Wednesday, March 31, 2021

                                                          ਵਿਚਲੀ ਗੱਲ
                                                     ਦਿਲ ਮਾਂਗੇ ਮੋਰ..!
                                                         ਚਰਨਜੀਤ ਭੁੱਲਰ    

ਚੰਡੀਗੜ੍ਹ :  ਬਈ! ਨਾ ਤਾਂ ਜਰਨੈਲ ਐ, ਨਾ ਹੀ ਕਪਤਾਨ, ਤੁਹਾਡੇ ਚਰਨਾਂ ਦੀ ਧੂੜ, ਦਾਸਾਂ ਦੇ ਦਾਸ, ਏਹ ਤਾਂ ਜਥੇਦਾਰ ਸੁਖਬੀਰ ਸਿੰਘ ਬਾਦਲ ਨੇ। ਦਰਬਾਰ ’ਚ ਮੁੜ ਹਾਜ਼ਰ ਨੇ, ਜਲੌਅ ਤੇ ਜੋਸ਼ ਨਾਲ, ਨਵੇਂ ਨਾਅਰੇ ਨਾਲ, ‘ਪੰਜਾਬ ਮੰਗਦਾ ਜੁਆਬ’। ‘ਅੰਦਰ ਹੋਵੇ ਸੱਚ, ਕੋਠੇ ਚੜ੍ਹ ਕੇ ਨੱਚ’, ਅਮਰਿੰਦਰ ਮਹਿਲਾਂ ’ਤੇ ਚੜ੍ਹ, ਇੰਜ ਗੜ੍ਹਕੇੇ, ਔਹ ਦੇਖੋ, ‘ਨਵਾਂ ਨਰੋਆ ਪੰਜਾਬ’। ਜਥੇਦਾਰ ਜੀ ਏਨਾ ਹੱਸੇ, ਵੱਖੀਆਂ ਚੜ੍ਹ ਗਈਆਂ। ਹਸਾਉਂਦਾ ਭਗਵੰਤ ਮਾਨ ਵੀ ਬਹੁਤ ਐ।ਪੰਜਾਬ ਤਾਂ ‘ਗੁੜ ਦਾ ਕੜਾਹਾ’ ਐ। ਨੇਤਾ ਕੁੰਡੇ ’ਤੇ ਨਹੀਂ ਬੈਠੇ, ਕੜਾਹੇ ’ਚ ਹੀ ਖੁੱਭ ਗਏ। ‘ਪਿਸ਼ੌਰੀ ਯਾਰ ਕਿਸਦੇ, ਭੱਤ ਖਾ ਖਿਸਕੇ’। ਨਿਹੰਗਾਂ ਦੇ ਡੋਲੂ ਵਾਂਗੂ, ਕੜਾਹਾ ਮਾਂਜ ’ਤਾ। ਬੰਦਾ ’ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ। ਅਮਰਿੰਦਰ 79 ਸਾਲਾਂ ਨੂੰ ਢੁੱਕੇ ਨੇ। ਉਂਜ ਜਮ੍ਹਾਂਬੰਦੀ ’ਚ ਰੱਜੀ ਰੂਹ ਦੀ ਮਾਲਕੀ ਐ, ਹੁਣ ਫੇਰ ਕੜਾਹੇ ਦੁਆਲੇ ਆਣ ਖੜ੍ਹੇ ਨੇ... ਦਿਲ ਮਾਂਗੇ ਮੋਰ..! ਮਹਾਰਾਜੇ ਦੀ ਗਰਜ ਦੇਖੋ, ‘ਅਗਲੀ ਚੋਣ ਲੜਾਂਗਾ, ਜਿੱਤਾਂਗਾ ਵੀ।’

              ਕੋਈ ਸ਼ੌਕ ਨਹੀਂ ਰਾਜ ਭਾਗ ਦਾ। ਅੰਨ੍ਹੀ ਸੁਰੰਗ ’ਚ ਪੰਜਾਬ ਫਸਿਆ ਹੋਵੇ। ਹਾਲੀ ਦਿੱਲੀ ’ਚ, ਪਾਲੀ ਖੇਤਾਂ ’ਚ ਬੈਠੇ ਹੋਣ। ਅਮਰਿੰਦਰ ਲੰਮੀਆਂ ਤਾਣ ਸੌਵੇਂ, ਇਹ ਕਿਵੇਂ ਹੋ ਸਕਦੈ। ਅੱਗਿਓਂ ਕੈਪਟਨ ਤੋਂ ਸੁਣੋ, ‘ਬਾਦਲ ਤਾਂ ਬੁੱਢਾ ਹੋਇਐ, ਮੇਰੀ ਜ਼ਿੰਮੇਵਾਰੀ ਐ, ਪੰਜਾਬ ਨੂੰ ਦਲਦਲ ’ਚੋਂ ਕੱਢਾਂ।’ ਕੋਲ ਖੜ੍ਹੇ ਪ੍ਰਸ਼ਾਂਤ ਕਿਸ਼ੋਰ ਬੋਲੇ, ‘ਗੋਲੀ ਕੀਹਦੀ ਤੇ ਗਹਿਣੇ ਕੀਹਦੇ। ਬੋਲ ਗਜ਼ਲਕਾਰ ਹਰਦਿਆਲ ਸਾਗਰ ਦੇ ਐ, ‘ਜੇ ਬਲਦੇ ਦੀਵਿਆਂ ਦੇ ਆਪਣੇ ਥੱਲੇ ਹਨੇਰਾ ਹੈ/ਭਰੋਸਾ ਫਿਰ ਕਰਾਂ ਕਿੱਦਾਂ ਇਨ੍ਹਾਂ ਦੀ ਰੋਸ਼ਨੀ ਉਪਰ।’ ਜਥੇਦਾਰ ਸੁਖਬੀਰ ਬਾਦਲ ਦੇ ਬੋਲ ਨੇ..‘ਪੂਰੇ ਪੰਝੀ ਸਾਲ ਰਾਜ ਕਰਾਂਗੇ।’ ਗੁਰਮੁਖੋ! ਤੁਸਾਂ ਦਸ ਸਾਲ ਦਿੱਤੇ। ਜਥੇਦਾਰ ਨੇ ਸਫਾਈ ਦਿੱਤੀ ‘ਰਾਜ ਪੰਝੀ ਸਾਲ ਹੀ ਕਰਨੈ, ਸੋਚਿਆ ਕਿ ਥੋੜ੍ਹਾ ਦਮ ਲੈ ਲਈਏ।’ ਪੰਜਾਬ ਚੋਣਾਂ ਦੀ ਡੋਡੀ ਮੁੜ ਖਿੜ੍ਹੀ ਐ। ਅਮਰਿੰਦਰ ਜਲਦ ਝੋਲੀ ਅੱਡਣਗੇ...‘ਬੱਸ ਪੰਜ ਸਾਲ ਹੋਰ ਦਿਓ...’। ਪੰਜਾਬੀ ਦਿਲ ਸਮੁੰਦਰ ਨੇ, ਨਾਲੇ ਸਿੱਧੜ ਵੀ, ਬਾਂਸ ਆਲੇ ਭਾਂਡਿਆਂ ਵਾਂਗੂ, ਕਦੇ ਕੜਾਹਾ ਕਿਸੇ ਨੂੰ ਚੁਕਾਇਆ, ਕਦੇ ਕਿਸੇ ਨੂੰ। ‘ਠਾਕੁਰ ਜਿਨ੍ਹਾਂ ਦੇ ਲੋਭੀ, ਉੱਜੜੇ ਤਿਨ੍ਹਾਂ ਦੇ ਗਰਾਂ।’

            ‘ਆਪ’ ਵਾਲੇ ਬੂਹੇ ਆਣ ਖੜ੍ਹੇ ਨੇ, ਸ਼ਾਇਦ ਕੜਾਹਾ ਮੰਗਣ ਆਏ ਨੇ। ਕੜਾਹੇ ਦੇ ਵਾਰਸ ਹਮੇਸ਼ਾ ਦੁੱਖਾਂ ਨੇ ਭੰਨ੍ਹੇ ਨੇ, ਬੇਸ਼ੱਕ ਕੁਰਸੀਨਾਮਾ ਕਢਾ ਕੇ ਦੇਖ ਲਵੋ। ਆਈਲਿਨ ਵਾਫ ਦੀ ਗੱਲ ਲੱਖ ਰੁਪਏ ਦੀ ਐ, ‘ਜੇ ਵਿਗਿਆਨੀ ਤੇ ਸਿਆਸਤਦਾਨ ਜ਼ਰਾ ਕੁ ਹੋਰ ਸੁਸਤ ਹੁੰਦੇ ਤਾਂ ਲੋਕਾਂ ਨੇ ਖੁਸ਼ ਵੱਸਣਾ ਸੀ।’ ਖਿਆਲੀ ਘੋੜਾ ਚਾਰ ਸਾਲ ਪਿਛੇ ਦੌੜਿਐ। ਵੱਡੇ ਬਾਦਲ ਦੇ ਬੋਲ ਚੇਤੇ ’ਚ ਵੱਜੇ ਨੇ...‘ਲੰਬੀ ਵਾਲਿਓ! ਐਤਕੀਂ ਜਿੱਤਾ ਦਿਓ, ਦਸ ਸਾਲ ਉਮਰ ਵਧ ਜਾਊ।’ ਅਮਰਿੰਦਰ ਦਾ ਵਾਅਦਾ ਸੀ, ‘ਏਹ ਮੇਰੀ ਆਖ਼ਰੀ ਚੋਣ ਐ।’ਮਰਹੂਮ ਮੰਤਰੀ ਕੁੰਦਨ ਸਿੰਘ ਪਤੰਗ ਹੁੰਦੇ ਸਨ। ਕੇਰਾਂ ਬਿਮਾਰ ਪੈ ਗਏ, ਵੱਡੇ ਬਾਦਲ ਮਿਜਾਜ਼ ਪੁੱਛਣ ਆਏ। ਅੱਗਿਓਂ ਪਤੰਗ ਨੇ ਹੱਥ ਜੋੜੇ, ‘ਬਾਦਲ ਸਾਹਿਬ, ਬਿਮਾਰੀ ਨੂੰ ਮਾਰੋ ਗੋਲੀ, ਤੁਸੀਂ ਟਿਕਟ ਐਲਾਨੋ, ਘੋੜੇ ਵਰਗਾ ਹੋਜੂੰ।’ ਦੋ ਟੰਗੇ ਕੀ ਭਾਲਣ... ਆਹ ਚਾਰ ਟੰਗੀ ਕੁਰਸੀ। ਛੱਜੂ ਰਾਮ ਕੜਾਹੇ ਦੀ ਸੁੱਖ ਮੰਗਦੈ, ਕਿਤੇ ਕਬਾੜ ’ਚ ਨਾ ਚਲਾ ਜਾਏ। ਪੰਜ-ਪੰਜ ਸਾਲ ਦਿੰਦਾ, ਛੱਜੂ ਰਾਮ ਬੁੱਢਾ ਹੋਇਐ। ਅਮਿਤ ਸ਼ਾਹ ਨੇ ਜੂੜ ਹੀ ਵੱਢਤਾ, ‘ਬੁੱਢਿਆਂ ਨੂੰ ਟਿਕਟ ਨਹੀਂ ਦਿਆਂਗੇ।’ ਐੱਲਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਵੇਲੇ ਨੂੰ ਪਛਤਾ ਰਹੇ ਨੇ।

             ਸਾਬਕਾ ਸਪੀਕਰ ਸੁਮਿੱਤਰਾ ਮਹਾਜਨ ਤਪੀ ਹੋਈ ਬੋਲੀ ਸੀ...‘ਲੋਕ ਸੇਵਾ ’ਚ ਲੱਗਿਆ ਲੀਡਰ, ਨਾ ਘੜੀ ਦੇਖ ਕੇ ਕੰਮ ਕਰਦੈ, ਨਾ ਉਮਰ ਦੇਖ ਕੇ।’ ਬੀਬੀ ਸੁਮਿੱਤਰਾ ਹੁਣ ਘਰ ਬਿਠਾ’ਤੀ, ਘੜੀ ਵੇਖਣ ਜੋਗੀ ਰਹਿ ਗਈ। ਬੀਬੀ ਮਮਤਾ ਬੈਨਰਜੀ ਨੇ ਬੰਗਾਲ ’ਚ ਪੈਰ ਗੱਡੇ ਨੇ। ਨਰਿੰਦਰ ਮੋਦੀ ਨੇ ਝੋਲੀ ਅੱਡੀ ਐ, ‘ਬੱਸ ਪੰਜ ਸਾਲ ਦਿਓ, 70 ਸਾਲ ਦੇ ਦਾਗ ਧੋਵਾਂਗੇ।’ ਇਵੇਂ ਨਿਤੀਸ਼ ਕੁਮਾਰ ਸ਼ੁਰੂ ’ਚ ਆਖਦੇ ਸੀ, ‘ਲਾਲੂ ਵਾਂਗੂ ਪੰਦਰਾਂ ਨਹੀਂ ਚਾਹੁੰਦਾ, ਸਿਰਫ਼ ਪੰਜ ਸਾਲ ਦੇ ਦਿਓ।’ ਹੁਣ ਨਿਤੀਸ਼ ਲੰਘੀ ਚੋਣ ’ਚ ਬੋਲੇ,‘ਇਹ ਮੇਰੀ ਆਖਰੀ ਚੋਣ ਐ, ਅੰਤ ਭਲਾ ਸੋ ਭਲਾ।’‘ਆਂਡੇ ਤੇ ਵਾਅਦੇ ਸੌਖੇ ਟੁੱਟ ਜਾਂਦੇ ਨੇ।’ ਹੇਮਾ ਮਾਲਿਨੀ ਉਰਫ ਬਸੰਤੀ ਨੇ ਵੀ ਜ਼ੁਬਾਨ ਦਿੱਤੀ ਐ..‘ਇਹ ਮੇਰੀ ਆਖ਼ਰੀ ਚੋਣ ਐ।’ ਮਝੈਲ ਸੰਨੀ ਦਿਓਲ ਨੂੰ ਲੱਭਣ ਡਹੇ ਨੇ ਜਿਵੇਂ ਬੀਕਾਨੇਰੀਏ ਧਰਮਿੰਦਰ ਨੂੰ ਲੱਭਦੇ ਸੀ। ਖ਼ੈਰ, ਸਿਆਸੀ ਗੁੜ ਏਨਾ ਮਿੱਠੈ, ਕੋਈ ਨਹੀਂ ਛੱਡਦਾ। ਵੱਡੇ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ। ਕਦੋਂ ਸੰਨਿਆਸ ਲੈਣਗੇ, ਰਾਮ ਜਾਣੇ। ਅਮਰਿੰਦਰ ਤੀਜੀ ਪਾਰੀ ਖੇਡਣਗੇ? ਸਪੇਨੀ ਪ੍ਰਵਚਨ ਐ...‘ਲੋਭ ਨਾਲ ਹੀ ਥੈਲਾ ਫਟਦਾ ਹੈ।’

            ਆਓ ਭਾਰਤੀ ਸੰਸਦ ’ਚ ਗੇੜਾ ਲਾਈਏ। ਔਹ ਦੇਖੋ... ਜਿਹੜੇ ਸਾਹਮਣੇ 210 ਐੱਮਪੀ ਬੈਠੇ ਨੇ, ਪਹਿਲਾਂ ਵਿਧਾਇਕ ਸਨ। ਓਧਰ ਵੀ ਨਜ਼ਰ ਘੁਮਾਓ, ਔਹ 77 ਸੰਸਦ ਮੈਂਬਰ ਸਜੇ ਬੈਠੇ ਨੇ, ਇਹ ਸਾਰੇ ਪਹਿਲਾਂ ਸੂਬਿਆਂ ’ਚ ਮੰਤਰੀ ਸਨ। ਉਨ੍ਹਾਂ 9 ਸੰਸਦ ਮੈਂਬਰਾਂ ਦੇ ਦਰਸ਼ਨ ਦੀਦਾਰੇ ਵੀ ਕਰੋ, ਜਿਹੜੇ ਪਹਿਲਾਂ ਮੁੱਖ ਮੰਤਰੀ ਸਨ। ਕਿਤੇ ਨੀਅਤਾਂ ਦਾ ਛਾਬਾ ਭਰਦਾ, ਅੱਜ ਘਰੇ ਬੈਠੇ ਹੁੰਦੇ। ਨੈਲਸਨ ਮੰਡੇਲਾ ਉਮਰ ਭਰ ਜੇਲ੍ਹ ’ਚ ਬੈਠੇ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਬਣੇ। ਮਿਆਦ ਮੁੱਕੀ ਤੋਂ ਲੋਕਾਂ ਨੇ ਹੱਥ ਜੋੜੇ, ‘ਦੁਬਾਰਾ ਗੱਦੀ ਸੰਭਾਲੋ’। ਮੰਡੇਲਾ ਨੇ ਨਾਂਹ ਕਰਤੀ।ਪੁਰਾਣੇ ਕਾਂਗਰਸੀ ਪ੍ਰਧਾਨ ਕਾਮਰਾਜ, ਨਹਿਰੂ ਕੋਲ ਗਏ...‘ਮੁੱਖ ਮੰਤਰੀ ਬਣ ਜੋ ਕਰਨਾ ਸੀ, ਉਹ ਕਰਤਾ, ਹੁਣ ਨਹੀਂ ਬਣਨਾ ਮੁੱਖ ਮੰਤਰੀ।’ ਕਾਮਰਾਜ ਨੇ ਤਾਮਿਲਨਾਡੂ ’ਚ ਬੜੇ ਕੰਮ ਕੀਤੇ ਸਨ। ਸ਼ੇਰ ਸ਼ਾਹ ਸੂਰੀ ਥੋੜ੍ਹਾ ਸਮਾਂ ਗੱਦੀ ਨਸ਼ੀਨ ਹੋਏ, ਕਿੰਨੇ ਚੇਤੇ ਯੋਗ ਕੰਮ ਕਰਗੇ। ਲਛਮਣ ਸਿੰਘ ਗਿੱਲ ਥੋੜ੍ਹਾ ਸਮਾਂ ਮੁੱਖ ਮੰਤਰੀ ਰਹੇ। ਪੰਜਾਬ ਰਾਜ ਭਾਸ਼ਾ ਐਕਟ ਬਣਾ ਗਏ, ਟਰੈਕਟਰ ਨੂੰ ‘ਕਿਸਾਨ ਦਾ ਗੱਡਾ’ ਐਲਾਨਿਆ। ਪੈੜਾਂ ਛੱਡਣ ਲਈ ਲੰਮੇ ਰਾਹਾਂ ਦੀ ਲੋੜ ਨਹੀਂ ਹੁੰਦੀ। ਪ੍ਰਤਾਪ ਸਿੰਘ ਕੈਰੋਂ ਨੇ ਲੋਕਾਂ ਦੇ ਦਿਲਾਂ ’ਤੇ ਛਾਪ ਛੱਡੀ।

             ਪੰਜਾਬੀ ਕਿਤੇ ਫੂਕ ਫੂਕ ਕੇ ਪੈਰ ਰੱਖਦੇ, ਨੇਤਾ ਪੰਜਾਬ ਫੂਕ ਤਮਾਸ਼ਾ ਨਾ ਦੇਖਦੇ। ਚਾਰ ਟੰਗੀ ’ਤੇ ਬੈਠਿਆਂ ਨੂੰ, ਰੱਬ ਚੇਤੇ ਨਹੀਂ ਰਹਿੰਦਾ, ਲੋਕ ਕੀਹਦੇ ਵਿਚਾਰੇ ਨੇ। ‘ਕਬਰਾਂ ਲੰਮ ਸਲੰਮੀਆਂ, ਉਪਰ ਕੱਖ ਪਏ/ਓਧਰੋਂ ਕੋਈ ਨਾ ਬਹੁੜਿਆ, ਏਧਰੋਂ ਲੱਖ ਗਏ।’ ਜਿਹੜੇ ਸੱਤਾ ਦੀ ਵਾਦੀ ’ਚ, ਗਏ ਸੈਲਾਨੀ ਬਣ ਕੇ, ਉਹ ਮੈਦਾਨੀ ਧਰਤ ਹੀ ਭੁੱਲ ਬੈਠੇ। ਜਦੋਂ ਸੁਫਨਿਆਂ ’ਚ ‘ਲਾਕਰ’ ਦਿੱਖਣ, ਉਦੋਂ ਸੋਚਾਂ ਦੀ ਤਾਸੀਰ ਨੂੰ ਸੰਨ੍ਹ ਲੱਗਦੀ ਐ। ‘ਆਪ’ ਨੇਤਾ ਰਾਜ ਮਿਸਤਰੀ ਬਣੇ ਨੇ, ਅਖ਼ੇ ‘ਨਵਾਂ ਪੰਜਾਬ ਉਸਾਰਾਂਗੇ’। ਹਰ ਕੋਈ ਪੰਜਾਬ ’ਤੇ ਚਾਦਰ ਪਾਉਣ ਨੂੰ ਕਾਹਲੈ। ਢੀਂਡਸਾ ਸਾਹਿਬ ਵੀ ਤਾਕ ਲਾਈ ਬੈਠੇ ਨੇ। ਭਗਵੰਤ ਮਾਨ ਸੋਚਦਾ ਹੋਏਗਾ, ‘ਅਭੀ ਨਹੀਂ ਤੋ ਕਭੀ ਨਹੀਂ।’ ਜਿਨ੍ਹਾਂ ਪਹਿਲਾਂ ਚਾਦਰ ਪਾਈ, ਉਨ੍ਹਾਂ ਚਾਦਰ ਵੇਖੀ ਨਹੀਂ, ਪੈਰ ਬਾਹਰ ਤੁਰੇ ਫਿਰਦੇ ਸਨ। ਪੰਜਾਬ ਸਿਰ ਏਨਾ ਕਰਜ਼ ਚੜ੍ਹਿਐ, ਚਾਹੇ ਪੰਡ ਬੰਨ੍ਹ ਲਓ। ਦਸੌਂਧਾ ਸਿੰਘ ਇਸ ਗੱਲੋਂ ਬੜਾ ਦੌਲਤਮੰਦ ਐ, ਨਹੀਂ ਕੌਣ ਘਰੋਂ ਖਾ ਕੇ ਅਕਲ ਦਿੰਦੈ। ‘ਅਕਲਾਂ ਬਾਝੋਂ ਖੂਹ ਖਾਲੀ।’ ਕੜਾਹਾ ਬਚਾਉਣੈ ਤਾਂ ਕੋਈ ਅਕਲਮੰਦ ਲਿਆਓ।

             ਨਿਹੰਗ ਸਿੰਘੀ ਭਾਸ਼ਾ ’ਚ ਖੂੰਡੇ ਨੂੰ ਅਕਲਦਾਨ ਆਖਦੇ ਨੇ। ਅਮਰਿੰਦਰ ਦਾ ‘ਅਕਲਦਾਨ’ ਗੁਆਚ ਗਿਐ। ਕਿਸਾਨਾਂ ਨੂੰ ਮੱਤ ਲੱਭੀ ਐ, ਤਾਹੀਂ ਗਰਜੇ ਨੇੇ, ‘ਪਹਿਲਾਂ ਦਿੱਲੀ ਨਿਬੇੜ ਲਈਏ, ਚੰਡੀਗੜ੍ਹ ਨੂੰ ਵੀ ਟੱਕਰਾਂਗੇ।’ ਨਾਲੇ ਪਿੰਡਾਂ ਆਲੇ ਤਾਂ ‘ਅਕਲਦਾਨ’ ਸਿੱਧਾ ਗਿੱਟਿਆਂ ’ਤੇ ਮਾਰਦੇ ਨੇ। ਕੋਈ ਸ਼ੱਕ ਐ ਤਾਂ ਪੰਜਾਬ ’ਚੋਂ ਕਿਸੇ ਭਾਜਪਾਈ ਨੇਤਾ ਨੂੰ ਪੁੱਛ ਲਓ। ਫੇਰ ਵੀ ਅਕਲ ਪ੍ਰਗਟ ਨਾ ਹੋਵੇ ਤਾਂ ਬਦਾਮ ਖਾ ਕੇ ਦੇਖਣਾ। ਗੱਲ ਫੇਰ ਵੀ ਨਾ ਬਣੇ ਤਾਂ ਮਨ ਕੀ ਬਾਤ ਸੁਣ ਲੈਣਾ, ਮਸਤੀ ਵੀ ਜ਼ਰੂਰੀ ਹੈ। ਅੰਤ ’ਚ ਕਵੀ ਗੁਰਤੇਜ ਕੋਹਾਰਵਾਲਾ ਦੇ ਇਹ ਬੋਲ,‘ ਜਿਨ੍ਹਾਂ ਸਮਿਆਂ ’ਚ ਮੈਂ ਜ਼ਿੰਦਾ ਹਾਂ, ਕੀ ਬਚਿਆ ਹੈ ਵੇਖਣ ਨੂੰ/ਸੋ ਅਗਲੀ ਨਸਲ ਨੂੰ ਮੈਂ ਦੋਵੇਂ ਅੱਖਾਂ ਦਾਨ ਕਰਦਾ ਹਾਂ।’

No comments:

Post a Comment