Thursday, June 7, 2012

                                                                      ਪੰਥਕ ਸਰਕਾਰ
                                        ਪ੍ਰਾਹੁਣਿਆਂ ਦੀ ਸੇਵਾ 'ਚ  'ਮੱਛੀ' ਤੇ 'ਮੁਰਗੇ' 
                                                                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵਲੋਂ ਪ੍ਰਾਹੁਣਿਆਂ ਦੀ ਟਹਿਲ ਸੇਵਾ 'ਮੱਛੀ' ਤੇ 'ਮੁਰਗੇ' ਨਾਲ ਕੀਤੀ ਜਾਂਦੀ ਹੈ। ਲੰਘੇ ਪੰਜ ਵਰਿ•ਆਂ 'ਚ ਪੰਜਾਬ ਭਵਨ ਚੰਡੀਗੜ• 'ਚ ਠਹਿਰੇ ਪ੍ਰਾਹੁਣਿਆਂ ਨੂੰ ਪਰੋਸੇ ਇਕੱਲੇ 'ਨਾਨ ਵੈਜ' ਦਾ ਖਰਚਾ ਕਰੀਬ 16 ਲੱਖ ਬਣਦਾ ਹੈ। ਇਸ ਚੋਂ 5.46 ਲੱਖ ਰੁਪਏ ਦਾ 'ਮੱਛੀ' ਦਾ ਖਰਚਾ ਹੈ ਜਦੋਂ ਕਿ 9.33 ਲੱਖ ਰੁਪਏ 'ਮੁਰਗੇ' ਦਾ ਖਰਚਾ ਹੈ। 1.21 ਲੱਖ ਰੁਪਏ ਆਂਡਿਆਂ ਦਾ ਬਿੱਲ ਬਣਿਆ ਹੈ। ਉਂਜ ਪ੍ਰਾਹੁਣਿਆਂ 'ਤੇ ਸਾਲ 2007-08 ਤੋਂ ਸਾਲ 2011-12 ਤੱਕ ਹੋਏ ਕੁੱਲ ਖਰਚ 'ਤੇ ਨਜ਼ਰ ਮਾਰੀਏ ਤਾਂ ਇਹ ਆਓ ਭਗਤ 2.82 ਕਰੋੜ ਰੁਪਏ 'ਚ ਸਰਕਾਰ ਨੂੰ ਪਈ ਹੈ। ਸਾਲ 1992 ਤੋਂ 2007 ਤੱਕ ਪੰਜਾਬ ਭਵਨ 'ਚ ਠਹਿਰੇ ਪ੍ਰਾਹੁਣਿਆਂ ਦੀ ਖਾਤਿਰਦਾਰੀ 'ਤੇ 4.85 ਕਰੋੜ ਰੁਪਏ ਖਰਚੇ ਗਏ ਸਨ ਜਦੋਂ ਕਿ ਲੰਘੇ ਪੰਜ ਵਰਿ•ਆਂ 'ਚ ਪ੍ਰਾਹੁਣਚਾਰੀ ਖਰਚਾ ਕਾਫੀ ਵਧਿਆ ਹੈ। ਪੰਜਾਬ ਭਵਨ 'ਚ ਪ੍ਰਾਈਵੇਟ ਮਹਿਮਾਨਾਂ ਦੀ ਸਰਦਾਰੀ ਹੀ ਰਹਿੰਦੀ ਹੈ ਜੋ ਕਿ ਹਾਕਮ ਧਿਰ ਦੇ ਨੇੜਲੇ ਹੁੰਦੇ ਹਨ। ਲੰਘੇ ਚਾਰ ਵਰਿ•ਆਂ 'ਚ ਪੰਜਾਬ ਭਵਨ 'ਚ 2282 ਕੁੱਲ ਮਹਿਮਾਨ ਠਹਿਰੇ ਜਿਨ•ਾਂ ਚੋਂ 1418 ਪ੍ਰਾਈਵੇਟ ਮਹਿਮਾਨ ਸਨ ਜਦੋਂ ਕਿ ਸਰਕਾਰੀ ਮਹਿਮਾਨਾਂ ਦੀ ਗਿਣਤੀ ਸਿਰਫ 864 ਸੀ। ਕੈਪਟਨ ਹਕੂਮਤ ਸਮੇਂ 6035 ਪ੍ਰਾਹੁਣੇ ਪੰਜਾਬ ਭਵਨ ਵਿੱਚ ਠਹਿਰੇ ਸਨ। ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਪੰਥਕ ਸਰਕਾਰ ਤੋਂ 'ਨਾਨ ਵੈਜ' ਪਰੋਸੇ ਜਾਣ ਦੀ ਆਸ ਨਹੀਂ ਸੀ।
           ਪ੍ਰਾਹੁਣਚਾਰੀ ਵਿਭਾਗ ਪੰਜਾਬ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਮੀਮੋ ਨੰਬਰ ਐਚ.ਓ.ਏ.ਐਚ-6/2012/3502 ਮਿਤੀ 24 ਮਈ 2012 ਨੂੰ ਜੋ ਸੂਚਨਾ ਦਿੱਤੀ ਗਈ ਹੈ, ਉਸ ਅਨੁਸਾਰ ਪੰਜਾਬ ਭਵਨ ਚੰਡੀਗੜ• ਦਾ ਪ੍ਰਾਹੁਣਚਾਰੀ ਖਰਚਾ ਲਗਾਤਾਰ ਵੱਧ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਕਰਜ਼ਿਆਂ ਦੇ ਬੋਝ ਹੇਠ ਦਬੀ ਹੋਈ ਹੈ ਲੇਕਿਨ ਫਿਰ ਵੀ ਖਾਤਿਰਦਾਰੀ ਵਾਸਤੇ ਫੰਡਾਂ ਦੀ ਕੋਈ ਕਮੀ ਨਹੀਂ ਹੈ। ਪ੍ਰਾਹੁਣਿਆਂ ਦੇ ਚਾਹ ਪਾਣੀ ਅਤੇ ਖਾਣਿਆਂ 'ਤੇ ਸਾਲ 2011-2012 ਵਿੱਚ 62.55 ਲੱਖ ਰੁਪਏ ਇਕੱਲੇ ਪੰਜਾਬ ਭਵਨ ਵਿੱਚ ਖਰਚੇ ਗਏ ਜਦੋਂ ਕਿ ਸਾਲ 2010-11 ਵਿੱਚ ਇਹ ਖਰਚਾ 59 ਲੱਖ ਰੁਪਏ ਸੀ। ਉਸ ਤੋਂ ਪਹਿਲਾਂ ਸਾਲ 2009-10 ਵਿੱਚ ਇਹੋ ਖਰਚਾ 55.09 ਲੱਖ ਰੁਪਏ ਸੀ। ਪੰਜਾਬ ਭਵਨ ਵਿੱਚ ਸਾਲ 2008-09 ਵਿੱਚ 52.50 ਲੱਖ ਰੁਪਏ ਖਰਚਾ ਖਾਤਿਰਦਾਰੀ 'ਤੇ ਕੀਤਾ ਗਿਆ। ਅਗਰ ਪੰਜਾਬ ਸਰਕਾਰ ਦੇ ਦੂਸਰੇ ਰਾਜਾਂ ਵਿਚਲੇ ਅਤੇ ਪੰਜਾਬ ਵਿਚਲੇ ਹੋਰਨਾਂ ਸਰਕਟ ਹਾਊਸਜ਼ ਅਤੇ ਗੈਸਟ ਹਾਊਸਜ ਦਾ ਖਰਚਾ ਸ਼ਾਮਲ ਕਰ ਲਈਏ ਤਾਂ ਇਹ ਕਈ ਗੁਣਾ ਬਣ ਜਾਣਾ ਹੈ। ਪੰਜਾਬ ਭਵਨ ਚੰਡੀਗੜ• ਵਿੱਚ ਸਾਲ 2010-11 ਵਿੱਚ 1.65 ਲੱਖ ਅਤੇ ਸਾਲ 2011-12 ਵਿੱਚ 1.17 ਲੱਖ ਰੁਪਏ ਦੀ ਇਕੱਲੀ 'ਮੱਛੀ' ਹੀ ਮਹਿਮਾਨਾਂ ਵਾਸਤੇ ਪਰੋਸੀ ਗਈ ਹੈ। ਕੈਪਟਨ ਹਕੂਮਤ ਸਮੇਂ ਮੱਛੀ ਅਤੇ ਮੁਰਗੇ ਦਾ ਖਰਚਾ ਹੋਰ ਵੀ ਜਿਆਦਾ ਸੀ।
            ਪੰਜਾਬ ਭਵਨ 'ਚ ਏਦਾ ਹੀ ਸਾਲ 2010-11 ਵਿੱਚ 2.45 ਲੱਖ ਰੁਪਏ ਅਤੇ ਸਾਲ 2011-12 ਵਿੱਚ 2.28 ਲੱਖ ਰੁਪਏ ਦੇ 'ਮੁਰਗੇ' ਮਹਿਮਾਨਾਂ ਦੀ ਟਹਿਲ ਸੇਵਾ ਵਿੱਚ ਪਰੋਸੇ ਗਏ ਹਨ। ਪੰਜਾਬ ਸਰਕਾਰ ਨੇ 7 ਮਾਰਚ 2011 ਨੂੰ ਪੰਜਾਬ ਭਵਨ 'ਚ ਠਹਿਰਨ ਵਾਲਿਆਂ ਲਈ ਕਮਰਿਆਂ ਦੇ ਕਿਰਾਏ ਵਧਾ ਵੀ ਦਿੱਤੇ ਹਨ ਪ੍ਰੰਤੂ ਫਿਰ ਵੀ ਮਹਿਮਾਨਾਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਹੋਈ ਹੈ। ਪ੍ਰਾਈਵੇਟ ਵਿਅਕਤੀ ਮੁੱਖ ਸਕੱਤਰ ਪੰਜਾਬ ਦੀ ਪ੍ਰਵਾਨਗੀ ਨਾਲ ਪੰਜਾਬ ਭਵਨ 'ਚ ਠਹਿਰ ਸਕਦੇ ਹਨ। ਫਿਰ ਵੀ ਪ੍ਰਾਈਵੇਟ ਮਹਿਮਾਨਾਂ ਦੀ ਗਿਣਤੀ ਜਿਆਦਾ ਹੀ ਰਹਿੰਦੀ ਹੈ। ਪੰਜਾਬ ਭਵਨ ਵਿੱਚ ਇਕੱਲਾ 'ਨਾਨ ਵੈਜ' ਦਾ ਖਰਚਾ ਨਹੀਂ ਬਲਕਿ ਮਹਿਮਾਨਾਂ ਨੂੰ ਦਿੱਤੇ ਜਾਣ ਵਾਲੇ ਪਾਣੀ,ਜੂਸ ਅਤੇ ਠੰਡਿਆਂ ਦਾ ਖਰਚਾ ਵੀ ਹੁਣ ਕਾਫੀ ਵੱਧਣ ਲੱਗਾ ਹੈ।  ਕੁਝ ਅਰਸਾ ਪਹਿਲਾਂ ਪ੍ਰਾਹੁਚਾਰੀ ਵਿਭਾਗ ਨੇ ਇਹ ਸੂਚਨਾ ਦਿੱਤੀ ਸੀ ਕਿ ਪੰਜਾਬ ਭਵਨ 'ਚ ਪ੍ਰਾਹੁਣਿਆ ਨੂੰ ਕੈਚ ਕੰਪਨੀ ਦਾ 25 ਰੁਪਏ ਪ੍ਰਤੀ ਲੀਟਰ ਵਾਲਾ ਪੀਣ ਵਾਲਾ ਪਾਣੀ ਪਿਲਾਇਆ ਜਾਂਦਾ ਹੈ। ਹੁਣ ਤਾਜ਼ਾ ਸੂਚਨਾ 'ਚ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਪ੍ਰਾਹੁਣਿਆਂ ਨੂੰ ਬਿਸਲਰੀ ਅਤੇ ਕਿਨਲੇ ਕੰਪਨੀ ਦਾ ਪਾਣੀ ਦਿੱਤਾ ਜਾਂਦਾ ਹੈ। ਦੂਸਰੀ ਤਰਫ ਮਾਲਵਾ ਖਿੱਤੇ ਵਿੱਚ ਲੋਕ ਸ਼ੁਧ ਪਾਣੀ ਦੀ ਕਮੀ ਕਾਰਨ ਕੈਂਸਰ ਵਰਗੀ ਅਲਾਮਤ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਚੰਡੀਗੜ• ਦਾ ਪਾਣੀ ਉਜ ਹੀ ਸ਼ੁੱਧ ਹੈ ਪ੍ਰੰਤੂ ਸਰਕਾਰ ਨੂੰ ਪ੍ਰਾਹੁਣਿਆਂ ਦੀ ਸਿਹਤ ਦੀ ਜਿਆਦਾ ਫਿਕਰਮੰਦੀ ਹੈ।
                                                    10 ਲੱਖ ਦਾ ਪਾਣੀ ਪਿਲਾਇਆ
ਪੰਜਾਬ ਸਰਕਾਰ ਵਲੋਂ ਉਨਾਂ ਖਰਚਾ ਠੰਡਿਆਂ ਅਤੇ ਜੂਸ 'ਤੇ ਨਹੀਂ ਕੀਤਾ ਗਿਆ ਜਿਨ•ਾਂ ਪੀਣ ਵਾਲੇ ਪਾਣੀ 'ਤੇ ਕੀਤਾ ਗਿਆ ਹੈ। ਪੰਜਾਬ ਭਵਨ ਵਿੱਚ ਪੰਜ ਵਰਿ•ਆਂ 'ਚ ਪ੍ਰਾਹੁਣਿਆਂ ਨੂੰ 18.36 ਲੱਖ ਰੁਪਏ ਪਾਣੀ,ਜੂਸ ਅਤੇ ਠੰਡੇ ਪਿਲਾਉਣ 'ਤੇ ਖਰਚ ਕੀਤਾ ਗਏ ਹਨ। ਸਰਕਾਰ ਨੇ ਇਕੱਲੇ ਮਿਨਰਲ ਵਾਟਰ 'ਤੇ 10.29 ਲੱਖ ਰੁਪਏ ਖਰਚ ਕੀਤੇ ਹਨ ਜਦੋਂ ਕਿ ਜੂਸ 'ਤੇ 5.01 ਲੱਖ ਰੁਪਏ ਅਤੇ ਕੋਲਡ ਡਰਿੰਕਸ 'ਤੇ 3.06 ਲੱਖ ਰੁਪਏ ਖਰਚ ਕੀਤੇ ਗਏ ਹਨ। ਹਾਲਾਂਕਿ ਪੰਜਾਬ ਸਰਕਾਰ ਨੂੰ ਮਿਨਰਲ ਵਾਟਰ ਰਿਆਇਤੀ ਦਰਾਂ 'ਤੇ ਮਿਲਦਾ ਹੈ। ਅਸਲ ਕੀਮਤ ਲਾਈਏ ਤਾਂ ਪਾਣੀ ਦਾ ਖਰਚ ਕਈ ਗੁਣਾ ਵੱਧ ਜਾਣਾ ਹੈ। ਸਾਲ 2011-12 ਵਿੱਚ ਸਰਕਾਰ ਨੇ 3.56 ਲੱਖ ਰੁਪਏ ਇਕੱਲੇ ਮਿਨਰਲ ਵਾਟਰ 'ਤੇ ਖਰਚ ਕੀਤੇ ਹਨ ਜੋ ਆਪਣੇ ਆਪ ਵਿੱਚ ਰਿਕਾਰਡ ਹੈ। 

No comments:

Post a Comment