ਸ਼ੌਕ ਬੰਦੂਕਾਂ ਦਾ
ਪੰਜਾਬਣਾਂ ਦੇ ਕਿਆ ਕਹਿਣੇ..!
ਚਰਨਜੀਤ ਭੁੱਲਰ
ਚੰਡੀਗੜ੍ਹ : ਜਦੋਂ ਹਥਿਆਰਾਂ ਦੀ ਗੱਲ ਚੱਲਦੀ ਹੈ ਤਾਂ ਪੰਜਾਬਣਾਂ ਵੀ ਕਿਸੇ ਤੋਂ ਘੱਟ ਨਹੀਂ ਅਖਵਾਉਂਦੀਆਂ। ਇਸ ਨੂੰ ਪਹਿਲੀ ਨਜ਼ਰੇ ਸ਼ੌਕ ਕਹੋ ਜਾਂ ਫਿਰ ਸੁਰੱਖਿਆ ਦਾ ਮਾਮਲਾ, ਏਨਾ ਜ਼ਰੂਰ ਹੈ ਕਿ ਪੰਜਾਬ ’ਚ ਔਰਤਾਂ ਵੱਲੋਂ ਅਸਲਾ ਲਾਇਸੈਂਸ ਬਣਾਉਣ ਦਾ ਰੁਝਾਨ ਵਧਿਆ ਹੈ। ਪੰਜਾਬੀ ਗੀਤਾਂ ਤੇ ਫਿਲਮਾਂ ਨੇ ਇਸ ਸ਼ੌਕ ਨੂੰ ਹਵਾ ਦਿੱਤੀ ਹੈ। ਪੰਜਾਬ ਸਰਕਾਰ ਦੇ ਤਾਜ਼ਾ ਅੰਕੜੇ ਹਨ ਕਿ ਸੂਬੇ ਵਿਚ 3784 ਔਰਤਾਂ ਕੋਲ ਅਸਲਾ ਲਾਇਸੈਂਸ ਹਨ, ਜਿਨ੍ਹਾਂ ਦੇ ਆਧਾਰ ’ਤੇ 4328 ਹਥਿਆਰ ਰੱਖੇ ਹੋਏ ਹਨ। ਚੋਣਾਂ ਕਰ ਕੇ ਇਨ੍ਹਾਂ ਔਰਤਾਂ ਨੂੰ ਵੀ ਹੁਣ ਆਪਣੇ ਹਥਿਆਰ ਜਮ੍ਹਾਂ ਕਰਾਉਣੇ ਪੈਣੇ ਹਨ। ਪੰਜਾਬ ਵਿਚ ਇਸ ਵੇਲੇ 2.38 ਲੱਖ ਅਸਲਾ ਲਾਇਸੈਂਸ ਹਨ, ਜਿਨ੍ਹਾਂ ’ਤੇ 2.87 ਲੱਖ ਹਥਿਆਰ ਚੜ੍ਹੇ ਹੋਏ ਹਨ। ਆਰਮਜ਼ ਐਕਟ 1959 ਦੇ ਸਾਲ 2016 ਵਿਚ ਸੋਧੇ ਹੋਏ ਨਿਯਮਾਂ ਅਨੁਸਾਰ ਆਮ ਵਿਅਕਤੀ ਇੱਕ ਅਸਲਾ ਲਾਇਸੈਂਸ ’ਤੇ ਦੋ ਹਥਿਆਰ ਰੱਖਣ ਦਾ ਹੱਕਦਾਰ ਹੈ, ਜਦੋਂਕਿ ਸਪੋਰਟਸ ਕਰਨ ਵਾਲਿਆਂ ਨੂੰ ਇੱਕੋ ਲਾਇਸੈਂਸ ’ਤੇ ਦੋ ਤੋਂ ਜ਼ਿਆਦਾ ਹਥਿਆਰ ਰੱਖਣ ਦੀ ਸੁਵਿਧਾ ਹੈ।
ਸੂਬੇ ’ਚੋਂ ਬਠਿੰਡਾ ਜ਼ਿਲ੍ਹਾ ਲਾਇਸੈਂਸਾਂ ’ਚ ਪਹਿਲੇ ਨੰਬਰ ’ਤੇ ਹੈ, ਜਿਥੇ 20,184 ਅਸਲਾ ਲਾਇਸੈਂਸ ਹਨ ਅਤੇ ਜ਼ਿਲ੍ਹੇ ਵਿਚ 26,229 ਲਾਇਸੈਂਸੀ ਹਥਿਆਰ ਹਨ। ਔਰਤਾਂ ਕੋਲ ਲਾਇਸੈਂਸਾਂ ਦੀ ਗੱਲ ਕਰੀਏ ਤਾਂ ਪਟਿਆਲਾ ਜ਼ਿਲ੍ਹੇ ਵਿਚ ਸਭ ਤੋਂ ਵੱਧ 375 ਔਰਤਾਂ ਕੋਲ ਲਾਇਸੈਂਸ ਹਨ, ਜਿਨ੍ਹਾਂ ’ਤੇ 453 ਹਥਿਆਰ ਦਰਜ ਹਨ। ਦੂਜਾ ਨੰਬਰ ਜ਼ਿਲ੍ਹਾ ਮੁਕਤਸਰ ਸਾਹਿਬ ਦਾ ਹੈ, ਜਿਥੇ ਔਰਤਾਂ ਕੋਲ 323 ਲਾਇਸੈਂਸਾਂ ’ਤੇ 383 ਹਥਿਆਰ ਦਰਜ ਹਨ। ਤੀਜਾ ਨੰਬਰ ਬਠਿੰਡਾ ਜ਼ਿਲ੍ਹੇ ਦਾ ਆਉਂਦਾ ਹੈ, ਜਿਥੇ ਔਰਤਾਂ ਕੋਲ 314 ਲਾਇਸੈਂਸ ਹਨ, ਜਦੋਂਕਿ ਹਥਿਆਰਾਂ ਦੀ ਗਿਣਤੀ 400 ਹੈ। ਫਿਰੋਜ਼ਪੁਰ ਵਿਚ ਔਰਤਾਂ ਕੋਲ 245 ਅਤੇ ਗੁਰਦਾਸਪੁਰ ’ਚ 241 ਕੋਲ ਲਾਇਸੈਂਸ ਹਨ।ਪੰਜਾਬੀ ’ਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੀ ਡਾ. ਸੁਖਮਿੰਦਰ ਕੌਰ ਦਾ ਕਹਿਣਾ ਹੈ ਕਿ ਔਰਤਾਂ ਸਮਾਜ ਵਿਚ ਵਾਪਰ ਰਹੀਆਂ ਦਿਲ ਹਿਲਾਊ ਘਟਨਾਵਾਂ ਦੇ ਮੱਦੇਨਜ਼ਰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ, ਜਿਸ ਕਰਕੇ ਉਨ੍ਹਾਂ ਨੇ ਲਾਇਸੈਂਸ ਲੈਣ ਵੱਲ ਕਦਮ ਵਧਾਏ ਹਨ।
ਵੇਰਵਿਆਂ ਅਨੁਸਾਰ ਪੰਜਾਬ ਦੀ ਆਰਥਿਕ ਰਾਜਧਾਨੀ ਸਮਝੇ ਜਾਂਦੇ ਜ਼ਿਲ੍ਹਾ ਲੁਧਿਆਣਾ ’ਚ ਸਿਰਫ 104 ਔਰਤਾਂ ਕੋਲ ਲਾਇਸੈਂਸ ਹਨ। ਜ਼ਿਲ੍ਹਾ ਸੰਗਰੂਰ ’ਚ ਔਰਤਾਂ ਕੋਲ 227 ਤੇ ਬਰਨਾਲਾ _ਚ 77 ਔਰਤਾਂ ਕੋਲ ਲਾਇਸੈਂਸ ਹਨ। ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੀ ਸੂਬਾ ਕਨਵੀਨਰ ਹਰਪਾਲ ਕੌਰ ਕੋਟਲਾ ਨੇ ਕਿਹਾ ਕਿ ਸਵੈ-ਰੱਖਿਆ ਲਈ ਹਥਿਆਰ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ ਕਿਉਂਕਿ ਔਰਤਾਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜਾਬ ਵਿਚ ਕੁੱਲ ਲਾਇਸੈਂਸਾਂ ਚੋਂ ਕਰੀਬ 60,144 ਅਸਲਾ ਲਾਇਸੈਂਸਾਂ ’ਤੇ 1,21,845 ਹਥਿਆਰ ਦਰਜ ਹਨ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਲੋਕਾਂ ਕੋਲ ਦੋ-ਦੋ ਹਥਿਆਰ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ 5057 ਲਾਇਸੈਂਸਾਂ ’ਤੇ 10,206 ਹਥਿਆਰ ਚੜ੍ਹੇ ਹੋਏ ਹਨ, ਜਦੋਂਕਿ ਤਰਨ ਤਾਰਨ ਜ਼ਿਲ੍ਹੇ ਵਿਚ 4096 ਲਾਇਸੈਂਸਾਂ ’ਤੇ 8281 ਹਥਿਆਰ ਦਰਜ ਹਨ। ਫਰੀਦਕੋਟ ’ਚ 3232 ਲਾਇਸੈਂਸਾਂ ’ਤੇ 6520 ਹਥਿਆਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ 3732 ਲੋਕਾਂ ਕੋਲ 7668 ਹਥਿਆਰ ਹਨ।
ਕਲਚਰ ਦਾ ਪ੍ਰਭਾਵ ਦੇਖੀਏ ਤਾਂ ਪੰਜਾਬੀ ਫਿਲਮ ‘ਨਿੱਕਾ ਜੈਲਦਾਰ’ ਦੀ ਬੇਬੇ ਨਿਰਮਲ ਰਿਸ਼ੀ ਪ੍ਰਤੱਖ ਮਿਸਾਲ ਹੈ ਜੋ ਪਿਸਤੌਲ ਗਲ ’ਚ ਲਟਕਾ ਕੇ ਰੱਖਦੀ ਹੈ ਅਤੇ ਗੱਲ ਗੱਲ ’ਤੇ ਗੋਲੀ ਚਲਾਉਣ ਦੀ ਗੱਲ ਕਰਦੀ ਹੈ। ਇੱਕ ਪੱਖ ਇਹ ਵੀ ਹੈ ਕਿ ਪੰਜਾਬ ਵਿਚ ਸ਼ੂਟਿੰਗ ਗੇਮ ਦਾ ਕਾਫੀ ਰੁਝਾਨ ਵਧਿਆ ਹੈ ਜਿਸ ਕਰਕੇ ਖਿਡਾਰਣਾਂ ਨੇ ਵੀ ਕਾਫੀ ਲਾਇਸੈਂਸ ਲਏ ਹੋ ਸਕਦੇ ਹਨ। ਦਿੱਲੀ ’ਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ.ਰਵਿੰਦਰ ਰਵੀ ਅਲੱਗ ਨਜ਼ਰੀਏ ਤੋਂ ਦੇਖਦੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਕਲਚਰ ’ਚ ਗੀਤਾਂ ਤੇ ਫਿਲਮਾਂ ਨੇ ਗੰਨ ਨੂੰ ਵੀ ਸਟੇਟਸ ਸਿੰਬਲ ਬਣਾ ਦਿੱਤਾ ਹੈ। ਆਰਥਿਕ ਖੇਤਰ ਵਿਚ ਔਰਤ ਦਾ ਦਬਦਬਾ ਵਧਿਆ ਹੈ ਅਤੇ ਉਹ ਬਰਾਬਰ ਦੀ ਭਾਗੀਦਾਰ ਬਣਨ ਲੱਗੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਪੱਖੋਂ ਲਾਇਸੈਂਸ ਲੈਣ ਵਾਲੀਆਂ ਔਰਤਾਂ ਦੀ ਗਿਣਤੀ ਘੱਟ ਹੋਵੇਗੀ, ਜਦੋਂਕਿ ਜ਼ਿਆਦਾ ਮਸਲਾ ਸਟੇਟਸ ਸਿੰਬਲ ਦਾ ਜਾਪਦਾ ਹੈ।
No comments:
Post a Comment