Saturday, April 11, 2026

 ਖ਼ਰੀਦ ਮਾਪਦੰਡ 
 ਰਾਜਸਥਾਨ ਨੂੰ ਛੋਟ, ਪੰਜਾਬ ਬਾਰੇ ਚੁੱਪ.
ਚਰਨਜੀਤ ਭੁੱਲਰ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਬਾਰਿਸ਼ਾਂ ਤੇ ਤੇਜ਼ ਹਵਾਵਾਂ ਨਾਲ ਹੋਏ ਫ਼ਸਲੀ ਨੁਕਸਾਨ ਦੇ ਮੱਦੇਨਜ਼ਰ ਚਾਲੂ ਸੀਜ਼ਨ 2026-27 ਦੌਰਾਨ ਗੁਆਂਢੀ ਸੂਬੇ ਰਾਜਸਥਾਨ ਨੂੰ ਕਣਕ ਦੇ ਖ਼ਰੀਦ ਮਾਪਦੰਡਾਂ ’ਚ ਛੋਟ ਦੇ ਦਿੱਤੀ ਹੈ ਜਦੋਂ ਕਿ ਕੇਂਦਰ ਤਰਫ਼ੋਂ ਪੰਜਾਬ ਲਈ ਖ਼ਰੀਦ ਮਾਪਦੰਡਾਂ ’ਚ ਢਿੱਲ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਮੁੱਢਲੇ ਅਨੁਮਾਨਾਂ ਅਨੁਸਾਰ ਪੰਜਾਬ ’ਚ ਹੁਣ ਤੱਕ 1.30 ਲੱਖ ਏਕੜ ਕਣਕ ਦਾ ਮੀਂਹ ਤੇ ਗੜ੍ਹੇਮਾਰੀ ਨਾਲ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਨੇ ਵੀ ਹੁਣ ਕੇਂਦਰ ਤੋਂ ਕਣਕ ਦੇ ਖ਼ਰੀਦ ਮਾਪਦੰਡਾਂ ’ਚ ਛੋਟ ਮੰਗੀ ਹੈ।ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ 9 ਅਪਰੈਲ ਨੂੰ ਪੱਤਰ ਜਾਰੀ ਕਰਕੇ ਭਾਜਪਾ ਸ਼ਾਸਿਤ ਰਾਜਸਥਾਨ ਵਿੱਚ ਕਣਕ ਖ਼ਰੀਦਣ ਲਈ ਮਾਪਦੰਡਾਂ ਵਿੱਚ ਢਿੱਲ ਦਿੱਤੀ ਹੈ। ਕੇਂਦਰੀ ਮੰਤਰਾਲੇ ਦਾ ਕਹਿਣਾ ਹੈ ਕਿ ਰਾਜਸਥਾਨ ’ਚ ਸਾਰੇ ਜ਼ਿਲ੍ਹਿਆਂ ’ਚ ਗਰਮ ਹਵਾਵਾਂ/ਬਾਰਿਸ਼ਾਂ ਨਾਲ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ ਜਿਸ ਦੇ ਮੱਦੇਨਜ਼ਰ ਕਿਸਾਨਾਂ ਦੀਆਂ ਮੁਸ਼ਕਲਾਂ ਘਟਾਉਣ ਲਈ ਖ਼ਰੀਦ ਮਾਪਦੰਡਾਂ ’ਚ ਢਿੱਲ ਦੇਣ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਕਿਸਾਨਾਂ ਦੀ ਫ਼ਸਲ ਨੂੰ ਘੱਟ ਕੀਮਤ ਤੇ ਵਿਕਣ ਤੋਂ ਰੋਕਿਆ ਜਾ ਸਕੇ।

        ਕੇਂਦਰ ਸਰਕਾਰ ਦੀ ਦਲੀਲ ਹੈ ਕਿ ਰਾਜਸਥਾਨ ’ਚ ਕਣਕ ਦੀ ਫ਼ਸਲ ਜਲਦੀ ਪੱਕ ਜਾਂਦੀ ਹੈ ਅਤੇ ਕੇਂਦਰੀ ਟੀਮਾਂ ਵੱਲੋਂ ਰਾਜਸਥਾਨ ਦਾ ਦੌਰਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਚੁੱਕਿਆ ਹੈ ਜਦੋਂ ਕਿ ਪੰਜਾਬ ’ਚ ਕਣਕ ਗੁਆਂਢੀ ਸੂਬੇ ਦੇ ਮੁਕਾਬਲੇ ਲੇਟ ਆਉਂਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੀਟਿੰਗ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਫ਼ਸਲੀ ਨੁਕਸਾਨ ਦੇ ਜਾਇਜ਼ੇ ਲਈ ਕੇਂਦਰੀ ਟੀਮਾਂ ਪੰਜਾਬ ਭੇਜਣ ਦੀ ਮੰਗ ਉਠਾਈ ਹੈ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 8 ਅਪਰੈਲ ਨੂੰ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਪੱਤਰ ਭੇਜ ਕੇ ਕੇਂਦਰੀ ਟੀਮਾਂ ਭੇਜਣ ਦੀ ਮੰਗ ਕੀਤੀ ਸੀ ਅਤੇ ਕਿਸਾਨਾਂ ਲਈ ਫ਼ਸਲੀ ਮੁਆਵਜ਼ੇ ਦੀ ਮੰਗ ਵੀ ਉਠਾਈ ਸੀ। ਪੰਜਾਬ ਸਰਕਾਰ ਨੇ ਵੀ ਹੁਣ ਗੁਆਂਢੀ ਸੂਬੇ ਰਾਜਸਥਾਨ ਦੀ ਤਰ੍ਹਾਂ ਕੇਂਦਰ ਨੂੰ ਪੱਤਰ ਲਿਖ ਕੇ ਕਣਕ ਦੀ ਖ਼ਰੀਦ ਦੇ ਮਾਪਦੰਡਾਂ ’ਚ ਛੋਟ ਮੰਗੀ ਹੈ।

      ਖੇਤੀ ਵਿਭਾਗ ਪੰਜਾਬ ਦੇ ਸਕੱਤਰ ਵੱਲੋਂ ਕੇਂਦਰੀ ਖ਼ੁਰਾਕ ਮੰਤਰਾਲੇ ਦੇ ਸਕੱਤਰ ਨੂੰ ਪੱਤਰ ਲਿਖ ਕੇ ਦੱਸਿਆ ਗਿਆ ਹੈ ਕਿ ਮਾਰਚ ਦੇ ਅਖੀਰਲੇ ਅਤੇ ਅਪਰੈਲ ਦੇ ਪਹਿਲੇ ਹਫ਼ਤੇ ਮੀਂਹ ਤੇ ਗੜ੍ਹੇਮਾਰੀ ਨਾਲ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਪਟਿਆਲਾ ਜ਼ਿਲ੍ਹੇ ’ਚ ਭਾਰਤੀ ਖ਼ੁਰਾਕ ਨਿਗਮ ਨਾਲ ਮਿਲ ਕੇ ਕਣਕ ਦੇ ਲਏ ਨਮੂਨਿਆਂ ਦਾ ਹਵਾਲਾ ਵੀ ਦਿੱਤਾ ਹੈ। ਇਨ੍ਹਾਂ ਨਮੂਨਿਆਂ ’ਚ ਲਸਟਰ ਲਾਸ 60 ਫ਼ੀਸਦੀ ਤੱਕ ਆਇਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਕਣਕ ਦੀ ਖ਼ਰੀਦ ਦੇ ਮਾਪਦੰਡਾਂ ’ਚ ਢਿੱਲ ਦਿੱਤੀ ਜਾਵੇ। ਸੂਬੇ ’ਚ ਜਿੱਥੇ ਫ਼ਸਲੀ ਝਾੜ ਪ੍ਰਭਾਵਿਤ ਹੋਵੇਗਾ, ਉੱਥੇ ਗੁਣਵੱਤਾ ਨੂੰ ਸੱਟ ਵੱਜਣ ਕਾਰਨ ਕਿਸਾਨਾਂ ਨੂੰ ਮੰਡੀਆਂ ’ਚ ਖੱਜਲ ਹੋਣ ਦਾ ਵੀ ਖ਼ਦਸ਼ਾ ਹੈ। ਕਣਕ ਦਾ ਦਾਣਾ ਵੀ ਸੁੰਗੜਿਆ ਹੈ ਅਤੇ ਦਾਣੇ ਟੁੱਟੇ ਵੀ ਹਨ।

                               ਪੰਜਾਬ ਨਾਲ ਕੇਂਦਰ ਦਾ ਵਿਤਕਰਾ : ਖੁੱਡੀਆਂ

ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਵੀ ਕੇਂਦਰ ਨੂੰ ਕਣਕ ਦੇ ਖ਼ਰੀਦ ਮਾਪਦੰਡਾਂ ’ਚ ਢਿੱਲ ਦੇਣ ਲਈ ਪੱਤਰ ਲਿਖਿਆ ਗਿਆ ਹੈ ਕਿਉਂਕਿ ਕੁਦਰਤੀ ਮਾਰ ਪੈਣ ਕਾਰਨ ਫ਼ਸਲ ਦੀ ਗੁਣਵੱਤਾ ਨੂੰ ਢਾਹ ਲੱਗੀ ਹੈ ਅਤੇ ਕੇਂਦਰੀ ਖ਼ਰੀਦ ਮਾਪਦੰਡਾਂ ’ਤੇ ਨੁਕਸਾਨੀ ਫ਼ਸਲ ਪੂਰੀ ਨਹੀਂ ਉੱਤਰਨੀ। ਉਹ ਉਮੀਦ ਕਰਦੇ ਹਨ ਕਿ ਕੇਂਦਰ ਖ਼ਰੀਦ ਮਾਪਦੰਡਾਂ ’ਚ ਛੋਟ ਦੇਵੇਗੀ। ਖੇਤੀ ਮੰਤਰੀ ਨੇ ਰਾਜਸਥਾਨ ਨੂੰ ਮਿਲੀ ਛੋਟ ’ਤੇ ਟਿੱਪਣੀ ਕਰਦਿਆਂ ਕਿ ਰਾਜਸਥਾਨ ’ਚ ਭਾਜਪਾਈ ਸਰਕਾਰ ਹੈ ਅਤੇ ਪੰਜਾਬ ਨਾਲ ਕੇਂਦਰ ਹਮੇਸ਼ਾ ਵਿਤਕਰਾ ਕਰਦਾ ਆ ਰਿਹਾ ਹੈ।


No comments:

Post a Comment