Wednesday, March 24, 2021

                                                        ਕਿਸਾਨ ਸੰਘਰਸ਼
                                500 ਕਰੋੜ ਦਾ ਟੌਲ ਤਾਰਨੋਂ ਬਚੇ ਪੰਜਾਬੀ
                                                         ਚਰਨਜੀਤ ਭੁੱਲਰ       

ਚੰਡੀਗੜ੍ਹ : ਕਿਸਾਨ ਅੰਦੋਲਨ ਕਾਰਨ ਟੌਲ ਪਲਾਜ਼ੇ ਬੰਦ ਹੋਣ ਸਦਕਾ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਕਰੀਬ 813 ਕਰੋੜ ਰੁਪਏ ਦੀ ਰਾਹਤ ਮਿਲੀ ਹੈ। ਕਿਸਾਨ ਘੋਲ ਦੌਰਾਨ ਆਮ ਲੋਕਾਂ ਦੀ ਜੇਬ ’ਤੇ ਟੌਲ ਟੈਕਸ ਦਾ ਬੋਝ ਪੈਣ ਤੋਂ ਬਚ ਗਿਆ ਹੈ। ਉਂਝ ਕੇਂਦਰ ਸਰਕਾਰ ਦੀ ਵਿੱਤੀ ਘੇਰਾਬੰਦੀ ਕਾਰਨ ਖ਼ਜ਼ਾਨੇ ਨੂੰ ਰਗੜਾ ਲੱਗਿਆ ਹੈ।ਚੇਤੇ ਰਹੇ ਕਿ ਕਿਸਾਨ ਧਿਰਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਪੰਜਾਬ ਤੇ ਹਰਿਆਣਾ ਵਿੱਚ ਟੌਲ ਪਲਾਜ਼ੇ ਮੁਕਤ ਕੀਤੇ ਹੋਏ ਹਨ। ਕੌਮੀ ਮਾਰਗਾਂ ’ਤੇ ਪੈਂਦੇ ਟੌਲ ਪਲਾਜ਼ੇ ਹੁਣ ਟੌਲ ਫਰੀ ਹੋਏ ਹਨ। ਕੌਮੀ ਸੜਕ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਕਿਸਾਨ ਘੋਲ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਟੌਲ ਪਲਾਜ਼ੇ ਬੰਦ ਹੋਣ ਕਰਕੇ ਕੇਂਦਰ ਨੂੰ 814.40 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਤਿੰਨ ਦਰਜਨ ਟੌਲ ਪਲਾਜ਼ੇ ਕਿਸੇ ਵੀ ਤਰ੍ਹਾਂ ਦੇ ਟੌਲ ਟੈਕਸ ਤੋਂ ਮੁਕਤ ਕੀਤੇ ਹੋਏ ਹਨ। ਪੰਜਾਬ ਵਿੱਚ ਕੌਮੀ ਸੜਕਾਂ ’ਤੇ ਪੈਂਦੇ 17 ਟੌਲ ਪਲਾਜ਼ੇ ਕਿਸਾਨ ਧਿਰਾਂ ਵੱਲੋਂ ਮੁਕਤ ਕੀਤੇ ਹੋਏ ਹਨ, ਜਿਸ ਨਾਲ ਹੁਣ ਤਕ ਪੰਜਾਬ ਦੇ ਆਮ ਲੋਕਾਂ ਨੂੰ 487 ਕਰੋੜ ਦੀ ਰਾਹਤ ਮਿਲੀ ਹੈ। ਇਸ ਤੋਂ ਬਿਨਾਂ ਪੰਜਾਬ ਸਰਕਾਰ ਦੇ 15 ਟੌਲ ਪਲਾਜ਼ੇ ਵੱਖਰੇ ਹਨ।

            16 ਮਾਰਚ, 2021 ਤਕ ਦੇ ਪ੍ਰਾਪਤ ਵੇਰਵਿਆਂ ਅਨੁਸਾਰ ਸੂਬੇ ਵਿੱਚ 167 ਦਿਨਾਂ ਤੋਂ ਟੌਲ ਪਲਾਜ਼ੇ ਬੰਦ ਹਨ, ਜਿਸ ਦਾ ਭਾਵ ਹੈ ਕਿ ਪ੍ਰਤੀ ਦਿਨ ਔਸਤਨ 2.91 ਕਰੋੜ ਦੇ ਟੌਲ ਟੈਕਸ ਦਾ ਬੋਝ ਲੋਕਾਂ ’ਤੇ ਪੈਣੋਂ ਬਚ ਗਿਆ ਹੈ। ਪੰਜਾਬ ਵਿੱਚ ਪ੍ਰਤੀ ਮਹੀਨਾ ਔਸਤਨ 90 ਕਰੋੜ ਰੁਪਏ, ਟੌਲ ਟੈਕਸ ਵਜੋਂ ਲੋਕਾਂ ਦੀ ਜੇਬ ਵਿੱਚੋਂ ਨਿਕਲਣ ਤੋਂ ਬਚ ਰਹੇ ਹਨ। ਹਰਿਆਣਾ ਵਿੱਚ ਇੱਕ ਦਰਜਨ ਟੌਲ ਪਲਾਜ਼ੇ 12 ਦਸੰਬਰ ਤੋਂ ਮੁਕਤ ਕੀਤੇ ਹੋਏ ਹਨ, ਜਿਸ ਕਰਕੇ ਹਰਿਆਣਾ ਵਿੱਚ ਹੁਣ ਤਕ 326 ਕਰੋੋੜ ਦੇ ਟੌਲ ਟੈਕਸ ਦਾ ਮਾਲੀ ਨੁਕਸਾਨ ਹੋਇਆ ਹੈ ਤੇ ਲੋਕਾਂ ਨੂੰ ਰਾਹਤ ਮਿਲੀ ਹੈ। ਹਰਿਆਣਾ ਵਿੱਚ ਪ੍ਰਤੀ ਦਿਨ ਔਸਤਨ 3.39 ਕਰੋੜ ਦੇ ਟੌਲ ਕੁਲੈਕਸ਼ਨ ਨੂੰ ਸੱਟ ਵੱਜ ਰਹੀ ਹੈ। ਰਾਜਸਥਾਨ ਵਿੱਚ ਸਿਰਫ਼ ਸੱਤ ਟੌਲ ਪਲਾਜ਼ੇ ਮੁਕਤ ਕੀਤੇ ਹੋਏ ਹਨ, ਜਿੱਥੇ ਹੁਣ ਤੱਕ 1.40 ਕਰੋੜ ਦੇ ਟੌਲ ਦਾ ਨੁਕਸਾਨ ਹੋਇਆ ਹੈ। ਕੌਮੀ ਸੜਕ ਅਥਾਰਿਟੀ ਵੱਲੋਂ ਰਾਜ ਸਰਕਾਰਾਂ ਨੂੰ ਪੱਤਰ ਲਿਖੇ ਗਏ ਹਨ ਕਿ ਟੌਲ ਪਲਾਜ਼ੇ ਚਾਲੂ ਕਰਾਏ ਜਾਣ।

            ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਜਦੋਂ ਕੇਂਦਰ ਨੇ ਖੇਤੀ ਕਾਨੂੰਨ ਬਣਾ ਕੇ ਸਿੱਧਾ ਕਿਸਾਨੀ ’ਤੇ ਧਾਵਾ ਬੋਲ ਦਿੱਤਾ ਤਾਂ ਮਜਬੂਰੀ ਵਿੱਚ ਕਿਸਾਨਾਂ ਨੂੰ ਟੌਲ ਪਲਾਜ਼ੇ ਮੁਕਤ ਕਰਨ ਵਰਗੇ ਕਦਮ ਚੁੱਕਣੇ ਪਏ। ਮਿਨੀ ਬੱਸ ਅਪਰੇਟਰ ਯੂਨੀਅਨ ਦੇ ਸੀਨੀਅਰ ਆਗੂ ਤੀਰਥ ਸਿੰਘ ਸਿੱਧੂ ਦਿਆਲਪੁਰਾ ਨੇ ਕਿਹਾ ਕਿ ਟੌਲ ਮੁਕਤ ਨਾਲ ਵੱਡੇ ਘਰਾਣਿਆਂ ਦੀ ਟਰਾਂਸਪੋਰਟ ਨੂੰ ਲਾਹਾ ਮਿਲਿਆ ਹੈ ਜਦਕਿ ਛੋਟੀ ਟਰਾਂਸਪੋਰਟ ਤਾਂ ਜ਼ਿਆਦਾ ਲਿੰਕ ਸੜਕਾਂ ’ਤੇ ਹੀ ਚੱਲਦੀ ਹੈ। ਬੀ.ਕੇ.ਯੂ (ਉਗਰਾਹਾਂ) ਦੇ ਸੀਨੀਅਰ ਆਗੂ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ ਰਹਿਣਗੇ। ਦੇਸ਼ ਭਰ ਵਿੱਚ ਕੁੱਲ 644 ਟੌਲ ਪਲਾਜ਼ੇ ਹਨ, ਜਿਸ ਵਿੱਚੋਂ ਸਭ ਤੋਂ ਵੱਧ ਰਾਜਸਥਾਨ ਵਿੱਚ 91 ਟੌਲ ਪਲਾਜ਼ੇ ਹਨ।

                                             ਪੰਜਾਬ ’ਚ ਟੌਲ ਦਰਾਂ ’ਚ ਵਾਧਾ

ਕੌਮੀ ਸੜਕ ਮੰਤਰਾਲੇ ਨੇ ਅੱਜ ਪੰਜਾਬ ਵਿੱਚ ਟੌਲ ਦਰਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਪੰਜਾਬ ਵਿੱਚ ਨਵੀਆਂ ਦਰਾਂ ਹੁਣ ਪਹਿਲੀ ਅਪਰੈਲ ਤੋਂ ਲਾਗੂ ਹੋਣਗੀਆਂ। ਹਰ ਵਰ੍ਹੇ ਪੰਜਾਬ ਵਿੱਚ ਟੌਲ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਭਾਵੇਂ ਟੌਲ ਪਲਾਜ਼ਿਆਂ ’ਤੇ ਧਰਨੇ ਚੱਲ ਰਹੇ ਹਨ ਪਰ ਜਦੋਂ ਵੀ ਕੋਈ ਨਿਬੇੜਾ ਹੋਵੇਗਾ ਤਾਂ ਨਵੀਆਂ ਦਰਾਂ ਲਾਗੂ ਹੋਣਗੀਆਂ।

No comments:

Post a Comment