Monday, December 22, 2025

 ਮੈਡੀਕਲ ਭੱਤਾ
ਨਾ ਟੀਕਾ ਨਾ ਗੋਲੀ,ਖ਼ਜ਼ਾਨਾ ਨੌ-ਬਰ-ਨੌ..! 
ਚਰਨਜੀਤ ਭੁੱਲਰ  

ਚੰਡੀਗੜ੍ਹ : ਹੁਣ ਵਿਧਾਇਕਾਂ ਦੇ ਮੈਡੀਕਲ ਖ਼ਰਚੇ ਦਾ ਬੋਝ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਟੀਕਾ ਨਹੀਂ ਲਾਉਂਦਾ ਹੈ। ਲੰਘੇ ਵਰ੍ਹਿਆਂ ਤੋਂ ਵਿਧਾਇਕਾਂ ਦਾ ਮੈਡੀਕਲ ਖਰਚਾ ਘਟਿਆ ਹੈ ਜਦੋਂ ਕਿ ਪਹਿਲੋਂ ਮੈਡੀਕਲ ਖ਼ਰਚੇ ਸਰਕਾਰੀ ਖ਼ਜ਼ਾਨੇ ਨੂੰ ਦਮੋਂ ਕੱਢ ਦਿੰਦੇ ਸਨ। ਅਗਰ ਸਿਹਤ ਬੀਮਾ ਸਕੀਮ ਵਿਧਾਇਕਾਂ ’ਤੇ ਵੀ ਲਾਗੂ ਹੋ ਜਾਵੇ ਤਾਂ ਖ਼ਜ਼ਾਨੇ ਦਾ ਭਾਰ ਹੋਰ ਵੀ ਘੱਟ ਸਕਦਾ ਹੈ। ਮੌਜੂਦਾ ਸਰਕਾਰ ਦੇ ਪਹਿਲੇ ਤਿੰਨ ਵਿੱਤੀ ਵਰ੍ਹਿਆਂ ਦੌਰਾਨ ਵਿਧਾਇਕਾਂ ਦਾ ਸਮੁੱਚਾ ਮੈਡੀਕਲ ਖਰਚਾ 66.38 ਲੱਖ ਰਿਹਾ ਹੈ ਜੋ ਕਿ ਸਲਾਨਾ ਔਸਤਨ 22 ਲੱਖ ਰੁਪਏ ਬਣਦਾ ਹੈ। ਜਦੋਂ ਵਿਧਾਇਕਾਂ ਦੇ ਸਾਲ 2007-08 ਤੋਂ 2018-19 ਤੱਕ ਦੇ ਮੈਡੀਕਲ ਖ਼ਰਚੇ ’ਤੇ ਨਜ਼ਰ ਮਾਰਦੇ ਹਨ ਤਾਂ ਔਸਤਨ ਸਲਾਨਾ ਮੈਡੀਕਲ ਖਰਚਾ 56.72 ਲੱਖ ਰੁਪਏ ਬਣਦਾ ਹੈ। ਲੰਘੇ ਤਿੰਨ ਵਰ੍ਹਿਆਂ ’ਚ ਸਿਰਫ਼ ਦਰਜਨ ਵਿਧਾਇਕਾਂ ਨੇ ਹੀ ਮੈਡੀਕਲ ਖਰਚਾ ਲਿਆ ਹੈ। ਮੌਜੂਦਾ ਸਰਕਾਰ ’ਚ ਜ਼ਿਆਦਾ ਵਿਧਾਇਕ ਨੌਜਵਾਨ ਹੀ ਹਨ ਜਿਸ ਕਰਕੇ ਖ਼ਜ਼ਾਨੇ ਦਾ ਮੈਡੀਕਲ ਖ਼ਰਚੇ ਤੋਂ ਬਚਾਅ ਰਿਹਾ ਹੈ। 

         ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਸਾਲ 2022-23 ’ਚ ਸੱਤ ਵਿਧਾਇਕਾਂ ਨੇ 12.47 ਲੱਖ ਰੁਪਏ ਇਲਾਜ ’ਤੇ ਖ਼ਰਚ ਕੀਤੇ। ਇਸੇ ਤਰ੍ਹਾਂ ਸਾਲ 2023-24 ’ਚ 15 ਵਿਧਾਇਕਾਂ ਦੇ ਇਲਾਜ ’ਤੇ 22.62 ਲੱਖ ਰੁਪਏ ਦਾ ਖਰਚਾ ਆਇਆ ਜਦੋਂ ਕਿ ਤੀਜੇ ਵਰ੍ਹੇ 2024-25 ’ਚ 12 ਵਿਧਾਇਕਾਂ ਨੇ ਸਰਕਾਰੀ ਖ਼ਜ਼ਾਨੇ ਚੋਂ 31.28 ਲੱਖ ਰੁਪਏ ਦਾ ਮੈਡੀਕਲ ਬਿੱਲ ਲਿਆ ਹੈ। ਵੇਰਵਿਆਂ ਅਨੁਸਾਰ 2012-13 ਤੋਂ 2021-22 ਦਾ ਵਿਧਾਇਕਾਂ ਦਾ ਮੈਡੀਕਲ ਬਿੱਲ ਦੇਖੀਏ ਤਾਂ ਸਲਾਨਾ ਔਸਤਨ 28.77 ਲੱਖ ਰੁਪਏ ਰਿਹਾ ਹੈ। ਮੌਜੂਦਾ ਵਿਧਾਇਕਾਂ ਚੋਂ ਸਭ ਤੋਂ ਵੱਧ ਮੈਡੀਕਲ ਖਰਚਾ ਤਿੰਨ ਸਾਲਾਂ ’ਚ 15.72 ਲੱਖ ਰੁਪਏ ‘ਆਪ’ ਵਿਧਾਇਕ ਅਜੈ ਗੁਪਤਾ ਨੇ ਲਿਆ ਹੈ ਜਦੋਂ ਕਿ ਦੂਜੇ ਨੰਬਰ ’ਤੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਹਨ ਜਿਨ੍ਹਾਂ ਨੇ ਤਿੰਨ ਸਾਲ ’ਚ 8.97 ਲੱਖ ਰੁਪਏ ਦਾ ਮੈਡੀਕਲ ਖਰਚਾ ਲਿਆ ਹੈ।

         ਤਰਨ ਤਾਰਨ ਤੋਂ ਵਿਧਾਇਕ ਰਹੇ ਮਰਹੂਮ ਕਸ਼ਮੀਰ ਸਿੰਘ ਸੋਹਲ ਦਾ ਵੀ ਕਾਫ਼ੀ ਸਮਾਂ ਇਲਾਜ ਚੱਲਦਾ ਰਿਹਾ ਜਿਨ੍ਹਾਂ ਦੇ ਇਲਾਜ ’ਤੇ 7.85 ਲੱਖ ਰੁਪਏ ਦਾ ਖਰਚਾ ਆਇਆ। ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਇਸ ਵੇਲੇ ਜੇਲ੍ਹ ’ਚ ਹਨ ਪ੍ਰੰਤੂ ਉਨ੍ਹਾਂ ਨੇ ਵੀ ਤਿੰਨ ਸਾਲਾਂ ’ਚ 6.20 ਲੱਖ ਰੁਪਏ ਦਾ ਮੈਡੀਕਲ ਬਿੱਲ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਵਿਧਾਇਕਾ ਸੰਤੋਸ਼ ਕੁਮਾਰੀ ਨੇ 4.12 ਲੱਖ ਰੁਪਏ ਦਾ ਮੈਡੀਕਲ ਬਿੱਲ ਲਿਆ ਜਦੋਂ ਕਿ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਨੇ 2.49 ਲੱਖ ਰੁਪਏ ਬਤੌਰ ਮੈਡੀਕਲ ਬਿੱਲ ਲਏ।ਵਿਰੋਧੀ ਧਿਰ ਕਾਂਗਰਸ ਚੋਂ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਨੇ 6.70 ਲੱਖ ਰੁਪਏ ਦਾ ਮੈਡੀਕਲ ਬਿੱਲ ਪ੍ਰਾਪਤ ਕੀਤਾ ਹੈ। ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਵੀ 1.85 ਲੱਖ ਰੁਪਏ ਦਾ ਮੈਡੀਕਲ ਬਿੱਲ ਖ਼ਜ਼ਾਨੇ ਚੋਂ ਲਿਆ ਹੈ।

          ਇਸ ਤੋਂ ਇਲਾਵਾ ਲੰਘੇ ਤਿੰਨ ਸਾਲਾਂ ’ਚ ਵਿਧਾਇਕ ਅਮਨਦੀਪ ਸਿੰਘ ਮੁਸਾਫ਼ਰ ਨੇ 1.56 ਲੱਖ ਰੁਪਏ, ਪ੍ਰਿੰਸੀਪਲ ਬੁੱਧ ਰਾਮ ਨੇ 1.43 ਲੱਖ ਰੁਪਏ, ਜਸਵਿੰਦਰ ਸਿੰਘ ਰਮਦਾਸ ਨੇ 1.16 ਲੱਖ ਰੁਪਏ ਅਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 1.02 ਲੱਖ ਰੁਪਏ ਦਾ ਮੈਡੀਕਲ ਬਿੱਲ ਖ਼ਜ਼ਾਨੇ ਚੋਂ ਪ੍ਰਾਪਤ ਕੀਤਾ ਹੈ। ਨਿਯਮਾਂ ਅਨੁਸਾਰ ਵਿਧਾਇਕਾਂ ਤੇ ਵਜ਼ੀਰਾਂ ਦੇ ਇਲਾਜ ਲਈ ਪੈਸੇ ਦੀ ਕੋਈ ਸੀਮਾ ਨਿਸ਼ਚਿਤ ਨਹੀਂ ਹੈ। ਵਿਧਾਇਕਾਂ ਤੇ ਵਜ਼ੀਰਾਂ ਤੋਂ ਬਿਨਾਂ ਜੇਲ੍ਹਾਂ ਦੇ ਬੰਦੀਆਂ ਦੇ ਇਲਾਜ ’ਤੇ ਖੁੱਲ੍ਹਾ ਖਰਚਾ ਕਰਨ ਦੀ ਵਿਵਸਥਾ ਹੈ। ਹਾਲਾਂਕਿ ਕੈਂਸਰ ਪੀੜਤਾਂ ਨੂੰ ਜੋ ਮੈਡੀਕਲ ਵਜੋਂ ਰਾਹਤ ਫ਼ੰਡ  ਦਿੱਤਾ ਜਾਂਦਾ ਹੈ, ਉਸ ਦੀ ਵੀ ਇੱਕ ਸੀਮਾ ਹੈ।

                     ਖੁੱਲ੍ਹਾ ਮਿਲਦਾ ਹੈ ਮੈਡੀਕਲ ਭੱਤਾ  

ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਐਕਟ 1977 ਅਨੁਸਾਰ 1 ਜਨਵਰੀ 1998 ਤੋਂ 22 ਅਪਰੈਲ 2003 ਤੱਕ ਵਿਧਾਇਕਾਂ ਨੂੰ ਨਿਸ਼ਚਿਤ ਭੱਤਾ 250 ਰੁਪਏ ਪ੍ਰਤੀ ਮਹੀਨਾ ਮਿਲਦਾ ਰਿਹਾ ਹੈ। ਪੰਜਾਬ ਸਰਕਾਰ ਨੇ 20 ਫਰਵਰੀ 2004 ਨੂੰ ਵਿਧਾਇਕਾਂ ਨੂੰ ਖੁੱਲ੍ਹਾ ਮੈਡੀਕਲ ਭੱਤਾ ਦੇਣ ਦਾ ਫ਼ੈਸਲਾ ਲੈ ਲਿਆ। ਮੌਜੂਦਾ ਸਮੇਂ ਹਰ ਵਿਧਾਇਕ ਅਤੇ ਉਸ ਦੇ ਚਾਰ ਆਸਰਿਤ ਪ੍ਰਵਾਰਿਕ ਮੈਂਬਰਾਂ ਨੂੰ ਮੈਡੀਕਲ ਭੱਤਾ ਦਿੱਤਾ ਜਾਂਦਾ ਹੈ। ਹੁਣ ਮੈਡੀਕਲ ਖ਼ਰਚੇ ਦੀ ਕੋਈ ਸੀਮਾ ਨਹੀਂ ਹੈ। 


No comments:

Post a Comment