ਉੱਚੇ ਬੋਲ ਨਾ ਬੋਲੀਏ..ਚਰਨਜੀਤ ਭੁੱਲਰ
ਚੰਡੀਗੜ੍ਹ : ਜੀਭ ਕਲਾ ਦਾ ਆਧੁਨਿਕ ਨਮੂਨਾ ਦੇਖਣਾ ਹੋਵੇ, ਬਹੁਤਾ ਦੂਰ ਜਾਣ ਦੀ ਲੋੜ ਨਹੀਂ। ਸਿਆਸੀ ਨਾਰਾਇਣ ਕੀੜੀ ਦੇ ਘਰ ਖ਼ੁਦ ਮਜਮਾ ਲਾਉਂਦੇ ਨੇ। ਕੋਈ ਜੀਭ ਤੋਂ ਕੱਥਕ ਕਰਾਉਂਦੈ, ਕੋਈ ਗਤਕਾ ਖਿਡਾਉਂਦੈ। ਚੋਣਾਂ ਦੇ ਮੌਕੇ ਜਣਾ-ਖਣਾ ਢੋਲੇ ਦੀਆਂ ਲਾਉਂਦੈ। ਰੰਗਲੇ ਪੰਜਾਬ ’ਚ ਅੱਜ ਕੱਲ੍ਹ ਬੀਬਾ ਨਵਜੋਤ ਕੌਰ ਸਿੱਧੂ ਨੇ ਚੰਗੇ ਰੰਗ ਭਾਗ ਲਾਏ ਨੇ। ਚਾਰੋਂ ਕੂਟਾਂ ਨੂੰ ਕਾਂਬਾ ਛੇੜ ਦਿੱਤੈ। ਸਿਆਸਤ ਬੜੀ ਗੰਧਲੀ ਚੀਜ਼ ਐ, ਬੀਬਾ ਜੀ ਫਿਰ ਚਿੱਕੜ ’ਚ ਕਿਉਂ ਨਾ ਖੇਡਣ। ਓਹ ਗੁਰੂ! ਹੁਣ ਬੀਵੀ ਵੀ ਹੋ ਗਈ ਸ਼ੁਰੂ।
‘ਆਪਣੀ ਕੁਰਸੀ ਦੀ ਪੇਟੀ ਬੰਨ੍ਹ ਲੋ, ਮੌਸਮ ਵਿਗੜਨ ਵਾਲਾ ਹੈ’। ਬੀਬੀ ਨਵਜੋਤ ਕੌਰ ਸਿੱਧੂ, ਰਾਜ ਭਵਨ ਗਏ ਤਾਂ ਸ਼ਾਂਤ ਪਾਣੀ ਵਾਂਗ ਪਰ ਅੰਦਰੋਂ ਸੁਨਾਮੀ ਬਣ ਕੇ ਨਿੱਕਲੇ। ਬੀਬਾ ਜੀ ਮੁਖਾਰਬਿੰਦ ’ਚੋਂ ਇੰਜ ਫ਼ਰਮਾਏ, ‘ਮੁੱਖ ਮੰਤਰੀ ਦੀ ਕੁਰਸੀ ਲਈ ਪੰਜ ਸੌ ਕਰੋੜੀ ਸੂਟਕੇਸ ਚੱਲਦੈ’। ਜਨਾਬ ਸ਼ੈਰੀ ਨੇ ਕਿਹਾ ਤਾਂ ਤਾਲੀ ਠੋਕਣ ਨੂੰ ਸੀ, ਬੀਵੀ ਨੇ ਕਾਂਗਰਸ ਹੀ ਠੋਕਤੀ। ਬੀਬਾ ਜੀ ਦੇ ਰਸ-ਭਿੰਨੇ ਬੋਲ ਰਸ ਘੋਲ ਗਏ, ਜਦੋਂ ਪੈ ਨਿਕਲੇ, ‘ਰਾਜਾ ਵੜਿੰਗ! ਆਪਣੇ ਕੁੱਤਿਆਂ ਦੀ ਵਰਤੋਂ ਨਾ ਕਰੋ।’ ਸਿੱਧੂਪੁਰੀ ਪ੍ਰਵਚਨਾਂ ਨੇ ਕਾਂਗਰਸ ਦੀ ਬਾਡੀ ਹਿਲਾ’ਤੀ।
ਹਰਭਜਨ ਮਾਨ ਮੱਤਾਂ ਦੇ ਰਿਹੈ, ‘ਉੱਚੇ ਬੋਲ ਨਾ ਬੋਲੀਏ, ਕਰਤਾਰੋਂ ਡਰੀਏ।’ ਕੋਲੰਬਸ ਤੋਂ ਘੱਟ ਨੀ ਸ਼ੈਰੀ ਭਾ’ਜੀ ਵੀ ਜਿਨ੍ਹਾਂ ਰਾਹੁਲ ਗਾਂਧੀ ਚੋਂ ‘ਪੱਪੂ’ ਖ਼ੋਜਿਆ, ਕਾਂਗਰਸ ਚੋਂ ‘ਮੁੰਨੀ’ ਤੇ ਡਾ. ਮਨਮੋਹਨ ਸਿੰਘ ਚੋਂ ‘ਮੋਨੀ ਬਾਬਾ’। ਜਦੋਂ ਸ਼ੈਰੀ ਪਟਿਆਲਵੀ ਕਾਂਗਰਸ ਦੇ ਪ੍ਰਧਾਨ ਸਜੇ ਤਾਂ ਉਨ੍ਹਾਂ ਆਪਣਾ ਬਿਸਤਰਾ ਕਾਂਗਰਸ ਭਵਨ ’ਚ ਲਾਇਆ ਸੀ। ਸਿਰਹਾਣੇ ਥੱਲੇ ‘ਪੰਜਾਬ ਏਜੰਡਾ’ ਰੱਖਿਆ। ਔਹ ਦੇਖੋ, ਹੁਣ ਬੀਬਾ ਜੀ ਕਿੰਨੇ ਸੇਵਾ ਭਾਵ ਨਾਲ ਕਾਂਗਰਸੀ ਬਿਸਤਰਾ ਗੋਲ ਕਰਦੇ ਪਏ ਨੇ। ਇੱਕ ਵਾਰੀ ਸਟੇਜ ਸਕੱਤਰ ਨੇ ਪ੍ਰਸਿੱਧ ਢਾਡੀ ਸੋਹਣ ਸਿੰਘ ਸੀਤਲ ਨੂੰ ਪੁੱਛਿਆ, ਕਿੰਨਾ ਸਮਾਂ ਗਾਉਗੇ। ਅੱਗਿਓ ਸੀਤਲ ਬੋਲੇ, ‘ਸੌਦਾ ਵਿਕਦਾ ਦੇਖ ਕੇ ਸੋਚਾਂਗਾ।’ ਸਿੱਧੂ ਜੋੜਾ ਵੀ ਸ਼ਾਇਦ ਇਨ੍ਹਾਂ ਸੋਚਾਂ ’ਚ ਹੀ ਡੁੱਬਿਐ।
ਕਾਂਗਰਸੀ ਨੇਤਾ ਸੁੰਨ ਨੇ। ਸ਼ੋਅਲੇ ਫ਼ਿਲਮ ਆਲਾ ਰਹੀਮ ਚਾਚਾ ਪੁੱਛਦਾ ਪਿਐ, ‘ਇਤਨਾ ਸੰਨਾਟਾ ਕਿਉਂ ਹੈ ਭਾਈ’। ਚਾਚਾ ਜੀ! ਕੀ ਦੱਸੀਏ, ਦੱਸਣ ਜੋਗੇ ਛੱਡੇ ਹੀ ਨਹੀਂ। ਲੌਂਗੋਵਾਲ ਆਲੇ ਸਾਧ ਨੂੰ ਕਿਸੇ ਨੇ ਕਿਹਾ, ਬਾਬਾ! ਤੈਨੂੰ ਅੱਧਾ ਲੌਂਗੋਵਾਲ ਟਿੱਚ ਜਾਣਦੈ। ਜੁਆਬ ਸੁਣੋ, ਭੁਜੰਗੀਆ! ਫ਼ਿਕਰ ਕਾਹਦੇ, ਆਪਾਂ ਪੂਰੇ ਲੌਂਗੋਵਾਲ ਨੂੰ ਟਿੱਚ ਜਾਣਦੇ ਹਾਂ। ਸਿੱਧੂ ਜੋੜਾ ਵੀ ਲੌਂਗੋਵਾਲੀਏ ਸਾਧ ਦੇ ਬੋਲ ਪੁਗਾ ਰਿਹੈ। ਵੈਸੇ, ਇੱਕ ਟੱਲਾਂ ਵਾਲਾ ਸਾਧ ਵੀ ਹੁੰਦਾ ਸੀ, ਜਿਹੜੇ ਕਿਤੇ ਨੀ ਟਿਕਦਾ ਸੀ। ਗੁਰਮੁਖੋ ! ਇੱਕ ਅਕਲ ਦਾ ਨਸ਼ਾ, ਉੱਪਰੋਂ ਕੁਰਸੀ ਦਾ ਨਸ਼ਾ, ਕਿਸੇ ਪਾਸੇ ਦਾ ਨੀ ਛੱਡਦਾ।
ਸਿੱਧੂ ਸਾਹਿਬ ਦਾ ਅੰਦਾਜ਼ ਨਿਰਾਲੈ, ‘ਹਮ ਕੋ ਮਿਟਾ ਸਕੇ, ਜ਼ਮਾਨੇ ਮੇ ਦਮ ਨਹੀਂ।’ ਮਨੋਂ-ਮਨੀ ਪ੍ਰਤਾਪ ਬਾਜਵਾ ਬੋਲਿਆ ਹੋਊ, ‘ਤੇਰੀ ਜ਼ੁਬਾਨ ਬਹੁਤ ਚਲਤੀ ਹੈ ਸੂਰਿਆ..।’ ਕੈਪਟਨ ਅਮਰਿੰਦਰ ਸਿੰਘ ਨੇ ਨਿਚੋੜ ਕੱਢਿਐ ਕਿ ਸਿੱਧੂ ਜੋੜੇ ਨੂੰ ਬੜਾ ਪੁਰਾਣਾ ਜਾਣਦੈਂ, ਦੋਵੇਂ ਬੇਪੈਂਦੇ ਨੇ। ‘ਅੱਤ ਭਲਾ ਨਾ ਬੋਲਣਾ, ਅੱਤ ਭਲੀ ਨਾ ਚੁੱਪ’। ਭਲੇ ਨੇਤਾ ਮਾਂ ਸਰਸਵਤੀ ਨੂੰ ਜੀਭ ਦੇ ਨੇੜੇ ਨੀ ਢੁੱਕਣ ਦਿੰਦੇ, ਉਨ੍ਹਾਂ ਦਾ ਕੋਈ ਕੰਟਰੋਲ ਰੂਮ ਹੀ ਨਹੀਂ ਹੁੰਦਾ। ਜੀਭ ਨੂੰ ਕਾਬੂ ’ਚ ਰੱਖਣ ਵਾਲਿਆਂ ਨੂੰ ਸੁਰੱਖਿਆ ਲੈਣ ਲਈ ਮੁੱਖ ਮੰਤਰੀ ਕੋਲ ਨੀ ਜਾਣਾ ਪੈਂਦਾ।
ਕੰਗਣਾ ਰਣੌਤ ਦੀ ਜੀਭ ਵੀ ਨ੍ਰਿਤ ਕਰਦੀ ਹੈ। ਕੰਗਣਾ ਨੇ ਪੰਜਾਬ ਦੀ ਬੇਬੇ ਨੂੰ ਭਾੜੇ ਦੀ ਔਰਤ ਆਖ’ਤਾ। ਬੇਬੇ ਮਹਿੰਦਰ ਕੌਰ ਨੇ ਵੀ ਕਚੀਚੀ ਵੱਟੀ, ਅਸਾਂ ਨੀ ਕਨੌੜ ਝੱਲਣੀ..। ਕੰਗਣਾ ਬਠਿੰਡੇ ਦੀ ਅਦਾਲਤ ਆਈ, ਤਾਂ ਜੀਭ ਰਸ ਚੋਂਦਾ ਪਿਆ ਸੀ। ਜ਼ੁਬਾਨ ਚਲਾਉਣੀ ਸੌਖੀ, ਸੰਭਾਲਣੀ ਔਖੀ ਹੈ। ਗੀਤਾ ਦਾ ਪ੍ਰਵਚਨ ਹੈ, ‘ਕੰਮ ਕਰੋ, ਫ਼ਲ ਦੀ ਆਸ ਨਾ ਰੱਖੋ।’ ਜ਼ੁਬਾਨ ਰਸ ਇਕਲੌਤਾ ਐਲੋਵੈਰਾ ਹੈ ਜੋ ਬਿਨਾਂ ਦੇਰੀ ਫਲ ਬਖਸ਼ਦੈ। ‘ਪਹਿਲਾ ਤੋਲੋ, ਫਿਰ ਬੋਲੋ’, ਵੱਡੇ ਬਾਦਲ ਬੋਲਣ ’ਚ ਕੰਜੂਸ ਸਨ। ਅੱਜ ਦੇ ਨੇਤਾ ਥੋਕ ਦੇ ਵਪਾਰੀ ਨੇ। ਸ਼ਾਇਦ ਸ਼ੂਗਰ ਦੇ ਡਰੋਂ ਮਿੱਠਾ ਬੋਲਣ ਤੋਂ ਟਲਦੇ ਨੇ।
‘ਘੱਟ ਬੋਲੀਏ ਤੇ ਬਹੁਤਾ ਸ਼ਰਮਾਈਏ, ਪੇਕਿਆਂ ਦੇ ਪਿੰਡ ਕੁੜੀਏ।’ ਪੰਜਾਬ ਦੇ ਬੀਬੇ ਬੱਚੇ ਸਿਆਸੀ ਪਿੜ ’ਚ ਧੂੜਾਂ ਪੁੱਟ ਰਹੇ ਨੇ। ਬੀਬੀਆਂ ਵੀ ਕਿਹੜਾ ਘੱਟ ਨੇ। ਤਾਹੀਂ ਫ਼ਿਲਮ ਨਿੱਕਾ ਜ਼ੈਲਦਾਰ ’ਚ ਕਰਮਜੀਤ ਅਨਮੋਲ ਨੂੰ ਵੀ ਆਖਣਾ ਪਿਐ, ‘ਪਤਾ ਨੀ ਕੀ ਭਰਿੰਡਾਂ ਖਾ ਲੈਂਦੀ ਐ, ਬਹੁਤ ਕੌੜਾ ਬੋਲਦੀ ਹੈ।’ ਵਾਰੇ ਵਾਰੇ ਜਾਣ ਨੂੰ ਦਿਲ ਕਰਦੈ ਮਨੀਸ਼ ਸਿਸੋਦੀਆ ਦੇ ਵੀ। ਭਲਾ ਇਸ ਸਵਾਰਥੀ ਜ਼ਮਾਨੇ ’ਚ ਕੌਣ ਘਰੋਂ ਖਾ ਕੇ ਅਕਲ ਵੰਡਦੈ।
ਸਿਸੋਦੀਆ ਨੇ ‘ਸਾਮ, ਦਾਮ, ਦੰਡ, ਭੇਦ’ ਆਲੇ ਫ਼ਾਰਮੂਲੇ ਦੀ ਘੁੰਢ ਚੁਕਾਈ ਕੀਤੀ। ਖੁੱਲ੍ਹ ਦਿੱਲੇ ਪੰਜਾਬੀ, ਤਾੜੀ ਤੱਕ ਨੀ ਮਾਰ ਸਕੇ, ਬੜੇ ਅਹਿਸਾਨ ਫ਼ਰਾਮੋਸ਼ ਨੇ। ਬਾਪੂ ਗਾਂਧੀ ਦਾ ਇੱਕ ਬਾਂਦਰ ਜ਼ਰੂਰ ਟਪੂਸੀ ਮਾਰ ਗਿਆ। ਡੇਰਾ ਬਾਬਾ ਨਾਨਕ ਆਲੇ ਵਿਧਾਇਕ ਗੁਰਦੀਪ ਸਿਓ ਨੇ ਵੀ ਬੜੀ ਸੋਭਾ ਖੱਟੀ ਹੈ, ਮਣਾਂ ਮੂੰਹੀਂ ਇਲਮ ਵੰਡ ਕੇ, ‘ਬਈ! ਪੱਗਾਂ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਨੇ, ਬੱਝਦੀਆਂ ਵੀ ਨੇ, ਲੱਥਦੀਆਂ ਵੀ ਨੇ।’ ਦੁਸਾਝਾਂ ਵਾਲਾ ਦਿਲਜੀਤ ਆਖਦੈ ‘ਜਿਨ੍ਹਾਂ ਨੂੰ ਪੱਗਾਂ ਬੰਨ੍ਹਣੀਆਂ ਆਉਂਦੀਆਂ ਨੇ, ਉਨ੍ਹਾਂ ਨੂੰ ਪੱਗਾਂ ਸਾਂਭਣੀਆਂ ਵੀ ਆਉਂਦੀਆਂ ਨੇ।’
ਅਜਨਾਲੇ ਆਲੇ ਚੌਂਕ ’ਚ ਪੋਚਵੀਂ ਪੱਗ ਬੰਨ੍ਹ ਕੁਲਦੀਪ ਧਾਲੀਵਾਲ ਨੇ ਇੱਕ ਥਾਣੇਦਾਰ ’ਤੇ ਏਨੀ ਕਿਰਪਾ ਕੀਤੀ ਕਿ ਉਹ ਭੁੱਲ ਬੈਠੇ ਕਿ ਪੰਜਾਬ ਧੀਆਂ ਭੈਣਾਂ ਆਲੈ। ਲਲਕਾਰਾ ਸਿੰਘ ਖ਼ਾਮੋਸ਼ ਆਖਦੈ ਕਿ ਆਮ ਘਰਾਂ ਦੇ ਬੱਚਿਆਂ ਤੋਂ ਜ਼ਰਾ ਬਚ ਕੇ! ਸਾਰੇ ਜੀਭ ਨੂੰ ਗਰੀਸ ਕਰੀ ਫਿਰਦੇ ਨੇ। ਜਿਵੇਂ ਗਾਂਧੀ ਦੀ ਟੋਪੀ, ਨਹਿਰੂ ਦੀ ਜੈਕੇਟ, ਚਾਰਲੀ ਚੈਪਲਿਨ ਦੀ ਖੂੰਡੀ ਤੇ ਅਰਜਨ ਵੈਲੀ ਦੀ ਗੰਡਾਸੀ ਮਸ਼ਹੂਰ ਐ, ਉਵੇਂ ਪੰਜਾਬੀ ਲੀਡਰਾਂ ਦੇ ਜ਼ੁਬਾਨ ਰਸ ਆਲੀ ਗਲਾਸੀ ਬਹੁਤ ਮਸ਼ਹੂਰ ਹੈ।
ਜੀਵਨ ਸਫਲਾ ਕਰਨਾ ਹੈ ਤਾਂ ‘ਆਪ’ ਵਿਧਾਇਕ ਮਨਵਿੰਦਰ ਗਿਆਸਪੁਰਾ ਨੂੰ ਜ਼ਰੂਰ ਧਿਆਓ ਜੋ ਮੁਖਾਰਬਿੰਦ ਚੋਂ ਇੰਜ ਫ਼ਰਮਾਏ, ‘ਜਿਹੜਾ ਅੱਖ ਚੱਕੂ, ਅੱਖ ਕੱਢ ਦਿਆਂਗੇ, ਜਿਹੜਾ ਉਂਗਲ ਚੱਕੂ, ਉਂਗਲ ਵੱਢ ਦਿਆਂਗੇ।’ ਇੰਜ ਲੱਗਦੈ ਕਿ ਜਿਵੇਂ ਭਲੇ ਸੱਜਣ ਕੁਰਸੀ ’ਤੇ ਨਹੀਂ, ਲੱਕੜਾਂ ਆਲੇ ਆਰੇ ’ਤੇ ਬੈਠੇ ਹੋਣ। ਵਾਰਸ ਸ਼ਾਹ ਅਰਜ਼ ਕਰਦੇ ਪਏ ਨੇ, ‘ਮਾਫ਼ ਕਰਨਾ ਜੀ ਅਸੀਂ ਨਿਮਾਣਿਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ।’ ਸ਼ਾਹ ਜੀ, ਉਨਾਂ ਦਾ ਕੀ ਕਰੀਏ, ਜੋ ਜੀਭ ਦੀ ਕਮਾਨ ਕਸੀ ਫਿਰਦੇ ਨੇ। ਸਟੈਂਡਰਡ ਵਿਧਾਇਕ ਡਾ.ਚਰਨਜੀਤ ਸਿਓ ਦਾ ਵੀ ਘੱਟ ਨਹੀਂ, ਜਿਹੜੇ ਦਸਵੀਂ ਪਾਸ ਨਾਲ ਵੀ ਦੁਆ ਸਲਾਮ ਨੀ ਕਰਦੇ।
ਜਿਵੇਂ ਗਿੱਦੜਬਾਹੀ ਨਸਵਾਰ ਦੀ ਚੂੰਢੀ ਦਿਮਾਗ਼ ਖੋਲ੍ਹਦੀ ਐ, ਇਉਂ ਹੀ ਰਾਜਾ ਵੜਿੰਗ ਦੀ ਮਿੱਠੀ ਬੋਲੀ ਵੀ ਮਿਸਰੀ ਘੋਲਦੀ ਐ। ਤਰਨ ਤਾਰਨ ਦੀ ਉਪ ਚੋਣ ’ਚ ਵੜਿੰਗਵਾਦ ਨੇ ਤਾਰੀਆਂ ਲਾਈਆਂ। ਤਾਹੀਂ ਨਛੱਤਰ ਸੱਤੇ ਨੂੰ ਹੇਕ ਲਾਉਣੀ ਪਈ, ‘ਮੰਦੜੇ ਬੋਲ ਨਾ ਬੋਲ ਵੇ ਸੱਜਣਾ..।’ ਜਦੋਂ ਰੱਬ ਅਕਲ ਦੇ ਗੱਫੇ ਵਰਤਾ ਰਿਹਾ ਸੀ ਤਾਂ ਲਾਈਨ ’ਚ ਸਭ ਤੋਂ ਪਿੱਛੇ ਨੇਤਾ ਜਣ ਖੜ੍ਹੇ ਸਨ। ਰੱਬ ਦੇ ਅਰਦਲੀ ਨੇ ’ਵਾਜ ਮਾਰੀ, ਅੱਗੇ ਲੰਘ ਆਓ। ਸਭ ਇੱਕੋ ਸੁਰ ’ਚ ਬੋਲੇ, ‘ਹਮ ਯਹਾਂ ਖੜੇ ਹੋ ਜਾਤੇ ਹੈ, ਲਾਈਨ ਵਹੀਂ ਸੇ ਸ਼ੁਰੂ ਹੋਤੀ ਹੈ।’
ਭਲਿਓ, ਰੱਬ ਨਾਲ ਮਸ਼ਕਰੀਆਂ। ਅੱਕੇ ਖ਼ੁਦਾ ਨੇ ਇਨ੍ਹਾਂ ਦੀਆਂ ਜੀਭਾਂ ਤੇ ਕੌੜਤੁੰਮੀ ਰਸ ਦੀਆਂ ਦੋ ਦੋ ਬੂੰਦਾਂ ਪਾ’ਤੀਆਂ। ਕਾਂਗਰਸੀ ਯੁੱਗ ’ਚ ਭਾਰਤ ਭੂਸ਼ਨ ਆਸ਼ੂ ਦੀ ਜ਼ੁਬਾਨ ਵੀ ਫ਼ਰਹਾਦ ਦੇ ਤੇਸੇ ਵਾਂਗੂ ਪਹਾੜ ਚੀਰਦੀ ਹੁੰਦੀ ਸੀ। ਕੁਲਦੀਪ ਮਾਣਕ ਗਾਉਂਦਾ ਮਰ ਗਿਆ, ‘ਛੱਡਿਆ ਤੀਰ ਕਮਾਨ ਚੋਂ, ਨਿਕਲੀ ਗੱਲ ਜ਼ੁਬਾਨ ਚੋਂ, ਵਾਪਸ ਨਾ ਆਵੇ.।’ ਅਮਰੀਕਾ ਆਲਾ ਟਰੰਪ, ਕੱਬਾ ਸੁਭਾਅ ਚੁੱਕੀ ਫਿਰਦੈ। ਕਿਸੇ ਗੱਲ ’ਤੇ ਨੀ ਟਿਕਦਾ, ਨਾ ਬੋਲਣ ਲੱਗਿਆ ਅੱਗੇ ਪਿੱਛਾ ਦੇਖੇ। ਬਠਿੰਡੇ ਆਲੇ ਦਿਓ ਵਾਂਗੂ ਭੂਚਾਲ ਲਿਆ ਰੱਖਿਐ। ਇੱਕ ਗੱਲੋਂ ਟਰੰਪ ਚੰਗੈ, ਜੋ ਖ਼ੁਦ ਕਬੂਲ ਕਰਦੈ, ‘ਨਾਇਕ ਨਹੀਂ, ਖਲਨਾਇਕ ਹੂੰ ਮੈਂ..।’
ਸ਼ੁਕਰ ਕਰੋ ਪੰਜਾਬੀਆਂ ਦਾ, ਜਿਹੜੇ ਲੋਨ ਪਾਸ ਹੋਣ ’ਤੇ ਵੀ ਦੋ ਹਾੜੇ ਲਾ ਲੈਂਦੇ ਨੇ, ਸ਼ਾਮ ਵੇਲੇ ਪੰਜਾਬ ਦਾ ‘ਹੈਪੀਨੈੈੱਸ ਇੰਡੈੱਕਸ’ ਦੇਖਣ ਵਾਲਾ ਹੁੰਦੈ। ਇੱਕ ਵਾਰੀ ਸਰਦਾਰ ਪਟੇਲ ਪਟਿਆਲਾ ਆਏ। ਲੱਗੇ ਮਹਾਰਾਜੇ ਦੀ ਤਾਰੀਫ਼ ਕਰਨ, ‘ਮੇਰੀ ਦਿੱਲੀ ਇੱਛਾ ਹੈ ਕਿ ਪਟਿਆਲੇ ਆਲੇ ਰਾਜੇ ਦੀ ਪਰਜਾ ਬਣਾਂ।’ ਕਿਸੇ ਸੱਜਣ ਨੇ ਪੁੱਛਿਆ, ਪਟੇਲ ਸਾਹਿਬ ਏਨੀ ਚਾਪਲੂਸੀ ਕਿਉਂ? ਪਟੇਲ ਨੇ ਕੰਨ ’ਚ ਦੱਸਿਆ, ‘ਪੰਜਾਬੀਆਂ ਤੋਂ ਕੰਮ ਲੈਣਾ ਹੋਵੇ, ਇਨ੍ਹਾਂ ਨੂੰ ਹਸਾ ਲਓ, ਅਕਲ ਦੀ ਗੱਲ ਕਰੋਗੇ ਤਾਂ ਸਿਰ ਪਾੜ ਦੇਣਗੇ, ਪੰਜਾਬੀ ਅਕਲ ਆਲੇ ਨੂੰ ਆਪਣੇ ਤੋਂ ਵੱਡਾ ਨੀ ਸਮਝਦੇ।’
ਪੰਜਾਬੀ ਭਾਲਦੇ ਤਾਂ ਕੰਪਾਸ ਵਰਗੇ ਨੇਤਾ ਨੇ। ਮਿਲਦੇ ਲਖਨਊ ਦੇ ਭੁੱਲ ਭੁਲੱਈਆ ਵਰਗੇ ਨੇ। ਚੋਣਾਂ ਮੌਕੇ ਇਹੋ ਨੇਤਾ ਪੀਸਾ ਦੀ ਮੀਨਾਰ ਵਾਂਗੂ ਝੁਕ ਜਾਂਦੇ ਨੇ, ਕੁਰਸੀ ਮਿਲਦੇ ਹੀ ਕੁਤਬ ਮੀਨਾਰ ਬਣ ਜਾਂਦੇ ਨੇ। ਲੋਕਾਂ ਦਾ ਵਕੀਲ ਬਾਬਾ ਆਲਮ ਬਣਿਐ, ‘ਹੰਝੂ ਰੁੱਸ ਗਏ, ਰੁੱਸ ਗਏ ਹਾਸੇ, ਅਸੀਂ ਜਾਈਏ ਕਿਹੜੇ ਪਾਸੇ।’ ਕਿਸੇ ਮਰਜ਼ੀ ਪਾਸੇ ਜਾਇਓ, ਜਾਣ ਤੋਂ ਪਹਿਲੋਂ ਆਹ ਸੁਣਦੇ ਜਾਇਓ..‘ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ..।’
(14 ਦਸੰਬਰ 2025)

No comments:
Post a Comment