ਸਰਦ ਰੁੱਤ ਇਜਲਾਸ ਕਿਸੇ ਦੀ ਹਾਜ਼ਰੀ ਠੰਢੀ, ਕਿਸੇ ਦੀ ਗਰਮ ਚਰਨਜੀਤ ਭੁੱਲਰ
ਚੰਡੀਗੜ੍ਹ : ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਠੰਢੀ ਰਹੀ; ਰਾਜ ਸਭਾ ਵਿੱਚ ‘ਆਪ’ ਦੇ ਸੰਸਦ ਮੈਂਬਰ ਹਰਭਜਨ ਸਿੰਘ ਦੀ ਹਾਜ਼ਰੀ ਜ਼ੀਰੋ ਰਹੀ ਹੈ। ਸੰਸਦ ਦਾ ਛੇਵਾਂ ਇਜਲਾਸ ਪਹਿਲੀ ਦਸੰਬਰ ਨੂੰ ਸ਼ੁਰੂ ਹੋਇਆ ਸੀ ਜੋ 19 ਦਸੰਬਰ ਤੱਕ ਚੱਲਿਆ। ਇਸ ਸਰਦ ਰੁੱਤ ਇਜਲਾਸ ਵਿੱਚ ਲੋਕ ਸਭਾ 14 ਦਿਨ ਜੁੜੀ ਅਤੇ ਰਾਜ ਸਭਾ 15 ਦਿਨ ਚੱਲੀ। ਪੰਜਾਬ ’ਚੋਂ ਸਰਦ ਰੁੱਤ ਸੈਸ਼ਨ ’ਚ ਸੌ ਫ਼ੀਸਦੀ ਹਾਜ਼ਰੀ ਵਾਲੇ ਇਕਲੌਤੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਹਨ ਜਿਨ੍ਹਾਂ ਨੇ ਰਾਜ ਸਭਾ ’ਚ ਪੂਰੇ 15 ਦਿਨ ਹਾਜ਼ਰੀ ਦਿੱਤੀ। ਪੰਜਾਬ ਵਿੱਚ ਸਰਦ ਰੁੱਤ ਇਜਲਾਸ ਦੌਰਾਨ ਹੀ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਸਨ। ਇਨ੍ਹਾਂ ਚੋਣਾਂ ਕਰ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਦ ਰੁੱਤ ਇਜਲਾਸ ’ਚ ਸਿਰਫ਼ ਦੋ ਦਿਨ ਹਾਜ਼ਰ ਹੋ ਸਕੇ, ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਛੇ ਦਿਨ ਹੀ ਇਜਲਾਸ ’ਚ ਹਾਜ਼ਰ ਰਹੇ।
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਇਜਲਾਸ ਵਿੱਚ ਹਿੱਸਾ ਲੈਣ ਲਈ ਪੈਰੋਲ ਦੀ ਮੰਗ ਕੀਤੀ ਸੀ। ਅੰਮ੍ਰਿਤਪਾਲ ਸਿੰਘ ਦੀ ਇਸੇ ਕਰ ਕੇ ਸਦਨ ’ਚ ਲਗਾਤਾਰ ਗ਼ੈਰ-ਹਾਜ਼ਰੀ ਬਣੀ ਹੋਈ ਹੈ। ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਸਰਦ ਰੁੱਤ ਸੈਸ਼ਨ ’ਚ ਸਿਰਫ਼ ਸੱਤ ਦਿਨ ਹੀ ਹਾਜ਼ਰ ਰਹੇ। ਲੋਕ ਸਭਾ ’ਚ ਸੌ ਫ਼ੀਸਦੀ ਹਾਜ਼ਰੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਰਹੀ ਹੈ ਜੋ 14 ਦਿਨ ਹਾਜ਼ਰ ਰਹੇ। ਸ੍ਰੀ ਆਨੰਦਪੁਰ ਸਾਹਿਬ ਤੋਂ ਐੱਮ ਪੀ ਮਾਲਵਿੰਦਰ ਸਿੰਘ ਕੰਗ ਦੀ ਹਾਜ਼ਰੀ ਵੀ ਵੱਧ ਰਹੀ ਜੋ ਸਿਰਫ਼ ਇੱਕ ਦਿਨ ਹੀ ਗ਼ੈਰ-ਹਾਜ਼ਰ ਰਹੇ ਸਨ। ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ 11 ਦਿਨ ਸੰਸਦ ਵਿੱਚ ਹਾਜ਼ਰ ਰਹੇ। ‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਮੀਤ ਹੇਅਰ ਨੇ ਪੰਜਾਬ ਨਾਲ ਸਬੰਧਤ ਕਈ ਮੁੱਦੇ ਉਠਾਏ।
ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸਰਦ ਰੁੱਤ ਸੈਸ਼ਨ ’ਚ 10 ਦਿਨ ਹਾਜ਼ਰ ਰਹੇ। ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ 9 ਦਿਨ, ਸ਼ੇਰ ਸਿੰਘ ਘੁਬਾਇਆ 8 ਦਿਨ, ਡਾ. ਅਮਰ ਸਿੰਘ 12 ਦਿਨ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ 13 ਦਿਨ ਸੈਸ਼ਨ ਵਿੱਚ ਹਾਜ਼ਰ ਰਹੇ।ਰਾਜ ਸਭਾ ’ਤੇ ਨਜ਼ਰ ਮਾਰੀਏ ਤਾਂ ‘ਆਪ’ ਦੇ ਸੰਸਦ ਮੈਂਬਰ ਰਾਜਿੰਦਰ ਗੁਪਤਾ ਦਾ ਇਹ ਪਹਿਲਾ ਇਜਲਾਸ ਸੀ ਜਿਹੜੇ 14 ਦਿਨ ਸੈਸ਼ਨ ’ਚ ਹਾਜ਼ਰ ਰਹੇ। ‘ਆਪ’ ਸੰਸਦ ਮੈਂਬਰ ਹਰਭਜਨ ਸਿੰਘ ਨੇ ਸੰਸਦ ਸਕੱਤਰੇਤ ਨੂੰ ਪਹਿਲਾਂ ਹੀ ਆਪਣੇ ਰੁਝੇਵਿਆਂ ਬਾਰੇ ਸੂਚਿਤ ਕਰ ਦਿੱਤਾ ਸੀ, ਜਿਸ ਕਰ ਕੇ ਉਹ ਸਰਦ ਰੁੱਤ ਸੈਸ਼ਨ ’ਚ ਜਾ ਨਹੀਂ ਸਕੇ। ਡਾ. ਸੰਦੀਪ ਪਾਠਕ ਤੇ ਅਸ਼ੋਕ ਮਿੱਤਲ ਸਿਰਫ਼ ਇੱਕ ਇੱਕ ਦਿਨ ਹੀ ਗ਼ੈਰ-ਹਾਜ਼ਰ ਸਨ। ਸੰਤ ਬਲਬੀਰ ਸਿੰਘ ਸੀਚੇਵਾਲ 4 ਤੇ ਵਿਕਰਮਜੀਤ ਸਿੰਘ ਸਾਹਨੀ 6 ਦਿਨ ਗ਼ੈਰ-ਹਾਜ਼ਰ ਰਹੇ। ਰਾਘਵ ਚੱਢਾ ਦੋ ਦਿਨ ਸੈਸ਼ਨ ਵਿੱਚ ਨਹੀਂ ਜਾ ਸਕੇ।
ਧਰਮਿੰਦਰ ਦੇ ਸਦਮੇ ’ਚ ਡੁੱਬੀ ਹੇਮਾ ਮਾਲਿਨੀ
ਸੰਸਦ ਮੈਂਬਰ ਹੇਮਾ ਮਾਲਿਨੀ ਸਦਮੇ ਕਾਰਨ ਸਰਦ ਰੁੱਤ ਸੈਸ਼ਨ ’ਚ ਸ਼ਾਮਲ ਨਹੀਂ ਹੋ ਸਕੀ ਕਿਉਂਕਿ ਉਨ੍ਹਾਂ ਦੇ ਪਤੀ ਤੇ ਅਦਾਕਾਰ ਧਰਮਿੰਦਰ ਦਾ 24 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ। ਹੇਮਾ ਮਾਲਿਨੀ ਨੇ 11 ਦਸੰਬਰ ਨੂੰ ਆਪਣੇ ਪਤੀ ਨਮਿਤ ਨਵੀਂ ਦਿੱਲੀ ’ਚ ਪ੍ਰਾਰਥਨਾ ਸਭਾ ਕੀਤੀ ਸੀ। ਹੇਮਾ ਮਾਲਿਨੀ ਆਪਣੇ ਪਤੀ ਦੇ ਚਲੇ ਜਾਣ ਕਾਰਨ ਕਿਸੇ ਵੀ ਦਿਨ ਸੈਸ਼ਨ ’ਚ ਨਹੀਂ ਪਹੁੰਚ ਸਕੀ। ਸੰਸਦ ਵਿੱਚ ਐਤਕੀਂ ਕੰਗਨਾ ਰਣੌਤ ਸਿਰਫ਼ ਇੱਕ ਦਿਨ ਗ਼ੈਰ-ਹਾਜ਼ਰ ਰਹੀ। ਸੀਨੀਅਰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵੀ ਦੋ ਦਿਨ ਗ਼ੈਰ-ਹਾਜ਼ਰ ਰਹੀ।
.jpg)
No comments:
Post a Comment