Thursday, December 14, 2023

                                                         ਨਸ਼ਾ ਤਸਕਰੀ 
                                       ਪੰਜਾਬੀ ਔਰਤਾਂ ਦੀ ਏਹ ਕੇਹੀ ਮੱਲ !
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬੀ ਔਰਤਾਂ ਦੇਸ਼ ਚੋਂ ਨਸ਼ਾ ਤਸਕਰੀ ਦੇ ਕਾਰੋਬਾਰ ’ਚ ਸਿਖਰ ’ਤੇ ਹਨ। ਸਮੁੱਚੇ ਮੁਲਕ ਚੋਂ ਸਭ ਤੋਂ ਵੱਧ ਨਸ਼ਾ ਤਸਕਰੀ ’ਚ ਪੰਜਾਬੀ ਔਰਤਾਂ ਦੀ ਗ੍ਰਿਫ਼ਤਾਰੀ ਹੋ ਰਹੀ ਹੈ। ਲੰਘੇ ਤਿੰਨ ਵਰਿ੍ਹਆਂ ਵਿਚ ਦੇਸ਼ ਭਰ ਚੋਂ 9631 ਔਰਤਾਂ ਨੂੰ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ’ਚ 3164 ਪੰਜਾਬੀ ਔਰਤਾਂ ਫੜੀਆਂ ਹਨ ਅਤੇ ਇਹ ਦਰ 32.85 ਫ਼ੀਸਦੀ ਬਣਦੀ ਹੈ। ਪੰਜਾਬ ਦੇ ਦਰਜਨਾਂ ਪਿੰਡ ਅਜਿਹੇ ਹਨ ਜਿੱਥੇ ਔਰਤਾਂ ’ਤੇ ਨਸ਼ਾ ਤਸਕਰੀ ਦੇ ਜ਼ਿਆਦਾ ਮਾਮਲੇ ਦਰਜ ਹਨ। ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੇ ਤੱਥਾਂ ਅਨੁਸਾਰ ਸਾਲ 2022 ਵਿਚ ਦੇਸ਼ ਭਰ ਵਿਚ ਐੱਨਡੀਪੀਐੱਸ ਐਕਟ ਤਹਿਤ ਚਾਰ ਹਜ਼ਾਰ ਔਰਤਾਂ ਦੀ ਗ੍ਰਿਫ਼ਤਾਰੀ ਹੋਈ ਹੈ ਅਤੇ ਪੰਜਾਬ ਵਿਚ ਇਹ ਅੰਕੜਾ 1448 ਔਰਤਾਂ ਦਾ ਹੈ। ਦੂਸਰੇ ਨੰਬਰ ’ਤੇ ਤਾਮਿਲਨਾਡੂ ਵਿਚ 490 ਅਤੇ ਹਰਿਆਣਾ ਵਿਚ 337 ਔਰਤਾਂ ਫੜੀਆਂ ਗਈਆਂ ਹਨ। 

          ਸਾਲ 2021 ਵਿਚ ਸਮੁੱਚੇ ਮੁਲਕ ਵਿਚ 3104 ਔਰਤਾਂ ਪ੍ਰੰਤੂ ਪੰਜਾਬ ’ਚ ਨਸ਼ਾ ਤਸਕਰੀ ’ਚ 928 ਔਰਤਾਂ ਦੀ ਗ੍ਰਿਫ਼ਤਾਰੀ ਹੋਈ ਸੀ। ਇਸੇ ਤਰ੍ਹਾਂ ਹੀ ਸਾਲ 2020 ਵਿਚ ਦੇਸ਼ ਵਿਚ ਗ੍ਰਿਫ਼ਤਾਰ ਹੋਈਆਂ 2527 ਔਰਤਾਂ ਚੋਂ ਪੰਜਾਬ ਵਿਚ ਫੜੀਆਂ ਔਰਤਾਂ ਦਾ ਅੰਕੜਾ 788 ਸੀ। ਤਿੰਨਾਂ ਵਰਿ੍ਹਆਂ ਤੋਂ ਸਭ ਤੋਂ ਵੱਧ ਪੰਜਾਬੀ ਔਰਤਾਂ ਦੀ ਗ੍ਰਿਫ਼ਤਾਰੀ ਹੋਈ ਹੈ। ਪੰਜਾਬ ਵਿਚ ਕੁੱਲ ਔਰਤਾਂ ਦੀ ਆਬਾਦੀ ਦੇ ਲਿਹਾਜ਼ ਨਾਲ ਇਹ ਅੰਕੜਾ ਮਾਮੂਲੀ ਹੈ। ਇਸ ਤੋਂ ਪਹਿਲਾਂ ਔਰਤਾਂ ਸਰਕਾਰੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਵਿਚ ਵੀ ਕੁੱਦੀਆਂ ਹਨ। ਇੱਕ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਜੇਲ੍ਹਾਂ ’ਚ ਬੰਦ ਔਰਤਾਂ ਚੋਂ ਬਹੁਗਿਣਤੀ ਐੱਨਡੀਪੀਐੱਸ ਕੇਸਾਂ ਵਾਲੀਆਂ ਔਰਤਾਂ ਦੀ ਹੈ।ਪੰਜਾਬ ਦੀਆਂ ਜੇਲ੍ਹਾਂ ਦੀ ਸਮਰੱਥਾ ਇਸ ਵੇਲੇ 26556 ਬੰਦੀਆਂ ਦੀ ਹੈ ਜਦੋਂ ਕਿ ਇਨ੍ਹਾਂ ਜੇਲ੍ਹਾਂ ਵਿੱਚ 31218 ਬੰਦੀ ਬੰਦ ਹਨ ਜੋ ਕਿ 117.55 ਫ਼ੀਸਦੀ ਬਣਦੇ ਹਨ।

          ਜੇਲ੍ਹਾਂ ਵਿਚ 1497 ਔਰਤਾਂ ਬੰਦ ਹਨ। ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਬਹੁਤੀਆਂ ਔਰਤਾਂ ਦੇ ਪਤੀ ਨਸ਼ੇੜੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਮਜਬੂਰੀ ਵਿਚ ਇਸ ਕਾਰੋਬਾਰ ਵਿਚ ਉੱਤਰਨਾ ਪੈਂਦਾ ਹੈ। ਬਹੁਤੇ ਕੇਸਾਂ ਵਿਚ ਨਸ਼ਾ ਤਸਕਰੀ ਦਾ ਕੰਮ ਪਤੀ ਪਤਨੀ ਦੋਵੇਂ ਕਰਦੇ ਹੁੰਦੇ ਹਨ।ਜਾਣਕਾਰੀ ਅਨੁਸਾਰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦੋਨਾਖੁਰਦ, ਮੁਕਤਸਰ ਦੇ ਪਿੰਡ ਝੋਰੜ, ਬਠਿੰਡਾ ਦੇ ਪਿੰਡ ਬੀੜ ਤਲਾਬ ਆਦਿ ’ਚ ਕਈ ਔਰਤਾਂ ’ਤੇ ਦੋ ਤੋਂ ਜ਼ਿਆਦਾ ਕੇਸ ਦਰਜ ਹਨ। ਪੰਜਾਬ ਵਿਚ ਨਾਬਾਲਗ ਬੱਚੇ ਵੀ ਨਸ਼ਾ ਤਸਕਰੀ ਦੇ ਰਾਹ ਪਏ ਹਨ। ਲੰਘੇ ਤਿੰਨ ਸਾਲਾਂ ਵਿਚ 78 ਨਾਬਾਲਗ ਬੱਚਿਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਲ 2022 ਵਿਚ 37 ਨਾਬਾਲਗ ਬੱਚੇ, ਸਾਲ 2021 ਵਿਚ 25 ਅਤੇ ਸਾਲ 2020 ਵਿਚ 16 ਨਾਬਾਲਗ ਬੱਚਿਆਂ ਨੂੰ ਪੰਜਾਬ ਪੁਲੀਸ ਨੇ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਵਿਚ ਤਿੰਨ ਸਾਲਾਂ ਵਿਚ 55 ਨਾਬਾਲਗ ਬੱਚਿਆਂ ਦੀ ਗ੍ਰਿਫ਼ਤਾਰੀ ਹੋਈ ਹੈ।

           ਇਸ ਤੋਂ ਇਲਾਵਾ ਪੰਜਾਬ ਪੁਲੀਸ ਨੇ ਇਨ੍ਹਾਂ ਉਪਰੋਕਤ ਤਿੰਨ ਵਰਿ੍ਹਆਂ ਦੌਰਾਨ 12085 ਮੁਕੱਦਮੇ ਇਕੱਲੇ ਨਸ਼ੇੜੀਆਂ ’ਤੇ ਹੀ ਦਰਜ ਕੀਤੇ ਹਨ। ਇਨ੍ਹਾਂ ਕੋਲ ਗ੍ਰਿਫ਼ਤਾਰੀ ਮੌਕੇ ਸਿਰਫ਼ ਆਪਣੀ ਨਿੱਜੀ ਵਰਤੋਂ ਜੋਗਾ ਨਸ਼ਾ ਸੀ। ਸਾਲ 2022 ਵਿਚ 5009 ਕੇਸ ਨਸ਼ੇੜੀਆਂ ’ਤੇ ਦਰਜ ਕੀਤੇ ਗਏ ਹਨ ਜਦੋਂ ਕਿ ਸਾਲ 2021 ਵਿਚ 4206 ਕੇਸ ਨਸ਼ੇੜੀਆਂ ’ਤੇ ਦਰਜ ਕੀਤੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨਾਂ ਵਿਚ ਕਿਹਾ ਸੀ ਕਿ ਨਸ਼ੇੜੀਆਂ ਦੀ ਥਾਂ ਤਸਕਰਾਂ ਨੂੰ ਨਿਸ਼ਾਨੇ ’ਤੇ ਰੱਖਿਆ ਜਾਵੇ। ਚੇਤੇ ਰਹੇ ਕਿ ਜਦੋਂ ਵੀ ਪੰਜਾਬ ਵਿਚ ਨਸ਼ਾ ਤਸਕਰੀ ਦਾ ਮਾਮਲਾ ਉੱਭਰਦਾ ਹੈ ਤਾਂ ਪੰਜਾਬ ਪੁਲੀਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਮੁਕੱਦਮੇ ਦਰਜ ਕੀਤੇ ਜਾਂਦੇ ਹਨ। ਅਜਿਹਾ ਹਰ ਸਿਆਸੀ ਪਾਰਟੀ ਦੇ ਰਾਜ ਭਾਗ ਸਮੇਂ ਹੋਇਆ ਹੈ।                               

No comments:

Post a Comment