Monday, March 22, 2021

                                                             ਵਿਚਲੀ ਗੱਲ
                                               ਸ਼ੇਖ਼ ਜੀ ! ਹੁਣ ਚੁੱਪ ਚੰਗੇਰੀ..।
                                                            ਚਰਨਜੀਤ ਭੁੱਲਰ      

ਚੰਡੀਗੜ੍ਹ : ਜਨਾਬ ਸ਼ੇਖ਼ਚਿਲੀ ਨੂੰ ਸੱਤ ਸਲਾਮਾਂ! ਸ਼ੇਖ਼ ਦੇ ਵਾਰਸਾਂ ਨੂੰ ਸੌ ਤੋਪਾਂ ਦੀ ਸਲਾਮੀ। ਵੇਲ ਏਨੀ ਵਧੀ ਹੈ, ਰਹੇ ਰੱਬ ਦਾ ਨਾਂ। ਕਿਤੇ ਹਜ਼ੂਰ ਦੀ ਰੂਹ ਤਸ਼ਰੀਫ਼ ਲਿਆਏ। ‘ਨਵਾਂ ਨਰੋਆ ਪੰਜਾਬ’ ਗੂੰਜ ਉੱਠੇਗਾ, ‘ਸ਼ੇਖ਼ਚਿਲੀ ਤੇਰੀ ਸੋਚ ’ਤੇ, ਪਹਿਰਾ ਬਹੁਰੂਪੀਏ ਦੇਣਗੇ। ਅਮਰਿੰਦਰ ਕੋਲ ਗੁਟਕਾ ਸਾਹਿਬ, ਮਨਪ੍ਰੀਤ ਕੋਲ ਸ਼ਹੀਦਾਂ ਦੀ ਮਿੱਟੀ, ਭਗਵੰਤ ਮਾਨ ਕੋਲ ਮਾਂ ਹੈ। ਨਵਜੋਤ ਸਿੱਧੂ ਬਾਪ ਨੂੰ ਧਿਆਉਂਦੈ। ਸ਼ੇਖ਼ ਜੀ! ਆਦਰ ਤੇਰੀ ‘ਚਾਦਰ’ ਨੂੰ।ਥੋੜ੍ਹਾ ਅਤੀਤ ’ਚ ਗੇੜਾ ਲਾਓ। ਨਾਅਰੇ ਗੂੰਜਣ ਲੱਗੇ, ਅਮਰਿੰਦਰ ਸਿਓਂ ਆਏ। ਸੁੱਖੀ ਰੰਧਾਵੇ ਨੇ ਹੱਥ ਸੁੱਚੇ ਕਰਾਏ, ਸੰਗਤ ਨੇ ਜੋੜੇ ਲਾਹੇ, ਹੱਥ ’ਚ ਗੁਟਕਾ ਸਾਹਿਬ, ਦਮਦਮਾ ਸਾਹਿਬ ਵੱਲ ਸੀਸ ਕਰ, ਕੈਪਟਨ ਮੁਖਾਰਬਿੰਦ ’ਚੋਂ ਫ਼ਰਮਾਏ ‘ਨਸ਼ੇ ਦਾ ਲੱਕ ਤੋੜਾਂਗਾ, ਬੱਸ ਚਾਰ ਹਫ਼ਤੇ ਦਿਓ।’ ਪਰਲੋਕ ’ਚ ਬੈਠਾ ਸ਼ੇਖ਼ਚਿਲੀ ਬਾਗ਼ੋਬਾਗ਼ ਹੋਇਆ। ਚੁਣਾਵੀ ਬਗੀਚਾ ਵੇਖ ਸਿਆਸੀ ਮਾਲੀ ਇੰਝ ਬੋਲੇ, ‘ਆਵਾਗੌਣ ’ਚੋਂ ਕੱਢਾਂਗੇ ਪੰਜਾਬ।’ ਵਿਝੜ ਗਏ ਪੱਤਣਾਂ ਦੇ ਮੇਲੇ, ਫੇਰ ਤੂੰ ਕੌਣ ਤੇ ਮੈਂ ਕੌਣ। ਚਾਰ ਵਰ੍ਹੇ ਅੱਖ ਦੇ ਫੋਰੇ ਲੰਘ ਗਏ। ਮੁੱਖ ਮੰਤਰੀ ਦੇ ਚਾਸ਼ਨੀ ’ਚੋਂ ਕੱਢੇ ਜਲੇਬੀ ਵਾਂਗੂ ਸਿੱਧੇ ਅਲਫਾਜ਼ ਸੁਣੋ, ‘ਕਦੇ ਨਹੀਂ ਕਿਹਾ ਨਸ਼ਾ ਖਤਮ ਕਰੂੰ, ਨਸ਼ੇ ਦਾ ਲੱਕ ਤੋੜਨਾ ਸੀ, ਸੋ ਤੋੜ ਦਿੱਤਾ।’ ਸਦਕੇ ਜਾਵਾਂ ਰਾਜੇ ਦੇ। ਨਸ਼ੇ ਦਾ ਲੱਕ ਨਹੀਂ, ਪੰਜਾਬ ਦਾ ਦਿਲ ਟੁੱਟਿਐ, ਕਿੰਨੇ ਮੋਮਨਾਂ ਨੇ ਠੱਗਿਐ। ‘ਸ਼ਿਕਾਰ ਹੋਣ ਵਾਲੇ ਪੰਛੀ ਗੀਤ ਨਹੀਂ ਗਾਉਂਦੇ।’ ਮੋਤੀਆਂ ਵਾਲੀ ਸਰਕਾਰ ਨੇ, ਚੋਣ ਯੱਗ ਵੇਲੇ 424 ਵਾਅਦੇ ਪਰੋਸੇ। ਜਨਾਬ-ਏ-ਅਲੀ ਆਖਦੇ ਨੇ, 85 ਫ਼ੀਸਦੀ ਵਾਅਦੇ ਵਫ਼ਾ ਕਰਤੇ।

              ਅਖਾਣ ਪੁਰਾਣਾ ਐ ,‘ਸਹੁੰ ਦੇਈਏ ਜੀਹਦੀ, ਨਾ ਪੁੱਤ ਦੀ ਨਾ ਧੀ ਦੀ’। ਸਤਯੁਗੀ ਜ਼ਮਾਨਾ ਸੀ, ਜਦੋਂ ਲੋਕ ਪਿੱਪਲ ਦਾ ਪੱਤਾ ਤੋੜ ਸਹੁੰ ਖਾਂਦੇ, ਕੋਈ ਗਊ ਦੀ ਪੂਛ ਫੜ ਕੇ, ਕੋਈ ਨਿਸ਼ਾਨ ਸਾਹਿਬ ਵੱਲ ਹੱਥ ਕਰ ਕੇ, ਮਜਾਲ ਐ ਕੋਈ ਜ਼ਬਾਨੋਂ ਫਿਰ ਜਾਵੇ। ਨੇਤਾ ਕਿਸੇ ਰੰਗ ਦਾ ਹੋਵੇ, ਚੋਣਾਂ ਵੇਲੇ ਮਲਮਲ ਬਣਦੈ, ਸਹੁੰ ਚੁੱਕਣ ਪਿੱਛੋਂ ਖੱਦਰ। ਲੋਕ ਰਾਜ ’ਤੇ ਡੱਬ ਐਵੇਂ ਨਹੀਂ ਪਏ। ਅਗਲੀ ਚੋਣ ਸਿਰ ’ਤੇ ਹੈ। ਐਲਨ ਕੋਰੇਨ ਠੀਕ ਆਖਦੇ ਨੇ, ‘ਲੋਕ ਰਾਜ ’ਚ ਆਪਣਾ ਤਾਨਾਸ਼ਾਹ ਖ਼ੁਦ ਚੁਣਨਾ ਹੁੰਦਾ ਹੈ।’ ਫ਼ੌਜੀ ਤਾਂ ਵਚਨਾਂ ਦੇ ਪੱਕੇ ਹੁੰਦੇ ਨੇ, ਅਮਰਿੰਦਰ ਨੂੰ ਨਜ਼ਰ ਲੱਗ ਗਈ। ਜਦੋਂ ਭਰੋਸਾ ਬਨਵਾਸ ਕੱਟਦੈ, ਉਦੋਂ ਕਸਮਾਂ ਦਾ ਦੀਵਾ ਜਗਦੈ। ਜਨਤਾ-ਜਨਾਰਦਨ ਤਾਂ ਭੋਲਾ ਪੰਛੀ ਐ, ਸ਼ਿਕਾਰੀ ਦੀ ਰਮਜ਼ ਦੀ ਏਨੀ ਸਮਝ ਕਿੱਥੇ।ਕੋਈ ਸ਼ਾਇਰ ਫ਼ਰਮਾ ਗਿਐ, ‘ਅਗਰ ਕਸਮੇਂ ਸੱਚੀ ਹੋਤੀਂ, ਤੋਂ ਸਬਸੇ ਪਹਿਲੇ ਖ਼ੁਦਾ ਮਰਤਾ।’ ਪੰਜਾਬ ਦੇ ਚੁਬਾਰੇ ਅਕਲ ਪੌੜੀ ਲਾ ਚੜ੍ਹੀ ਐ। ਸੁਣੋ ’ਕੱਲਾ ’ਕੱਲਾ ਨੁਕਤਾ। ‘ਕਰਜ਼ਾ ਕੁਰਕੀ ਖ਼ਤਮ-ਫ਼ਸਲ ਦੀ ਪੂਰੀ ਰਕਮ’। ‘ਸੱਚ ਕਹੇ, ਮੈਂ ਨੰਗਾ ਚੰਗਾ’। ਪਿੰਡ ਜੋਧਪੁਰ ’ਚ ਇੱਕੋ ਮਹੀਨੇ ਤਿੰਨ ਕਿਸਾਨ ਖ਼ੁਦਕੁਸ਼ੀ ਕਰ ਗਏ। ਸਤਰੰਗਾ ਮਾਫ਼ੀਆ ਕੁੱਲਵਕਤੀ ਬਣਿਐ। ਅੰਨਦਾਤੇ ਨੇ ਕਰਜ਼ ਮੁਆਫ਼ੀ ਮੰਗੀ, ਮੁਆਫ਼ ਮਾਫ਼ੀਆ ਕਰਤਾ।ਬਜ਼ੁਰਗ ਆਖਦੇ ਨੇ, ‘ਜੇ ਸਹਾਰਾ ਦੇ ਮਾਰੂਥਲਾਂ ਨੂੰ ਵੀ ਸਰਕਾਰ ਦੇ ਹਵਾਲੇ ਕਰ ਦਿਓ ਤਾਂ ਪੰਜ ਸਾਲਾਂ ’ਚ ਉੱਥੇ ਵੀ ਰੇਤ ਦੀ ਘਾਟ ਸੁਣਨ ਨੂੰ ਮਿਲੇਗੀ।’ 

             ਕਰੋਨਾ ਨੇ ਰੰਗ ’ਚ ਭੰਗ ਪਾ ਦਿੱਤੀ, ਨਹੀਂ ਤਾਂ ਪੰਜਾਬ ਪੈਰਿਸ ਬਣਨਾ ਸੀ, ਸੁਪਨਾ ਸੁਖਬੀਰ ਦਾ, ਸੱਚ ਅਮਰਿੰਦਰ ਨੇ ਕਰਨਾ ਸੀ। ‘ਘਰ ਘਰ ਨੌਕਰੀ’ ਦਾ ਨਮੂਨਾ ਵੇਖੋ, ਲੌਕਡਾਊਨ ’ਚ ਪਰਵਾਸੀ ਮਜ਼ਦੂਰਾਂ ਨੇ ਕਰਫਿਊ ਪਾਸ ਅਪਲਾਈ ਕੀਤੇ। ਸਰਕਾਰ ਨੇ ‘ਘਰ ਘਰ ਰੁਜ਼ਗਾਰ’ ਦੀ ਸੂਚੀ ’ਚ ਨਾਮ ਪਾ ’ਤਾ। ਅਫ਼ਗਾਨੀ ਇੰਝ ਧੌਂਸ ਝਾੜਦੇ, ‘ਜਿੱਥੋਂ ਦੀ ਉਨ੍ਹਾਂ ਦਾ ਘੋੜਾ ਲੰਘਦੈ, ਘਾਹ ਹਰਾ ਨਹੀਂ ਹੁੰਦਾ।’ ਹੁਕਮਰਾਨੋ! ਨਾ ਬਣੋ ਅਫ਼ਗਾਨੀ। ‘ਬੌਣਿਆਂ ਨੂੰ ਖਿੱਚ ਕੇ ਮਹਾਨ ਕਿਵੇਂ ਬਣਾਈਏ।’ ਕੈਪਟਨ ਨੇ ਨੌਂ ਨੁਕਤੇ ਖਿੱਚੇ, ਇੱਕ ਏਹ ਵੀ, ‘ਗ਼ਰੀਬਾਂ ਲਈ ਪੰਜ-ਪੰਜ ਮਰਲੇ ਦੇ ਪਲਾਟ।’ ਛੱਜੂ ਰਾਮ ਦੀ ਗੁਜ਼ਾਰਿਸ਼ ਸੁਣੋ, ‘ਬਾਦਸ਼ਾਹ ਸਲਾਮਤ! ਹੋਰ ਨਹੀਂ ਤਾਂ ਲੱਕੜ ਦੇ ਕਿੱਲੇ ਹੀ ਦੇ ਦਿਓ, ਘੱਟੋ ਘੱਟ ਡੰਗਰ ਤਾਂ ਬੰਨ੍ਹ ਲਿਆ ਕਰਾਂਗੇ।’ ‘ਰੱਤ ਦੇਣ ਨੂੰ ਮਜਨੂੰ, ਚੂਰੀ ਖਾਣ ਨੂੰ ਹੀਰ।’ ਜਦੋਂ ਰੱਬ ਨੇ ਤਕਦੀਰ ਵੰਡੀ ਹੋਊ, ਜੱਟ ਤੇ ਸੀਰੀ ਲੇਟ ਬਹੁੜੇ ਹੋਣਗੇ।‘ਚਾਹੁੰਦਾ ਹੈ ਪੰਜਾਬ’, ਨਾਲੇ ਚੀਨੀ, ਨਾਲੇ ਦਾਲ। ਸ਼ੂਗਰ ਦੀ ਬਿਮਾਰੀ ’ਚ ਪੰਜਾਬੀ ਨੰਬਰ ਇੱਕ ਨੇ। ਸਰਕਾਰ ਤਾਹੀਂ ਖੰਡ ਨਹੀਂ ਦਿੰਦੀ। ਛੱਜੂ ਰਾਮਾ! ਤੂੰ ਫ਼ਰੀਦ ਧਿਆ, ‘ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।’ ਅਮਰਿੰਦਰ ਨੇ ਪੰਦਰਾਂ ਕਿੱਲੋ ਭਾਰ ਘਟਾਇਐ, ਤੇਲ ’ਤੇ ਵੈਟ ਕੌਣ ਘਟਾਊ। ਮੁੱਖ ਮੰਤਰੀ ਕੋਲ ਬਾਰਾਂ ਸਲਾਹਕਾਰ, ਅੱਠ ਓਐੱਸਡੀ ਤੇ ਚਾਰ ਸਿਆਸੀ ਸਕੱਤਰ ਨੇ, ਸਰਕਾਰੀ ਅਮਲਾ ਵੱਖਰਾ। ਬਾਬਾ ਵਜੀਦ ਆਖਦੈ, ‘ਵਜੀਦਾ! ਕੌਣ ਸਾਹਿਬ ਨੂੰ ਆਖੇ।’ ਦਸੌਂਧਾ ਸਿਓਂ ਬਿਨਾਂ ਮੰਗੀ ਸਲਾਹ ਦੇ ਰਿਹੈ। ‘ਪ੍ਰਸ਼ਾਂਤ ਕਿਸ਼ੋਰ ਜੀ! ਐਤਕੀਂ ਪਿੰਡਾਂ ’ਚ ਆਉਣ ਦੀ ਭੁੱਲ ਨਾ ਕਰਨਾ।’

             ‘ਟੈਮ ਹੋ ਗਿਆ, ਬਦਲ ਗਏ ਕਾਂਟੇ।’ ਬਸ ਸਾਲ ਕੁ ਬਾਕੀ ਐ। ਪੰਜਾਬ ਚੋਣਾਂ ‘ਨਸ਼ਾ ਮੁਕਤ’ ਹੋਣਗੀਆਂ। ਲੱਕ ਟੁੱਟ ਗਿਆ, ਤਾਹੀਂ ਨਸ਼ੇ ਦੇ ਪਲੱਸਤਰ ਲੱਗਿਐ। ਪੰਜਾਬ ਨੂੰ ਕਰਜ਼ੇ ਨੇ ਸੂਈ ਦੇ ਨੱਕੇ ’ਚੋਂ ਕੱਢਿਐ। ਪ੍ਰਵਚਨ ਲੋਕ ਸੁਣਨ, ‘ਦੋ ਵਕਤ ਤੋਂ ਵੱਧ ਦੀ ਰੋਟੀ ਪਾਪ ਐ’। ਸਿਆਸਤਦਾਨ, ਪੁੱਤ ਪੋਤਿਆਂ ਦੀਆਂ ਰੋਟੀਆਂ ਕਮਾ ਰਹੇ ਨੇ। ਕਿਸਾਨੀ ਵਸੀਅਤ ’ਚ ਕਰਜ਼ੇ ਨੇ। ‘ਪਤਾਲ ’ਚ ਬੈਠਿਆਂ ਨੂੰ ਕਾਹਦਾ ਡਰ।’ ਬੰਗਾਲਣ ਮਮਤਾ ਨੂੰ ਵੀ ਮਾਸਾ ਖ਼ੌਫ਼ ਨਹੀਂ। ਜ਼ਖ਼ਮੀ ਸ਼ੇਰਨੀ ਕੋਲ ਵ੍ਹੀਲ ਚੇਅਰ ਐ, ਨਾਲੇ ਐਵਰੈਸਟ ਵਰਗਾ ਹੌਸਲਾ। ਮਮਤਾ ਵੇਖ ਵੱਡੇ ਬਾਦਲ ਚੇਤੇ ਆਏ ਨੇ। 2002 ਦੀਆਂ ਚੋਣਾਂ ਸਨ, ਵੱਡੇ ਬਾਦਲ ਜੀ ਗੁਸਲਖ਼ਾਨੇ ’ਚ ਤਿਲਕ ਕੇ ਲੱਤ ਤੁੜਾ ਬੈਠੇ। ਪੂਰਾ ਚੋਣ ਪ੍ਰਚਾਰ ਲਿਫਟ ਵਾਲੀ ਬੱਸ ’ਚ ਕੀਤਾ। ਚੋਣਾਂ ਹਾਰਨ ਮਗਰੋਂ ਵੱਡੇ ਬਾਦਲ ਬੋਲੇ, ‘ਲੱਤ ਨਾ ਟੁੱਟਦੀ ਤਾਂ ਸਾਰਿਆਂ ਨੂੰ ਵੱਟੇ ਪਾ ਲੈਣਾ ਸੀ, ਆਹ ਅਮਰਿੰਦਰ ਨੂੰ ਜਿੱਤਣ ਨਾਲੋਂ ਵੱਧ ਖੁਸ਼ੀ ਤਾਂ ਮੇਰੀ ਲੱਤ ਟੁੱਟਣ ਦੀ ਹੋਈ।’ ਜੁਆਬ ਕੈਪਟਨ ਨੇ ਵੀ ਦਿੱਤਾ, ‘ਅਸੀਂ ਛੋਟੇ ਬੰਦੇ ਨਹੀਂ, ਮੈਨੂੰ ਕੋਈ ਖੁਸ਼ੀ ਨਹੀਂ ਹੋਈ।’ ਕੋਈ ਸਿਆਸੀ ਭੁਜੰਗੀ ਕੰਨ ’ਚ ਦੱਸ ਕੇ ਗਿਐ, ‘ਅਮਰਿੰਦਰ ਦਾ ਜਿੰਨਾ ਵਜ਼ਨ ਘਟਦੈ, ਨਵਜੋਤ ਸਿੱਧੂ ਦਾ ਓਨਾ ਦਿਲ ਘਟਦੈ।’ ‘ਗੁਰੂ’ ਕਿਤੇ ਏਹ ਨਾ ਕਹੇ, ‘ਅਸੀਂ ਵੀ ਛੋਟੇ ਬੰਦੇ ਨਹੀਂ।’

              ਲੋਕ ਖੇਤੀ ਕਾਨੂੰਨਾਂ ਨੇ ਸਤਾਏ ਨੇ, ਕਿਸਾਨ ਅੰਦੋਲਨ ਨੇ ਜਗਾਏ ਨੇ। ਚੋਣਾਂ ਵਾਲਾ ਵੱਢ ਦੂਰ ਨਹੀਂ। ਲੀਡਰਸ਼ਿਪ ਦਾ ਸੋਕਾ ਪਿਐ। ਜਾਰਜ ਬਰਨਜ਼ ਦਾ ਤਬਸਰਾ ਸੁਣੋ, ‘ਜਿਨ੍ਹਾਂ ਲੋਕਾਂ ਨੂੰ ਇਹ ਪਤੈ ਕਿ ਦੇਸ਼ ਕਿੰਝ ਚਲਾਉਣੈ, ਉਹ ਲੋਕ ਟੈਕਸੀਆਂ ਚਲਾਉਣ ’ਚ ਰੁੱਝੇ ਨੇ।’ ਕੇਹਾ ਰਾਜਾ ਲੋੜੀਏ! ਪੰਜਾਬ ਅੱਗੇ ਵੱਡਾ ਸੁਆਲ ਹੈ।ਅੰਤ  ਇਸ ਕਥਾ ਨਾਲ, ਇੱਕ ਵਾਰ ਭਾਰੀ ਕਾਲ ਪਿਆ, ਹਕੂਮਤ ਨੇ ਗੁਦਾਮਾਂ ਦੇ ਮੂੰਹ ਖੋਲ੍ਹ ਦਿੱਤੇ। ਇੱਕ ਸੂਰਮਾ ਸਿੰਘ (ਨੇਤਰਹੀਣ) ਗੁਦਾਮ ’ਚ ਗਿਆ, ਅਨਾਜ ਦੀ ਪੰਡ ਭਰੀ, ਪੰਡ ਚੁਕਾਵੇ ਕੌਣ? ਕੋਈ ਰਾਹਗੀਰ ਆਇਆ, ਪੰਡ ਚੁਕਾਈ। ਜਦੋਂ ਸੂਰਮਾ ਸਿੰਘ ਤੋਂ ਚੁੱਕੀ ਨਾ ਗਈ, ਰਾਹਗੀਰ ਨੇ ਆਪਣੇ ਸਿਰ ਪੰਡ ਟਿਕਾਈ, ਗ਼ਰੀਬ ਦੇ ਘਰ ਜਾ ਲਾਹੀ। ਜਦੋਂ ਮੁੜਨ ਲੱਗਾ ਤਾਂ ਸੂਰਮਾ ਸਿੰਘ ਪੁੱਛਣ ਲੱਗਾ। ਜਵਾਨਾ! ਤੂੰ ਕੌਣ ਐਂ? ਬਜ਼ੁਰਗੋ! ਦਾਸ ਨੂੰ ਮਹਾਰਾਜਾ ਰਣਜੀਤ ਸਿੰਘ ਆਖਦੇ ਨੇ, ਜਿਸ ਤੋਂ ਖ਼ੈਬਰ ਦੱਰਾ ਦੇ ਪਹਾੜ ਵੀ ਕੰਬਦੇ ਨੇ ਪਰ ਤੁਸਾਂ ਉਦਾਸ ਨਾ ਹੋਣਾ ਕਿਉਂਕਿ ਮੈਂ ਤਾਂ ਪੈਦਾ ਹੀ ਥੋਡੀਆਂ ਪੰਡਾਂ ਚੁੱਕਣ ਲਈ ਹੋਇਆਂ।’ ਸ਼ੇਖ਼ਚਿਲੀ ਨੂੰ ਏਦਾਂ ਦੇ ਰਾਹਗੀਰ ਬੜੇ ਭੈੜੇ ਲੱਗਦੇ ਨੇ।

1 comment:

  1. ਬਹੁਤ ਖੂਬ । ਚਾਚੇ ਭਤੀਜੇ ਸਭ ਰਲੇ ਹੋਏ ਨੇ। ਪੰਜਾਬ ਚ ਕਰੋਨਾ ਆ ਗਿਆ ਪਰ ਬੰਗਾਲ ਵਿੱਚ ਪ੍ਰਧਾਨ ਸੇਵਕ ਦੀਆਂ ਰੈਲੀਆਂ ਚ ਵੀ ਇਕੱਠ ਕੋਈ ਥੋੜ੍ਹਾ ਨਹੀਂ ਹੁੰਦਾ। ਲੱਖਾਂ ਬੰਦਾ'ਕੱਠਾ ਹੁੰਦੈ।

    ReplyDelete