ਬਰਨਾਲਾ ਚੋਣ
ਨਾ ਜਿੱਤ ਦੀ ਗਾਰੰਟੀ, ਨਾ ਹਾਰ ਦਾ ਫ਼ਤਵਾ
ਚਰਨਜੀਤ ਭੁੱਲਰ
ਬਰਨਾਲਾ : ਹਲਕਾ ਬਰਨਾਲਾ ਕਿਸੇ ਨੂੰ ਵੀ ਐਤਕੀਂ ਜਿੱਤ ਦੀ ਗਾਰੰਟੀ ਨਹੀਂ ਦੇ ਰਿਹਾ ਹੈ। ਹਲਕੇ ਦਾ ਆਪਣਾ ਸੁਭਾਅ ਹੈ ਕਿ ਨਾ ਕਿਸੇ ਦੀ ਸਿਆਸੀ ਨਿਵਾਣ ਪਸੰਦ ਕਰਦਾ ਹੈ ਅਤੇ ਨਾ ਹੀ ਕਿਸੇ ਦੀ ਬਹੁਤੀ ਉਚਾਣ। ਹਲਕਾ ਬਰਨਾਲਾ ਵਿਚ ਸਾਲ 1965 ਵਿਚ ਪਹਿਲੀ ਵਾਰ ਜ਼ਿਮਨੀ ਚੋਣ ਹੋਈ ਸੀ ਜਦੋਂ ਕਾਂਗਰਸ ਜੇਤੂ ਰਹੀ ਸੀ। ਜ਼ਿਮਨੀ ਚੋਣ ਲਈ ਵੋਟਾਂ ’ਚ ਕੁਝ ਹੀ ਦਿਨ ਬਚੇ ਹਨ ਅਤੇ ਹਲਕਾ ਸੰਘਣੀ ਧੁੰਦ ਦਰਮਿਆਨ ਸਿਆਸੀ ਤਸਵੀਰ ਸਾਫ਼ ਕਰਦਾ ਨਜ਼ਰ ਆ ਰਿਹਾ ਹੈ। ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ ਅਤੇ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਉਰਫ਼ ਕਾਲਾ ਢਿੱਲੋਂ ’ਚ ਫਸਵੀਂ ਟੱਕਰ ਦਿਖਾਈ ਦੇ ਰਹੀ ਹੈ। ‘ਆਪ’ ਦੇ ਬਾਗ਼ੀ ਉਮੀਦਵਾਰ ਗੁਰਦੀਪ ਸਿੰਘ ਬਾਠ ਜਾਂ ਫਿਰ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ’ਚੋਂ ਕੋਈ ਵੀ ਇਸ ਮੁਕਾਬਲੇ ਨੂੰ ਤਿਕੋਣੀ ਟੱਕਰ ’ਚ ਉਭਾਰ ਸਕਦਾ ਹੈ। ਬਰਨਾਲਾ ਹਲਕੇ ’ਚ ਸ਼ਹਿਰੀ ਵੋਟ ਬੈਂਕ ਭਾਰੂ ਹੈ ਜੋ 62.88 ਫ਼ੀਸਦੀ ਹੈ। ਲੋਕ ਲਹਿਰਾਂ ਅਤੇ ਸਾਹਿਤਕ ਮੱਸ ਦੀ ਗੁੜ੍ਹਤੀ ਵਾਲੇ ਇਸ ਹਲਕੇ ਨੇ 2014 ਦੀਆਂ ਲੋਕ ਸਭਾ ਚੋਣਾਂ ਵਿਚ ‘ਆਪ’ ਦੀ ਮੋੜ੍ਹੀ ਗੱਡੀ ਸੀ। ਦੋ ਵਾਰ ਭਗਵੰਤ ਮਾਨ ਨੂੰ ਹਲਕੇ ਨੇ ਪਾਰਲੀਮੈਂਟ ’ਚ ਪਹੁੰਚਾਇਆ ਅਤੇ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਇਆ ਸੀ।
ਐਤਕੀਂ ਮੀਤ ਹੇਅਰ ਨੂੰ ਸੰਸਦ ’ਚ ਪਹੁੰਚਾਉਣ ’ਚ ਵੀ ਹਲਕੇ ਦੇ ਲੋਕ ਪਿਛਾਂਹ ਨਹੀਂ ਰਹੇ। ਬਰਨਾਲਾ ਸੀਟ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਲਈ ਸਭ ਤੋਂ ਵੱਡੇ ਵੱਕਾਰ ਦਾ ਸੁਆਲ ਹੈ ਜਿਨ੍ਹਾਂ ਟਿਕਟ ਆਪਣੇ ਨਜ਼ਦੀਕੀ ਹਰਿੰਦਰ ਸਿੰਘ ਧਾਲੀਵਾਲ ਦੀ ਝੋਲੀ ਪਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਹਲਕੇ ਦੇ ਤਿੰਨ ਗੇੜੇ ਲਾ ਚੁੱਕੇ ਹਨ ਅਤੇ ਅੱਜ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸ਼ਹਿਰ ਦੇ ਫਰਵਾਹੀ ਬਾਜ਼ਾਰ ਵਿਚ ਚੋਣ ਰੈਲੀ ਕੀਤੀ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਉੱਤਰ ਕੇ ਹਲਕੇ ਦੇ ਸਿਆਸੀ ਰੰਗ ’ਚ ਭੰਗ ਜ਼ਰੂਰ ਪਾ ਦਿੱਤੀ ਹੈ। ਹਲਕੇ ਦੇ ਲੋਕ ਮੀਤ ਹੇਅਰ ਵੱਲੋਂ ਦਿੱਤੇ ਗਰਾਂਟਾਂ ਦੇ ਗੱਫਿਆਂ ਅਤੇ ਕੰਮਾਂ ਦੀ ਸ਼ਲਾਘਾ ਕਰਦੇ ਹਨ। ‘ਆਪ’ ਦੇ ਸਿਆਸੀ ਵਿਰੋਧੀ ਵੀ ਇਹ ਗੱਲ ਆਖਣ ਤੋਂ ਝਿਜਕਦੇ ਨਹੀਂ ਕਿ ਮੀਤ ਹੇਅਰ ਨੇ ਫ਼ੰਡ ਦੇਣ ਵਿਚ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਹਰ ਪਿੰਡ ਨੂੰ ਕਰੋੜਾਂ ਰੁਪਏ ਦੇ ਫ਼ੰਡ ਦਿੱਤੇ ਹਨ। ਸਿੰਜਾਈ ਮੰਤਰੀ ਰਹਿੰਦਿਆਂ ਮੀਤ ਹੇਅਰ ਵੱਲੋਂ ਹਲਕੇ ਦੇ ਪਿੰਡਾਂ ’ਚ ਪਾਈਆਂ ਅੰਡਰਗਰਾਊਂਡ ਪਾਈਪਾਂ ਅਤੇ ਨਹਿਰੀ ਪਾਣੀ ਖੇਤਾਂ ਵਿਚ ਪਹੁੰਚਾਉਣ ਦਾ ਸਿਹਰਾ ਵੀ ਲੋਕ ਉਸ ਨੂੰ ਦੇ ਰਹੇ ਹਨ। ਮੀਤ ਹੇਅਰ ਹਰ ਚੋਣ ਮੀਟਿੰਗ ਵਿਚ ਆਪਣੇ ਵੱਲੋਂ ਕੀਤੇ ਗਏ ਕੰਮਾਂ ਨੂੰ ਗਿਣਾਉਂਦਾ ਹੈ।
ਜਦੋਂ ਲੋਕਾਂ ਨੂੰ ਪੁੱਛਿਆ ਕਿ ਉਹ ਵੋਟ ਕਿਸ ਨੂੰ ਦੇਣਗੇ ਤਾਂ ਉਹ ਹੱਸ ਕੇ ਮੂੰਹ ਫੇਰ ਲੈਂਦੇ ਹਨ। ਹਲਕੇ ’ਚ ਕਿਸੇ ਦੇ ਪੱਖ ਵਿਚ ਹਨੇਰੀ ਨਹੀਂ ਚੱਲ ਰਹੀ ਹੈ। ਸ਼ਹਿਰ ਹੋਵੇ ਜਾਂ ਕੋਈ ਪਿੰਡ, ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਉਰਫ਼ ਕਾਲਾ ਢਿੱਲੋਂ ਦੇ ਚਰਚੇ ਉਭਰਵੇਂ ਰੂਪ ਵਿਚ ਹੋ ਰਹੇ ਹਨ। ਕਾਲਾ ਢਿੱਲੋਂ ਦੇ ਪੱਖ ’ਚ ਇਹ ਗੱਲ ਜਾਂਦੀ ਹੈ ਕਿ ਉਹ ਲੋਕਾਂ ਨਾਲ ਹਰ ਖ਼ੁਸ਼ੀ-ਗ਼ਮੀ ਵਿਚ ਖੜ੍ਹਾ ਹੋ ਰਿਹਾ ਹੈ ਅਤੇ ਅਹਿਮ ਮੌਕਿਆਂ ’ਤੇ ਲੋਕਾਂ ਲਈ ਸਟੈਂਡ ਵੀ ਲੈਂਦਾ ਹੈ। ਕਾਲਾ ਢਿੱਲੋਂ ਦੇ ਸੁਭਾਅ ਦੀ ਨਰਮੀ ਤੇ ਮਿਲਣਸਾਰੀ ਹੁਣ ਚੋਣਾਂ ਵਿਚ ਉਸ ਦੇ ਕੰਮ ਆ ਰਹੀ ਹੈ। ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਟੇਕ ਦਲਿਤਾਂ ਅਤੇ ਡੇਰਾ ਸਿਰਸਾ ਦੇ ਵੋਟ ਬੈਂਕ ’ਤੇ ਹੈ। ਢਿੱਲੋਂ ਦੋ ਦਫ਼ਾ ਬਰਨਾਲਾ ਤੋਂ ਜਿੱਤ ਚੁੱਕੇ ਹਨ। ਉਸ ਨੂੰ ਕਿਸਾਨੀ ਵੋਟ ਬੈਂਕ ’ਚੋਂ ਵੀ ਹਿੱਸਾ ਮਿਲਣ ਦੀ ਆਸ ਹੈ। ਉਹ ਆਪਣੀ ਹਰ ਸਟੇਜ ਤੋ ਬਰਨਾਲਾ ਨੂੰ ਜ਼ਿਲ੍ਹਾ ਬਣਾਏ ਜਾਣ ਦਾ ਚੇਤਾ ਲੋਕਾਂ ਨੂੰ ਕਰਾਉਣਾ ਭੁੱਲਦੇ ਨਹੀਂ। ਬਾਗ਼ੀ ਉਮੀਦਵਾਰ ਗੁਰਦੀਪ ਸਿੰਘ ਬਾਠ ਦੇ ਪੱਖ ਵਿਚ ਹਮਦਰਦੀ ਹੈ। ਬਾਠ ਦੀ ਭਾਸ਼ਣ ਕਲਾ ਲੋਕਾਂ ਨੂੰ ਖਿੱਚਦੀ ਹੈ। ਉਹ ਆਖਦਾ ਹੈ ਕਿ ‘ਆਪ’ ਵਾਲੰਟੀਅਰਾਂ ਦਾ ਹੱਕ ਮਾਰਿਆ ਗਿਆ ਹੈ। ਉਸ ਨੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਇਆ ਹੈ। ਕੁੱਝ ਲੋਕ ਆਖਦੇ ਹਨ ਕਿ ਬਾਠ ਨਾਲ ਵਾਲੰਟੀਅਰ ਜ਼ਿਆਦਾ ਹਨ ਪ੍ਰੰਤੂ ਆਮ ਵੋਟਰ ਨਹੀਂ।
ਹਲਕੇ ਵਿਚ ਨਸ਼ਾ ਵੀ ਇੱਕ ਮੁੱਦੇ ਵਜੋਂ ਉਭਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ, ਜਿਸ ਦਾ ਹਲਕੇ ਵਿਚ ਸਾਲ 2012 ਵਿਚ 41.7 ਫ਼ੀਸਦੀ ਵੋਟ ਬੈਂਕ ਸੀ, ਚੋਣ ’ਚੋਂ ਗ਼ੈਰਹਾਜ਼ਰ ਹੈ। ਹਲਕੇ ਦੇ ਹੰਡਿਆਇਆ ਕਸਬੇ ਦੀ ਵੋਟ 13 ਹਜ਼ਾਰ ਤੋਂ ਜ਼ਿਆਦਾ ਹੈ। ਕਰਿਆਨਾ ਸਟੋਰ ਵਾਲਾ ਅਸੀਸ ਗਰਗ ਆਸ਼ੂ ਆਖਦਾ ਹੈ ਕਿ 2022 ਵਿਚ ਇੱਥੋਂ ‘ਆਪ’ ਦੀ ਵੋਟ ਵਧੀ ਸੀ ਪ੍ਰੰਤੂ ਹੁਣ ਇੱਥੇ ਬਣਨ ਵਾਲਾ ਹਸਪਤਾਲ ਨੀਂਹ ਪੱਥਰ ਤੱਕ ਸੀਮਤ ਰਹਿ ਗਿਆ ਹੈ ਅਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ। ਉਸ ਨੇ ਕਸਬੇ ਦੀ ਮੁੱਖ ਸੜਕ ਦੇ ਚੱਲ ਰਹੇ ਕੰਮ ਵੱਲ ਇਸ਼ਾਰਾ ਕਰਦੇ ਕਿਹਾ ਕਿ ਚੋਣ ਜ਼ਾਬਤੇ ਤੋਂ ਪਹਿਲਾਂ ਇਥੇ ਵੱਟੇ ਪਾਏ ਗਏ ਹਨ। ਇੱਥੋਂ ਦੇ ਮਿਸਤਰੀ ਘੁੰਮਣ ਸਿੰਘ ਨੇ ਨਸ਼ੇ ਦਾ ਪ੍ਰਕੋਪ ਨਾ ਘਟਣ ਦੀ ਗੱਲ ਕੀਤੀ। ਹਾਲਾਂਕਿ ਇੱਥੇ ਸੀਆਈਏ ਵੀ ਹੈ ਅਤੇ ਪੁਲੀਸ ਚੌਂਕੀ ਵੀ। ਇਹ ਲੋਕ ‘ਆਪ’ ਨਾਲ ਨਰਾਜ਼ਗੀ ਜ਼ਾਹਰ ਕਰ ਰਹੇ ਸਨ। ਨੌਜਵਾਨ ਮਨਜਿੰਦਰ ਸਿੰਘ ਨੇ ਵੱਖਰੀ ਸੁਰ ’ਚ ਕਿਹਾ ਕਿ ‘ਕੋਈ ਜਿੱਤੇ ਤੇ ਕੋਈ ਹਾਰੇ, ਉਹ ਬਾਈ ਬਾਠ ਨਾਲ ਖੜ੍ਹਨਗੇ।’ ਜਦੋਂ ਵਜ੍ਹਾ ਪੁੱਛੀ ਤਾਂ ਉਸ ਨੇ ਕਿਹਾ ਕਿ ਬਾਠ ਦੀ ਬੋਲ ਬਾਣੀ ਤੇ ਸੁਭਾਅ ਦਾ ਕੋਈ ਜੁਆਬ ਨਹੀਂ। ਕਿਸਾਨ ਜਰਨੈਲ ਸਿੰਘ ਦਾ ਤਰਕ ਸੀ ਕਿ ‘ਆਪ’ ਦਾ ਇੱਥੇ ਆਪਣਾ ਘਰ ਹੀ ਪਾੜ ਗਿਆ ਹੈ, ਇਕੱਠੇ ਰਹਿੰਦੇ ਤਾਂ ਗੱਲ ਹੀ ਹੋਰ ਹੋਣੀ ਸੀ ਜਦੋਂ ਕਿ ਕਿਸਾਨ ਗੁਰਦੇਵ ਸਿੰਘ ਸਰਕਾਰ ਵਿਚ ਦਿੱਲੀ ਦੇ ਦਖ਼ਲ ਤੋਂ ਔਖ ਵਿਚ ਸੀ।
ਭਗਤ ਸਿੰਘ ਨਗਰ ਦਾ ਮਲਕੀਤ ਸਿੰਘ ਆਖਦਾ ਹੈ ਕਿ ਮੁਕਾਬਲਾ ‘ਆਪ’, ਕਾਂਗਰਸ ਅਤੇ ਬਾਠ ਦਰਮਿਆਨ ਹੈ। ਇੱਥੇ ਕਾਫ਼ੀ ਲੋਕਾਂ ਨੇ ਕਾਲਾ ਢਿੱਲੋਂ ਦੀ ਨਰਮਾਈ ਦੀ ਗੱਲ ਕੀਤੀ ਜਦੋਂ ਕਿ ਟੀ-ਸਟਾਲ ਵਾਲੇ ਬਲਵੀਰ ਸਿੰਘ ਨੇ ਕਿਹਾ ਕਿ ਨਰਮਾਈ ਤਾਂ ਮੀਤ ਹੇਅਰ ਵਿਚ ਵੀ ਬਹੁਤ ਹੈ । ਸ਼ਹਿਰ ਦੇ ਦੀਪ ਸਿੰਘ ਨਗਰ ਦੇ ਨੌਜਵਾਨ ਬਿਕਰਮਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਮੁਹੱਲੇ ਵਾਲੇ ‘ਝਾੜੂ’ ਚੁੱਕੀ ਫਿਰਦੇ ਸਨ ਅਤੇ ਹੁਣ ‘ਪੰਜੇ’ ਵਾਲਾ ਗੇੜਾ ਮਾਰ ਰਿਹਾ ਹੈ। ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਦੀ ਹਮਾਇਤ ਵਿਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪ੍ਰਚਾਰ ਕਰ ਚੁੱਕੇ ਹਨ ਜਦੋਂ ਕਿ ਹਲਕੇ ਦੀ ਕਮਾਨ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਦੇ ਹੱਥ ’ਚ ਹੈ। ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਹਮਾਇਤ ਵਿਚ ਦਰਜਨਾਂ ਕੈਬਨਿਟ ਮੰਤਰੀ ਅਤੇ ਵਿਧਾਇਕ ਬਰਨਾਲਾ ਹਲਕੇ ਵਿਚ ਡੇਰਾ ਲਾਈ ਬੈਠੇ ਹਨ। ਮੀਤ ਹੇਅਰ ਨੇ ਖ਼ੁਦ ਦਿਨ-ਰਾਤ ਇੱਕ ਕੀਤੀ ਹੋਈ ਹੈ। ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਹਮਾਇਤ ਵਿਚ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਅਤੇ ਸਾਬਕਾ ਮੰਤਰੀ ਅਨੁਰਾਗ ਠਾਕੁਰ ਵੀ ਆ ਚੁੱਕੇ ਹਨ। ਪਿੰਡ ਸੰਘੇੜਾ ਵੱਡੇ ਵੋਟ ਬੈਂਕ ਵਾਲਾ ਪਿੰਡ ਹੈ ਜਿੱਥੋਂ ਦੇ ਰਣਜੀਤ ਸਿੰਘ ਨੇ ਕਿਹਾ ਕਿ ਨਹਿਰੀ ਪਾਣੀ ‘ਆਪ’ ਨੇ ਆਮ ਕਰ ਦਿੱਤਾ ਹੈ ਅਤੇ ਬਿਜਲੀ ਵੀ ਆਮ ਮਿਲੀ ਹੈ।
ਉਸ ਨੇ ਬੱਬਨਪੁਰ ਰਜਵਾਹਾ ਪੱਕਾ ਕੀਤੇ ਜਾਣ ਦੀ ਗੱਲ ਵੀ ਕੀਤੀ। ਦੂਜੇ ਪਾਸੇ ਵਰਿਆਮ ਸਿੰਘ ਤੇ ਦਲਜੀਤ ਸਿੰਘ ਨੇ ਕਿਹਾ ਕਿ ਹੁਣ ਤੱਕ ਉਹ ਝਾੜੂ ਨੂੰ ਵੋਟ ਪਾਉਂਦੇ ਆਏ ਹਨ ਪ੍ਰੰਤੂ ਨਸ਼ਿਆਂ ਤੇ ਬੇਅਦਬੀ ਮਾਮਲੇ ਹਾਲੇ ਵੀ ਅਣਸੁਲਝੇ ਪਏ ਹਨ। ਕੁੱਝ ਲੋਕਾਂ ਨੇ ਪਿੰਡ ’ਚੋਂ ਗੁਰਦੀਪ ਬਾਠ ਨੂੰ ਚੰਗਾ ਹੁੰਗਾਰਾ ਮਿਲਣ ਦੀ ਗੱਲ ਆਖੀ। ਪਿੰਡ ਹਰੀਗੜ੍ਹ ਦੇ ਸੰਤੋਖ ਸਿੰਘ ਨੇ ਕਿਹਾ ਕਿ ਲੋਕ ਮੀਤ ਹੇਅਰ ਵੱਲੋਂ ਨਹਿਰੀ ਮੋਘਾ ਲਗਾਏ ਜਾਣ ਤੋਂ ਖ਼ੁਸ਼ ਹਨ। ਉਨ੍ਹਾਂ ਪਿੰਡ ਵਿਚ ਕਾਂਗਰਸ ਤੇ ‘ਆਪ’ ਦੀ ਟੱਕਰ ਹੋਣ ਦਾ ਟੇਵਾ ਲਾਇਆ। ਕਸਬਾ ਧਨੌਲਾ ਨੂੰ ‘ਆਪ’ ਸਰਕਾਰ ਨੇ ਕਰੋੜਾਂ ਦੇ ਫ਼ੰਡ ਦਿੱਤੇ ਹਨ ਪ੍ਰੰਤੂ ਇਸ ਕਸਬੇ ਵਿਚ ਵੀ ਹਵਾ ਬਦਲੀ ਹੋਈ ਨਜ਼ਰ ਆ ਰਹੀ ਹੈ। ਪੋਸਟਰਾਂ ਅਤੇ ਫਲੈਕਸ ’ਤੇ ਨਜ਼ਰ ਮਾਰੀਏ ਤਾਂ ਕੋਈ ਪਿੱਛੇ ਨਜ਼ਰ ਨਹੀਂ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਅ) ਤਰਫ਼ੋਂ ਗੋਵਿੰਦ ਸਿੰਘ ਸੰਧੂ ਚੋਣ ਪਿੜ ਵਿਚ ਹਨ, ਜੋ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਹਨ। ਉਸ ਦੇ ਪੋਸਟਰਾਂ ’ਚ ‘ਹੁਣ ਫ਼ੈਸਲੇ ਪੰਜਾਬ ਤੋਂ ਹੀ ਹੋਣਗੇ, ਦਿੱਲੀ ਤੋਂ ਨਹੀਂ’ ਇਬਾਰਤ ਲਿਖੀ ਹੋਈ ਹੈ।
‘ਆਪ’ ਉਮੀਦਵਾਰ ਦੇ ਪੋਸਟਰਾਂ ’ਚ ‘ਆਪ ਦੀ ਸਰਕਾਰ, ‘ਆਪ’ ਦਾ ਐੱਮਐੱਲਏ’ ਨਾਅਰਾ ਭਾਰੂ ਹੈ। ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਦੇ ਪੋਸਟਰ ਬੋਲ ਰਹੇ ਹਨ ਕਿ ‘ਬਰਨਾਲਾ ਲਈ ਲੜਾਂਗੇ ਤੇ ਖੜਾਂਗੇ।’ ਟਰੱਕ ਚੋਣ ਨਿਸ਼ਾਨ ਵਾਲਾ ਆਜ਼ਾਦ ਉਮੀਦਵਾਰ ਗੁਰਦੀਪ ਬਾਠ ਦਾ ਪੋਸਟਰਾਂ ’ਚ ਨਾਅਰਾ ਹੈ, ‘ਸਾਥ ਜੇ ਦੇਣਾ ਹੱਕ ਦਾ, ਦੱਬੋ ਬਟਨ ਟਰੱਕ ਦਾ।’ ਕੇਵਲ ਢਿੱਲੋਂ ਦੇ ਪੋਸਟਰ ‘ਫੁੱਲ ਨੂੰ ਫੁੱਲ ਸਪੋਰਟ’ ਦੀ ਬਾਤ ਪਾ ਰਹੇ ਹਨ।
ਹਲਕਾ ਬਰਨਾਲਾ: ਇੱਕ ਝਾਤ
ਹਲਕਾ ਬਰਨਾਲਾ ’ਚ ਕੁੱਲ ਵੋਟਰ 1.77 ਲੱਖ ਹਨ, ਜਿਨ੍ਹਾਂ ’ਚੋਂ 62.88 ਫ਼ੀਸਦੀ ਸ਼ਹਿਰੀ ਅਤੇ 37.12 ਫ਼ੀਸਦੀ ਪੇਂਡੂ ਵੋਟਰ ਹਨ। ਹਲਕੇ ਵਿਚ 30.34 ਫ਼ੀਸਦੀ ਵੋਟਰ ਐੱਸਸੀ ਹਨ। ਸਾਲ 2022 ਦੀਆਂ ਚੋਣਾਂ ਵਿਚ ‘ਆਪ’ ਨੂੰ 49.23 ਫ਼ੀਸਦੀ, ਅਕਾਲੀ ਦਲ ਨੂੰ 20.67 ਫ਼ੀਸਦੀ, ਕਾਂਗਰਸ ਨੂੰ 12.82 ਫ਼ੀਸਦੀ ਅਤੇ ਭਾਜਪਾ ਨੂੰ 6.94 ਫ਼ੀਸਦੀ ਵੋਟ ਮਿਲੇ ਸਨ। ਮੀਤ ਹੇਅਰ 37,622 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਇਸ ਹਲਕੇ ਤੋਂ 1957 ਤੋਂ ਲੈ ਕੇ ਹੁਣ ਤੱਕ ਅੱਠ ਵਾਰ ਅਕਾਲੀ ਦਲ, ਪੰਜ ਵਾਰ ਕਾਂਗਰਸ, ਦੋ ਵਾਰ ‘ਆਪ’ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਚੋਣ ਜਿੱਤ ਚੁੱਕਾ ਹੈ।
No comments:
Post a Comment