ਪੋਤੜਾ ਗਣਰਾਜ...!
ਚਰਨਜੀਤ ਭੁੱਲਰ
ਚੰਡੀਗੜ੍ਹ : ‘ਮਾਈ ਲਾਰਡ’, ਕਿਸੇ ਦੇ ਦਵੰਨੀ ਦੇ ਰਵਾਦਾਰ ਨਹੀਂ। ਲੋਈ ’ਤੇ ਕੋਈ ਦਾਗ਼ ਹੁੰਦਾ, ‘ਚੋਣ ਬਾਂਡ ਸਕੀਮ’ ਦੀ ਇੰਜ ਧੋਤੀ ਨਾ ਉਤਾਰਦਾ। ‘ਮਾਈ ਲਾਰਡ’, ਅਸਾਂ ਦਾ ਗਣਰਾਜ ਹੁੰਦਾ, ਤੁਸਾਂ ਨੂੰ ਗਾਰਡ ਆਫ਼ ਆਨਰ ਦਿੰਦੇ, ਨਾਲੇ ਇੱਕ ਸੌ ਇੱਕੀ ਤੋਪਾਂ ਦੀ ਸਲਾਮੀ। ਹਕੂਮਤ ਦੀ ਢਕੀ ਰਿੱਝਣ ਨਹੀਓਂ ਦਿੱਤੀ। ਤਾਹੀਓਂ ਭਾਜਪਾ ਦੀ ਖਾੜੀ ’ਚੋਂ ਏਨਾ ਤੂਫ਼ਾਨ ਉਠਿਐ। ‘ਮਾਈ ਲਾਰਡ’ ਨੇ ਜ਼ਰੂਰ ਕਿਸੇ ਮਹਾਪੁਰਸ਼ ਦਾ ਜੂਠਾ ਛਕਿਆ ਹੋਊ। ਫ਼ਿਲਮ ‘ਮਾਚਿਸ’ ਦਾ ਹੀਰੋ ਚੰਦਰਚੂੜ ਸਿੰਘ ਵੀ, ਇਸੇ ਖ਼ੁਸ਼ੀ ’ਚ ਚਰਖਾ ਚਲਾ ਰਿਹੈ...‘ਚੱਪਾ ਚੱਪਾ ਚਰਖਾ ਚੱਲੇ।’
ਨਿਆਣੀ ਉਮਰੇ ‘ਮਾਈ ਲਾਰਡ’ ਨੂੰ, ਜ਼ਰੂਰ ਪਿਤਾ ਜੀ ਨੇ ਚੰਡਿਆ ਹੋਊ, ਮਾਂ ਨੇ ਕੰਨ ਪੁੱਟੇ ਹੋਣਗੇ, ਕੁੰਦਨ ਕੋਈ ਐਵੇਂ ਥੋੜ੍ਹਾ ਬਣਦੇ ਨੇ। ਰੰਜਨ ਗੋਗੋਈ ਤਾਂ ਜਣਾ ਖ਼ਣਾ ਵੀ ਬਣ ਸਕਦੈ। ਸੱਚ ਹੈ ਕਿ ਬੰਦੇ ਨਿਆਂ ਉਡੀਕਦੇ ਬਿਰਖ ਵੀ ਬਣਦੇ ਨੇ ਪਰ ਆਹ ਫ਼ਿਲਮ ਵਿਚਲਾ ਅਦਾਲਤੀ ਸੀਨ ਥੋੜ੍ਹਾ ਧਰਵਾਸ ਦਿੰਦੈ, ‘ਸਾਲੋਂ ਮੇਂ ਏਕ ਬਾਰ ਕਭੀ ਕੋਈ ਐਸਾ ਕੇਸ ਆਤਾ ਹੈ, ਜਬ ਇਸ ਕੁਰਸੀ ਪੇ ਬੈਠਣੇ ਕਾ ਕੋਈ ਅਫ਼ਸੋਸ ਨਹੀਂ ਹੋਤਾ।’ ਇਨਸਾਫ਼, ਉਂਜ ਗਲੀ ਵਿਚ ਲੇਟਿਆ ਹੋਇਆ ਕੁੱਤਾ ਐ, ਜੀਹਨੂੰ ਆਉਂਦਾ ਜਾਂਦਾ ਕੋਈ ਵੀ ਲੱਤ ਮਾਰ ਦਿੰਦੈ।
ਇੱਕ ਓਹ ਸੁਨਹਿਰੀ ਯੁੱਗ ਸੀ, ਜਦ ‘ਗੁਪਤ ਸਾਮਰਾਜ’ ਛਾਇਆ। ਜਿਨ੍ਹਾਂ ਸਥਿਰਤਾ ਨੂੰ ਗੁਆਇਆ, ਉਨ੍ਹਾਂ ‘ਕੇਲਾ ਗਣਰਾਜ’ ਅਖਵਾਇਆ। ਅੱਜ ਦੇ ਗ਼ਰੀਬ ਜਣਾਂ ਨੇ ਗੁਪਤ ਚੰਦਾ ਪਾਇਆ, ਇਹਨੂੰ ‘ਚੰਦਾ ਸਾਮਰਾਜ’ ਕਹੋ ਜਾਂ ਫਿਰ ‘ਪੋਤੜਾ ਗਣਰਾਜ’। ‘ਲੰਬਰਦਾਰ ਦਾ ਜ਼ੋਰ, ਦਿਨ ਦਾ ਹਾਕਮ ਰਾਤ ਦਾ ਚੋਰ।’ ਅਸਾਡੇ ਸਿਆਸਤਦਾਨ ਜਲੇਬੀ ਵਰਗੇ ਸਿੱਧੇ ਨੇ, ਨਾ ਕੋਈ ਵਿੰਗ ਨਾ ਵਲ, ਇੰਜ ਜਾਪਦੈ ਜਿਵੇਂ ਰੱਬ ਦੇ ਗੁਮਾਸ਼ਤੇ ਹੋਣ। ਮੁੱਕਦੀ ਗੱਲ ਇਹ ਕਿ ਉਪਰਲੇ ਦੋਵੇਂ ਪ੍ਰੇਮੀ ਜਣਾਂ ਨੇ ਲੱਖਣ ਲਾਇਆ, ਫਿਰ ਝੁਰਲੂ ਘੁਮਾਇਆ, ਚੰਦਾਗਿਰੀ ਦਾ ਜਿੰਨ ਫ਼ਰਮਾਇਆ, ਹੁਕਮ ਮੇਰੇ ਆਕਾ। ਜਿੰਨ ਬੋਤਲ ’ਚ ਪਾਇਆ, ਉਪਰ ‘ਚੋਣ ਬਾਂਡ ਸਕੀਮ’ ਦਾ ਸਟਿੱਕਰ ਲਾਇਆ, ਲਓ ਫਿਰ ਸਜ ਗਈ ਦੁਕਾਨ।
ਚੋਣ ਬਾਂਡ ਏਦਾਂ ਦਾ ‘ਗੁਪਤ ਦਾਨ’ ਐ ਕਿ ਸਿਆਸਤਦਾਨਾਂ ਨੂੰ ਚੰਦਾ ਦੇਣ ਵਾਲਿਆਂ ਦੀ ਭਾਫ਼ ਨਹੀਂ ਨਿਕਲਦੀ। ਐਵੇਂ ‘ਮਾਈ ਲਾਰਡ’ ਦੇ ‘ਅਕਲ ਦਾਨ’ ਨੇ ਪੋਤੜਾਪੁਰੀ ਵਾਲੇ ਧੋ ਸੁੱਟੇ। ‘ਸੇਵਾਦਾਰ ਬੈਂਕ’ ਹੁਣ ਫੁੱਟ ਫੁੱਟ ਦੱਸਦੀ ਪਈ ਐ ਕਿ ਕੀਹਨੇ ਚੰਦਾ ਦਿੱਤਾ, ਕੀਹਨੇ ਲਿਆ। ‘ਕੀ ਖੱਟ ਲਿਆ ਠੋਡੀ ਨੂੰ ਹੱਥ ਲਾ ਕੇ, ਲਾਲਾ ਲਾਲਾ ਹੋਗੀ ਮਿੱਤਰਾ’। ਦੇਸ਼ ਦੇ ਧਨਾਢਾਂ ਨੂੰ ‘ਗੁਪਤ ਦਾਨ’ ਲਈ ਜ਼ਰੂਰ ਆਹ ਗਾਣੇ ਨੇ ਪ੍ਰੇਰਿਆ ਹੋਊ, ‘ਗ਼ਰੀਬੋਂ ਕੀ ਸੁਣੋ, ਵੋ ਤੁਮਹਾਰੀ ਸੁਣੇਗਾ, ਤੁਮ ਏਕ ਪੈਸਾ ਦੋਗੇ ਵੋਹ ਦਸ ਲਾਖ ਦੇਗਾ।’ ਮਾਈ ਲਾਰਡ! ਪੋਤੜੇ ਫਰੋਲ ਕੇ ਚੰਗਾ ਨਹੀਂਓ ਕੀਤਾ। ਕੋਈ ਇੰਜ ਵੀ ਗ਼ਰੀਬਾਂ ਦੇ ਢਿੱਡ ’ਤੇ ਦੋਵੇਂ ਲੱਤਾਂ ਜੋੜ ਕੇ ਮਾਰਦੈ। ‘ਪੁੱਟਿਆ ਪਹਾੜ, ਨਿਕਲਿਆ ਹਾਥੀ’।
‘ਗੁਪਤ ਦਾਨ, ਮਹਾਂ ਕਲਿਆਣ’ ਯੁੱਗਾਂ ਯੁਗਾਂਤਰਾ ਤੋਂ ਚੱਲਦਾ ਹੈ। ਗੁਰੂ ਘਰਾਂ ’ਚ ਜਾਣ ਵਾਲੇ ਬਿਨਾਂ ਫਲ ਦੀ ਇੱਛਾ ਰੱਖੇ… ਗੁਪਤ ਦਾਨ ਦਿੰਦੇ ਨੇ, ਰੱਬ ਦੁੱਗਣਾ ਕਰ ਕੇ ਮੋੜਦੈ। ਧਰਤੀ ’ਤੇ ਦੇਸ਼ ਦਾ ਨੇਤਾ ਰੱਬ ਹੈ। ਧਨਾਢਪੁਰੀਏ ਵੀ ਤਾਂ ਓਹਦੀ ਰਜ਼ਾ ’ਚ ‘ਗੁਪਤ ਦਾਨ’ ਦਿੰਦੇ ਨੇ, ਧਰਤੀ ਵਾਲਾ ਰੱਬ ਗੱਫੇ ਭਰ ਕੇ ਮੋੜਦੈ। ‘ਸੇਵਾਦਾਰ ਬੈਂਕ’ ਦੇ ਇਨ੍ਹਾਂ ਤੱਥਾਂ ’ਤੇ ਜ਼ਰਾ ਨਜ਼ਰ ਘੁੰਮਾਇਓ, ਮੇਘਾ ਇੰਜੀਨੀਅਰਿੰਗ ਕੰਪਨੀ ਨੇ 56 ਕਰੋੜ ਦੇ ਚੋਣ ਬਾਂਡ ਖ਼ਰੀਦੇ। ਰੱਬ ਨੇ ਐਸੀ ਸੁਣੀ, ਬੁਲੇਟ ਟਰੇਨ ਸਟੇਸ਼ਨ ਦਾ ਠੇਕਾ ਬਖ਼ਸ਼ ਦਿੱਤਾ। ਵੇਦਾਂਤਾ ਨੇ 25 ਕਰੋੜ ਦਾ ‘ਗੁਪਤ ਦਾਨ’ ਦਿੱਤਾ, ਇਨਾਮ ’ਚ ਕੋਇਲਾ ਖਾਨ ਮਿਲ ਗਈ। ਇੱਕ ਹੋਰ ਕੰਪਨੀ ਨੇ 140 ਕਰੋੜ ਦਾ ਦਾਨ ਦਿੱਤਾ, ਸੁਰੰਗ ਦੇ ਠੇਕਾ ਦੀ ਦਾਤ ਮਿਲ ਗਈ।
ਉਪਰਲਾ ਰੱਬ ਤਾਂ ਸੁਸਤੂ ਮੱਲ ਐ। ਅਸਾਡੇ ਆਲਾ ਰੱਬ ਬਰੂਸ ਲੀ ਵਰਗੈ। ‘ਫਿਊਚਰ ਗੇਮਿੰਗ’ ਵਾਲਾ ਪਾਪੀ ਜੁਆਰੀਆ, ਰੱਬ ਤੋਂ ਆਕੀ ਹੋਇਆ। ਧਰਤੀ ਆਲੇ ਰੱਬ ਦੀ ਈਡੀ ਚੋਂ ਜਮਦੂਤਾਂ ਦਾ ਝਓਲਾ ਪੈਂਦੈ। ਜੁਆਰੀਏ ਨੇ ਪਾਪ ਧੋਣ ਲਈ ਸਿਆਸੀ ਗੰਗਾ ’ਚ ਡੁਬਕੀ ਲਾਈ, ਨਾਲੇ 1368 ਕਰੋੜ ਦੀ ਸੇਵਾ ਨਿਭਾਈ। ਓਸ ਮੌਲਾ ਨੇ ਵੀ ਕ੍ਰਿਸ਼ਮਾ ਹੀ ਕਰ ਦਿੱਤਾ। ਤਾਹੀਂ ਇੱਕ ਫ਼ੀਸਦ ਚੰਦਾਪੁਰੀਆਂ ਕੋਲ ਦੇਸ਼ ਦੀ 40 ਫ਼ੀਸਦ ਦੌਲਤ ਹੈ। ਖ਼ਜ਼ਾਨੇ ਭਰਪੂਰ ਹੋਣ ਤਾਂ ਦਸਵੰਧ ਕਿਉਂ ਨਾ ਕੱਢਿਆ ਜਾਵੇ। ‘ਐਵੇਂ ਦੋ ਕਲਬੂਤ ਬਣਾਏ, ਤੇਰੀ ਮੇਰੀ ਇੱਕ ਜਿੰਦੜੀ।’
ਦਲੇਰ ਮਹਿੰਦੀ ਨੇ ਵੀ ਰੱਬ ਦੇ ਯਾਰਾਂ ਨੂੰ ਦੇਖ ਹੇਕ ਲਾਈ ਐ, ‘ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ…’ ਵੈਸੇ ਸਿਆਸਤ ਕੋਈ ਗੁਰੂ ਘਰ ਨਹੀਂ ਕਿ ਫਲ ਦੀ ਆਸ ਰੱਖੀ ਜਾਵੇ। ਘਰੋਂ ਖਾ ਕੇ ਅਕਲ ਵੰਡਣਾ ਵੀ ਦਾਨ ਬਰਾਬਰ ਹੈ। ਅਦਾਲਤੀ ਦਖ਼ਲ ਨੇ ਤਾਂ ਪੋਤੜਾ ਘਾਟੀ ’ਚ ਭੰਗ ਪਾ’ਤੀ। ਬਾਬਾ ਸ਼ੇਕਸਪੀਅਰ ਆਖਦੈ, ‘ਜਿਸ ਦੇ ਸਿਰ ’ਤੇ ਤਾਜ, ਉਸ ਦੇ ਸਿਰ ’ਤੇ ਖਾਜ’। ‘ਮਾਈ ਲਾਰਡ’ ਨੇ ਖਰਖਰਾ ਫੇਰ ਬਾਬੇ ਦੇ ਬੋਲ ਹੀ ਪੁਗਾਏ ਜਾਪਦੇ ਨੇ।
ਚੰਦਾ ਮੱਲ ਵੀ ਰੱਬ ਨੂੰ ਉਂਗਲੀ ’ਤੇ ਨਚਾਉਂਦੇ ਰਹੇ। ਸਿਆਸਤ ਉਵੇਂ ਹੀ ‘ਰੋਟੀ’ ਫ਼ਿਲਮ ਵਾਲੀ ਬੁਲਬੁਲ ਵਾਂਗੂ ਠੁਮਕੇ ਲਾਉਂਦੀ ਰਹੀ, ‘ਨਾਚ ਮੇਰੀ ਬੁਲਬੁਲ, ਤੁਝੇ ਪੈਸਾ ਮਿਲੇਗਾ, ਕਹਾਂ ਕਦਰਦਾਨ, ਹਮੇਂ ਐਸਾ ਮਿਲੇਗਾ।’ ਦਾਨਚੰਦੀਏ ਹੁਣ ਮੁਜ਼ਾਹਰੇ ਕਰ ਰਹੇ ਨੇ ਕਿ ਅਖੇ ਸਾਡੇ ਗੁਪਤ ਦਾਨ ਦੇ ਕੱਪੜੇ ਕਿਉਂ ਉਤਾਰੇ। ਤੇਈਆ ਤਾਪ ਚੜਿਆ ਪਿਐ। ਜਿਹੜੇ ਰੱਬ ਨੂੰ ਟੱਬ ਦੱਸਦੇ ਪਏ ਸਨ, ‘ਮਾਈ ਲਾਰਡ’ ਨੇ ਪਹਿਲਾਂ ਉਨ੍ਹਾਂ ਦੇ ਪੋਤੜੇ ਫਰੋਲੇ, ਫੇਰ ਉਸੇ ਟੱਬ ’ਚ ਪੋਤੜੇ ਨਚੋੜੇ ਵੀ। ਕੋਈ ਕੰਧ ਓਹਲੇ ਖੜ੍ਹਾ ਪੁੱਛਦਾ ਪਿਐ, ਇਹ ਪੋਤੜਾ ਕੀ ਬਲਾ ਹੈ। ਬਈ! ਪਹਿਲਾਂ ਜੀਹਨੂੰ ਪੋਤੜਾ ਆਖਦੇ ਸੀ, ਅੱਜ ਓਹ ਡਾਈਪਰ ਅਖਵਾਉਂਦੈ।
ਕੰਧ ਆਲੇ ਪਾਸਿਓਂ ਆਵਾਜ਼ ਆਈ, ਫੇਰ ਤਾਂ ਆਹ ‘ਗੁਪਤ ਚੰਦਾ’ ਲੈਣ ਵਾਲੇ ‘ਡਾਈਪਰ ਬ੍ਰਦਰਜ਼’ ਹੋਏ। ਲੱਗਦੈ ‘ਮਾਈ ਲਾਰਡ’ ਵੀ ਨਿੱਕਾ ਹੁੰਦਾ ਸਕੂਲ ’ਚ ਰੋਟੀ ਪੋਣੇ ’ਚ ਲਿਜਾਂਦਾ ਹੋਵੇਗਾ। ਹੁਣ ਤੁਸੀਂ ਪੁੱਛੋਗੇ, ਏਹ ਪੋਣਾ ਕਿਸ ਸ਼ੈਅ ਦਾ ਨਾਂ ਐ। ਪੋਣਾ ਮਤਲਬ ਕੱਪੜੇ ਦਾ ਨੈਪਕਿਨ। ਵੈਸੇ ਪੋਤੜੇ ਫਰੋਲਨ ਦਾ ਜਿਗਰਾ ਕਿਸੇ ਪੋਣੇ ਵਾਲੇ ਕੋਲ ਹੀ ਹੋ ਸਕਦੈ। ਇੱਕ ਸੰਗਰਾਮੀ ਬਾਬਾ ਹੁੰਦਾ ਸੀ ਤੇਜਾ ਸਿੰਘ ਸੁਤੰਤਰ। ਲੋਕਾਂ ਨੇ ਸੁਤੰਤਰ ਨੂੰ ਐਮਪੀ ਬਣਾ ਮੁੱਲ ਮੋੜਿਆ। ਪਾਰਲੀਮੈਂਟ ’ਚ ਆਖ਼ਰੀ ਸਾਹ ਲਿਆ। ਕੋਲੋਂ ਇੱਕ ਝੋਲਾ ਮਿਲਿਆ, ਝੋਲੇ ’ਚ ਪੋਣਾ ਸੀ, ਪੋਣੇ ’ਚ ਇੱਕ ਰੋਟੀ ਤੇ ਰੋਟੀ ’ਚ ਅਚਾਰ ਸੀ।
ਪੋਣਾ ਤੇ ਪੋਤੜਾ, ਦੋਵੇਂ ਹੁੰਦੇ ਤਾਂ ਖੱਦਰ ਦੇ ਹੀ ਨੇ। ਪੋਣਾ ਰੋਟੀ ਬੰਨ੍ਹਣ ਦੇ ਕੰਮ ਆਉਂਦੇ, ਪੋਤੜਾ ਡਾਈਪਰ ਦਾ ਕੰਮ ਦਿੰਦੈ। ਦੇਸ਼ ਕਾ ਨੇਤਾ ਮਲਮਲ ਬਣਿਐ, ਤਾਹੀਓਂ ਜਨਤਾ ਦੀ ਜ਼ਿੰਦਗੀ ਖੱਦਰ ਵਰਗੀ ਹੈ। ਐਵੇਂ ਦਿਲ ਹੌਲਾ ਨਾ ਕਰੋ, ਨੇਤਾਵਾਂ ਵਾਂਗੂੰ ਢੋਲੇ ਦੀਆਂ ਲਾਓ, ਸ਼ਾਹਰੁਖ਼ ਖ਼ਾਨ ਵੀ ਇਹੋ ਸਮਝਾ ਰਿਹੈ, ‘ਬੜੇ ਬੜੇ ਦੇਸ਼ੋਂ ਮੇਂ ਐਸੀ ਛੋਟੀ ਛੋਟੀ ਬਾਤੇਂ ਹੋਤੀ ਰਹਿਤੀ ਹੈਂ।’ ਹਾਲੇ ਵੀ ਦਿਮਾਗ਼ ’ਚ ਨਹੀਂ ਪਈ ਤਾਂ ਕਬੀਰ ਨੂੰ ਧਿਆਓ, ‘ਚਿੜੀ ਚੋਂਚ ਭਰ ਲੈ ਗਈ, ਨਦੀ ਨਾ ਘਟਿਓ ਨੀਰ।’ ਜੇ ਗੁਪਤ ਦਾਸਾਂ ਨੇ ਚਾਰ ਛਿੱਲੜ ਰੱਬ ਨੂੰ ਦੇ ਵੀ ਦਿੱਤੇ ਤਾਂ ਭਲਾ ਥੋਡਾ ਕਿਉਂ ਢਿੱਡ ਦੁਖਦਾ। ਬੇਘਰ ਸਿੰਘ ਕਿਤੇ ਪਿਛਲੇ ਕਰਮਾਂ ’ਚ ਦਾਨ ਕਰਦਾ ਤਾਂ ਅੱਜ ਫੁੱਟਪਾਥ ’ਤੇ ਨਾ ਸੌਣਾ ਪੈਂਦਾ।
ਲੋਕ ਸਭਾ ਚੋਣਾਂ ਦਾ ਢੋਲ ਵੱਜਿਆ ਹੈ, ਤੁਸਾਂ ‘ਵੋਟ ਦਾਨ’ ਕਰਨਾ ਨਾ ਭੁੱਲਣਾ। ਲਓ ਆਹ ਢਾਈ ਦਹਾਕੇ ਪੁਰਾਣੀ ਗੱਲ ਵੀ ਸੁਣਦੇ ਜਾਓ। ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਆਪਣੇ ਨਿਆਣਿਆਂ ਦੇ ਪੋਤੜੇ ਸਰਕਾਰੀ ਖ਼ਜ਼ਾਨੇ ਚੋਂ ਖ਼ਰੀਦਦਾ ਰਿਹਾ। ਰੌਲਾ ਪਿਆ ਤਾਂ ਪਾਰਲੀਮੈਂਟ ਨੇ ‘ਵਿਸ਼ੇਸ਼ ਪੋਤੜਾ ਕਮੇਟੀ’ ਬਣਾ ਦਿੱਤੀ। ਜਾਂਚ ’ਚ ਪਾਇਆ ਕਿ ਬੈਂਜਾਮਿਨ ਦਿਨ ’ਚ ਦਸ ਦਸ ਵਾਰ ਨਿਆਣੇ ਦੇ ਪੋਤੜੇ ਬਦਲਦਾ ਸੀ, ਹਜ਼ਾਰਾਂ ਡਾਲਰ ਦੇ ਖ਼ਜ਼ਾਨੇ ’ਚੋਂ ਪੋਤੜੇ ਖ਼ਰੀਦ ਸੁੱਟੇ। ਨਘੋਚੀਓ! ਉਹ ਰੱਬ ਦਾ ਜੀਅ ਪੋਤੜਿਆਂ ਦਾ ਏਡਾ ਖ਼ਰਚਾ ਭਲਾ ਪੱਲਿਓਂ ਥੋੜ੍ਹਾ ਚੁੱਕ ਸਕਦਾ ਸੀ। ਆਖ਼ਰ ’ਚ ਪੋਤੜਾ ਸਾਮਰਾਜ ਨੂੰ ਸ਼ਾਹਰੁਖ਼ ਖ਼ਾਨ ਦੀ ਆਹ ਨਸੀਹਤ, ‘ਆਮ ਆਦਮੀ ਕੀ ਤਾਕਤ ਦਾ ਅਨੁਮਾਨ ਮਤ ਲਗਾਓ।’
(22 ਮਾਰਚ, 2024)
No comments:
Post a Comment