Sunday, June 24, 2012


                              ਖਬਰ ਦਾ ਅਸਰ
       ਪਾਵਰਕੌਮ ਦਾ ਮੋਤੀ ਮਹਿਲ 'ਤੇ ਛਾਪਾ
                            ਰਵੇਲ ਸਿੰਘ ਭਿੰਡਰ
ਪਟਿਆਲਾ : ਪਾਵਰਕੌਮ ਦੀ ਟੀਮ ਨੇ ਅੱਜ ਇਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ਵਿਖੇ ਛਾਪਾ ਮਾਰਿਆ। ਬਿਜਲੀ ਅਧਿਕਾਰੀਆਂ ਨੇ ਉਥੇ ਬਿਜਲੀ ਮੀਟਰਾਂ 'ਚ ਵਿਚਲੀਆਂ ਗੜਬੜਾਂ ਅਤੇ ਬੇਨਿਯਮੀਆਂ ਦਾ ਜਾਇਜ਼ਾ ਲਿਆ ਅਤੇ ਜਿਨ੍ਹਾਂ ਮੀਟਰਾਂ ਦੀਆਂ ਸੀਲਾਂ ਟੁੱਟੀਆਂ ਸਨ, ਉਨ੍ਹਾਂ ਨੂੰ ਮੁੜ ਲਗਾ ਦਿੱਤਾ ਗਿਆ। ਟੀਮ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਆਪਣੀ ਰਿਪੋਰਟ ਦੇਰ ਰਾਤ ਨਿਗਮ ਅਧਿਕਾਰੀਆਂ ਸੌਂਪ ਦਿੱਤੀ। ਦੱਸਣਯੋਗ ਹੈ ਕਿ ਅੱਜ 'ਪੰਜਾਬੀ ਟ੍ਰਿਬਿਊਨ' ਵਿਚ ਇਸ ਸਬੰਧੀ ਖ਼ਬਰ ਛਪੀ ਸੀ, ਜਿਸ ਦਾ ਨਿਗਮ ਅਧਿਕਾਰੀਆਂ ਨੇ ਗੰਭੀਰ ਨੋਟਿਸ ਲਿਆ ਅਤੇ ਫੌਰੀ ਕਾਰਵਾਈ ਕੀਤੀ। ਛਾਪਾਮਾਰੀ ਟੀਮ ਨੇ ਉਹ ਸੀਲਾਂ ਲਗਾਂ ਦਿੱਤੀਆ ਅਤੇ ਬਾਕੀ ਕਾਰਵਾਈ ਲਈ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਹੈ। ਪਤਾ ਲੱਗਾ ਹੈ ਕਿ ਇਸ ਮੌਕੇ ਸ੍ਰੀ ਅਮਰਿੰਦਰ ਸਿੰਘ ਘਰ ਨਹੀਂ ਸਨ। ਉਨ੍ਹਾਂ ਦੀ ਪਤਨੀ ਪਰਨੀਤ ਕੌਰ ਵਿਦੇਸ਼ ਰਾਜ ਮੰਤਰੀ ਹਨ।
                                                      ਮੋਤੀ ਮਹਿਲ ਚੋਂ ਬਾਹਰ ਹੋਣਗੇ ਮੀਟਰ
                                                                      ਚਰਨਜੀਤ ਭੁੱਲਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰੇਲੂ ਬਿਜਲੀ ਦੇ ਮੀਟਰ ਉਨ੍ਹਾਂ ਦੀ ਰਿਹਾਇਸ਼ ਮੋਤੀ ਮਹਿਲ 'ਚੋਂ ਬਾਹਰ ਕੱਢੇ ਜਾ ਰਹੇ ਹਨ। ਪਾਵਰਕੌਮ ਦੀ ਲਿਖਤੀ ਸੂਚਨਾ ਅਨੁਸਾਰ ਮੀਟਰ ਕੱਢਣ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਮੋਤੀ ਮਹਿਲ ਵਿੱਚ ਇਸ ਵੇਲੇ 10 ਬਿਜਲੀ ਮੀਟਰ ਹਨ ਜਿਨ੍ਹਾਂ ਚੋਂ ਪੰਜ ਮੀਟਰ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਹਨ। ਇੱਕ ਮੀਟਰ ਮੋਤੀ ਮਹਿਲ ਦੇ ਗੇਟ ਨੰਬਰ ਦੋ ਤੇ ਲੱਗਾ ਹੋਇਆ ਹੈ ਜੋ ਐਸ.ਐਸ.ਪੀ ਦੇ ਨਾਮ ਤੇ ਹੈ। ਪਾਵਰਕੌਮ ਦੇ ਡਾਇਰੈਕਟਰ (ਵੰਡ) ਅਰੁਨ ਕੁਮਾਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿੱਚ ਘਰਾਂ ਤੋਂ ਬਾਹਰ ਮੀਟਰ ਕੱਢਣ ਦਾ ਕੰਮ ਚੱਲ ਰਿਹਾ ਹੈ। ਪੰਜਾਬੀ ਟ੍ਰਿਬਿਊਨ ਵਲੋ ਅਮਰਿੰਦਰ ਸਿੰਘ ਦੇ ਮੀਟਰਾਂ ਦੀ ਰੀਡਿੰਗ ਜੀਰੋ ਹੋਣ ਦਾ ਜਦੋ ਮਾਮਲਾ ਉਭਾਰਿਆ ਗਿਆ ਤਾਂ ਪਾਵਰਕੌਮ ਹਰਕਤ ਵਿੱਚ ਆ ਗਈ। ਉਂਜ ਪਾਵਰਕੌਮ ਦੇ ਅਧਿਕਾਰੀ ਫਿਰ ਵੀ ਡਰਦੇ ਰਹੇ। ਇਨਫੋਰਸਮੈਂਟ ਵਿੰਗ ਵੀ ਇਸ ਮਾਮਲੇ ਵਿੱਚ ਕਈ ਵਰ੍ਹਿਆਂ ਤੋ ਚੁੱਪ ਹੀ ਬੈਠਾ ਰਿਹਾ ਹੈ ਅਤੇ ਹੁਣ ਵੀ ਇਨਫੋਰਸਮੈਂਟ ਦੇ ਅਧਿਕਾਰੀ ਟਾਲਾ ਹੀ ਵੱਟ ਰਹੇ ਹਨ।
         ਪਾਵਰਕੌਮ ਨੇ ਵੱਖਰੀ ਲਿਖਤੀ ਜਾਣਕਾਰੀ ਵਿੱਚ ਦੱਸਿਆ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਿੰਡ ਬਾਦਲ ਵਿਚਲੀ ਜੱਦੀ ਰਿਹਾਇਸ਼ ਦਾ ਮੀਟਰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵਿਰੋਧੀ ਧਿਰ ਦੀ ਸਾਬਕਾ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦਾ ਬਿਜਲੀ ਦਾ ਮੀਟਰ ਵੀ ਉਨ੍ਹਾਂ ਦੀ ਰਿਹਾਇਸ਼ ਤੋਂ ਬਾਹਰ ਕੱਢ ਦਿੱਤਾ ਗਿਆ ਹੈ।

No comments:

Post a Comment