Wednesday, March 17, 2021

                                                       ਜ਼ਿੰਦਗੀ ’ਤੇ ਹੱਲਾ
                          ਪੰਜਾਬ ’ਚ ਕੈਂਸਰ  ਨਾਲ ਹਰ ਘੰਟੇ ’ਚ ਤਿੰਨ ਮੌਤਾਂ

                                                       ਚਰਨਜੀਤ ਭੁੱਲਰ     


   ਚੰਡੀਗੜ੍ਹ :
  ਪੰਜਾਬ ’ਚ ਕੈਂਸਰ ਦਾ ਹੱਲਾ ਜ਼ਿੰਦਗੀ ਖੋਹਣ ਲੱਗਾ ਹੈ। ਹਾਲਾਤ ਇੱਥੋਂ ਤੱਕ ਬਦਤਰ ਹੋਏ ਹਨ ਕਿ ਪੰਜਾਬ ’ਚ ਹਰ ਘੰਟੇ ਔਸਤਨ ਤਿੰਨ ਜਾਨਾਂ ਕੈਂਸਰ ਲੈਣ ਲੱਗਾ ਹੈ। ਉਂਜ ਇਹ ਵਰਤਾਰਾ ਕੋਈ ਨਵਾਂ ਨਹੀਂ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਤੱਥ ਸਾਹਮਣੇ ਆਏ ਹਨ ਕਿ ਪੰਜਾਬ ਵਿਚ ਔਸਤਨ ਰੋਜ਼ਾਨਾ 61 ਮੌਤਾਂ ਕੈਂਸਰ ਨਾਲ ਹੋ ਰਹੀਆਂ ਹਨ। ਨਰਮਾ ਪੱਟੀ ਨੂੰ ਸਭ ਤੋਂ ਵੱਡਾ ਸੰਤਾਪ ਭੋਗਣਾ ਪੈ ਰਿਹਾ ਹੈ। ਮਾਨਸਾ, ਬਠਿੰਡਾ, ਫਾਜ਼ਿਲਕਾ, ਮੁਕਤਸਰ ਤੇ ਬਰਨਾਲਾ ਨੂੰ ਕੈਂਸਰ ਨੇ ਸਭ ਤੋਂ ਵੱਧ ਲਪੇਟ ’ਚ ਲਿਆ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ’ਚ ਵਰ੍ਹਾ 2020 ਦੌਰਾਨ ਕੈਂਸਰ ਨੇ ਕਰੀਬ 22,276 ਜਾਨਾਂ ਲਈਆਂ ਹਨ ਜਦੋਂ ਕਿ ਇਸ ਵਰ੍ਹੇ ਦੌਰਾਨ ਕੈਂਸਰ ਦੇ 38,636 ਨਵੇਂ ਕੇਸ ਸਾਹਮਣੇ ਆਏ ਹਨ। ਇਸ ਲਿਹਾਜ਼ ਨਾਲ ਪੰਜਾਬ ’ਚ ਰੋਜ਼ਾਨਾ ਔਸਤਨ 105 ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ। ਜਨਵਰੀ 2014 ਤੋਂ 31 ਦਸੰਬਰ 2020 ਤੱਕ ਦੇ ਸੱਤ ਵਰ੍ਹਿਆਂ ਦੌਰਾਨ ਪੰਜਾਬ ’ਚ ਕੈਂਸਰ ਨੇ 1.45 ਲੱਖ ਜਾਨਾਂ ਲੈ ਲਈਆਂ ਹਨ ਜਦੋਂ ਕਿ ਇਨ੍ਹਾਂ ਵਰ੍ਹਿਆਂ ’ਚ 2.52 ਲੱਖ ਕੈਂਸਰ ਦੇ ਕੇਸ ਸਾਹਮਣੇ ਆਏ ਹਨ।

              ਪੰਜਾਬ ਸਰਕਾਰ ਤਰਫੋਂ ‘ਮੁੱਖ ਮੰਤਰੀ ਕੈਂਸਰ ਰਾਹਤ ਫੰਡ’ ਕਾਇਮ ਕੀਤਾ ਹੋਇਆ ਹੈ ਜਿਸ ਲਈ ਐਤਕੀਂ ਬਜਟ ਵਿਚ 150 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਵੱਖਰੇ ਫੰਡ ਦੀ ਕੈਂਸਰ ਮਰੀਜ਼ਾਂ ਵਾਸਤੇ ਵਿਵਸਥਾ ਕੀਤੀ ਗਈ ਹੈ। ਕੈਂਸਰ ਦੇ ਮਹਿੰਗੇ ਇਲਾਜ ਅੱਗੇ ਇਹ ਰਾਸ਼ੀ ਨਿਗੂਣੀ ਜਾਪਦੀ ਹੈ। ਪ੍ਰਤੀ ਮਰੀਜ਼ ਕੈਂਸਰ ਦੇ ਇਲਾਜ ’ਤੇ ਔਸਤਨ ਡੇਢ ਲੱਖ ਦਾ ਖਰਚਾ ਵੀ ਲਾਈਏ ਤਾਂ ਲੰਘੇ ਸੱਤ ਸਾਲਾਂ ’ਚ ਕੈਂਸਰ ਦੇ ਇਲਾਜ ’ਤੇ ਲੋਕਾਂ ਦਾ 6000 ਕਰੋੜ ਦਾ ਖਰਚਾ ਆ ਚੁੱਕਾ ਹੈ।ਪੰਜਾਬ ਦੇ ਲੋਕ ਔਸਤਨ ਪ੍ਰਤੀ ਘੰਟਾ 10.41 ਲੱਖ ਰੁਪਏ ਕੈਂਸਰ ਦੇ ਇਲਾਜ ’ਤੇ ਖਰਚ ਕਰ ਰਹੇ ਹਨ ਅਤੇ ਔਸਤਨ ਰੋਜ਼ਾਨਾ ਕਰੀਬ ਢਾਈ ਕਰੋੋੜ ਰੁਪਏ ਕੈਂਸਰ ਦੇ ਇਲਾਜ ’ਤੇ ਖਰਚ ਹੋ ਰਹੇ ਹਨ। ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦੱਸਦੇ ਹਨ ਕਿ ਨਰਮਾ ਪੱਟੀ ’ਚ ਤਾਂ ਕਰਜ਼ੇ ਤੋਂ ਮਗਰੋਂ ਵੱਡੀ ਸੱਟ ਕੈਂਸਰ ਦੀ ਬਿਮਾਰੀ ਦੀ ਹੈ, ਜਿਸ ਨੇ ਖਾਸ ਕਰਕੇ ਕਿਸਾਨਾਂ/ਮਜ਼ਦੂਰਾਂ ਤੇ ਗਰੀਬ ਤਬਕੇ ਨੂੰ ਝੰਬ ਹੀ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਰਜ਼ੇ ਚੁੱਕ ਕੇ ਲੋਕਾਂ ਨੂੰ ਇਲਾਜ ਕਰਾਉਣਾ ਪੈ ਰਿਹਾ ਹੈ। 

                 ਵੇਰਵਿਆਂ ਅਨੁਸਾਰ ਸਾਲ 2014 ਵਿਚ ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾਂ ਔਸਤਨ 53 ਮੌਤਾਂ ਹੁੰਦੀਆਂ ਸਨ ਜਿਨ੍ਹਾਂ ਦੀ ਗਿਣਤੀ ਸਾਲ 2017 ਵਿਚ ਵਧ ਕੇ 56 ਹੋ ਗਈ ਅਤੇ ਹੁਣ ਇਹ ਅੰਕੜਾ 61 ਮੌਤਾਂ ਰੋਜ਼ਾਨਾਂ ’ਤੇ ਪੁੱਜ ਗਿਆ ਹੈ। ਇਵੇਂ ਹੀ ਪੰਜਾਬ ’ਚ ਕੈਂਸਰ ਦੇ ਨਵੇਂ ਮਰੀਜ਼ਾਂ ਦਾ ਅੰਕੜਾ ਔਸਤਨ 92 ਕੇਸਾਂ ਦਾ ਸੀ ਜੋ ਸਾਲ 2017 ਵਿਚ ਵਧ ਕੇ 98 ਹੋ ਗਿਆ ਅਤੇ ਹੁਣ ਇਹ ਗਿਣਤੀ 105 ਕੇਸ ਰੋਜ਼ਾਨਾ ਦੀ ਹੋ ਗਈ ਹੈ। ਇਹ ਅੰਕੜੇ ਡਰਾਉਣ ਵਾਲੇ ਹਨ। ਪੰਜਾਬ ਦੀ ਨਰਮਾ ਪੱਟੀ ਨੂੰ ਇਸ ਅੰਕੜੇ ਨੇ ਵੱਡੀ ਢਾਹ ਲਾਈ ਹੈ। ਪੇਂਡੂ ਆਰਥਿਕਤਾ ਨੂੰ ਬਿਮਾਰੀ ਨੇ ਕਾਫੀ ਪ੍ਰਭਾਵਿਤ ਕੀਤਾ ਹੈ। ਪਿਛਲੇ ਸਮੇਂ ਦੌਰਾਨ ਬਠਿੰਡਾ ਤੇ ਆਸ ਪਾਸ ਦੇ ਖੇਤਰਾਂ ਵਿਚ ਪ੍ਰਾਈਵੇਟ ਕੈਂਸਰ ਹਸਪਤਾਲ ਕਾਫੀ ਖੁੱਲ੍ਹੇ ਹਨ।  ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤਰਫੋਂ ਕੈਂਸਰ ਮਰੀਜ਼ਾਂ ਦੇ ਇਲਾਜ ਲਈ ‘ਮੁੱਖ ਮੰਤਰੀ ਕੈਂਸਰ ਰਾਹਤ ਫੰਡ’ ’ਚੋਂ ਪ੍ਰਤੀ ਮਰੀਜ਼ ਡੇਢ ਲੱਖ ਰੁਪਏ ਦੀ ਮਦਦ ਦਿੱਤੀ ਜਾਂਦੀ ਹੈ ਅਤੇ ਇਸੇ ਤਰ੍ਹਾਂ ਕੈਂਸਰ ਦੇ ਮਰੀਜ਼ ਪੰਜ ਲੱਖ ਰੁਪਏ ਤੱਕ ਸਰਬੱਤ ਸਿਹਤ ਬੀਮਾ ਯੋਜਨਾ ਵਿਚ ਵੀ ਕਵਰ ਹੁੰਦੇ ਹਨ। ਫਾਜ਼ਿਲਕਾ ਅਤੇ ਹਸ਼ਿਆਰਪੁਰ ’ਚ ਨਵੇਂ ਕੈਂਸਰ ਹਸਪਤਾਲ ਵੀ ਖੋਲ੍ਹੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਕੈਂਸਰ ਦਾ ਪਸਾਰ ਵਿਸ਼ਵ ਪੱਧਰ ਦਾ ਹੀ ਵਰਤਾਰਾ ਬਣ ਗਿਆ ਹੈ।

No comments:

Post a Comment