Friday, March 12, 2021

                                                    ਕਰਜ਼ਾ ਮੁਆਫੀ ਸਮਾਰੋਹ
                                         ਖ਼ਜ਼ਾਨੇ ਨੂੰ ਸਾਢੇ 9 ਕਰੋੜ ’ਚ ਪਏ
                                                         ਚਰਨਜੀਤ ਭੁੱਲਰ

ਚੰਡੀਗੜ੍ਹ : ਕੈਪਟਨ ਸਰਕਾਰ ਨੇ ਸਿਆਸੀ ਭੱਲ ਖੱਟਣ ਲਈ ਪੰਜਾਬ ’ਚ ‘ਕਰਜ਼ਾ ਮੁਆਫੀ ਸਬੰਧੀ ਪ੍ਰੋਗਰਾਮਾਂ’ ’ਤੇ ਹੀ 9.36 ਕਰੋੜ ਰੁਪਏ ਦੀ ਰਾਸ਼ੀ ਖਰਚ ਦਿੱਤੀ ਹੈ। ਸਰਕਾਰੀ ਤੱਥ ਬੋਲਦੇ ਹਨ ਕਿ ਪੰਜਾਬ ਸਰਕਾਰ ਨੇ ਬੀਤੇ ਚਾਰ ਸਾਲਾਂ ਦੌਰਾਨ ਕਿਸਾਨਾਂ-ਮਜ਼ਦੂਰਾਂ ਦੀ ਖੁਦਕੁਸ਼ੀ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਵਜੋਂ 9.72 ਕਰੋੜ ਵੰਡੇ ਹਨ ਪਰ ਕਰਜ਼ਾ ਮੁਆਫੀ ਵੰਡ ਸਮਾਰੋਹਾਂ ’ਤੇ ਵੀ ਕਰੀਬ 9.36 ਕਰੋੜ ਦੀ ਰਾਸ਼ੀ ਖ਼ਰਚ ਦਿੱਤੀ ਗਈ। ਉਂਜ ਕਿਸਾਨਾਂ ਦੀ ਪੂਰੀ ਕਰਜ਼ਾ ਮੁਆਫੀ ਅਜੇ ਹਵਾ ’ਚ ਲਟਕੀ ਹੋਈ ਹੈ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫੀ ਸਬੰਧੀ ਮਾਨਸਾ ਅਤੇ ਮਹਿਰਾਜ ’ਚ ਹੋਏ ਸਮਾਗਮਾਂ ਦੌਰਾਨ ਖੁਦ ਵੀ ਸ਼ਮੂਲੀਅਤ ਕੀਤੀ ਸੀ। ਇਸ ਮਗਰੋਂ ਜ਼ਿਲ੍ਹਾ ਪੱਧਰੀ ਸਮਾਰੋਹ ਵੀ ਹੋਏ ਸਨ ਜਿਨ੍ਹਾਂ ਵਿਚ ਵਜ਼ੀਰ ਸ਼ਾਮਲ ਹੋਏ ਸਨ। ਮਾਨਸਾ ਵਿਚ ਤਾਂ ਕਿਸਾਨਾਂ ਦੇ ਮਨੋਰੰਜਨ ਵਾਸਤੇ ਗਾਇਕ ਗੁਰਦਾਸ ਮਾਨ ਵੀ ਸੱਦਿਆ ਗਿਆ ਸੀ। ਇਨ੍ਹਾਂ ਸਮਾਰੋਹਾਂ ਦੇ ਪ੍ਰਬੰਧਾਂ ਵਿਚ ਡਿਪਟੀ ਕਮਿਸ਼ਨਰ, ਲੋਕ ਸੰਪਰਕ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਦੀ ਸ਼ਮੂਲੀਅਤ ਸੀ। ਇਹ ਸਮਾਰੋਹ ਵੱਡੇ ਪੱਧਰ ’ਤੇ ਪ੍ਰਚਾਰੇ ਗਏ ਸਨ ਅਤੇ ਵੱਡੇ ਇਕੱਠ ਕੀਤੇ ਗਏ ਸਨ। ਸਰਕਾਰੀ ਵੇਰਵਿਆਂ ਅਨੁਸਾਰ ਪੰਜਾਬ ਮੰਡੀ ਬੋਰਡ ਵੱਲੋਂ ਇਨ੍ਹਾਂ ਸਮਾਗਮਾਂ ’ਤੇ ਆਏ ਖਰਚ ਵਜੋਂ ਵੱਖ ਵੱਖ ਵਿਭਾਗਾਂ ਨੂੰ 9.36 ਕਰੋੋੜ ਦੀ ਅਦਾਇਗੀ ਕੀਤੀ ਗਈ ਹੈ। ਜੋ ਸਟੇਜਾਂ ਤੋਂ ਵੱਡ-ਅਕਾਰੀ ਸਰਟੀਫਿਕੇਟ ਕਿਸਾਨਾਂ ਨੂੰ ਤਕਸੀਮ ਕੀਤੇ ਗਏ ਸਨ, ਉਨ੍ਹਾਂ ’ਤੇ ਕੋਈ ਵੱਖਰਾ ਖਰਚਾ ਨਹੀਂ ਆਇਆ ਸੀ। ਪੰਜਾਬ ਸਰਕਾਰ ਨੇ ਲੰਘੇ ਚਾਰ ਵਰ੍ਹਿਆਂ ਦੌਰਾਨ 5.64 ਲੱਖ ਕਿਸਾਨਾਂ ਦਾ 4624 ਕਰੋੜ ਦਾ ਕਰਜ਼ਾ ਮੁਆਫ ਕੀਤਾ ਹੈ।

              ਸੂਬੇ ’ਚ 1.13 ਲੱਖ ਕਿਸਾਨਾਂ ਦੇ ਹਾਲੇ 1186 ਕਰੋੜ ਦੇ ਕਰਜ਼ੇ ਮੁਆਫ ਕਰਨੇ ਬਾਕੀ ਹਨ। ਐਤਕੀਂ ਦੇ ਬਜਟ ਵਿਚ 2.85 ਲੱਖ ਖੇਤ ਮਜ਼ਦੂਰਾਂ ਤੇ ਗੈਰ-ਜ਼ਮੀਨੇ ਕਿਸਾਨਾਂ ਦੇ 520 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਉਪਬੰਧ ਕੀਤਾ ਗਿਆ ਹੈ। ਪਿਛਲੇ ਬਜਟ ਵਿਚ ਵੀ ਇਹ ਰਾਸ਼ੀ ਰੱਖੀ ਗਈ ਸੀ ਪ੍ਰੰਤੂ ਪੂਰਾ ਸਾਲ ਸੁੱਕਾ ਹੀ ਲੰਘ ਗਿਆ। ਪਿੱਛੇ ਨਜ਼ਰ ਮਾਰੀਏ ਤਾਂ ਕੈਪਟਨ ਸਰਕਾਰ ਨੇ ਪਹਿਲੇ ਬਜਟ ਵਿਚ 10.25 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ। ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਹੈ ਕਿ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਦਾ ਸਮੁੱਚਾ 90 ਹਜ਼ਾਰ ਕਰੋੋੜ ਰੁਪਏ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਅਤੇ ਸੱਤਾ ’ਚ ਆਉਣ ਮਗਰੋਂ 10 ਹਜ਼ਾਰ ਕਰੋੜ ਦੀ ਕਰਜ਼ਾ ਮੁਆਫੀ ਦਾ ਐਲਾਨ ਕਰ ਦਿੱਤਾ ਪਰ ਅਖੀਰ ’ਚ ਮੁਆਫ਼ 4624 ਕਰੋੜ ਰੁਪਏ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਵਾਹ ਵਾਹ ਖੱਟਣ ਲਈ ਕਦਮ ਚੁੱਕ ਰਹੀ ਹੈ। ਜੇ ਸਰਕਾਰ ਨੂੰ ਕਿਸਾਨੀ ਦਾ ਦਰਦ ਹੁੰਦਾ ਤਾਂ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਂਦਾ।

            ਉਧਰ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਚੱਲ ਰਿਹਾ ਹੈ। ਕੇਂਦਰੀ ਖੇਤੀ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਚੰਗਾ ਦੱਸਣ ਵਾਸਤੇ 7.25 ਕਰੋੜ ਰੁਪਏ ਪਬਲੀਸਿਟੀ ’ਤੇ ਖਰਚ ਦਿੱਤੇ ਹਨ। ਇਹ ਪੈਸਾ ਸਤੰਬਰ 2020 ਤੋਂ ਜਨਵਰੀ 2021 ਤੱਕ ਖ਼ਰਚਿਆ ਗਿਆ ਹੈ। ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸਣ ਲਈ ਕੇਂਦਰ ਨੇ ਤਿੰਨ ਫਿਲਮਾਂ ’ਤੇ ਵੀ 67.99 ਲੱਖ ਰੁਪਏ ਖਰਚ ਕੀਤੇ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਹੈ ਕਿ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਲੋਕਾਂ ਲਈ ਐਤਕੀਂ ਬਜਟ ਵਿਚ ਨਿਗੂਣੀ ਰਾਸ਼ੀ ਰੱਖੀ ਗਈ ਹੈ ਪਰ ਇਹ ਖੇਤ ਮਜ਼ਦੂਰਾਂ ਦੇ ਘੋਲ ਦੀ ਅੰਸ਼ਕ ਜਿੱਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੀਤੇ ਵਾਅਦੇ ਅਨੁਸਾਰ ਸਮੁੱਚਾ ਕਰਜ਼ਾ ਮੁਆਫ਼ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਨ੍ਹੀ ਰਾਸ਼ੀ ਕਰਜ਼ਾ ਮੁਆਫੀ ਸਮਾਰੋਹਾਂ ’ਤੇ ਖਰਚ ਕੀਤੀ ਹੈ, ਓਨੀ ਖੁਦਕੁਸ਼ੀ ਪੀੜਤ 225 ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾ ਸਕਦੀ ਸੀ ਪਰ ਸਰਕਾਰ ਵੱਲੋਂ ਸਿਆਸੀ ਮਸ਼ਹੂਰੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

No comments:

Post a Comment