Showing posts with label Sanjiv Arora. Show all posts
Showing posts with label Sanjiv Arora. Show all posts

Wednesday, June 17, 2026

 ਸਿਆਸੀ ਮੰਤਰ 
 ਇੱਕ ਹੱਥ ਦਿਓ, ਦੂਜੇ ਹੱਥ ਲਓ..! 
ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਕੰਪਨੀ ‘ਮੈਸਰਜ਼ ਹੈਂਪਟਨ ਸਕਾਈ ਰਿਐਲਟੀ ਲਿਮਟਿਡ’ ਵੱਲੋਂ ਵਿਦੇਸ਼ਾਂ ’ਚ ਸਪਲਾਈ ਕੀਤੇ ਹਜ਼ਾਰਾਂ ਮੋਬਾਈਲ ਫੋਨਾਂ ਦੀ ਅਸਲ ਖ਼ਰੀਦ ਦਾ ਭੇਤ ਬਣ ਗਿਆ ਹੈ। ਜ਼ਮਾਨਤ ਅਰਜ਼ੀ ਰੱਦ ਹੋਣ ਉਪਰੰਤ ਸੰਜੀਵ ਅਰੋੜਾ ਹੁਣ 26 ਜੂਨ ਤੱਕ ਨਿਆਇਕ ਹਿਰਾਸਤ ’ਚ ਹਨ। ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਹਰਿਆਣਾ ’ਚ 1 ਮਈ 2026 ਨੂੰ ਦਰਜ ਐੱਫ਼ ਆਈ ਆਰ ਨੰਬਰ 137 ਦੇ ਅਧਾਰ ’ਤੇ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ’ਚ 9 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ।ਈ ਡੀ ਦੀ ਜਾਂਚ ਅਨੁਸਾਰ ਮੈਸਰਜ਼ ਐੱਸ ਕੇ ਇੰਟਰਪ੍ਰਾਈਜਜ਼ ਦੇ ਕਮਾਲ ਅਹਿਮਦ ਅਤੇ ਮੈਸਰਜ਼ ਗਲੋਬਲ ਟਰੇਡਰਜ਼ ਦੇ ਅਜ਼ਹਰ ਹੈਦਰ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਅਰੋੜਾ ਪਰਿਵਾਰ ਦੀ ਕੰਪਨੀ ਨੂੰ ਮੋਬਾਈਲ ਫ਼ੋਨ ਸਪਲਾਈ ਹੀ ਨਹੀਂ ਕੀਤੇ ਅਤੇ ਅਰੋੜਾ ਦੀ ਕੰਪਨੀ ਤਰਫ਼ੋਂ ਉਨ੍ਹਾਂ ਦੀਆਂ ਫ਼ਰਮਾਂ ’ਚ ਜੋ ਪੈਸਾ ਬੈਂਕ ਖਾਤਿਆਂ ਅਤੇ ਅਰਜ਼ੀਆਂ ਜਰੀਏ ਭੇਜਿਆ ਜਾਂਦਾ ਸੀ, ਉਹ ਉਸੇ ਦਿਨ ਹੀ ਬੈਂਕ ਚੋਂ ਕੈਸ਼ ਕਢਵਾ ਕੇ ਆਪਣਾ ਮਾਮੂਲੀ ਕਮਿਸ਼ਨ ਕੱਟਣ ਉਪਰੰਤ ਅਰੋੜਾ ਨੂੰ ਵਾਪਸ ਸੌਂਪ ਦਿੰਦੇ ਸਨ। ਭਾਵ ਇੱਕ ਹੱਥ ਫ਼ਰਜ਼ੀ ਬਿੱਲ ਦਿੰਦੇ ਸਨ ਤੇ ਦੂਜੇ ਹੱਥ ਕਮਿਸ਼ਨ ਕੱਟ ਕੇ ਕੈਸ਼ ਵਾਪਸ ਕਰ ਦਿੰਦੇ ਸਨ।

        ਤਫ਼ਤੀਸ਼ ਮੁਤਾਬਿਕ ਫ਼ਰਜ਼ੀ ਖ਼ਰੀਦ ਬਿੱਲਾਂ ਦੇ ਅਧਾਰ ’ਤੇ ਫਰਜੀਵਾੜਾ ਹੋਇਆ ਹੈ ਅਤੇ ਫ਼ਰਜ਼ੀ ਕੰਪਨੀਆਂ ਜਰੀਏ ਕਾਗ਼ਜ਼ਾਂ ’ਚ ਖ਼ਰੀਦ ਵੇਚ ਦਿਖਾਈ ਗਈ ਜਦੋਂ ਕਿ ਅਸਲ ’ਚ ਫਿਜ਼ੀਕਲੀ ਕੋਈ ਸਮਾਨ ਸਪਲਾਈ ਹੀ ਨਹੀਂ ਕੀਤਾ ਗਿਆ। ਈ ਡੀ ਨੇ ਸਵਾਲ ਉਠਾਏ ਹਨ ਕਿ ਜੇਕਰ ਬਿੱਲ ਦੇਣ ਵਾਲੀਆਂ ਫ਼ਰਮਾਂ ਨੇ ਕੋਈ ਸਮਾਨ ਦਿੱਤਾ ਹੀ ਨਹੀਂ ਤਾਂ ਸੰਜੀਵ ਅਰੋੜਾ ਸਪਸ਼ਟ ਕਰਨ ਕਿ ਉਨ੍ਹਾਂ ਨੇ ਵਿਦੇਸ਼ ਸਪਲਾਈ ਕੀਤੇ ਹਜ਼ਾਰਾਂ ਮੋਬਾਈਲ ਫ਼ੋਨ ਅਸਲ ’ਚ ਕਿਸ ਕੋਲੋਂ ਖਰੀਦੇ। ਈ ਡੀ ਨੇ ਹੁਣ ਤੱਕ ਇਸ ਮਾਮਲੇ ’ਚ 102.5 ਕਰੋੜ ਦੀ ਰਕਮ ਸ਼ਨਾਖ਼ਤ ਕੀਤੀ ਹੈ। ਇਸੇ ਤਰ੍ਹਾਂ ਫ਼ਰਜ਼ੀ ਬਿÇਲੰਗ ਤੇ ਸਪਲਾਈ ਦਿਖਾ ਕੇ ਕਰੋੜਾਂ ਰੁਪਏ ਦਾ ਜੀ ਐੱਸ ਟੀ ਰਿਫੰਡ ਵੀ ਲਿਆ ਗਿਆ। ਈ ਡੀ ਨੇ ਇਹ ਵੀ ਪਾਇਆ ਕਿ ਅਰੋੜਾ ਦੀ ਕੰਪਨੀ ਨੇ ਨਿਯਮਾਂ ਦੀ ਅਣਦੇਖੀ ਕਰਕੇ ਇਹ ਵਪਾਰ ਮੈਮੋਰੈਂਡਮ ਆਫ਼ ਐਸੋਸੀਏਸ਼ਨ ’ਚ ਇਸ ਕਾਰੋਬਾਰ ਨੂੰ ਸ਼ਾਮਲ ਕਰਨ ਦੀ ਅਧਿਕਾਰਤ ਸੋਧ ਤੋਂ 107 ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ। ਦੂਸਰੀ ਤਰਫ਼ ਸੰਜੀਵ ਅਰੋੜਾ ਦੇ ਸੀਨੀਅਰ ਵਕੀਲਾਂ ਦਾ ਪੱਖ ਹੈ ਕਿ ਅਰੋੜਾ ਦੀ ਕੰਪਨੀ ਕੋਲ ਐਕਸਪੋਰਟ ਲਾਇਸੈਂਸ ਹੈ ਅਤੇ ਕੰਪਨੀ ਨੇ ਕਸਟਮ ਵਿਭਾਗ ਦੀ ਹਰੀ ਝੰਡੀ ਮਗਰੋਂ 43 ਸ਼ਿਪਮੈਂਟਾਂ ਰਾਹੀਂ ਅਸਲ ’ਚ ਮੋਬਾਈਲ ਫ਼ੋਨ ਬਾਹਰ ਭੇਜੇ ਸਨ।

        ਅਰੋੜਾ ਦੇ ਵਕੀਲਾਂ ਨੇ ਕਮਾਲ ਅਹਿਮਦ ਅਤੇ ਅਜ਼ਹਰ ਹੈਦਰ ਦੇ ਬਿਆਨਾਂ ਨੂੰ ਝੂਠਾ ਦੱਸਿਆ ਹੈ ਕਿਉਂਕਿ ਅਰੋੜਾ ਦੀ ਕੰਪਨੀ ਨੇ ਇਨ੍ਹਾਂ ਦੋਵਾਂ ਖ਼ਿਲਾਫ਼ ਮਈ 2025 ਨੂੰ ਐੱਫਆਈਆਰ 83 ਦਰਜ ਕਰਾਈ ਗਈ ਸੀ ਅਤੇ ਇਹ ਹੁਣ ਦੋਵੇਂ ਪੁਰਾਣੀ ਦੁਸ਼ਮਣੀ ਕੱਢਣ ਲਈ ਗ਼ਲਤ ਬਿਆਨ ਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਈ ਡੀ ਨੇ  ਏਨੇ ਵੱਡੇ ਐਕਸਪੋਰਟ ਟ੍ਰੇਲ ਦੀ ਕੋਈ ਨਿਰਪੱਖ ਜਾਂਚ ਨਹੀਂ ਕੀਤੀ ਹੈ ਅਤੇ ਚਾਰ ਦਿਨਾਂ ਦੇ ਅੰਦਰ ਹੀ ਕੈਬਨਿਟ ਮੰਤਰੀ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ। ਚੇਤੇ ਰਹੇ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਆਪਣੀ ਗ੍ਰਿਫ਼ਤਾਰੀ ਦੇ ਮਾਮਲੇ ਨੂੰ ਪੰਜਾਬ  ਤੇ ਹਰਿਆਣਾ ਹਾਈਕੋਰਟ ’ਚ ਵੀ ਚੁਣੌਤੀ ਦਿੱਤੀ ਹੋਈ ਹੈ।ਸੰਜੀਵ ਅਰੋੜਾ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਮਗਰੋਂ ਲੁਧਿਆਣਾ ਪੱਛਮੀ ਤੋਂ ਚੋਣ ਲੜੀ ਸੀ। ਜਿੱਤ ਹਾਸਲ ਕਰਨ ਮਗਰੋਂ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਗਿਆ ਸੀ ਅਤੇ ਕੈਬਨਿਟ ’ਚ ਸਭ ਤੋਂ ਵੱਧ ਤਾਕਤਵਰ ਮੰਤਰੀ ਸੰਜੀਵ ਅਰੋੜਾ ਹੀ ਰਹੇ ਹਨ। ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ  ‘ਆਪ’ ਨੇ ਸਮੁੱਚੇ ਪੰਜਾਬ ’ਚ ਰੋਸ ਮੁਜ਼ਾਹਰੇ ਕੀਤੇ ਸਨ।  


Tuesday, May 19, 2026

ਸਿਆਸੀ ਖੇਡ
ਢਲ ਗਏ ਸੂਰਜ,ਢਲ ਗਏ ਪਰਛਾਵੇਂ
 ਚਰਨਜੀਤ ਭੁੱਲਰ 

ਚੰਡੀਗੜ੍ਹ : ਕੈਬਨਿਟ ਮੰਤਰੀ ਸੰਜੀਵ ਅਰੋੜਾ ਅੱਜ ਉਦਾਸ ਨਜ਼ਰ ਆਏ। ਅੱਖਾਂ ’ਚ ਹੰਝੂ ਸਨ ਤੇ ਚਿਹਰੇ ’ਤੇ ਨਮੋਸ਼ੀ। ਪਹਿਲੀ ਨਜ਼ਰੇ ਉਹ ਪਛਤਾਵੇ ’ਚ ਘਿਰੇ ਨਜ਼ਰ ਆਏ। ਅਰੋੜਾ ਕੁੜਤੇ ਪਜਾਮੇ ’ਚ ਗੁੜਗਾਓਂ ਅਦਾਲਤ ਦੇ ਬਾਹਰ ਪੁੱਜੇ ਤਾਂ ਉਹ ਆਪਣੀ ਧੀ ਅਤੇ ਭਤੀਜੀ ਨੂੰ ਦੇਖ ਕੇ ਭਾਵੁਕ ਹੋ ਗਏ। ਉਹ ਦੋਵੇਂ ਵੀ ਹੰਝੂਆਂ ਨੂੰ ਰੋਕ ਨਾ ਸਕੀਆਂ, ਸਿਵਾਏ ਦਿਲਾਸੇ ਤੋਂ ਸੰਜੀਵ ਅਰੋੜਾ ਕੋਲ ਕੁੱਝ ਨਹੀਂ ਸੀ। ਇਹ ਸੰਖੇਪ ਮਿਲਣੀ ਬੇਹੱਦ ਭਾਵੁਕ ਸੀ। ਕੋਲ ਬੈਠੀ ਪਤਨੀ ਨੇ ਢਾਰਸ ਦਿੱਤੀ। ਸੰਜੀਵ ਅਰੋੜਾ ਨੂੰ ਅਦਾਲਤ ਦੇ ਬਾਹਰ ਅੱਜ ਨਾ ਕੋਈ ‘ਆਪ’ ਆਗੂ ਨਜ਼ਰ ਆਇਆ, ਨਾ ਕੋਈ ਵਲੰਟੀਅਰ। ਇਸ ਔਖੀ ਘੜੀ ’ਚ ਸਿਰਫ਼ ਖ਼ਾਸ ਦੋਸਤ ਮੌਜੂਦ ਸਨ। ਸਿਆਸਤ ਦੀ ਨਾ ਧੁੱਪ ਚੰਗੀ, ਨਾ ਹੀ ਛਾਂ ਚੰਗੀ ਹੁੰਦੀ ਹੈ। ਜਦੋਂ ਸੰਜੀਵ ਅਰੋੜਾ ਖ਼ੁਦ ਸੱਤਾ ਦੀ ਕੁਰਸੀ ’ਤੇ ਸਨ ਤਾਂ ਉਹ ਆਮ ਲੋਕਾਂ ਨੂੰ ਪਛਾਣਦੇ ਨਹੀਂ ਸਨ ਅਤੇ ਅੱਜ ਉਹ ਖ਼ੁਦ ਬੇਪਛਾਣ ਨਜ਼ਰ ਆਏ। ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਕੇਸ ’ਚ ਸੰਜੀਵ ਅਰੋੜਾ ਨੂੰ 9 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। 

       ਆਮ ਆਦਮੀ ਪਾਰਟੀ ਨੇ ਗ੍ਰਿਫ਼ਤਾਰੀ ਮਗਰੋਂ ਸਮੁੱਚੇ ਪੰਜਾਬ ’ਚ ਮੁਜ਼ਾਹਰੇ ਕੀਤੇ। ਉਸ ਮਗਰੋਂ ‘ਆਪ’ ਵੱਲੋਂ ਸੰਜੀਵ ਅਰੋੜਾ ਦੀ ਕਿਧਰੇ ਕੋਈ ਚਰਚਾ ਨਹੀਂ ਸੁਣੀ ਗਈ। ਸਿਆਸਤ ’ਚ ਜਦੋਂ ਸੂਰਜ ਡੁੱਬਦਾ ਹੈ ਤਾਂ ਪਰਛਾਵੇਂ ਵੀ ਸਾਥ ਛੱਡ ਜਾਂਦੇ ਹਨ। ਗ੍ਰਿਫ਼ਤਾਰੀ ਤੋਂ ਐਨ ਪਹਿਲਾਂ ਤੱਕ ਸੰਜੀਵ ਅਰੋੜਾ ‘ਪਾਵਰਫੁੱਲ’ ਸੀ। ਜਦੋਂ ਰਾਜ ਸਭਾ ਮੈਂਬਰ ਬਣੇ ਤਾਂ ‘ਆਪ’ ’ਤੇ ਉਂਗਲ ਉੱਠੀ ਕਿ ਆਮ ਦੀ ਥਾਂ ਖ਼ਾਸ ਨੂੰ ਰਾਜ ਸਭਾ ਭੇਜਿਆ। ਫਿਰ ਰਾਜ ਸਭਾ ਸੀਟ ਖ਼ਾਲੀ ਕੀਤੀ ਤੇ ਲੁਧਿਆਣਾ ਤੋਂ ਜ਼ਿਮਨੀ ਚੋਣ ਲੜੀ, ਜਿੱਤ ਝੋਲੀ ਪਈ। ਬਿਨਾਂ ਦੇਰੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਦਯੋਗ ਮੰਤਰੀ ਵਜੋਂ ਸੰਜੀਵ ਅਰੋੜਾ ਮੁੱਖ ਮੰਤਰੀ ਨਾਲ ਵਿਦੇਸ਼ ਦੌਰਿਆਂ ’ਤੇ ਗਏ ਅਤੇ ਨਿਵੇਸ਼ ਲਿਆਉਣ ਦਾ ਦਾਅਵਾ ਕੀਤਾ। ਸੰਜੀਵ ਅਰੋੜਾ ਵੱਲੋਂ ਬਤੌਰ ਬਿਜਲੀ ਮੰਤਰੀ ਲਏ ਫ਼ੈਸਲੇ ਵਿਵਾਦਿਤ ਰਹੇ। ਪਾਵਰਕੌਮ ’ਚ ਕਾਬਿਲ ਤੇ ਇਮਾਨਦਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਰਜੀਤ ਸਿੰਘ, ਜੋ ਡਾਇਰੈਕਟਰ (ਜੈਨਰੇਸ਼ਨ) ਸਨ, ਨੂੰ ਸੰਜੀਵ ਅਰੋੜਾ ਨੇ ਇਲਜ਼ਾਮ ਲਗਾ ਕੇ ਹਟਾਇਆ। ਨਵੇਂ ਡਾਇਰੈਕਟਰ ਲਾਉਣ ਲਈ ਕੈਬਨਿਟ ਤੋਂ ਸ਼ਰਤਾਂ ਮੋਕਲੀਆਂ ਕਰਾ ਲਈਆਂ।

       ਪਾਵਰਕੌਮ ਦਾ ਚੇਅਰਮੈਨ ਲਗਾਏ ਜਾਣ ਲਈ ਵੀ ਸ਼ਰਤ ਤਬਦੀਲ ਕੀਤੀ ਗਈ। ਸੰਜੀਵ ਅਰੋੜਾ ਨੇ ਜਦੋਂ ਪਾਵਰਕੌਮ ਦੀਆਂ ਜ਼ਮੀਨਾਂ ਵੇਚਣ ਦੀ ਮੁਹਿੰਮ ਵਿੱਢੀ ਸੀ ਤਾਂ ਉਦੋਂ ਸਮੁੱਚੇ ਪੰਜਾਬ ’ਚ ਰੌਲਾ ਪੈ ਗਿਆ। ਅਰੋੜਾ ਦੇ ਫ਼ੈਸਲਿਆਂ ’ਤੇ ਉਂਗਲ ਉੱਠਦੀ ਰਹੀ। ਗੁੜਗਾਓਂ ਅਦਾਲਤ ਦੇ ਬਾਹਰ ਸੰਜੀਵ ਅਰੋੋੜਾ ਤੇ ਉਸ ਦੀ ਪਰਿਵਾਰ ਨਾਲ ਮਿਲਣੀ ਭਾਵੁਕ ਕਰਨ ਵਾਲੀ ਸੀ। ਇਹ ਪਲ ਚੇਤੇ ਕਰਾਉਂਦੇ ਸਨ ਕਿ ਸਮੇਂ ਦੇ ਗੇੜ ’ਚ ਬਹੁਤ ਤਾਕਤ ਹੈ। ਇੱਕੋ ਝਟਕੇ ਨੇ ਸੰਜੀਵ ਅਰੋੜਾ ਨੂੰ ਅਰਸ਼ ਤੋਂ ਫ਼ਰਸ਼ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ।ਜਿਸ ਸੰਜੀਵ ਅਰੋੜਾ ਦੇ ਅੱਗੇ ਲੋਕ ਨਿਆਂ ਲਈ ਖੜਦੇ ਸਨ, ਅੱਜ ਉਹ ਅਦਾਲਤ ’ਚ ਖੜ੍ਹਾ ਇਨਸਾਫ਼ ਦੀ ਗੁਹਾਰ ਲਗਾ ਰਿਹਾ ਸੀ। ਸੰਜੀਵ ਅਰੋੜਾ ਨੂੰ ਸ਼ੂਗਰ ਵੀ ਹੈ ਅਤੇ ਕੁਝ ਅਰਸਾ ਪਹਿਲਾਂ ਉਹ ਕਰੀਬ ਇੱਕ ਹਫ਼ਤਾ ਫੋਰਟਿਸ ਹਸਪਤਾਲ ’ਚ ਦਾਖਲ ਵੀ ਰਹੇ ਸਨ। ਕਰੀਬ ਤਿੰਨ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦਾ ਦ੍ਰਿਸ਼ ਦੇਖਣ ਨੂੰ ਮਿਲਿਆ ਸੀ ਜਦੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਮਗਰੋਂ ਸੁੰਦਰ ਸ਼ਾਮ ਅਰੋੜਾ ਆਪਣੇ ਹੰਝੂ ਰੋਕ ਨਹੀਂ ਸਕੇ ਸਨ। ਉਸ ਦੇ ਪਰਿਵਾਰਕ ਮੈਂਬਰ ਕੋਲ ਖੜ੍ਹੇ ਦਿਲਾਸਾ ਦਿੰਦੇ ਰਹੇ ਸਨ।