ਸਿਆਸੀ ਕਲਾਬਾਜ਼ੀ ਭੱਤਿਆਂ ’ਤੇ ਤਾਣੀ ਸੁਰੱਖਿਆ ਛੱਤਰੀ..!ਚਰਨਜੀਤ ਭੁੱਲਰ
ਚੰਡੀਗੜ੍ਹ:ਪੰਜਾਬ ਦੇ ਵਿਧਾਇਕ ਭੱਤੇ ਲੈਣ ’ਚ ਧੂੜਾਂ ਪੁੱਟ ਰਹੇ ਹਨ। ਨਵੇਂ ਤੱਥ ਉੱਭਰੇ ਹਨ ਕਿ ਜਦੋਂ ਵਿਧਾਇਕ ਸਰਕਾਰੀ ਮੀਟਿੰਗਾਂ ਜਾਂ ਸਮਾਗਮਾਂ ’ਚ ਸ਼ਾਮਲ ਹੁੰਦੇ ਹਨ ਤਾਂ ਉਹ ਆਪਣੇ ਪ੍ਰਾਈਵੇਟ ਵਾਹਨਾਂ ਦੀ ਵਰਤੋਂ ਕਰਦੇ ਹਨ ਜਿਸ ਦੇ ਬਦਲੇ ’ਚ ਉਨ੍ਹਾਂ ਨੂੰ ਰਹਿਣ ਸਹਿਣ ਅਤੇ ਤੇਲ ਦਾ ਖਰਚਾ ਮਿਲਦਾ ਹੈ। ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਨੂੰ ਜੋ ਸਰਕਾਰੀ ਗੱਡੀਆਂ ਅਲਾਟ ਕੀਤੀਆਂ ਹਨ, ਵਿਧਾਇਕ ਉਨ੍ਹਾਂ ਨੂੰਹ ਸਕਿਉਰਿਟੀ ਵਜੋਂ ਨਾਲ ਵਰਤਦੇ ਹਨ। ਮਤਲਬ ਕਿ ਵਿਧਾਇਕ ਪ੍ਰਾਈਵੇਟ ਗੱਡੀ ’ਚ ਸਫ਼ਰ ਕਰਦੇ ਹਨ ਅਤੇ ਸਰਕਾਰੀ ਗੱਡੀ ਬਤੌਰ ਸਕਿਉਰਿਟੀ ਨਾਲ ਚੱਲਦੀ ਹੈ। ਸਰਕਾਰੀ ਗੱਡੀ ਦਾ ਖਰਚਾ ਵੱਖਰੇ ਤੌਰ ’ਤੇ ਟਰਾਂਸਪੋਰਟ ਵਿਭਾਗ ਚੁੱਕਦਾ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ ਵਿਧਾਇਕਾਂ ਚੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਭੱਤੇ ਲੈਣ ’ਚ ਝੰਡੀ ਲੈ ਗਏ ਹਨ ਜਿਨ੍ਹਾਂ ਨੇ ਲੰਘੇ ਤਿੰਨ ਵਰ੍ਹਿਆਂ (2022-23 ਤੋਂ 2024-25) ਦੌਰਾਨ 15.17 ਲੱਖ ਰੁਪਏ ਇਕੱਲੇ ਟੀਏ/ਡੀਏ ਵਜੋਂ ਪ੍ਰਾਪਤ ਕੀਤੇ ਹਨ।
ਦੂਜਾ ਨੰਬਰ ਹਲਕਾ ਭੁੱਚੋ ਮੰਡੀ ਦੇ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਹੈ ਜਿਨ੍ਹਾਂ ਨੇ ਤਿੰਨ ਸਾਲਾਂ ’ਚ 12.30 ਲੱਖ ਰੁਪਏ ਭੱਤੇ ਵਜੋਂ ਹਾਸਲ ਕੀਤੇ। ਤੀਜਾ ਨੰਬਰ ‘ਆਪ’ ਵਿਧਾਇਕ ਜਸਬੀਰ ਸਿੰਘ ਸੰਧੂ ਦਾ ਹੈ ਜਿਨ੍ਹਾਂ ਨੇ ਇਸ ਸਮੇਂ ਦੌਰਾਨ 11.14 ਲੱਖ ਰੁਪਏ ਟੀਏ/ਡੀਏ ਵਜੋਂ ਲਏ। ਬੁਢਲਾਡਾ ਤੋਂ ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਚੌਥੇ ਨੰਬਰ ’ਤੇ ਹਨ ਜਿਨ੍ਹਾਂ ਨੇ ਭੱਤਿਆਂ ਵਜੋਂ 11.11 ਲੱਖ ਰੁਪਏ ਪ੍ਰਾਪਤ ਕੀਤੇ। ਜਾਣਕਾਰੀ ਅਨੁਸਾਰ ਸਾਰੇ ਵਿਧਾਇਕ ਪੰਜਾਬ ਵਿਧਾਨ ਸਭਾ ਦੀਆਂ ਅਲੱਗ ਅਲੱਗ ਕਮੇਟੀਆਂ ਦੇ ਮੈਂਬਰ ਆਦਿ ਹਨ ਅਤੇ ਇਨ੍ਹਾਂ ਕਮੇਟੀਆਂ ਦੀਆਂ ਮੀਟਿੰਗਾਂ ’ਚ ਵਿਧਾਇਕ ਭਾਗ ਲੈਂਦੇ ਹਨ। ਨਿਯਮਾਂ ਅਨੁਸਾਰ ਵਿਧਾਇਕ ਨੂੰ ਪ੍ਰਾਈਵੇਟ ਵਾਹਨ ਦੀ ਵਰਤੋ ਕਰਨ ’ਤੇ ਪ੍ਰਤੀ ਕਿੱਲੋਮੀਟਰ 15 ਰੁਪਏ ਮਿਲਦੇ ਹਨ ਅਤੇ ਇਸ ਤੋਂ ਇਲਾਵਾ ਰੋਜ਼ਾਨਾ ਭੱਤੇ ਵਜੋਂ 1500 ਰੁਪਏ ਮਿਲਦੇ ਹਨ। ਮਿਸਾਲ ਦੇ ਤੌਰ ’ਤੇ ਇੱਕ ਵਿਧਾਇਕ ਚੰਡੀਗੜ੍ਹ ਮੀਟਿੰਗ ’ਚ ਸ਼ਾਮਲ ਹੁੰਦਾ ਹੈ ਤਾਂ ਉਹ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਤੇ ਇੱਕ ਦਿਨ ਬਾਅਦ ਦਾ ਵੀ ਡੀਏ ਲੈਣ ਦਾ ਹੱਕਦਾਰ ਹੈ।
ਭੱਤੇ ਲੈਣ ’ਚ ਕਿਸੇ ਵੀ ਪਾਰਟੀ ਦੇ ਵਿਧਾਇਕ ਪਿੱਛੇ ਨਹੀਂ ਹਨ।ਹਲਕਾ ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਤਿੰਨ ਸਾਲਾਂ ’ਚ 10.64 ਲੱਖ ਰੁਪਏ, ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਨੇ 10.28 ਲੱਖ ਰੁਪਏ, ਕਾਂਗਰਸ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 10.08 ਲੱਖ ਰੁਪਏ, ਸੁਖਵਿੰਦਰ ਕੁਮਾਰ ਸੁੱਖੀ ਨੇ 9.11 ਲੱਖ ਰੁਪਏ, ਬਸਪਾ ਵਿਧਾਇਕ ਨਛੱਤਰ ਪਾਲ ਨੇ 7.80 ਲੱਖ ਰੁਪਏ, ਵਿਧਾਇਕ ਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ 9.36 ਲੱਖ ਰੁਪਏ, ਜੀਵਨ ਜੀਤ ਕੌਰ ਨੇ 8.18 ਲੱਖ ਰੁਪਏ, ਮਾਨਸਾ ਤੋਂ ਵਿਧਾਇਕ ਵਿਜੇ ਸਿੰਗਲਾ ਨੇ 8.78 ਲੱਖ ਰੁਪਏ ਅਤੇ ਦਲਜੀਤ ਸਿੰਘ ਗਰੇਵਾਲ ਨੇ 8.68 ਲੱਖ ਰੁਪਏ ਭੱਤਿਆਂ ਵਜੋਂ ਵਸੂਲ ਕੀਤੇ ਹਨ।ਸਰਕਾਰੀ ਤੱਥਾਂ ਅਨੁਸਾਰ ਵਿਧਾਇਕ ਮੀਟਿੰਗਾਂ ’ਚ ਆਉਣ ਲਈ ਦੋ ਦੋ ਵਾਹਨ ਵਰਤਦੇ ਹਨ, ਇੱਕ ਸਰਕਾਰੀ ਅਤੇ ਇੱਕ ਪ੍ਰਾਈਵੇਟ।
ਪਬਲਿਕ ਐਕਸ਼ਨ ਕਮੇਟੀ ਦੇ ਸੀਨੀਅਰ ਆਗੂ ਡਾ. ਅਮਨਦੀਪ ਸਿੰਘ ਬੈਂਸ (ਲੁਧਿਆਣਾ) ਦਾ ਕਹਿਣਾ ਸੀ ਕਿ ਅਸਲ ’ਚ ਵਿਧਾਇਕ ਮੀਟਿੰਗਾਂ ’ਚ ਸ਼ਾਮਲ ਹੋਣ ਲਈ ਇਕੱਲੀ ਸਰਕਾਰੀ ਗੱਡੀ ਦੀ ਹੀ ਵਰਤੋਂ ਕਰਦੇ ਹਨ ਪ੍ਰੰਤੂ ਭੱਤੇ ਲੈਣ ਲਈ ਉਹ ਨਾਲ ਪ੍ਰਾਈਵੇਟ ਵਾਹਨ ਦਾ ਭੱਤਾ ਵੀ ਕਲੇਮ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਜਿਸ ਨਾਲ ਖ਼ਜ਼ਾਨੇ ਦੇ ਕਰੋੜਾਂ ਰੁਪਏ ਬਚ ਸਕਦੇ ਹਨ।
ਪਿਉ-ਪੁੱਤ ਦੀ ਜੋੜੀ ਨਹੀਂ ਲੈਂਦੀ ਭੱਤੇ..
ਜਦੋਂ ਵਿਧਾਇਕ ਭੱਤੇ ਲੈਣ ’ਚ ਮੋਹਰੀ ਹਨ ਤਾਂ ਇੱਕ ਵਿਧਾਇਕ ਪਿਉ ਪੁੱਤ ਦੀ ਜੋੜੀ ਕੋਈ ਭੱਤਾ ਨਹੀਂ ਲੈ ਰਹੀ ਹੈ। ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਪੁੱਤਰ ਰਾਣਾ ਇੰਦਰ ਸਿੰਘ ਵੱਲੋਂ ਲੰਘੇ ਤਿੰਨ ਵਰ੍ਹਿਆਂ ’ਚ ਕੋਈ ਟੀਏ/ਡੀਏ ਨਹੀਂ ਲਿਆ ਗਿਆ ਹੈ। ਘੱਟ ਭੱਤੇ ਲੈਣ ਵਾਲਿਆਂ ’ਚ ਭਾਜਪਾ ਦੇ ਅਸ਼ਵਨੀ ਕੁਮਾਰ ਸ਼ਰਮਾ, ਗੁਰਲਾਲ ਘਨੌਰ, ਮਨਪ੍ਰੀਤ ਸਿੰਘ ਇਆਲੀ, ਕਾਂਗਰਸੀ ਵਿਧਾਇਕ ਪਰਗਟ ਸਿੰਘ ਆਦਿ ਸ਼ਾਮਲ ਹਨ।
ਭੱਤੇ ਲੈਣ ’ਚ ਮੋਹਰੀ ਵਿਧਾਇਕ
ਵਿਧਾਇਕ ਦਾ ਨਾਮ ਤਿੰਨ ਸਾਲਾਂ ’ਚ ਲਈ ਰਾਸ਼ੀ
ਸੁਖਵਿੰਦਰ ਸਿੰਘ : 15.17 ਲੱਖ
ਜਗਸੀਰ ਸਿੰਘ : 12.30 ਲੱਖ
ਜਸਬੀਰ ਸਿੰਘ ਸੰਧੂ : 11.14 ਲੱਖ
ਪ੍ਰਿੰਸੀਪਲ ਬੁੱਧ ਰਾਮ : 11.11 ਲੱਖ
ਅਮਿਤ ਰਤਨ ਕੋਟਫੱਤਾ : 10.64 ਲੱਖ
ਅਰੁਣਾ ਚੌਧਰੀ : 10.31 ਲੱਖ
ਅਮੋਲਕ ਸਿੰਘ :10.28 ਲੱਖ
ਤ੍ਰਿਪਤ ਰਜਿੰਦਰ ਸਿੰਘ ਬਾਜਵਾ : 10.08 ਲੱਖ
ਸੁਖਵਿੰਦਰ ਕੁਮਾਰ ਸੁੱਖੀ : 9.11 ਲੱਖ

No comments:
Post a Comment