ਨਵਾਂ ਪੋਚ, ਵੱਖਰੀ ਸੋਚ ਅਸੀਂ ਜੇਲ੍ਹਾਂ ਦੇ ‘ਕੈਦੀ’ ਨਹੀਂ ਬਣਨਾ !ਚਰਨਜੀਤ ਭੁੱਲਰ
ਚੰਡੀਗੜ੍ਹ : ਜਦੋਂ ਪੰਜਾਬ ’ਚ ਰੁਜ਼ਗਾਰ ਇੱਕ ਵੱਡਾ ਮਸਲਾ ਹੈ ਤਾਂ ਸੂਬੇ ਦੇ ਨੌਜਵਾਨ ਹੁਣ ਜੇਲ੍ਹ ਦੀ ਨੌਕਰੀ ਤੋਂ ਭੱਜਣ ਲੱਗੇ ਹਨ। ਜੇਲ੍ਹ ਦੀ ਨੌਕਰੀ ਉਨ੍ਹਾਂ ਲਈ ਤਰਜੀਹੀ ਨਹੀਂ ਰਹੀ ਹੈ। ਇਨ੍ਹਾਂ ਹਾਲਾਤਾਂ ’ਚ ਜੇਲ੍ਹਾਂ ’ਚ ਜੇਲ ਵਾਰਡਰ ਦੀ ਨਫ਼ਰੀ ਕਦੇ ਵੀ ਪੂਰੀ ਨਹੀਂ ਹੁੰਦੀ ਹੈ। ਪਿਛਲੇ ਦਿਨਾਂ ’ਚ ਜੇਲ੍ਹ ਵਾਰਡਰ ਦੀ ਭਰਤੀ ਲਈ ਹੋਏ ਫਿਜ਼ੀਕਲ ਟੈੱਸਟ ’ਚ ਆਏ ਨੌਜਵਾਨਾਂ ਚੋਂ ਬਹੁਤਿਆਂ ਦਾ ਕਹਿਣਾ ਸੀ ਕਿ ਜਿਨ੍ਹਾਂ ਸਮਾਂ ਕੋਈ ਹੋਰ ਨੌਕਰੀ ਨਹੀਂ ਮਿਲਦੀ, ਉਨ੍ਹਾਂ ਸਮਾਂ ਹੀ ਜੇਲ੍ਹ ’ਚ ਡਿਊਟੀ ਕਰਨਗੇ। ਕਈ ਨੌਜਵਾਨਾਂ ਦਾ ਕਹਿਣਾ ਸੀ ਕਿ ‘ਅਸੀਂ ਜੇਲ੍ਹਾਂ ਦੇ ‘ਕੈਦੀ’ ਨਹੀਂ ਬਣਨਾ।’ ਉਨ੍ਹਾਂ ਨੇ ਫ਼ੀਲਡ ਦੀ ਨੌਕਰੀ ਨੂੰ ਪਹਿਲੀ ਪਸੰਦ ਦੱਸਿਆ। ਵੇਰਵਿਆਂ ਅਨੁਸਾਰ ਜਦੋਂ ਪੰਜਾਬ ਸਰਕਾਰ ਨੇ 10 ਮਈ 2021 ਨੂੰ ਜੇਲ੍ਹ ਵਾਰਡਰ ਅਤੇ ਮੈਟਰਨ ਦੀਆਂ 847 ਅਸਾਮੀਆਂ ਲਈ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਤਾਂ ਇਨ੍ਹਾਂ ਅਸਾਮੀਆਂ ਲਈ 1.47 ਲੱਖ ਨੌਜਵਾਨਾਂ ਨੇ ਅਪਲਾਈ ਕੀਤਾ ਸੀ।
ਇਨ੍ਹਾਂ ਅਸਾਮੀਆਂ ਲਈ 25 ਨਵੰਬਰ 2023 ਨੂੰ 5289 ਉਮੀਦਵਾਰ ਫਿਜ਼ੀਕਲ ਟੈੱਸਟ ਲਈ ਬੁਲਾਏ ਗਏ ਸਨ ਜਿਨ੍ਹਾਂ ਚੋਂ 709 ਉਮੀਦਵਾਰ ਤਾਂ ਗੈਰ ਹਾਜ਼ਰ ਹੀ ਹੋ ਗਏ ਸਨ ਅਤੇ ਇਸੇ ਤਰ੍ਹਾਂ 231 ਲੜਕੀਆਂ ਵੀ ਗ਼ੈਰਹਾਜ਼ਰ ਸਨ। ਹਾਲਾਂਕਿ ਇਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕਰ ਲਈ ਸੀ। ਆਖ਼ਰ 847 ਅਸਾਮੀਆਂ ਦੀ ਭਰਤੀ ਹੋ ਗਈ ਸੀ ਪ੍ਰੰਤੂ ਬਹੁਤੇ ਨੌਜਵਾਨਾਂ ਨੇ ਜੇਲ੍ਹਾਂ ਵਿਭਾਗ ’ਚ ਜੁਆਇਨ ਹੀ ਨਹੀਂ ਕੀਤਾ ਜਾਂ ਜਲਦ ਨੌਕਰੀ ਛੱਡ ਗਏ। ਜੇਲ੍ਹ ਵਿਭਾਗ ਨੂੰ ਚਾਰ ਵਾਰ ਉਡੀਕ ਸੂਚੀ ਵਾਲੇ ਉਮੀਦਵਾਰਾਂ ਨੂੰ ਬੁਲਾਉਣਾ ਪਿਆ। ਜੇਲ੍ਹ ਵਿਭਾਗ ਨੂੰ ਚੌਥੀ ਸੂਚੀ ’ਚ 17 ਉਮੀਦਵਾਰ ਹੀ ਮਿਲੇ ਸਨ। ਪੰਜਾਬ ਸਰਕਾਰ ਨੇ ਮੁੜ 26 ਜੁਲਾਈ 2024 ਨੂੰ ਜੇਲ੍ਹ ਵਾਰਡਰ ਦੀਆਂ 175 ਅਸਾਮੀਆਂ ਅਤੇ ਮੈਟਰਨ ਦੀਆਂ ਚਾਰ ਅਸਾਮੀਆਂ ਕੱਢੀਆਂ। ਇਨ੍ਹਾਂ ਅਸਾਮੀਆਂ ਲਈ 39,400 ਲੜਕਿਆਂ ਅਤੇ 2635 ਲੜਕੀਆਂ ਨੇ ਅਪਲਾਈ ਕੀਤਾ। ਲਿਖਤੀ ਪ੍ਰੀਖਿਆ ਮਗਰੋਂ ਜਦੋਂ ਫਿਜ਼ੀਕਲ ਟੈੱਸਟ ਲਈ ਲੰਘੇ ਮਹੀਨੇ 1826 ਉਮੀਦਵਾਰ ਬੁਲਾਏ ਗਏ ਤਾਂ 1013 ਉਮੀਦਵਾਰ ਗੈਰ ਹਾਜ਼ਰ ਹੀ ਹੋ ਗਏ।
ਇਨ੍ਹਾਂ ’ਚ 40 ਲੜਕੀਆਂ ਚੋਂ ਸਿਰਫ਼ 13 ਲੜਕੀਆਂ ਹੀ ਫਿਜ਼ੀਕਲ ਟੈੱਸਟ ਦੇਣ ਪੁੱਜੀਆਂ। ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਪੁਰਾਣਾ ਰੁਝਾਨ ਅਜਿਹਾ ਨਹੀਂ ਸੀ ਜਦੋਂ ਕਿ ਹੁਣ ਉਮੀਦਵਾਰਾਂ ਦੀ ਗੈਰ ਹਾਜ਼ਰੀ ਤੋਂ ਸਪਸ਼ਟ ਹੈ ਕਿ ਜੇਲ੍ਹ ਦੀ ਨੌਕਰੀ ਨਵੀਂ ਪੀੜੀ ਲਈ ਤਰਜੀਹੀ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਜੁਲਾਈ 2025 ’ਚ ਮੁੜ ਜੇਲ੍ਹ ਵਾਰਡਰ ਦੀਆਂ 451 ਅਤੇ 20 ਅਸਾਮੀਆਂ ਮੈਟਰਨ ਦੀਆਂ ਕੱਢੀਆਂ ਹਨ। ਇਸੇ ਤਰ੍ਹਾਂ 29 ਸਹਾਇਕ ਜੇਲ੍ਹ ਸੁਪਰਡੈਂਟ ਭਰਤੀ ਕੀਤੇ ਜਾਣੇ ਹਨ। ਇਨ੍ਹਾਂ ਅਸਾਮੀਆਂ ਲਈ ਪ੍ਰੀਖਿਆ ਜਨਵਰੀ ’ਚ ਹੋਣ ਦੀ ਸੰਭਾਵਨਾ ਹੈ।ਇਸ ਵੇਲੇ ਪੰਜਾਬ ਵਿੱਚ ਕੁੱਲ 2422 ਜੇਲ੍ਹ ਵਾਰਡਰ ਅਸਾਮੀਆਂ ਹਨ, ਜਿਨ੍ਹਾਂ ’ਚੋਂ 1312 ਭਰੀਆਂ ਤੇ 1110 ਖਾਲੀ ਹਨ। ਅਧਿਕਾਰੀ ਦੱਸਦੇ ਹਨ ਕਿ ਜੇਲ੍ਹ ਵਾਰਡਰਾਂ ਦੀ ਵਾਰ ਵਾਰ ਭਰਤੀ ਕਰਨੀ ਪੈ ਰਹੀ ਹੈ ਕਿਉਂਕਿ ਇੱਕ ਤਾਂ ਜੇਲ੍ਹ ਵਾਰਡਰਾਂ ਦੀ ਸੇਵਾ ਮੁਕਤੀ ਹੋ ਜਾਂਦੀ ਹੈ ਅਤੇ ਦੂਸਰਾ ਬਹੁਤੇ ਉਮੀਦਵਾਰ ਜੁਆਇਨ ਹੀ ਨਹੀਂ ਕਰਦੇ ਹਨ।
ਪੰਜਾਬ ਦੀਆਂ ਜੇਲ੍ਹਾਂ ’ਚ ਇਸ ਵੇਲੇ 34,530 ਬੰਦੀ ਹੈ ਅਤੇ ਲਗਾਤਾਰ ਜੇਲ੍ਹਾਂ ਵਿਚ ਬੰਦੀਆਂ ਦੀ ਗਿਣਤੀ ਵਧ ਰਹੀ ਹੈ ਪ੍ਰੰਤੂ ਜੇਲ੍ਹ ਸਟਾਫ਼ ਕਾਫ਼ੀ ਘੱਟ ਹੈ। ਸੂਤਰ ਆਖਦੇ ਹਨ ਕਿ ਜੇਲ੍ਹਾਂ ’ਚ ਗੈਂਗਸਟਰਾਂ ਦਾ ਦਬਦਬਾ ਜ਼ਿਆਦਾ ਰਹਿੰਦਾ ਹੈ ਅਤੇ ਮਾੜੇ ਅਨਸਰਾਂ ਦੇ ਡਰੋਂ ਨੌਜਵਾਨ ਜੇਲ੍ਹ ਦੀ ਨੌਕਰੀ ਤੋਂ ਭੱਜਦੇ ਹਨ। ਜੇਲ੍ਹ ਦੀ ਡਿਊਟੀ ਬੱਝਵੀਂ ਅਤੇ ਜ਼ਿੰਮੇਵਾਰੀ ਵਾਲੀ ਹੈ। ਇੱਕ ਸੀਮਿਤ ਖੇਤਰ ’ਚ ਡਿਊਟੀ ਹੁੰਦੀ ਹੈ। ਜੇਲ੍ਹ ਅਧਿਕਾਰੀ ਆਖਦੇ ਹਨ ਕਿ ਜਦੋਂ ਨਵੇਂ ਭਰਤੀ ਹੋਏ ਜੇਲ੍ਹ ਵਾਰਡਰਾਂ ਦੀ ਜਦੋਂ ਕਿਧਰੇ ਹੋਰ ਨਿਯੁਕਤੀ ਹੋ ਜਾਂਦੀ ਹੈ ਤਾਂ ਉਹ ਜੇਲ੍ਹ ਦੀ ਨੌਕਰੀ ਛੱਡ ਜਾਂਦੇ ਹਨ।
.jpg)
No comments:
Post a Comment