ਟਰਾਲੀਦਾਨ, ਮਹਾਂ ਕਲਿਆਣ ! ਚਰਨਜੀਤ ਭੁੱਲਰ
ਚੰਡੀਗੜ੍ਹ : ਜ਼ੈਲਦਾਰੋ! ਤੁਸੀਂ ਬੱਸ ਕੰਮ ਕਰੋ, ਫਲ ਦੀ ਇੱਛਾ ਮਤ ਰੱਖੋ। ਏਡੀ ਵੱਡੀ ਭੁੱਲ! ਕੋਈ ਗੀਤਾ ਉਪਦੇਸ਼ ਵੀ ਭੁੱਲਦੈ। ਗੱਲ ਪੱਲੇ ਬੰਨ੍ਹ ਲਓ, ‘ਟਰਾਲੀ ਬਣਾਓ, ਪ੍ਰਭੂ ਦੇ ਗੁਣ ਗਾਓ।’ ਧਰਤੀ ’ਤੇ ਦੂਜਾ ਰੱਬ ਹੁੰਦੈ ਮੰਤਰੀ, ਫਲ਼ ਦੇਣਾ ਜਾਂ ਨਾ ਦੇਣਾ, ਜਨਾਬ ਦੀ ਮਰਜ਼ੀ। ਰੱਬ ਦੇ ਗੁਮਾਸ਼ਤੇ ਨੇ ਜੈਕਾਰਾ ਛੱਡਿਐ ‘ਦੇਸ਼ ਕਾ ਨੇਤਾ ਕੈਸਾ ਹੋ। ਪੰਜਾਬ ਗੂੰਜ ਉੱਠਿਆ, ਹਰਦੀਪ ਮੁੰਡੀਆਂ ਜੈਸਾ ਹੋ। ਮੁੰਡੀਆਂ ਨੂੰ ਦਾਣਾ ਪਾਣੀ ਪਿੰਡੋਂ ਖਿੱਚ ਲਿਆਇਆ। ਚਾਚੇ ਇਨਕਲਾਬ ਸਿਓਂ ਨੇ ਸੱਤਾ ਦੀ ਪੌੜੀ ਲਾਈ, ਕੈਬਨਿਟੀ ਚੁਬਾਰੇ ’ਚ ਮੁੰਡੀਆਂ ਜਾ ਬੈਠਾ। ‘ਕੀ ਖੱਟ ਲਿਆ ਠੋਡੀ ਨੂੰ ਹੱਥ ਲਾ ਕੇ, ਲਾਲਾ ਲਾਲਾ ਹੋਗੀ ਮਿੱਤਰਾ।’
ਪੰਜਾਬ ਹੁਣ ‘ਟਰਾਲੀ ਯੁੱਗ’ ਚੋਂ ਗੁਜ਼ਰ ਰਿਹੈ ਪਰ ਜਗਮੋਹਨ ਕੌਰ ਨੂੰ ਕਾਹਦਾ ਚਾਅ ਚੜ੍ਹਿਐ,‘ਨੱਚਾਂ ਮੈਂ ਲੁਧਿਆਣੇ ’ਤੇ ਮੇਰੀ ਧਮਕ ਜਲੰਧਰ ਪੈਂਦੀ।’ ਯੰਗਮੈਨ ਦੀਆਂ ਬੁਨੈਣਾਂ ਨਾਲੋਂ ਵੱਧ ਅੱਜ ਕੱਲ੍ਹ ਮੁੰਡੀਆਂ ਮਸ਼ਹੂਰ ਹੋਇਐ। ਚਿੱਕੜਦਾਸਾਂ ਨੇ ਮੁੰਡੀਆਂ ਦੀ ਚਿੱਟੀ ਚਾਦਰ ਲਿਬੇੜ ਦਿੱਤੀ। ਗ਼ਲਤੀ ਦਾ ਪੁਤਲਾ ਮਲਕੀਤ ਜ਼ੈਲਦਾਰ ਆਪਣੇ ਗਰਾਈਂ ਮੁੰਡੀਆਂ ਤੋਂ ਟਰਾਲੀ ਦੀ ਭੇਟਾ ਮੰਗ ਕੇ ਭੁੱਲ ਕਰ ਬੈਠਾ। ਮੁੰਡੀਆਂ ਦੇ ਮੁਖਾਰਬਿੰਦ ਚੋਂ ਬਿਨਾਂ ਜੀਐੱਸਟੀ ਤੋਂ ਇਉਂ ਗਾਲ੍ਹਾਂ ਡਿੱਗੀਆਂ, ਜਿਵੇਂ ਮਾਈਨਿੰਗ ਆਲੀ ਟਰਾਲੀ ਸਾਹਨੇਵਾਲ ਦੇ ਖੱਡੇ ’ਚ ਡਿੱਗਦੀ ਐ। ਜ਼ੈਲਦਾਰਾਂ ਨੇ ਫ਼ੌਰੀ ਪਰਮੀਸ਼ ਵਰਮਾ ਧਿਆਇਆ, ‘ਵੀਰੇ ! ਗਾਲ੍ਹ ਨੀਂ ਕੱਢਣੀ..।’
ਅੱਗਿਓਂ ਮੁੰਡੀਆਂ ਨੇ ਵੀ ਨਰਿੰਦਰ ਬੀਬਾ ਨੂੰ ਮੱਥਾ ਟੇਕਿਐ, ‘ਗੱਲ ਸੋਚ ਕੇ ਕਰੀ ਤੂੰ ਜ਼ੈਲਦਾਰਾ, ਅਸਾਂ ਨੀ ਕਨੌੜ ਝੱਲਣੀ।’ ਸ਼ੇਕਸਪੀਅਰ ਆਖਦੈ, ਜਿਸ ਦੇ ਸਿਰ ’ਤੇ ਤਾਜ, ਉਸ ਦੇ ਸਿਰ ’ਤੇ ਖਾਜ। ਭੀੜਾਂ ਦਰਵੇਸ਼ਾਂ ’ਤੇ ਹੀ ਪੈਂਦੀਆਂ ਨੇ। ਜਿਵੇਂ ਅਮਲੀ ਨੂੰ ਮਾਲ, ਬੰਗਾਲੀਆਂ ਨੂੰ ਕਾਲ, ਉਵੇਂ ਪੰਜਾਬੀਆਂ ਨੂੰ ਧਾਲੀਵਾਲ ਕਦੇ ਨੀ ਭੁੱਲੇਗਾ। ਚੰਗਾ ਭਲਾ ਕੈਲੇਫੋਰਨੀਆ ਬੈਠਾ ਸੀ, ਸੁੱਤੇ ਪਏ ਦੀ ਵੱਖੀ ’ਚ ਕ੍ਰਾਂਤੀ ਨੇ ਐਸੀ ਹੁੱਝ ਮਾਰੀ, ਕੁਲਦੀਪ ਧਾਲੀਵਾਲ ਸਿੱਧਾ ਵੈਲੀਫੋਰਨੀਆ ਆ ਵੜਿਆ। ਅੱਗਿਓ ਮੁੰਡੀਆਂ ਨੇ ਪੈਰੀਂ ਹੱਥ ਲਾ ਗੁਰੂ ਧਾਰ ਲਿਆ। ‘ਜੋ ਰੰਨਾਂ ਤੋਂ ਵਰਜਦੇ ਚੇਲਿਆਂ ਨੂੰ, ਉਹ ਗੁਰੂ ਕੀ ਬੰਨ੍ਹ ਕੇ ਚੋਵਣੇ ਨੇ।’ ਆਖ਼ਰ ਚੇਲਾਗਿਰੀ ਨੇ ਗੁਰੂ ਨੂੰ ਪੀਸਾ ਦੇ ਮੀਨਾਰ ਵਾਂਗੂ ਟੇਢਾ ਕਰਤਾ। ਉੱਪਰੋਂ ਰਣਜੀਤ ਮਣੀ ਨੇ ਹੇਕ ਲਾ’ਤੀ, ‘ਚੰਨ ਵਰਗਾ ਸੀ ਤੇਰਾ ਯਾਰ ਵੈਰਨੈ..।’
ਵੈਦਿਕ ਕਾਲ ਤੋਂ ‘ਗੁਰੂ ਦਕਸ਼ਣਾ’ ਦੀ ਪਰੰਪਰਾ ਚੱਲੀ ਆ ਰਹੀ ਹੈ। ਪਵਿੱਤਰ ਭੇਟ ਗੁਰੂ ਚੇਲੇ ਦੀ ਰਿਸ਼ਤੇ ਦੀ ਪਾਕਿ ਤੰਦ ਜੋੜਦੀ ਹੈ। ਮਹਾਂਭਾਰਤ ਦਾ ਪ੍ਰਸੰਗ ਹੈ ਕਿ ਏਕਲਵਿਆ ਨੇ ‘ਗੁਰੂ ਦਕਸ਼ਣਾ’ ’ਚ ਆਪਣੇ ਗੁਰੂ ਦਰੋਣਾਚਾਰੀਆ ਨੂੰ ਹੱਥ ਦਾ ਅੰਗੂਠਾ ਕੱਟ ਕੇ ਭੇਟ ਕੀਤਾ ਸੀ। ਜ਼ੈਲਦਾਰੋ! ਅੰਗੂਠਾ ਨਾ ਸਹੀ, ਜੇ ਮੁੰਡੀਆਂ ਨੇ ਗੁਰੂ ਦਕਸ਼ਣਾ ਵਜੋਂ ਕਾਮਰੇਡ ਧਾਲੀਵਾਲ ਨੂੰ ਟਰਾਲੀ ਭੇਟ ਕਰ ਹੀ ਦਿੱਤੀ ਤਾਂ ਥੋਡਾ ਕਿਉਂ ਢਿੱਡ ਦੁੱਖਦੈ। ਥੋਡੀ ਟਰਾਲੀ ਨੇਕ ਕੰਮ ’ਚ ਲੇਖੇ ਲੱਗ ਗਈ, ਹੁਣ ਹੋਰ ਦੱਸੋ ਕੀ ਭਾਲਦੇ ਹੋ। ਟਰਾਲੀਦਾਨ, ਮਹਾਂ ਕਲਿਆਣ। ‘ਚੁੰਘੀ ਬੱਕਰੀ ਬਣਾ’ਤਾ ਡਾਕਾ, ਮਾੜੀ ਹੋਈ ਅਮਲੀ ਨਾਲ।’
ਮੂੰਹ ’ਕੱਲਾ ਕੁਲਚੇ ਖਾਣ ਲਈ ਨਹੀਂ ਹੁੰਦਾ। ਤਾਹੀਂ ਜਾਖੜ, ਮਜੀਠੀਏ ਤੇ ਖਹਿਰੇ, ਬਿਨਾਂ ਹੱਥ ਧੋਤੇ ਹੀ ਰੱਬ ਦੇ ਬੰਦੇ ਨੂੰ ਪੈ ਨਿਕਲੇ। ਮੁੰਡੀਆਂ ਨੂੰ ਮੁੰਨੀ ਤੋਂ ਵੱਧ ਬਦਨਾਮ ਕਰ’ਤਾ। ਏਨਾ ਭਲਾ ਬੰਦਾ! ਬਈ ਬਲਿਹਾਰੇ ਜਾਣ ਨੂੰ ਦਿਲ ਕਰਦੈ। ਲਹਿਰੀ ਆਲਾ ਸ਼ਮਸ਼ੇਰ ਆਖਦੈ, ‘ਕਿਸੇ ਤੋਂ ਮਾਫ਼ੀ ਮੰਗ ਲਈਏ ਤੇ ਕਿਸੇ ਨੂੰ ਮਾਫ਼ ਕਰੀਏ..।’ ਮੁੰਡੀਆਂ ਬਾਈ ਕੋਰਾ ਲੱਠੇ ਵਰਗੈ, ਕੋਈ ਲੱਠਮਾਰ ਥੋੜੈ। ਨਿਮਰਤਾ ਦਾ ਪੁੰਜ ਮਾਫ਼ੀ ਮੰਗ ਔਹ ਗਿਆ। ਜ਼ੈਲਦਾਰ ਬਿਨਾਂ ਗੱਲੋਂ ਹਿੰਡ ਫੜ ਬੈਠੇ। ਆਮਿਰ ਖ਼ਾਨ ਆਖਦੈ, ‘ਮਾਫ਼ ਕਰਕੇ ਅੱਗੇ ਵਧਣਾ ਚਾਹੀਦੈ..।’ ਵੈਸੇ ਗੁਰੂ ਪਾਲਣੇ ਕਿਹੜਾ ਸੌਖੇ ਨੇ..। ਮੁਫ਼ਤ ਸ਼ਾਸਤਰ ’ਤੇ ਬੜ੍ਹਕ ਸ਼ਾਸਤਰ ਏਨਾ ਭਾਰੂ ਪਊ, ਮੁੰਡੀਆਂ ਦੇ ਵੀ ਚਿੱਤ ਚੇਤੇ ਨਹੀਂ ਸੀ।
ਅਜਨਾਲੇ ਆਲੇ ਕਾਮਰੇਡ ਦੇ ਰੇਡੀਓ ’ਤੇ ਗੂੰਜ ਪਈ, ‘ਦੌਲਤਾਂ ਤਾਂ ਜੱਗ ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ..।’ ਨਾਲੇ ਪੈਸਾ ਤਾਂ ਹੱਥਾਂ ਦੀ ਮੈਲ ਐ। ਕੁਲਦੀਪ ਧਾਲੀਵਾਲ ਨੇ ਜ਼ੈਲਦਾਰਾਂ ਦੇ ਮੂੰਹ ’ਤੇ ਵਗਾਹ ਮਾਰੇ ਸਾਢੇ ਛੇ ਲੱਖ। ਭਾਊ ਨੇ ਜ਼ੈਲਪੁਣਾ ਕੱਢ’ਤਾ। ਬਈ! ਸਾਥੀ ਨੇ ਚੇਲੇ ਦੀ ਪਿੱਠ ਨੀ ਲੱਗਣ ਦਿੱਤੀ। ਐਨ ਮੌਕੇ ’ਤੇ ਅਖਾੜੇ ’ਚ ਗੌਣ ਵੱਜਿਆ, ‘ਝੋਨੇ ਦੀ ਟਰਾਲੀ ਸਿੱਟੀ ਮੰਡੀ ’ਚ ਸਵੇਰੇ, ਮੁੱਕਦੇ ਨਾ ਨੋਟ ਪਏ ਬੈਂਕਾਂ ’ਚ ਬਥੇਰੇ..।’ ਭਲੇ ਵੇਲਿਆਂ ’ਚ ਹਰੀ ਕ੍ਰਾਂਤੀ ਦਾ ਪ੍ਰਤੀਕ ਟਰਾਲੀ ਵੀ ਬਣੀ। ਸਾਹਨੇਵਾਲ ਦੇ ਕ੍ਰਾਂਤੀਵੀਰ ਨੇ ਜ਼ਰੂਰ ਸੁਭਾਸ਼ ਚੰਦਰ ਬੋਸ ਨੂੰ ਧਿਆ ਕਿਹਾ ਹੋਊ, ‘ਤੁਸੀਂ ਮੈਨੂੰ ਟਰਾਲੀ ਦਿਓ,ਮੈਂ ਤੁਹਾਨੂੰ ਆਸ਼ੀਰਵਾਦ ਦਿਆਂਗਾ।’
“ਦੁਬਿਧਾ ਮੇ ਦੋਨੋ ਗਏ, ਮਾਇਆ ਮਿਲੀ ਨਾ ਰਾਮ।’ ਖਿਡਾਰੀ ਨਹੀਂ, ਅਨਾੜੀ ਨਿੱਕਲੇ। ਕਾਹਦੇ ਮਾਲ ਮੰਤਰੀ ਹੋ, ਇੱਕ ਟਰਾਲੀ ਨੀ ਗ਼ਾਇਬ ਕਰ ਸਕੇ। ਦਸੌਂਦਾ ਸਿੰਘ ਦਸਵੰਧੀ ਆਖਦਾ ਪਿਐ, ‘ਨੇਤਾ ਮਰਦ ਲੋਕ ਹੁੰਦੇ ਨੇ, ਸ਼ਰਮ ਦੀ ਕੀ ਮਜਾਲ, ਇਨ੍ਹਾਂ ਨੂੰ ਮਾਰ ਸਕੇ।’ ਜਦੋਂ ਕਿਤੇ ਸਤਜੁਗ ਆਏਗਾ, ਸਾਹਨੇਵਾਲ ’ਚ ‘ਗੁਰੂ ਦਕਸ਼ਣਾ’ ਮਿਊਜ਼ੀਅਮ ਤਸ਼ਰੀਫ਼ ਲਿਆਏਗਾ। ਟਰਾਲੀ ਮੰਤਰਾਲਾ ਇਸ ਵਿਰਾਸਤੀ ਭਵਨ ਨੂੰ ਚਲਾਏਗਾ। ਫਿਰ ਥਾਂ ਥਾਂ ਟਰਾਲੀ ਸੰਮੇਲਨ ਹੋਣਗੇ। ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਅਰਾ ਦਿੱਤਾ, ਜੈ ਜਵਾਨ ਜੈ ਕਿਸਾਨ। ਪੁਰਾਣੇ ਦਿਨਾਂ ’ਚ ਲੋਕਾਂ ਨੇ ਟਰਾਲੀਆਂ ਦੇ ਡਾਲੇ ’ਤੇ ‘ਕਿਸਾਨ ਤੇ ਜਵਾਨ’ ਦੀ ਤਸਵੀਰ ਵਾਹ ਕੇ ਨਾਅਰੇ ਸਜਾਏ।
ਵੀਰੋ! ਕਿਤੇ ਡਾਲਿਆਂ ’ਤੇ ਅੱਜ ਦੇ ਬਹਾਦਰਾਂ ਦੀਆਂ ਫ਼ੋਟੋਆਂ ਨਾ ਸਜਾ ਦੇਣਾ। ਡਾ.ਮਸ਼ਹੂਰ ਗੁਲ੍ਹਾਟੀ ਆਖਦਾ ਪਿਐ,..ਕੈਸਾ ਲਗਾ ਮੇਰਾ ਮਜ਼ਾਕ। ਜ਼ੈਲਦਾਰੋ, ਤੁਸੀਂ ਨਰਕ ਦੇ ਭਾਗੀ ਬਣੋਗੇ। ਕੀ ਖੱਟਿਆ, ਗੰਗਾ ਗਏ ਫੁੱਲ ਮੋੜ ਕੇ। ਉਹ ਵੀ ਦਿਨ ਸਨ, ਕਿਸਾਨ ਦਿੱਲੀਓਂ ਹਕੂਮਤ ਨੂੰ ਝੁਕਾ ਕੇ ਮੁੜੇ ਸੀ। ਟਰਾਲੀ ਨਾਲ ਟਰਾਲੀ ਜੋੜ ਬੈਠੇ ਸੀ। ਮਗਰੋਂ ਘਨੌਰ ’ਚ ਸ਼ੰਕਰ ਜਾਦੂਗਰ ਦੇ ਚੇਲੇ ਆ ਬੈਠੇ। ਸ਼ੰਭੂ ਬਾਰਡਰ ਤੋਂ ਅੱਖ ਦੇ ਫੋਰੇ ਟਰਾਲੀਆਂ ਗ਼ਾਇਬ, ਜਮੂਰੇ ਦੇਖਦੇ ਰਹਿ ਗਏ। ਘਨੌਰ ਆਲੀ ਪੁਲੀਸ ਕਿਹੜਾ ਕੋਲੰਬਸ ਤੋਂ ਘੱਟ ਹੈ, ਤਿੰਨੋਂ ਟਰਾਲੀਆਂ ਨੂੰ ਲੱਭ ਕੇ ਦਮ ਲਿਆ।
ਸਲਮਾਨ ਖ਼ਾਨ ਦਾ ਡਾਇਲਾਗ ਐ, ‘ਅੰਮੀ ਜਾਨ ਕਹਿਤੀ ਥੀ ਕੋਈ ਧੰਦਾ ਛੋਟਾ ਨਹੀਂ ਹੋਤਾ।’ ਨਾਭੇ ਆਲੇ ਪ੍ਰਧਾਨ ਸਾਹਿਬ ਨੇ ਖ਼ਾਨ ਬਾਦਸ਼ਾਹ ਦੀ ਗੱਲ ਪੱਲੇ ਬੰਨ੍ਹ ਲਈ। ਬੰਦੂਕਾਂ ਬੀਜਣ ਆਲਿਆਂ ਦੀ ਸੋਚ ਦਾ ਟਿੱਕਾ ਲਾ ਕੇ ਟਰਾਲੀਆਂ ਬੀਜ ਦਿੱਤੀਆਂ। ਪੁਲੀਸ ਨੇ ਖ਼ੁਦਾਈ ਕੀਤੀ ਤਾਂ ਨਾਭਾ ਚੋਂ ਟਰਾਲੀਆਂ ਦੇ ਭਰੂਣ ਮਿਲੇ। ਜਦੋਂ ਬਦਲਾਅ ਮੀਰਾਂ ਵਾਂਗੂ ਨੱਚਣ ਲੱਗਦੈ, ਕੋਈ ਨਾ ਕੋਈ ਜਵਾਰਭਾਟਾ ਬਦਲਾਅ ਦਾ ਹਾਲ ਹਾਰੇ ਜੁਆਰੀਏ ਵਰਗਾ ਕਰ ਜਾਂਦੈ। ਢਾਰਸ ਗੁਰਦਾਸ ਮਾਨ ਨੂੰ ਦੇਣੀ ਪੈਂਦੀ ਹੈ, ‘ਬੱਸ ਰਹਿਣ ਦੇ, ਛੇੜ ਨਾ ਦਰਦਾਂ ਨੂੰ।
ਜਦੋਂ ਸਤੌਜ ਆਲੇ ਨੂੰ ਪਾਣੀ ਸਿਰੋਂ ਲੰਘਦਾ ਜਾਪਿਆ। ਜਲੰਧਰ ’ਚ ਕੀ ਗੁਰੂ ਕੀ ਚੇਲਾ, ਸਾਰੇ ਧੂਣੇ ’ਤੇ ਬਿਠਾ ਲਏ। ਤੱਤੇ ਤੱਤੇ ਚਿਮਟੇ ਲਾਏ। ‘ਆਪ’ ਆਲੇੇ ਲੋਕ ਸੇਵਕਾਂ ਦਾ ‘ਬਿਪਤਾ ਸਪਤਾਹ’ ਚੱਲਦਾ ਜਾਪਦੈ। ਨਾਲੇ ਝਾੜੇ, ਨਾਲ ਝੰਬੇ। ਮੰਤਰੀ ਤੇ ਵਿਧਾਇਕ ਜਦੋਂ ਜਲੰਧਰ ਦੀ ਜੂਹ ਚੋਂ ਬਾਹਰ ਨਿਕਲੇ। ਅੱਗਿਓ ਕਿਸੇ ਕਾਫ਼ਲੇ ਚੋਂ ਗਾਣੇ ਦੀ ਗੂੰਜ ਪਈ, ‘ਵੇ ਹੁਣ ਪਹਿਲਾਂ ਵਰਗਾ ਹਾਸਾ ਮੂੰਹ ’ਤੇ ਦਿਸਦਾ ਨੀ ਸੱਜਣਾ।’ ਸਿਆਣੇ ਆਖਦੇ ਨੇ, ਹਾਕਮ ਦੇ ਝਿੜਕੇ ਦਾ, ਮੀਂਹ ’ਚ ਤਿਲਕੇ ਦਾ, ਕਾਹਦਾ ਗਿਲਾ। ਨੇਤਾ ਲੋਕਾਂ ਦੀ ਨਸਲ ਵੱਖਰੀ ਹੁੰਦੀ ਹੈ, ਗਧੇ ਵਾਂਗੂ ਦਿਨ ਰਾਤ ਲੋਕ ਸੇਵਾ ’ਚ ਜੁਟੇ ਰਹਿੰਦੇ ਨੇ, ਤਾਹੀਂ ਦੁਲੱਤੇ ਮਾਰਨ ਦੀ ਆਦਤ ਪੈ ਜਾਂਦੀ ਹੈ।
ਕੇਰਾਂ ਪਿੰਡ ਵਾਸੀਆਂ ਨੇ ਨੇਤਾ ਜੀ ਦੀ ਸੇਵਾ ਤੋਂ ਅੱਕ ਕੇ ਸ਼ਰੇਆਮ ਪਿੰਡ ’ਚ ਭੁਗਤ ਸਵਾਰ ਦਿੱਤੀ। ਗਧੇ ਦੀ ਸਵਾਰੀ ਦਾ,ਨਾਲੇ ਬੈਂਡ ਵਾਜੇ ਦਾ ਬੰਦੋਬਸਤ ਕੀਤਾ। ਗਧੇ ’ਤੇ ਬਿਠਾ ਪਿੰਡ ਦਾ ਚੱਕਰ ਲਵਾਇਆ। ਨਿੱਕੇ ਬੱਚਿਆਂ ਨੇ ਤਾੜੀਆਂ ਮਾਰੀਆਂ। ਪਹਿਲਾਂ ਗਧੇ ਤੋਂ ਹੇਠਾਂ ਤਸ਼ਰੀਫ਼ ਰੱਖੀ, ਫਿਰ ਨੇਤਾ ਜੀ ਬੋਲੇ, ਪਿਆਰੇ ਬੱਚਿਓ! ਤੁਹਾਡਾ ਦਿਲੋਂ ਧੰਨਵਾਦ, ਦਾਸ ਦੀ ਏਨੀ ਹੌਸਲਾ ਅਫ਼ਜ਼ਾਈ ਕੀਤੀ। ਜਾਂਦੇ ਜਾਂਦੇ ਤਾਏ ਗ਼ਾਲਿਬ ਦੀ ਵੀ ਸੁਣਦੇ ਜਾਓ, ‘ਕਾਬਾ ਕਿਸ ਮੂੰਹ ਸੇ ਜਾਓਗੇ ਗ਼ਾਲਿਬ, ਸ਼ਰਮ ਤੁਮਕੋ ਮਗਰ ਨਹੀਂ ਆਤੀ।”
(20 ਅਪਰੈਲ 2026)

No comments:
Post a Comment