੀ ਯੂਨਾਈਟਿਡ ਵੈਲਫੇਅਰ ਸੁਸਾਇਟੀ ਇਨ੍ਹਾਂ ਖ਼ੂਨਦਾਨੀਆਂ ਦੀ ਅਗਵਾਈ ਕਰ ਰਹੀ ਹੈ, ਜਿਸ ਦੇ ਪ੍ਰਧਾਨ ਵਿਜੈ ਭੱਟ ਨੇ ਦੱਸਿਆ ਕਿ ਉਹ ਹਰ ਵਰ੍ਹੇ 100 ਖ਼ੂਨਦਾਨ ਕੈਂਪ ਲਾ ਦਿੰਦੇ ਹਨ। ਕਰੀਬ 1500 ਖ਼ੂਨਦਾਨੀ ਇਸ ਸੰਸਥਾ ਨਾਲ ਜੁੜੇ ਹੋਏ ਹਨ। ਪਿੰਡ ਕੋਟਸ਼ਮੀਰ ਦਾ ਦੋਧੀ ਮਨਜੀਤ ਸਿੰਘ ਗੋਰਾ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਚਲਾ ਰਿਹਾ ਹੈ। ਨਾਲ ਉਹ ਪੇਂਡੂ ਲੋਕਾਂ ਨੂੰ ਖ਼ੂਨਦਾਨ ਲਹਿਰ ਨਾਲ ਜੋੜ ਰਿਹਾ ਹੈ। ਉਸ ਦੇ ਬਾਪ ਦੀ ਮੌਤ ਹੋ ਚੁੱਕੀ ਹੈ। ਜਦੋਂ ਉਸ ਨੇ ਆਪਣੀ ਭੈਣ ਦਾ ਵਿਆਹ ਕੀਤਾ ਤਾਂ ਉਸ ਨੇ ਬਰਾਤ ਦੀ ਹਾਜ਼ਰੀ ਵਿੱਚ ਵਿਆਹ ਮੌਕੇ ਖ਼ੂਨਦਾਨ ਕੈਂਪ ਵੀ ਲਾਇਆ ਸੀ। ਰਾਮਪੁਰਾ ਫੂਲ ਦਾ ਏਸ਼ੀਆ ਵਿੱਚੋਂ ਖ਼ੂਨਦਾਨ ਵਿੱਚ ਪਹਿਲਾ ਨੰਬਰ ਰਿਹਾ ਹੈ। ਰਾਮਪੁਰਾ ਦੇ ਮਰਹੂਮ ਪ੍ਰਿੰਸੀਪਲ ਹਜਾਰੀ ਲਾਲ ਬਾਂਸਲ ਨੇ 1978 ਵਿੱਚ ਇਹ ਰਾਹ ਬਣਾਇਆ ਸੀ, ਜਿਸ 'ਤੇ ਅੱਜ ਹਜ਼ਾਰਾਂ ਖ਼ੂਨਦਾਨੀ ਚੱਲੇ ਹੋਏ ਹਨ।
            ਪੁਲੀਸ ਹੌਲਦਾਰ ਸੁਖਵਿੰਦਰ ਸਿੱਧੂ ਮਾਈਸਰਖਾਨਾ ਆਪਣਾ ਜਨਮ ਦਿਨ ਖ਼ੂਨਦਾਨ ਕੈਂਪ ਲਾ ਕੇ ਮਨਾਉਂਦਾ ਹੈ, ਜਦੋਂ ਕਿ ਸੰਦੀਪ ਘੰਡ ਵੀ ਆਪਣੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਾਉਣਾ ਨਹੀਂ ਭੁੱਲਦਾ। ਪਿੰਡ ਚੁੱਘੇ ਕਲਾਂ ਦਾ ਦਰਜੀ ਗੁਰਮੀਤ ਗੀਤਾ ਆਪਣੀਆਂ ਭੈਣਾਂ ਦੇ ਜਨਮ ਦਿਨ ਖ਼ੂਨਦਾਨ ਕੈਂਪ ਲਾ ਕੇ ਮਨਾਉਂਦਾ ਹੈ। ਪੁਲੀਸ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਆਪਣੇ ਉਸਤਾਦ ਦੀ ਬਰਸੀ ਖ਼ੂਨਦਾਨ ਕੈਂਪ ਲਾ ਕੇ ਮਨਾਉਂਦਾ ਹੈ। ਸ਼ਹੀਦ ਸੰਦੀਪ ਸਿੰਘ ਦੀ ਬਰਸੀ ਮੌਕੇ ਬਠਿੰਡਾ ਵਿੱਚ ਖ਼ੂਨਦਾਨ ਕੈਂਪ ਲੱਗਦਾ ਹੈ। ਮਹਿਲਾਵਾਂ ਵਿੱਚੋਂ ਪ੍ਰਿੰਸੀਪਲ ਰਾਜ ਗੁਪਤਾ ਵੀ 45 ਤੋਂ ਜ਼ਿਆਦਾ ਦਫ਼ਾ ਖ਼ੂਨਦਾਨ ਕਰ ਚੁੱਕੇ ਹਨ। ਰਾਮਪੁਰਾ ਦੇ ਰਾਜ ਕੁਮਾਰ ਜੋਸ਼ੀ 91 ਦਫ਼ਾ ਅਤੇ ਆਰਟਿਸਟ ਪ੍ਰੀਤਮ ਸਿੰਘ ਰਾਮਪੁਰਾ ਵੀ 52 ਦਫ਼ਾ ਖ਼ੂਨਦਾਨ ਕਰ ਚੁੱਕੇ ਹਨ। ਮਰਹੂਮ ਹਜ਼ਾਰੀ ਲਾਲ ਬਾਂਸਲ, ਮੰਗਲ ਸੈਨ ਸ਼ਰਮਾ, ਰਤਨ ਸ਼ਰਮਾ ਅਤੇ ਸਤਪਾਲ ਬਾਂਸਲ ਖ਼ੂਨਦਾਨ ਦੇ ਖੇਤਰ ਵਿੱਚ ਮੋਹਰੀ ਰਹੇ ਹਨ, ਜੋ ਅੱਜ ਇਸ ਦੁਨੀਆਂ ਵਿੱਚ ਨਹੀਂ ਰਹੇ ਹਨ।

No comments:

Post a Comment