ਮੈਂਬਰਾਂ ਦੇ ਭੱਤੇ
ਕੋਈ ਅਰਸ਼ ਤੇ ਕੋਈ ਫ਼ਰਸ਼ ’ਤੇ..!
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਰਾਜ ਸਭਾ ਮੈਂਬਰਾਂ ਦਾ ਆਲਮ ਨਿਰਾਲਾ ਹੈ ਕਿਉਂਕਿ ਕਿਸੇ ਸੰਸਦ ਮੈਂਬਰ ਦੀ ਭੱਤੇ ਲੈਣ ਵਿਚ ਝੰਡੀ ਹੈ ਜਦੋਂ ਕਿ ਇੱਕਾ ਦੁੱਕਾ ਮੈਂਬਰ ਭੱਤਿਆਂ ਵੱਲ ਝਾਕ ਵੀ ਨਹੀਂ ਰਹੇ ਹਨ। ਪੰਜਾਬ ਚੋਂ ਸੱਤ ਰਾਜ ਸਭਾ ਮੈਂਬਰ ਚੁਣੇ ਗਏ ਸਨ। ਜਦੋਂ ਇਨ੍ਹਾਂ ਮੈਂਬਰਾਂ ਦੀ ਚੋਣ ਹੋਈ ਸੀ, ਉਦੋਂ ‘ਆਪ’ ਸਰਕਾਰ ਨਿਸ਼ਾਨੇ ’ਤੇ ਵੀ ਆ ਗਈ ਸੀ। ਵਿਰੋਧੀ ਧਿਰਾਂ ਨੇ ਪੰਜਾਬ ਤੋਂ ਬਾਹਰੋਂ ਮੈਂਬਰ ਲਏ ਜਾਣ ’ਤੇ ਇਤਰਾਜ਼ ਵੀ ਖੜ੍ਹੇ ਕੀਤੇ ਸਨ। ਸਾਲ 2022 ਵਿਚ ਹੀ ਇਨ੍ਹਾਂ ਮੈਂਬਰਾਂ ਦੀ ਚੋਣ ਹੋਈ ਸੀ ਜੋ ਕਿ ਰਾਜ ਸਭਾ ਮੈਂਬਰ ਵਜੋਂ ਛੇ ਵਰ੍ਹਿਆਂ ਲਈ ਚੁਣੇ ਗਏ ਹਨ ਜਾਣਕਾਰੀ ਅਨੁਸਾਰ ਰਾਜ ਸਭਾ ਦੇ ਮੈਂਬਰ ਨੂੰ ਪ੍ਰਤੀ ਮਹੀਨਾ ਇੱਕ ਲੱਖ ਰੁਪਏ ਤਨਖ਼ਾਹ ਮਿਲਦੀ ਹੈ ਜਦੋਂ ਕਿ 70 ਹਜ਼ਾਰ ਰੁਪਏ ਹਲਕਾ ਭੱਤਾ ਮਿਲਦਾ ਹੈ। ਇਸੇ ਤਰ੍ਹਾਂ ਦਫ਼ਤਰੀ ਖ਼ਰਚੇ ਵਜੋਂ ਪ੍ਰਤੀ ਮਹੀਨਾ 20 ਹਜ਼ਾਰ ਮਿਲਦੇ ਹਨ ਅਤੇ ਐਮਪੀ ਨੂੰ ਪੀਏ ਦੀ ਤਨਖ਼ਾਹ ਵਜੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦੇ ਹਨ। ਇਨ੍ਹਾਂ ਤੋਂ ਇਲਾਵਾ ਟੀਏ/ਡੀਏ ਮਿਲਦਾ ਹੈ।
ਮਤਲਬ ਕਿ ਹਰ ਸੰਸਦ ਮੈਂਬਰ ਨੂੰ ਪ੍ਰਤੀ ਮਹੀਨਾ 2.30 ਲੱਖ ਰੁਪਏ ਤਨਖ਼ਾਹ ਤੇ ਭੱਤੇ ਆਦਿ ਮਿਲਦੇ ਹਨ ਅਤੇ ਇਸ ਤੋਂ ਵੱਖਰਾ ਟੀਏ/ਡੀਏ ਮਿਲਦਾ ਹੈ। ਜੋ ਹੋਰ ਸਹੂਲਤਾਂ ਹਨ, ਉਹ ਵੱਖਰੀਆਂ ਹਨ। ਸਰਕਾਰੀ ਸੂਚਨਾ ਅਨੁਸਾਰ ਪੰਜਾਬ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਟੀਏ/ਡੀਏ ਲੈਣ ਵਿਚ ਸੂਬੇ ਦੇ ਬਾਕੀ ਮੈਂਬਰਾਂ ਤੋਂ ਅੱਗੇ ਹਨ ਜਿਨ੍ਹਾਂ ਨੇ ਮੈਂਬਰ ਬਣਨ ਤੋਂ ਜੁਲਾਈ 2024 ਤੱਕ 30.81 ਲੱਖ ਰੁਪਏ ਟੀਏ/ਡੀਏ ਵਜੋਂ ਹਾਸਲ ਕੀਤੇ ਹਨ। ਉਹ ਅਪਰੈਲ 2022 ਵਿਚ ਰਾਜ ਸਭਾ ਮੈਂਬਰ ਬਣੇ ਸਨ। ਦੇਖਿਆ ਜਾਵੇ ਤਾਂ ਉਹ ਔਸਤਨ ਪ੍ਰਤੀ ਮਹੀਨਾ 1.14 ਲੱਖ ਰੁਪਏ ਟੀਏ/ਡੀਏ ਵਜੋਂ ਵਸੂਲ ਰਹੇ ਹਨ। ਭੱਤੇ ਲੈਣ ਵਿਚ ਦੂਜੇ ਨੰਬਰ ’ਤੇ ਪੰਜਾਬ ਦੇ ਐਮਪੀ ਹਰਭਜਨ ਸਿੰਘ ਦਾ ਹੈ ਜਿਹੜੇ ਕਿ ਹੁਣ ਤੱਕ 20.97 ਲੱਖ ਰੁਪਏ ਟੀਏ/ਡੀਏ ਵਜੋਂ ਲੈ ਚੁੱਕੇ ਹਨ।ਸੰਸਦ ਵਿਚ ਹਰਭਜਨ ਸਿੰਘ ਦੀ ਹਾਜ਼ਰੀ 57 ਫ਼ੀਸਦੀ ਹੈ ਜਦੋਂ ਕਿ ਸੰਜੀਵ ਅਰੋੜਾ ਦੀ ਸੰਸਦ ਵਿਚ ਹਾਜ਼ਰੀ 89 ਫ਼ੀਸਦੀ ਹੈ। ਹਾਲਾਂਕਿ ਇਨ੍ਹਾਂ ਸੰਸਦ ਮੈਂਬਰਾਂ ਨੇ ਨਿਯਮਾਂ ਅਨੁਸਾਰ ਹੀ ਇਹ ਭੱਤੇ ਵਸੂਲ ਕੀਤੇ ਹਨ ਪ੍ਰੰਤੂ ਉਨ੍ਹਾਂ ਨੇ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਟੀਏ/ਡੀਏ ਵਸੂਲ ਕੀਤਾ ਹੈ।
ਆਖਿਆ ਜਾ ਰਿਹਾ ਹੈ ਕਿ ਜਿਹੜੇ ਸੰਸਦ ਮੈਂਬਰ ਜ਼ਿਆਦਾ ਕਾਰਗੁਜ਼ਾਰੀ ਦਿਖਾਉਂਦੇ ਹਨ, ਉਨ੍ਹਾਂ ਦੇ ਭੱਤਿਆਂ ਦਾ ਬਿੱਲ ਵਧਣਾ ਸੁਭਾਵਿਕ ਹੈ। ਤੀਸਰੇ ਨੰਬਰ ’ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਹਨ ਜਿਨ੍ਹਾਂ ਨੇ ਮੈਂਬਰ ਬਣਨ ਤੋਂ ਲੈ ਕੇ ਹੁਣ ਤੱਕ 16.58 ਲੱਖ ਰੁਪਏ ਟੀਏ/ਡੀਏ ਵਜੋਂ ਵਸੂਲ ਕੀਤੇ ਹਨ ਅਤੇ ਉਨ੍ਹਾਂ ਦੀ ਸੰਸਦ ਵਿਚ ਹਾਜ਼ਰੀ 85 ਫੀਸਦੀ ਬਣਦੀ ਹੈ। ਉਨ੍ਹਾਂ ਤੋਂ ਅੱਗੇ ਸੰਸਦ ਮੈਂਬਰ ਸੰਦੀਪ ਪਾਠਕ ਹਨ ਜਿਹੜੇ ਕਿ ‘ਆਪ’ ਦੇ ਸੰਗਠਨ ਨੂੰ ਲੈ ਕੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਚੋਣਾਂ ਮੌਕੇ ਉਨ੍ਹਾਂ ਦੀ ਭੂਮਿਕਾ ਜ਼ਿਆਦਾ ਰਹਿੰਦੀ ਹੈ। ਸੰਦੀਪ ਪਾਠਕ ਨੇ ਟੀਏ/ਡੀਏ ਵਜੋਂ 12.36 ਲੱਖ ਰੁਪਏ ਪ੍ਰਾਪਤ ਕੀਤੇ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ 5.29 ਲੱਖ ਰੁਪਏ ਟੀਏ/ਡੀਏ ਲਿਆ ਹੈ। ਸੀਚੇਵਾਲ ਦੀ ਚੋਣ ਜੁਲਾਈ 2022 ਵਿਚ ਹੋਈ ਸੀ। ਪੰਜਾਬ ਤੋਂ ਸਾਰੇ ਰਾਜ ਸਭਾ ਮੈਂਬਰ ਹੁਣ ਤੱਕ 86.03 ਲੱਖ ਰੁਪਏ ਟੀਏ/ਡੀਏ ਵਜੋਂ ਲੈ ਚੁੱਕੇ ਹਨ। ਸੰਸਦ ਮੈਂਬਰਾਂ ਦੀ ਤਨਖ਼ਾਹ ਤੇ ਭੱਤਿਆਂ ਆਦਿ ਦਾ ਬਿੱਲ ਸਲਾਨਾ 27.60 ਲੱਖ ਰੁਪਏ ਵੱਖਰਾ ਬਣਦਾ ਹੈ ਜਿਸ ਵਿਚ ਪੀਏ ਦੀ ਤਨਖ਼ਾਹ ਵੀ ਸ਼ਾਮਲ ਹੁੰਦੀ ਹੈ।
ਤਸਵੀਰ ਦਾ ਦੂਜਾ ਪਾਸਾ ਦੇਖੀਏ ਤਾਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਦੇ ਵੀ ਕੋਈ ਟੀਏ/ਡੀਏ ਨਹੀਂ ਲਿਆ ਹੈ। ਉਹ ਜੁਲਾਈ 2022 ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਸਨ ਜੋ ਕਿ ਤਨਖ਼ਾਹ ਤੇ ਬਾਕੀ ਭੱਤੇ ਲੈ ਰਹੇ ਹਨ ਪ੍ਰੰਤੂ ਟੀਏ/ਡੀਏ ਨਹੀਂ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਅੱਜ ਤੱਕ ਕਦੇ ਵੀ ਟੀਏ/ਡੀਏ ਵਸੂਲ ਨਹੀਂ ਕੀਤਾ ਹੈ। ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਤਾਂ ਜੁਲਾਈ 2024 ਤੱਕ ਆਪਣਾ ਕੋਈ ਪੀਏ ਵੀ ਨਹੀਂ ਰੱਖਿਆ ਸੀ ਜਿਸ ਦੀ ਤਨਖ਼ਾਹ ਉਹ ਸਰਕਾਰ ਤੋਂ ਲੈਂਦੇ ਹੋਣ। ਪੀਏ ਦੀ ਤਨਖ਼ਾਹ ਦਾ ਬਿੱਲ 30,968 ਰੁਪਏ ਉਨ੍ਹਾਂ ਨੇ ਪਹਿਲੀ ਵਾਰ ਜੁਲਾਈ 2024 ਵਿਚ ਵਸੂਲ ਕੀਤਾ ਹੈ। ਉਸ ਤੋਂ ਪਹਿਲਾਂ ਉਨ੍ਹਾਂ ਨੇ ਕਦੇ ਵੀ ਪੀਏ ਦੀ ਤਨਖ਼ਾਹ ਖ਼ਜ਼ਾਨੇ ਚੋਂ ਵਸੂਲ ਨਹੀਂ ਕੀਤੀ ਹੈ।
ਸੁਆਲ ਪੁੱਛਣ ਵਿਚ ਘੱਟ ਨਹੀਂ ਰਹੇ
ਰਾਜ ਸਭਾ ਮੈਂਬਰਾਂ ਨੇ ਪਾਰਲੀਮੈਂਟ ਵਿਚ ਸੁਆਲ ਪੁੱਛਣ ਵਿਚ ਅੱਗੇ ਹਨ ਜਿਨ੍ਹਾਂ ਦੀ ਦਰ ਪਹਿਲੇ ਮੈਂਬਰਾਂ ਨਾਲੋਂ ਜ਼ਿਆਦਾ ਬਣਦੀ ਹੈ। ਐਮਪੀ ਰਾਘਵ ਚੱਢਾ ਨੇ ਸਭ ਤੋਂ ਵੱਧ 183 ਸੁਆਲ ਹੁਣ ਤੱਕ ਪੁੱਛੇ ਹਨ ਜਦੋਂ ਕਿ ਅਸ਼ੋਕ ਕੁਮਾਰ ਮਿੱਤਲ ਨੇ 179 ਸੁਆਲ ਪਾਰਲੀਮੈਂਟ ਵਿਚ ਕੀਤੇ ਹਨ। ਇਸੇ ਤਰ੍ਹਾਂ ਸੰਜੀਵ ਅਰੋੜਾ ਨੇ 156 ਅਤੇ ਵਿਕਰਮਜੀਤ ਸਿੰਘ ਸਾਹਨੀ ਨੇ 141 ਸੁਆਲ ਕੀਤੇ ਹਨ। ਇਸ ਤੋਂ ਇਲਾਵਾ ਸੰਦੀਪ ਪਾਠਕ ਨੇ 100 ਸੁਆਲ ਕੀਤੇ ਹਨ ਜਦੋਂ ਕਿ ਸੰਤ ਬਾਬਾ ਬਲਬੀਰ ਸਿੰਘ ਨੇ 97 ਸੁਆਲ ਕੀਤੇ ਹਨ।
No comments:
Post a Comment