Monday, March 8, 2021

                                                          ਕੌਣ ਵੰਡਾਵੇ ਦੁੱਖ
                                 ਚਾਹੁੰਦਾ ਹੈ ਪੰਜਾਬ, ਮੁਆਵਜ਼ੇ ’ਚ ਇਨਸਾਫ਼
                                                         ਚਰਨਜੀਤ ਭੁੱਲਰ                  

ਚੰਡੀਗੜ੍ਹ :  ਪੰਜਾਬ ਸਰਕਾਰ ਕਰਜ਼ੇ ਕਰਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ/ਖੇਤ ਮਜ਼ਦੂਰਾਂ ਦਾ ਬੋਝ ਨਹੀਂ ਵੰਡਾ ਸਕੀ ਹੈ। ਚਾਲੂ ਮਾਲੀ ਵਰ੍ਹੇ ਦੌਰਾਨ ਸਿਰਫ ਇੱਕ ਦਰਜਨ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਸਰਕਾਰੀ ਮੁਆਵਜ਼ਾ ਮਿਲਿਆ ਹੈ, ਜਿਨ੍ਹਾਂ ਦੇ ਕਮਾਊ ਜੀਅ ਕਰਜ਼ੇ ਦੇ ਬੋਝ ਕਾਰਨ ਦੁਨੀਆਂ ’ਚੋਂ ਵਿਦਾ ਹੋ ਗਏ।‘ਆਪ’ ਵਿਧਾਇਕ ਅਮਨ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਪੰਜਾਬ ਸਰਕਾਰ ਵੱਲੋਂ ਜੋ ਲਿਖਤੀ ਸੂਚਨਾ ਦਿੱਤੀ ਗਈ ਹੈ, ਉਸ ਅਨੁੁਸਾਰ ਕੈਪਟਨ ਸਰਕਾਰ ਨੇ ਆਪਣੇ ਕਾਰਜਕਾਲ ਦੇ ਚਾਰ ਵਰ੍ਹਿਆਂ ਦੌਰਾਨ 224 ਪਰਿਵਾਰਾਂ ਨੂੰ ਸਰਕਾਰੀ ਮੁਆਵਜ਼ੇ ਦੀ ਤਿੰਨ ਲੱਖ ਰੁਪਏ ਦੀ ਰਾਸ਼ੀ ਦਿੱਤੀ ਹੈ। ਇਸ ਤਹਿਤ ਕਾਂਗਰਸ ਨੇ ਇਨ੍ਹਾਂ ਚਾਰ ਵਰ੍ਹਿਆਂ ਵਿਚ ਪੀੜਤ ਪਰਿਵਾਰਾਂ ਨੂੰ 9.72 ਕਰੋੜ ਦੀ ਰਾਸ਼ੀ ਦੀ ਵੰਡੀ ਹੈ। ਤੱਥਾਂ ’ਤੇ ਨਜ਼ਰ ਮਾਰੀਏ ਤਾਂ ਸਾਲ 2017-18 ਵਿੱਚ 162 ਪਰਿਵਾਰਾਂ ਨੂੰ 4.86 ਕਰੋੜ ਰੁਪਏ ਜਾਰੀ ਕੀਤੇ ਗਏ ਜਦੋਂ ਕਿ ਸਾਲ 2018-19 ਵਿੱਚ 96 ਪਰਿਵਾਰਾਂ ਨੂੰ 2.88 ਕਰੋੋੜ ਰੁਪਏ ਜਾਰੀ ਹੋਏ। ਇਸੇ ਤਰ੍ਹਾਂ ਸਾਲ 2019-20 ਵਿੱਚ 54 ਪ੍ਰਭਾਵਿਤ ਪਰਿਵਾਰਾਂ ਨੂੰ 1.62 ਕਰੋੜ ਅਤੇ 2021 ਵਿੱਚ 12 ਪਰਿਵਾਰਾਂ ਨੂੰ 36 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਪੰਜਾਬ ਵਿਚ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਕਰੀਬ 1500 ਕਿਸਾਨ/ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ।

              ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਅਸਲ ਵਿੱਚ ਪੰਜਾਬ ਵਿੱਚ ਹਰ ਦੂਜੇ-ਤੀਜੇ ਦਿਨ ਔਸਤਨ ਇੱਕ ਖੁਦਕੁਸ਼ੀ ਹੁੰਦੀ ਰਹੀ ਹੈ ਪਰ ਸਰਕਾਰ ਬੇਤਰਤੀਬੀਆਂ ਸ਼ਰਤਾਂ ਲਗਾ ਕੇ ਮੁਆਵਜ਼ਾ ਰਾਸ਼ੀ ਦੇਣ ਦੀਆਂ ਦਰਖਾਸਤਾਂ ਰੱਦ ਕਰ ਦਿੰਦੀ ਹੈ। ਨਰਮਾ ਪੱਟੀ ਵਿਚ ਖੁਦਕੁਸ਼ੀ ਦਰ ਜ਼ਿਆਦਾ ਰਹੀ ਹੈ। ਇਥੇ ਮੁਆਵਜ਼ਾ ਰਾਸ਼ੀ ਲੈਣ ਲਈ ਪੀੜਤ ਪਰਿਵਾਰ ਅਪਲਾਈ ਵੀ ਕਰਦੇ ਹਨ ਪਰ ਉਨ੍ਹਾਂ ਦੀਆਂ ਦਰਖਾਸਤਾਂ ਇਸ ਕਰਕੇ ਰੱਦ ਕਰ ਦਿੱਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਕੋਲ ਪੋਸਟਮਾਰਟਮ ਦੀ ਰਿਪੋਰਟ ਨਹੀਂ ਹੁੰਦੀ ਹੈ ਜਾਂ ਫਿਰ ਪੁਲੀਸ ਰਿਪੋਰਟ ਨਹੀਂ ਕਰਵਾਈ ਹੁੰਦੀ।ਕੈਪਟਨ ਸਰਕਾਰ ਨੇ ਫ਼ਸਲੀ ਕਰਜ਼ਾ ਰਾਹਤ ਸਕੀਮ ਐਲਾਨੀ ਸੀ, ਜਿਸ ਤਹਿਤ ਹੁਣ ਤਕ 5,64,170 ਕਿਸਾਨਾਂ ਦੇ 4624.32 ਕਰੋੜ ਦੇ ਕਰਜ਼ੇ ਮੁਆਫ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪੰਜ ਏਕੜ ਤਕ ਦੇ ਰਕਬੇ ਵਾਲੇ ਕਰੀਬ ਇੱਕ ਲੱਖ ਕਿਸਾਨਾਂ ਦਾ ਕਰਜ਼ਾ ਹਾਲੇ ਮੁਆਫ ਹੋੋਣਾ ਬਾਕੀ ਹੈ।

             ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ 1.33 ਲੱਖ ਛੋਟੇ ਕਿਸਾਨਾਂ ਦਾ 980.82 ਕਰੋੜ ਦਾ ਕਰਜ਼ਾ ਮੁਆਫ ਕੀਤਾ ਹੈ ਜਦੋਂ ਕਿ 4.30 ਲੱਖ ਸੀਮਾਂਤ ਕਿਸਾਨਾਂ ਦਾ 3643.50 ਕਰੋੜ ਦਾ ਕਰਜ਼ਾ ਮੁਆਫ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਾ ਮੁਆਫੀ ਲਈ 6 ਮਾਰਚ 2019 ਨੂੰ ਸਕੀਮ ਜਾਰੀ ਕੀਤੀ ਸੀ ਪਰ ਦੋ ਵਰ੍ਹਿਆਂ ਮਗਰੋਂ ਵੀ ਇਹ ਹਕੀਕਤ ਨਹੀਂ ਬਣ ਸਕੀ ਹੈ। ਸਰਕਾਰ ਨੇ ਹੁਣ ਵਾਅਦਾ ਕੀਤਾ ਹੈ ਕਿ ਸਾਲ 2021-22 ਵਿੱਚ ਇਹ ਸਕੀਮ ਲਾਗੂ ਹੋਵੇਗੀ, ਜਿਸ ਤਹਿਤ 2.85 ਲੱਖ ਮੈਂਬਰਾਂ ਨੂੰ 520 ਕਰੋੜ ਦੀ ਕਰਜ਼ਾ ਰਾਹਤ ਦਿੱਤੀ ਜਾਵੇਗੀ। ਇਨ੍ਹਾਂ ’ਚ ਉਹ ਗੈਰ ਜ਼ਮੀਨੇ ਕਿਸਾਨ ਤੇ ਖੇਤ ਮਜ਼ਦੂਰ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਨੇ ਸਹਿਕਾਰੀ ਬੈਂਕਾਂ ਅਤੇ ਸਹਿਕਾਰੀ ਸਭਾਵਾਂ ਤੋਂ 25 ਹਜ਼ਾਰ ਤੱਕ ਦਾ ਕਰਜ਼ਾ ਲਿਆ ਸੀ। ਇਨ੍ਹਾਂ ਵਿਚ ਸਭ ਤੋਂ ਵਧ ਹੁਸ਼ਿਆਰਪੁਰ ਦੇ 56,501, ਜਲੰਧਰ ਜ਼ਿਲ੍ਹੇ ਦੇ 52,444, ਨਵਾਂ ਸ਼ਹਿਰ ਦੇ 45,525 ਅਤੇ ਪਟਿਆਲਾ ਜ਼ਿਲ੍ਹੇ ਦੇ 24,573 ਖੇਤ ਮਜ਼ਦੂਰ ਤੇ ਗੈਰ ਜ਼ਮੀਨੇ ਕਿਸਾਨ ਸ਼ਾਮਲ ਹਨ।

                                     ਸਮੁੱਚਾ ਕਿਸਾਨੀ ਕਰਜ਼ਾ ਮੁਆਫ ਹੋਵੇ : ਭੂੰਦੜ

ਸਰਦੂਲਗੜ੍ਹ ਤੋਂ ਅਕਾਲੀ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਵੇਲੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ 90 ਹਜ਼ਾਰ ਕਰੋੋੜ ਦੇ ਕਰਜ਼ੇ ਦੀ ਥਾਂ ਸਿਰਫ 4624 ਕਰੋੜ ਮੁਆਫ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨੀ ਦਾ ਪੂਰਾ ਕਰਜ਼ਾ ਮੁਆਫ ਕਰੇ।

No comments:

Post a Comment