Monday, November 18, 2024

                                                    ਸਿਆਸਤ ’ਚ ਐਂਟਰੀ 
                     ਜਿਨ੍ਹਾਂ ਬੀਬੀਆਂ ਦੇ ਭਾਗ ਜ਼ਿਮਨੀ ਚੋਣਾਂ ਨੇ ਖੋਲ੍ਹੇ..!
                                                       ਚਰਨਜੀਤ ਭੁੱਲਰ  

ਚੰਡੀਗੜ੍ਹ: ਪੰਜਾਬ ’ਚ ਹੁਣ ਤੱਕ ਹੋਈਆਂ ਜ਼ਿਮਨੀ ਚੋਣਾਂ ’ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਇਨ੍ਹਾਂ ’ਚ ਜਿੱਤ ਸਿਰਫ਼ ਅੱਧੀ ਦਰਜਨ ਔਰਤਾਂ ਦੇ ਹਿੱਸੇ ਹੀ ਆਈ ਹੈ। ਜ਼ਿਮਨੀ ਚੋਣਾਂ ਦੇ ਦਰਵਾਜ਼ੇ ਇਨ੍ਹਾਂ ਔਰਤਾਂ ਨੇ ਸਿਆਸਤ ’ਚ ਐਂਟਰੀ ਲਈ ਹੈ। ਮੌਜੂਦਾ ਜ਼ਿਮਨੀ ਚੋਣਾਂ ਵਿੱਚ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਸੀਟ ’ਤੇ ਦੋ ਬੀਬੀਆਂ ਕਿਸਮਤ ਅਜ਼ਮਾ ਰਹੀਆਂ ਹਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਹਲਕੇ ਤੋਂ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਉਤਾਰਿਆ ਹੈ ਜੋ ਲੋਕ ਸਭਾ ਚੋਣਾਂ ਮੌਕੇ ਹਲਕਾ ਬਠਿੰਡਾ ਤੋਂ ਕਾਂਗਰਸ ਦੀ ਟਿਕਟ ਤੋਂ ਖੁੰਝ ਗਏ ਸਨ। ਉਨ੍ਹਾਂ ਲਈ ਇਹ ਚੋਣ ਵੱਕਾਰੀ ਹੈ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਚੋਣ ਮੈਦਾਨ ’ਚ ਹਨ। ਸੁਖਜਿੰਦਰ ਕੌਰ ਰੰਧਾਵਾ ਲਈ ਜ਼ਿਮਨੀ ਚੋਣ ਅਹਿਮ ਹੈ। ਇਨ੍ਹਾਂ ਦੋ ਔਰਤਾਂ ਤੋਂ ਇਲਾਵਾ ਹੋਰ ਕਿਸੇ ਵੀ ਹਲਕੇ ਤੋਂ ਕੋਈ ਔਰਤ ਉਮੀਦਵਾਰ ਚੋਣ ਮੈਦਾਨ ’ਚ ਨਹੀਂ ਨਿੱਤਰੀ।

          ਸੰਨ 1952 ਤੋਂ ਲੈ ਕੇ ਹੁਣ ਤੱਕ 61 ਸੀਟਾਂ ’ਤੇ ਜਾਂ 61 ਵਾਰ ਜ਼ਿਮਨੀ ਚੋਣ ਹੋਈ ਹੈ ਜਿਨ੍ਹਾਂ ’ਚ ਸਿਰਫ਼ ਛੇ ਔਰਤਾਂ ਨੂੰ ਹੀ ਕਾਮਯਾਬੀ ਮਿਲੀ ਹੈ। ਪੰਜਾਬ ਦੇ ਰਾਜਸੀ ਇਤਿਹਾਸ ਅਨੁਸਾਰ ਜ਼ਿਮਨੀ ਚੋਣ ਰਾਹੀਂ ਸਿਆਸਤ ਵਿੱਚ ਸਭ ਤੋਂ ਪਹਿਲੀ ਐਂਟਰੀ ਹਲਕਾ ਡਕਾਲਾ ਤੋਂ ਜੇਤੂ ਰਹੀ ਮਹਿੰਦਰ ਕੌਰ ਦੀ ਹੋਈ ਸੀ। ਸੰਨ 1970 ’ਚ ਡਕਾਲਾ ਹਲਕੇ ਦੀ ਜ਼ਿਮਨੀ ਚੋਣ ਹੋਈ ਸੀ ਕਿਉਂਕਿ ਹਲਕੇ ਦੇ ਤਤਕਾਲੀ ਵਿਧਾਇਕ ਬਸੰਤ ਸਿੰਘ ਦਾ ਕਤਲ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਹਕੂਮਤ ਦੌਰਾਨ ਹੋਈ ਇਸ ਚੋਣ ਵਿੱਚ ਅਕਾਲੀ ਦਲ ਨੇ ਮਰਹੂਮ ਵਿਧਾਇਕ ਦੀ ਪਤਨੀ ਮਹਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਮਹਿੰਦਰ ਕੌਰ ਨੇ ਆਪਣੀ ਵਿਰੋਧੀ ਕਾਂਗਰਸ ਦੀ ਉਮੀਦਵਾਰ ਵੀਰਪਾਲ ਕੌਰ ਨੂੰ ਹਰਾਇਆ ਸੀ ਜੋ ਕਿ ਸੰਸਦ ਮੈਂਬਰ ਅਮਰਜੀਤ ਕੌਰ ਦੀ ਮਾਤਾ ਸੀ। ਹਲਕਾ ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਜਗਦੀਸ਼ ਕੌਰ ਨੇ ਆਪਣੇ ਵਿਰੋਧੀ ਕਾਂਗਰਸੀ ਟੀ.ਐੱਸ. ਰਿਆਸਤੀ ਨੂੰ ਮਾਤ ਦਿੱਤੀ ਸੀ। 

          ਫ਼ਰੀਦਕੋਟ ਤੋਂ ਪਹਿਲਾਂ ਵਿਧਾਇਕ ਜਸਮਤ ਸਿੰਘ ਢਿੱਲੋਂ ਹੁੰਦੇ ਸਨ ਜਿਨ੍ਹਾਂ ਦੀ ਮੌਤ ਕਾਰਨ ਹਲਕੇ ’ਚ ਜ਼ਿਮਨੀ ਚੋਣ ਹੋਈ ਸੀ। ਅਕਾਲੀ ਦਲ ਨੇ ਮਰਹੂਮ ਵਿਧਾਇਕ ਦੀ ਪਤਨੀ ਜਗਦੀਸ਼ ਕੌਰ ਨੂੰ ਟਿਕਟ ਦਿੱਤੀ ਸੀ। ਕਾਬਿਲੇਗੌਰ ਹੈ ਕਿ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਉਰਫ਼ ਕਿੱਕੀ ਢਿੱਲੋਂ 1982 ਦੀ ਜ਼ਿਮਨੀ ਚੋਣ ’ਚ ਜੇਤੂ ਰਹੀ ਜਗਦੀਸ਼ ਕੌਰ ਦੇ ਪੁੱਤਰ ਹਨ। ਹਲਕਾ ਸ਼ਾਮ ਚੁਰਾਸੀ ਦੀ ਜ਼ਿਮਨੀ ਚੋਣ ਅਕਾਲੀ ਦਲ ਦੀ ਉਮੀਦਵਾਰ ਮਹਿੰਦਰ ਕੌਰ ਜੋਸ਼ ਨੇ ਸਾਲ 1998 ਵਿੱਚ ਜਿੱਤੀ ਸੀ। ਅਕਤੂਬਰ 2004 ਵਿੱਚ ਕਪੂਰਥਲਾ ਹਲਕੇ ਦੀ ਜ਼ਿਮਨੀ ਚੋਣ ਹੋਈ ਸੀ ਜਿਸ ਵਿੱਚ ਕਾਂਗਰਸ ਦੀ ਸੁਖਜਿੰਦਰ ਕੌਰ ਉਰਫ਼ ਸੁੱਖੀ ਰਾਣਾ ਨੇ ਚੋਣ ਜਿੱਤੀ ਸੀ। ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਨੂੰ ਹਰਾਇਆ ਸੀ। ਇਸ ਮਗਰੋਂ ਸਾਲ 2012 ਵਿੱਚ ਦਸੂਹਾ ਹਲਕੇ ਦੀ ਜ਼ਿਮਨੀ ਚੋਣ ਹੋਈ ਸੀ ਕਿਉਂਕਿ ਹਲਕੇ ਦੇ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਦੀ ਮੌਤ ਹੋ ਗਈ ਸੀ ਜੋ ਕਿ ਦੋ ਵਾਰ ਵਿਧਾਇਕ ਰਹੇ ਸਨ। 

         ਭਾਜਪਾ ਨੇ ਅਮਰਜੀਤ ਸ਼ਾਹੀ ਦੀ ਮੌਤ ਮਗਰੋਂ ਉਨ੍ਹਾਂ ਦੀ ਪਤਨੀ ਸੁਖਜੀਤ ਕੌਰ ਨੂੰ ਜ਼ਿਮਨੀ ਚੋਣ ਵਿੱਚ ਉਤਾਰਿਆ। ਭਾਜਪਾ ਉਮੀਦਵਾਰ ਸੁਖਜੀਤ ਕੌਰ ਸ਼ਾਹੀ ਨੇ ਆਪਣੇ ਕਾਂਗਰਸੀ ਵਿਰੋਧੀ ਅਰੁਣ ਡੋਗਰਾ ਨੂੰ ਹਰਾ ਕੇ ਚੋਣ ਜਿੱਤ ਲਈ ਸੀ। ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਸ਼ਾਹੀ ਮੁੱਖ ਸੰਸਦੀ ਸਕੱਤਰ ਵੀ ਰਹੇ ਸਨ। ਹੁਣ ਦੇਖਣਾ ਹੋਵੇਗਾ ਕਿ ਅੰਮ੍ਰਿਤਾ ਵੜਿੰਗ ਅਤੇ ਜਤਿੰਦਰ ਕੌਰ ਜ਼ਿਮਨੀ ਚੋਣਾਂ ਵਿੱਚ ਔਰਤਾਂ ਦੀ ਚੱਲ ਰਹੀ ਜੇਤੂ ਲੜੀ ਨੂੰ ਅੱਗੇ ਤੋਰਦੀਆਂ ਹਨ ਜਾਂ ਨਹੀਂ। ਪੰਜਾਬ ਵਿੱਚ ਹੁਣ ਤੱਕ ਜ਼ਿਮਨੀ ਚੋਣ ’ਚ ਆਖ਼ਰੀ ਸਮੇਂ ਜਿੱਤ ਹਾਸਲ ਕਰਨ ਵਾਲੀ ਔਰਤ ਪ੍ਰਨੀਤ ਕੌਰ ਹੈ। ਸਾਲ 2014 ਵਿੱਚ ਹਲਕਾ ਪਟਿਆਲਾ ਦੀ ਜ਼ਿਮਨੀ ਚੋਣ ਹੋਈ ਸੀ ਅਤੇ ਉਸ ਵਕਤ ਪ੍ਰਨੀਤ ਕੌਰ ਨੇ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਭਗਵਾਨ ਦਾਸ ਜੁਨੇਜਾ ਨੂੰ ਹਰਾਇਆ ਸੀ। ਇਸ ਮਗਰੋਂ ਕਦੇ ਵੀ ਕਿਸੇ ਜ਼ਿਮਨੀ ਚੋਣ ਵਿੱਚ ਔਰਤ ਨੂੰ ਜਿੱਤ ਨਸੀਬ ਨਹੀਂ ਹੋਈ ਹੈ।

No comments:

Post a Comment