Showing posts with label TA/DA. Show all posts
Showing posts with label TA/DA. Show all posts

Tuesday, December 23, 2025

 ਸਿਆਸੀ ਕਲਾਬਾਜ਼ੀ 
 ਭੱਤਿਆਂ ’ਤੇ ਤਾਣੀ ਸੁਰੱਖਿਆ ਛੱਤਰੀ..!
ਚਰਨਜੀਤ ਭੁੱਲਰ

ਚੰਡੀਗੜ੍ਹ:ਪੰਜਾਬ ਦੇ ਵਿਧਾਇਕ ਭੱਤੇ ਲੈਣ ’ਚ ਧੂੜਾਂ ਪੁੱਟ ਰਹੇ ਹਨ। ਨਵੇਂ ਤੱਥ ਉੱਭਰੇ ਹਨ ਕਿ ਜਦੋਂ ਵਿਧਾਇਕ ਸਰਕਾਰੀ ਮੀਟਿੰਗਾਂ ਜਾਂ ਸਮਾਗਮਾਂ ’ਚ ਸ਼ਾਮਲ ਹੁੰਦੇ ਹਨ ਤਾਂ ਉਹ ਆਪਣੇ ਪ੍ਰਾਈਵੇਟ ਵਾਹਨਾਂ ਦੀ ਵਰਤੋਂ ਕਰਦੇ ਹਨ ਜਿਸ ਦੇ ਬਦਲੇ ’ਚ ਉਨ੍ਹਾਂ ਨੂੰ ਰਹਿਣ ਸਹਿਣ ਅਤੇ ਤੇਲ ਦਾ ਖਰਚਾ ਮਿਲਦਾ ਹੈ। ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਨੂੰ ਜੋ ਸਰਕਾਰੀ ਗੱਡੀਆਂ ਅਲਾਟ ਕੀਤੀਆਂ ਹਨ, ਵਿਧਾਇਕ ਉਨ੍ਹਾਂ ਨੂੰਹ ਸਕਿਉਰਿਟੀ ਵਜੋਂ ਨਾਲ ਵਰਤਦੇ ਹਨ। ਮਤਲਬ ਕਿ ਵਿਧਾਇਕ ਪ੍ਰਾਈਵੇਟ ਗੱਡੀ ’ਚ ਸਫ਼ਰ ਕਰਦੇ ਹਨ ਅਤੇ ਸਰਕਾਰੀ ਗੱਡੀ ਬਤੌਰ ਸਕਿਉਰਿਟੀ ਨਾਲ ਚੱਲਦੀ ਹੈ। ਸਰਕਾਰੀ ਗੱਡੀ ਦਾ ਖਰਚਾ ਵੱਖਰੇ ਤੌਰ ’ਤੇ ਟਰਾਂਸਪੋਰਟ ਵਿਭਾਗ ਚੁੱਕਦਾ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ ਵਿਧਾਇਕਾਂ ਚੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਭੱਤੇ ਲੈਣ ’ਚ ਝੰਡੀ ਲੈ ਗਏ ਹਨ ਜਿਨ੍ਹਾਂ ਨੇ ਲੰਘੇ ਤਿੰਨ ਵਰ੍ਹਿਆਂ (2022-23 ਤੋਂ 2024-25) ਦੌਰਾਨ 15.17 ਲੱਖ ਰੁਪਏ ਇਕੱਲੇ ਟੀਏ/ਡੀਏ ਵਜੋਂ ਪ੍ਰਾਪਤ ਕੀਤੇ ਹਨ। 

            ਦੂਜਾ ਨੰਬਰ ਹਲਕਾ ਭੁੱਚੋ ਮੰਡੀ ਦੇ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਹੈ ਜਿਨ੍ਹਾਂ ਨੇ ਤਿੰਨ ਸਾਲਾਂ ’ਚ 12.30 ਲੱਖ ਰੁਪਏ ਭੱਤੇ ਵਜੋਂ ਹਾਸਲ ਕੀਤੇ। ਤੀਜਾ ਨੰਬਰ ‘ਆਪ’ ਵਿਧਾਇਕ ਜਸਬੀਰ ਸਿੰਘ ਸੰਧੂ ਦਾ ਹੈ ਜਿਨ੍ਹਾਂ ਨੇ ਇਸ ਸਮੇਂ ਦੌਰਾਨ 11.14 ਲੱਖ ਰੁਪਏ ਟੀਏ/ਡੀਏ ਵਜੋਂ ਲਏ। ਬੁਢਲਾਡਾ ਤੋਂ ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਚੌਥੇ ਨੰਬਰ ’ਤੇ ਹਨ ਜਿਨ੍ਹਾਂ ਨੇ ਭੱਤਿਆਂ ਵਜੋਂ 11.11 ਲੱਖ ਰੁਪਏ ਪ੍ਰਾਪਤ ਕੀਤੇ। ਜਾਣਕਾਰੀ ਅਨੁਸਾਰ ਸਾਰੇ ਵਿਧਾਇਕ ਪੰਜਾਬ ਵਿਧਾਨ ਸਭਾ ਦੀਆਂ ਅਲੱਗ ਅਲੱਗ ਕਮੇਟੀਆਂ ਦੇ ਮੈਂਬਰ ਆਦਿ ਹਨ ਅਤੇ ਇਨ੍ਹਾਂ ਕਮੇਟੀਆਂ ਦੀਆਂ ਮੀਟਿੰਗਾਂ ’ਚ ਵਿਧਾਇਕ ਭਾਗ ਲੈਂਦੇ ਹਨ। ਨਿਯਮਾਂ ਅਨੁਸਾਰ ਵਿਧਾਇਕ ਨੂੰ ਪ੍ਰਾਈਵੇਟ ਵਾਹਨ ਦੀ ਵਰਤੋ ਕਰਨ ’ਤੇ ਪ੍ਰਤੀ ਕਿੱਲੋਮੀਟਰ 15 ਰੁਪਏ ਮਿਲਦੇ ਹਨ ਅਤੇ ਇਸ ਤੋਂ ਇਲਾਵਾ ਰੋਜ਼ਾਨਾ ਭੱਤੇ ਵਜੋਂ 1500 ਰੁਪਏ ਮਿਲਦੇ ਹਨ। ਮਿਸਾਲ ਦੇ ਤੌਰ ’ਤੇ ਇੱਕ ਵਿਧਾਇਕ ਚੰਡੀਗੜ੍ਹ ਮੀਟਿੰਗ ’ਚ ਸ਼ਾਮਲ ਹੁੰਦਾ ਹੈ ਤਾਂ ਉਹ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਤੇ ਇੱਕ ਦਿਨ ਬਾਅਦ ਦਾ ਵੀ ਡੀਏ ਲੈਣ ਦਾ ਹੱਕਦਾਰ ਹੈ। 

           ਭੱਤੇ ਲੈਣ ’ਚ ਕਿਸੇ ਵੀ ਪਾਰਟੀ ਦੇ ਵਿਧਾਇਕ ਪਿੱਛੇ ਨਹੀਂ ਹਨ।ਹਲਕਾ ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਤਿੰਨ ਸਾਲਾਂ ’ਚ 10.64 ਲੱਖ ਰੁਪਏ, ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਨੇ 10.28 ਲੱਖ ਰੁਪਏ, ਕਾਂਗਰਸ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ 10.08 ਲੱਖ ਰੁਪਏ, ਸੁਖਵਿੰਦਰ ਕੁਮਾਰ ਸੁੱਖੀ ਨੇ 9.11 ਲੱਖ ਰੁਪਏ, ਬਸਪਾ ਵਿਧਾਇਕ ਨਛੱਤਰ ਪਾਲ ਨੇ 7.80 ਲੱਖ ਰੁਪਏ, ਵਿਧਾਇਕ ਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ 9.36 ਲੱਖ ਰੁਪਏ, ਜੀਵਨ ਜੀਤ ਕੌਰ ਨੇ 8.18 ਲੱਖ ਰੁਪਏ, ਮਾਨਸਾ ਤੋਂ ਵਿਧਾਇਕ ਵਿਜੇ ਸਿੰਗਲਾ ਨੇ 8.78 ਲੱਖ ਰੁਪਏ ਅਤੇ ਦਲਜੀਤ ਸਿੰਘ ਗਰੇਵਾਲ ਨੇ 8.68 ਲੱਖ ਰੁਪਏ ਭੱਤਿਆਂ ਵਜੋਂ ਵਸੂਲ ਕੀਤੇ ਹਨ।ਸਰਕਾਰੀ ਤੱਥਾਂ ਅਨੁਸਾਰ ਵਿਧਾਇਕ ਮੀਟਿੰਗਾਂ ’ਚ ਆਉਣ ਲਈ ਦੋ ਦੋ ਵਾਹਨ ਵਰਤਦੇ ਹਨ, ਇੱਕ ਸਰਕਾਰੀ ਅਤੇ ਇੱਕ ਪ੍ਰਾਈਵੇਟ। 

           ਪਬਲਿਕ ਐਕਸ਼ਨ ਕਮੇਟੀ ਦੇ ਸੀਨੀਅਰ ਆਗੂ ਡਾ. ਅਮਨਦੀਪ ਸਿੰਘ ਬੈਂਸ (ਲੁਧਿਆਣਾ) ਦਾ ਕਹਿਣਾ ਸੀ ਕਿ ਅਸਲ ’ਚ ਵਿਧਾਇਕ ਮੀਟਿੰਗਾਂ ’ਚ ਸ਼ਾਮਲ ਹੋਣ ਲਈ ਇਕੱਲੀ ਸਰਕਾਰੀ ਗੱਡੀ ਦੀ ਹੀ ਵਰਤੋਂ ਕਰਦੇ ਹਨ ਪ੍ਰੰਤੂ ਭੱਤੇ ਲੈਣ ਲਈ ਉਹ ਨਾਲ ਪ੍ਰਾਈਵੇਟ ਵਾਹਨ ਦਾ ਭੱਤਾ ਵੀ ਕਲੇਮ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਜਿਸ ਨਾਲ ਖ਼ਜ਼ਾਨੇ ਦੇ ਕਰੋੜਾਂ ਰੁਪਏ ਬਚ ਸਕਦੇ ਹਨ।

                                        ਪਿਉ-ਪੁੱਤ ਦੀ ਜੋੜੀ ਨਹੀਂ ਲੈਂਦੀ ਭੱਤੇ..

ਜਦੋਂ ਵਿਧਾਇਕ ਭੱਤੇ ਲੈਣ ’ਚ ਮੋਹਰੀ ਹਨ ਤਾਂ ਇੱਕ ਵਿਧਾਇਕ ਪਿਉ ਪੁੱਤ ਦੀ ਜੋੜੀ ਕੋਈ ਭੱਤਾ ਨਹੀਂ ਲੈ ਰਹੀ ਹੈ। ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਪੁੱਤਰ ਰਾਣਾ ਇੰਦਰ ਸਿੰਘ ਵੱਲੋਂ ਲੰਘੇ ਤਿੰਨ ਵਰ੍ਹਿਆਂ ’ਚ ਕੋਈ ਟੀਏ/ਡੀਏ ਨਹੀਂ ਲਿਆ ਗਿਆ ਹੈ। ਘੱਟ ਭੱਤੇ ਲੈਣ ਵਾਲਿਆਂ ’ਚ ਭਾਜਪਾ ਦੇ ਅਸ਼ਵਨੀ ਕੁਮਾਰ ਸ਼ਰਮਾ, ਗੁਰਲਾਲ ਘਨੌਰ, ਮਨਪ੍ਰੀਤ ਸਿੰਘ ਇਆਲੀ, ਕਾਂਗਰਸੀ ਵਿਧਾਇਕ ਪਰਗਟ ਸਿੰਘ ਆਦਿ ਸ਼ਾਮਲ ਹਨ।

            ਭੱਤੇ ਲੈਣ ’ਚ ਮੋਹਰੀ ਵਿਧਾਇਕ

ਵਿਧਾਇਕ ਦਾ ਨਾਮ         ਤਿੰਨ ਸਾਲਾਂ ’ਚ ਲਈ ਰਾਸ਼ੀ

ਸੁਖਵਿੰਦਰ ਸਿੰਘ            :        15.17 ਲੱਖ

ਜਗਸੀਰ ਸਿੰਘ              :       12.30 ਲੱਖ

ਜਸਬੀਰ ਸਿੰਘ ਸੰਧੂ              : 11.14 ਲੱਖ

ਪ੍ਰਿੰਸੀਪਲ ਬੁੱਧ ਰਾਮ              : 11.11 ਲੱਖ

ਅਮਿਤ ਰਤਨ ਕੋਟਫੱਤਾ        : 10.64 ਲੱਖ

ਅਰੁਣਾ ਚੌਧਰੀ                   : 10.31 ਲੱਖ

ਅਮੋਲਕ ਸਿੰਘ                    :10.28 ਲੱਖ

ਤ੍ਰਿਪਤ ਰਜਿੰਦਰ ਸਿੰਘ ਬਾਜਵਾ  : 10.08 ਲੱਖ

ਸੁਖਵਿੰਦਰ ਕੁਮਾਰ ਸੁੱਖੀ           : 9.11 ਲੱਖ


Tuesday, February 5, 2019

                             ਤੋਰਾ ਫੇਰਾ
       ਭਾਜਪਾ ਪ੍ਰਧਾਨ ਦੇ ਆਏ ‘ਅੱਛੇ ਦਿਨ’ 
                         ਚਰਨਜੀਤ ਭੁੱਲਰ
ਬਠਿੰਡਾ :  ਭਾਜਪਾ ਪ੍ਰਧਾਨ ਤੇ ਐਮ.ਪੀ ਸ਼ਵੇਤ ਮਲਿਕ ਦੇ ‘ਅੱਛੇ ਦਿਨ’ ਦਿਨ ਆ ਗਏ ਹਨ ਜਿਨ੍ਹਾਂ ਦਾ ਤੋਰਾ ਫੇਰਾ (ਟੀ.ਏ/ਡੀ.ਏ) ਕਰੀਬ 45 ਲੱਖ ਰੁਪਏ ’ਚ ਪਿਆ ਹੈ। ਐਮ.ਪੀ ਮਲਿਕ ਨੇ ਭੱਤੇ ਲੈਣ ’ਚ ਤਾਂ ਪੁਰਾਣੇ ਰਾਜ ਸਭਾ ਮੈਂਬਰ ਵੀ ਪਿੱਛੇ ਛੱਡ ਦਿੱਤੇ ਹਨ। ਢਾਈ ਵਰ੍ਹਿਆਂ ਦੌਰਾਨ ਸ਼ਵੇਤ ਮਲਿਕ ਨੇ ਬਤੌਰ ਰਾਜ ਸਭਾ ਮੈਂਬਰ ਅੌਸਤਨ ਰੋਜ਼ਾਨਾ 4775 ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ ਜਦੋਂ ਕਿ ਵਰ੍ਹਾ 2016-17 ਦੌਰਾਨ ਉਨ੍ਹਾਂ ਦਾ ਅੌਸਤਨ ਰੋਜ਼ਾਨਾ ਦਾ ਟੀ.ਏ/ਡੀ.ਏ ਖਰਚਾ 7216 ਰੁਪਏ ਰਿਹਾ ਹੈ।  2017 ਦੇ ਸਤੰਬਰ ਮਹੀਨੇ ’ਚ ਉਨ੍ਹਾਂ ਨੇ ਇੱਕੋ ਮਹੀਨੇ ਦਾ 6.02 ਲੱਖ ਰੁਪਏ ਟੀ.ਏ/ਡੀ.ਏ ਵਸੂਲ ਕੀਤਾ ਹੈ। ਐਮ.ਪੀ ਮਲਿਕ ਨੇ ਬਤੌਰ ਰਾਜ ਸਭਾ ਮੈਂਬਰ ਨਵੇਂ ਰਿਕਾਰਡ ਕਾਇਮ ਕੀਤੇ ਹਨ। ਵੇਰਵਿਆਂ ਅਨੁਸਾਰ ਰਾਜ ਸਭਾ ਮੈਂਬਰ ਨੂੰ ਇਸ ਵੇਲੇ ਪ੍ਰਤੀ ਮਹੀਨਾ ਇੱਕ ਲੱਖ ਰੁਪਏ ਤਨਖ਼ਾਹ, 70 ਹਜ਼ਾਰ ਰੁਪਏ ਹਲਕਾ ਭੱਤਾ, 20 ਹਜ਼ਾਰ ਰੁਪਏ ਦਫ਼ਤਰੀ ਖਰਚਾ ਅਤੇ 40 ਹਜ਼ਾਰ ਰੁਪਏ ਪੀ.ਏ ਦੀ ਤਨਖ਼ਾਹ ਮਿਲਦੀ ਹੈ। ਐਮ.ਪੀ ਸ਼ਵੇਤ ਮਲਿਕ ਨੇ ਢਾਈ ਵਰ੍ਹਿਆਂ ਦੌਰਾਨ ਹੁਣ ਤੱਕ ਤਨਖ਼ਾਹ ਤੇ ਭੱਤਿਆਂ ਵਜੋਂ 82.69 ਲੱਖ ਰੁਪਏ ਵਸੂਲੇ ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਅੌਸਤਨ ਪ੍ਰਤੀ ਦਿਨ ਖ਼ਜ਼ਾਨੇ ਚੋਂ 8891 ਰੁਪਏ ਵਸੂਲ ਪਾਏ ਹਨ।
                   ਐਮ. ਪੀ ਮਲਿਕ ਜੁਲਾਈ 2016 ਤੋਂ ਭੱਤੇ ਲੈ ਰਹੇ ਹਨ। ਮਲਿਕ ਨੇ ਸਾਲ 2016-17 ਦੌਰਾਨ 8.80 ਲੱਖ ਰੁਪਏ, ਸਾਲ 2017-18 ਵਿਚ 26.34 ਲੱਖ ਅਤੇ ਸਾਲ 2018-19 (ਜਨਵਰੀ 2019 ਤੱਕ) ਵਿਚ 9.26 ਲੱਖ ਰੁਪਏ ਟੀ.ਏ/ਡੀ.ਏ ਵਜੋਂ ਮਿਲੇ ਹਨ। ਭਾਜਪਾ ਪ੍ਰਧਾਨ ਨੇ ਅਪਰੈਲ 2017 ਦੇ ਇੱਕੋ ਮਹੀਨੇ ਵਿਚ 4.27 ਲੱਖ ਰੁਪਏ ਅਤੇ ਨਵੰਬਰ 2017 ਦੇ ਇੱਕ ਮਹੀਨੇ ਵਿਚ 3.27 ਲੱਖ ਰੁਪਏ ਟੀ.ਏ/ਡੀ.ਏ ਵਜੋਂ ਪ੍ਰਾਪਤ ਕੀਤੇ ਹਨ। ਪੰਜਾਬ ਤੋਂ ਰਾਜ ਸਭਾ ਦੇ ਸੱਤ ਐਮ.ਪੀ ਹਨ ਜਿਨ੍ਹਾਂ ਚੋਂ ਸਭ ਤੋਂ ਨਵੇਂ ਐਮ.ਪੀ ਸ਼ਵੇਤ ਮਲਿਕ ਹੀ ਹਨ। ਪੁਰਾਣੇ ਰਾਜ ਸਭਾ ਮੈਂਬਰਾਂ ਚੋਂ ਸਭ ਤੋਂ ਵੱਡਾ ਸਰਕਾਰੀ ਮੇਵਾ ਦਾ ਗੱਫਾ ਐਮ.ਪੀ ਨਰੇਸ਼ ਗੁਜਰਾਲ ਨੂੰ ਮਿਲਿਆ ਹੈ ਜਿਨ੍ਹਾਂ ਨੇ ਪੁਰਾਣੇ ਛੇ ਐਮ.ਪੀਜ਼ ਚੋਂ ਸਭ ਤੋਂ ਵੱਧ ਭੱਤੇ ਹਾਸਲ ਕੀਤੇ ਹਨ। ਕਰੀਬ ਪੌਣੇ ਛੇ ਵਰ੍ਹਿਆਂ ਦੌਰਾਨ ਐਮ.ਪੀ ਨਰੇਸ਼ ਗੁਜਰਾਲ ਨੇ 49.90 ਲੱਖ ਰੁਪਏ ਦਾ ਟੀ.ਏ/ਡੀ.ਏ ਲਿਆ ਹੈ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਅੌਸਤਨ ਹਰ ਮਹੀਨੇ 76,782 ਰੁਪਏ ਦਾ ਭੱਤਾ ਲਿਆ। ਨਰੇਸ਼ ਗੁਜਰਾਲ ਅਗਸਤ 2013 ਵਿਚ ਐਮ.ਪੀ ਬਣੇ ਸਨ। ਨਰੇਸ਼ ਗੁਜਰਾਲ ਨੇ ਆਪਣੇ ਸੰਸਦੀ ਕੋਟੇ ਦੇ ਫ਼ੰਡਾਂ ਦਾ ਵੱਡਾ ਗੱਫਾ ਬਾਦਲਾਂ ਦੇ ਹਲਕੇ ਵਿਚ ਵੰਡਿਆ ਹੈ ਜਦੋਂ ਕਿ ਇੱਧਰ ਭੱਤੇ ਵਸੂਲਣ ਵਿਚ ਝੰਡੀ ਲੈ ਲਈ।
                ਐਮ.ਪੀ ਨਰੇਸ਼ ਗੁਜਰਾਲ ਨੇ ਇਨ੍ਹਾਂ ਵਰ੍ਹਿਆਂ ਦੌਰਾਨ ਸਾਲ 2016-17 ਦੌਰਾਨ ਸਭ ਤੋਂ ਵੱਧ ਭੱਤੇ 10.52 ਲੱਖ ਰੁਪਏ ਦੇ ਵਸੂਲ ਕੀਤੇ। ਜੋ ਤਨਖ਼ਾਹ ਅਤੇ ਹੋਰ ਭੱਤੇ ਹਨ, ਉਹ ਵੱਖਰੇ ਹਨ। ਕਾਂਗਰਸੀ  ਐਮ.ਪੀ ਅੰਬਿਕਾ ਸੋਨੀ ਦੇ ਟੀ.ਏ/ਡੀ.ਏ ਦਾ ਖਰਚਾ 45.71 ਲੱਖ ਰੁਪਏ ਹੈ। ਅੰਬਿਕਾ ਸੋਨੀ ਨੇ ਸਭ ਤੋਂ ਵੱਧ ਭੱਤੇ ਸਾਲ 2015-16 ਦੌਰਾਨ ਵਸੂਲੇ ਜੋ ਕਿ ਇੱਕੋ ਵਰੇ੍ਹ ਦੇ 12.81 ਲੱਖ ਰੁਪਏ ਬਣਦੇ ਹਨ। ਉਨ੍ਹਾਂ ਦੇ ਟੀ.ਏ/ਡੀ.ਏ ਦੀ ਅੌਸਤਨ ਪ੍ਰਤੀ ਮਹੀਨਾ 70,327 ਰੁਪਏ ਰਹੀ ਹੈ। ਲੋਕ ਸਭਾ ਮੈਂਬਰਾਂ ਚੋਂ ਸਭ ਤੋਂ ਵੱਧ ਝੰਡੀ ਐਮ.ਪੀ ਹਰਿੰਦਰ ਖ਼ਾਲਸਾ ਦੀ ਹੁਣ ਤੱਕ ਰਹੀ ਹੈ ਜਿਨ੍ਹਾਂ ਨੇ 47.65 ਲੱਖ ਰੁਪਏ ਟੀ.ਏ/ਡੀ.ਏ ਦੇ ਲਏ ਹਨ। ਨਰੇਸ਼ ਗੁਜਰਾਲ ਨੇ ਉਨ੍ਹਾਂ ਨੂੰ ਵੀ ਪਿਛਾਂਹ ਛੱਡ ਦਿੱਤਾ ਹੈ। ਟਕਸਾਲੀ ਅਕਾਲੀ ਆਗੂ ਅਤੇ ਐਮ.ਪੀ ਸੁਖਦੇਵ ਸਿੰਘ ਢੀਂਡਸਾ ਨੇ ਟੀ.ਏ/ਡੀ.ਏ ਵਜੋਂ 43.14 ਲੱਖ ਰੁਪਏ ਵਸੂਲ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਪ੍ਰਤੀ ਮਹੀਨਾ 66,373 ਰੁਪਏ ਇਕੱਲੇ ਟੀ.ਏ/ਡੀ.ਏ ਦੇ ਮਿਲੇ।
                ਢੀਂਡਸਾ ਨੇ ਸਾਲ 2015-16 ਦੌਰਾਨ ਸਭ ਤੋਂ ਵੱਧ 15.31 ਲੱਖ ਟੀ.ਏ/ਡੀ.ਏ ਵਸੂਲ ਕੀਤਾ। ਐਮ.ਪੀ ਬਲਵਿੰਦਰ ਸਿੰਘ  ਭੂੰਦੜ ਨੇ ਵੀ ਅਗਸਤ 2013 ਤੋਂ ਹੁਣ ਤੱਕ 23.92 ਲੱਖ ਰੁਪਏ ਟੀ.ਏ /ਡੀ.ਏ ਵਜੋਂ ਵਸੂਲ ਕੀਤੇ ਹਨ। ਰਾਜ ਸਭਾ ਮੈਂਬਰ ਨੂੰ ਪਾਰਲੀਮੈਂਟ ਸੈਸ਼ਨ ਅਤੇ ਪਾਰਲੀਮੈਂਟ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਸ਼ਾਮਿਲ ਹੋਣ ਮੌਕੇ ਟੀ.ਏ/ਡੀ.ਏ ਦਿੱਤਾ ਜਾਂਦਾ ਹੈ ਜਿਸ ਵਿਚ ਹਵਾਈ ਸਫ਼ਰ ਦੀਆਂ ਟਿਕਟਾਂ ਵੀ ਸ਼ਾਮਿਲ ਹਨ। ਕਾਂਗਰਸੀ ਐਮ.ਪੀ ਅਤੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ 34 ਮਹੀਨਿਆਂ ਦੌਰਾਨ 17.85 ਲੱਖ ਰੁਪਏ ਟੀ.ਏ/ਡੀ.ਏ ਦੇ ਤੌਰ ਤੇ ਪ੍ਰਾਪਤ ਕੀਤੇ ਹਨ ਜਦੋਂ ਕਿ ਸ਼ਮਸ਼ੇਰ ਸਿੰਘ ਦੂਲੋ ਨੇ ਇਹੋ ਭੱਤੇ 24.64 ਲੱਖ ਦੇ ਵਸੂਲੇ ਹਨ। ਪੰਜਾਬ ਦੇ ਇਨ੍ਹਾਂ ਸੱਤ ਐਮ.ਪੀਜ਼ ਦੇ ਇਕੱਲੇ ਟੀ.ਏ/ਡੀ.ਏ ਦਾ ਖਰਚਾ ਕਰੀਬ ਢਾਈ ਕਰੋੜ ਰੁਪਏ ਰਿਹਾ ਹੈ। ਐਮ.ਪੀ ਤਰਕ ਦਿੰਦੇ ਹਨ ਕਿ ਉਨ੍ਹਾਂ ਨੇ ਜ਼ਿਆਦਾ ਕੰਮ ਕੀਤਾ ਹੈ ਜਿਸ ਕਰਕੇ ਉਨ੍ਹਾਂ ਦੇ ਭੱਤੇ ਜ਼ਿਆਦਾ ਬਣੇ ਹਨ। ਪੱਖ ਜਾਣਨਾ ਚਾਹਿਆ ਪਰ ਐਮ.ਪੀ ਸ਼ਵੈਤ ਮਲਿਕ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ।
                                       ਪੰਜ ਵਰ੍ਹਿਆਂ ਮਗਰੋਂ ਵਧਣਗੇ ਭੱਤੇ
ਕੇਂਦਰ ਸਰਕਾਰ ਨੇ ਪਹਿਲੀ ਅਪਰੈਲ 2018 ਤੋਂ ਹੀ ਰਾਜ ਸਭਾ ਮੈਂਬਰਾਂ ਦੀ ਤਨਖ਼ਾਹ ਅਤੇ ਭੱਤਿਆਂ ਤੋਂ ਇਲਾਵਾ ਪੈਨਸ਼ਨ ਵਿਚ ਵਾਧਾ ਕੀਤਾ ਹੈ। ਤਨਖ਼ਾਹ 50 ਹਜ਼ਾਰ ਤੋਂ ਵਧਾ ਕੇ ਇੱਕ ਲੱਖ ਰੁਪਏ, ਹਲਕਾ ਭੱਤਾ 45 ਹਜ਼ਾਰ ਤੋਂ ਵਧਾ ਕੇ 70 ਹਜ਼ਾਰ ਰੁਪਏ, ਦਫ਼ਤਰੀ ਖਰਚਾ 15 ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਅਤੇ ਪੀ.ਏ ਦੀ ਤਨਖ਼ਾਹ 30 ਹਜ਼ਾਰ ਤੋਂ ਵਧਾ ਕੇ 40 ਹਜ਼ਾਰ ਰੁਪਏ ਕੀਤੀ ਗਈ ਹੈ। ਇਹ ਵੀ ਨਿਸ਼ਚਿਤ ਕੀਤਾ ਹੈ ਕਿ ਹੁਣ ਤਨਖ਼ਾਹਾਂ ਵਿਚ ਅਗਲਾ ਵਾਧਾ 2023 ਵਿਚ ਹੋਵੇਗਾ।



Thursday, January 31, 2019

                                                         ਪੈਸਾ ਲੋਕਾਂ ਦਾ..
                            ਦੌਲਤਮੰਦ ਵਿਧਾਇਕਾਂ ਨੇ ‘ਕੰਗਾਲ’ ਕੀਤਾ ਖ਼ਜ਼ਾਨਾ
                                                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੇ ਦੌਲਤਮੰਦ ਵਿਧਾਇਕਾਂ ਨੇ ਸਰਕਾਰੀ ਖ਼ਜ਼ਾਨੇ ਦਾ ਧੂੰਆਂ ਕੱਢ ਦਿੱਤਾ ਹੈ। ਸਰਕਾਰੀ ਖ਼ਜ਼ਾਨੇ ਚੋਂ ਕਰੀਬ ਇੱਕ ਅਰਬ ਰੁਪਏ ਇਨ੍ਹਾਂ ਵਿਧਾਇਕਾਂ ਦੀ ਜੇਬ ’ਚ ਪਏ ਹਨ। ਵਧੀ ਤਨਖ਼ਾਹ ਤੇ ਭੱਤਿਆਂ ਦਾ ਕ੍ਰਿਸ਼ਮਾ ਹੈ ਕਿ ਵਿਧਾਇਕਾਂ ਦੇ ਖ਼ਰਚ ’ਚ ਦਸ ਵਰ੍ਹਿਆਂ ’ਚ ਸਾਢੇ ਚਾਰ ਗੁਣਾ ਵਾਧਾ ਹੋਇਆ ਹੈ। ਵਰ੍ਹਾ 2007-08 ਵਿਚ ਖ਼ਜ਼ਾਨੇ ਨੂੰ ਇੱਕ ਵਿਧਾਇਕ ਅੌਸਤਨ 4.89 ਲੱਖ ਰੁਪਏ ਸਲਾਨਾ ਵਿਚ ਪੈਂਦਾ ਸੀ, ਉਹੀ ਵਿਧਾਇਕ ਹੁਣ ਅੌਸਤਨ 18.76 ਲੱਖ ’ਚ ਪੈਣ ਲੱਗਾ ਹੈ। ਖ਼ਜ਼ਾਨਾ ਖ਼ਾਲੀ ਹੋਵੇ ਤੇ ਚਾਹੇ ਭਰਿਆ, ਵਿਧਾਨ ਸਭਾ ਸਕੱਤਰੇਤ ਨੂੰ ਖੁੱਲ੍ਹਾ ਬਜਟ ਮਿਲਦਾ ਹੈ। ਸਾਲ 2007-08 ਤੋਂ ਸਾਲ 2017-18 ਤੱਕ ਵਿਧਾਨ ਸਭਾ ਸਕੱਤਰੇਤ ਨੂੰ 338.62 ਕਰੋੜ ਦਾ ਬਜਟ ਮਿਲਿਆ ਜਿਸ ਚੋਂ 309.91 ਕਰੋੜ ਖ਼ਰਚ ਹੋਏ ਹਨ।  ਵਿਧਾਨ ਸਭਾ ਪੰਜਾਬ ਤੋਂ ਆਰ.ਟੀ.ਆਈ ’ਚ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ ਵਿਧਾਇਕ ਹੁਣ ਕਾਫ਼ੀ ਮਹਿੰਗੇ ਪੈਣ ਲੱਗੇ ਹਨ। ਮੁੱਖ ਮੰਤਰੀ, ਵਜ਼ੀਰ, ਵਿਰੋਧੀ ਧਿਰ ਦਾ ਨੇਤਾ, ਸਪੀਕਰ ,ਡਿਪਟੀ ਸਪੀਕਰ ਦਾ ਖਰਚਾ ਇਸ ਤੋਂ ਵੱਖਰਾ ਹੈ। ਇਹ ਨਿਰੋਲ 96 ਵਿਧਾਇਕਾਂ ਦਾ ਖਰਚਾ ਹੈ। ਮੁੱਖ ਸੰਸਦੀ ਸਕੱਤਰ ਦੇ ਅਹੁਦੇ ਸਮੇਂ ਵਿਧਾਇਕਾਂ ਦਾ ਅੰਕੜਾ 84 ਦੇ ਆਸ ਪਾਸ ਰਹਿੰਦਾ ਸੀ। ਸਰਕਾਰੀ ਖ਼ਜ਼ਾਨੇ ਨੇ ਇਕੱਲੇ ਵਿਧਾਇਕਾਂ ਨੂੰ ਸਾਲ 2007-08 ਤੋਂ ਸਾਲ 2017-18 ਤੱਕ 61.47 ਕਰੋੜ ਰੁਪਏ ਤਨਖ਼ਾਹ ਵਜੋਂ ਅਤੇ 42.24 ਕਰੋੜ ਰੁਪਏ ਟੀ.ਏ/ਡੀ.ਏ ਅਤੇ ਤੇਲ ਖ਼ਰਚ ਵਜੋਂ ਦਿੱਤੇ ਹਨ। ਮਤਲਬ ਕਿ 11 ਵਰ੍ਹਿਆਂ ਵਿਚ 103.71 ਕਰੋੜ ਰੁਪਏ ਦਾ ਖਰਚਾ ਵਿਧਾਇਕਾਂ ਦਾ ਰਿਹਾ ਹੈ।
           ਤੱਥ ਗਵਾਹ ਹਨ ਕਿ ਸਾਲ 2007-08 ਵਿਚ ਵਿਧਾਇਕਾਂ ਦੀ ਕੁੱਲ ਤਨਖ਼ਾਹ ਦੋ ਕਰੋੜ ਰੁਪਏ ਅਤੇ ਟੀ.ਏ/ਡੀ.ਏ ਅਤੇ ਤੇਲ ਖ਼ਰਚ 2.11 ਕਰੋੜ ਰੁਪਏ ਬਣਿਆ ਸੀ। ਉਦੋਂ ਵਿਧਾਇਕਾਂ ਦਾ ਸਲਾਨਾ ਖ਼ਰਚ 4.11 ਕਰੋੜ ਰੁਪਏ ਸੀ ਜਦੋਂ ਕਿ ਹੁਣ ਇਹੋ ਖਰਚਾ ਸਲਾਨਾ 18 ਕਰੋੜ ਹੋ ਗਿਆ ਹੈ। ਪੰਜਾਬ ਸਰਕਾਰ ਨੇ ਸਾਲ 2009-10 ਵਿਚ ਵਿਧਾਇਕਾਂ ’ਤੇ ਕੁੱਲ ਖਰਚਾ 5.77 ਕਰੋੜ ਰੁਪਏ ਕੀਤਾ ਜਦੋਂ ਕਿ ਸਾਲ 2014-15 ਵਿਚ ਇਹੋ ਖਰਚਾ ਵਧ ਕੇ ਸਲਾਨਾ ਦਾ 9.15 ਕਰੋੜ ਰੁਪਏ ਹੋ ਗਿਆ। ਸਾਲ 2015-16 ਵਿਚ ਵਿਧਾਇਕ ਖ਼ਜ਼ਾਨੇ ਨੂੰ 12.90 ਕਰੋੜ ਅਤੇ ਸਾਲ 2016-17 ਵਿਚ 15.10 ਕਰੋੜ ਵਿਚ ਪਏ ਹਨ। ਇਸ ਤੋਂ ਬਿਨਾਂ ਸਰਕਾਰ ਹਰ ਵਿਧਾਇਕ ਦਾ ਪ੍ਰਤੀ ਮਹੀਨਾ ਅੌਸਤਨ 7200 ਰੁਪਏ ਆਮਦਨ ਕਰ ਵੀ ਤਾਰਦੀ ਹੈ। ਪੰਜਾਬ ਦੇ ਜੋ ਮੌਜੂਦਾ 117 ਵਿਧਾਇਕ ਹਨ, ਉਨ੍ਹਾਂ ਚੋਂ 81 ਫ਼ੀਸਦੀ ਮਤਲਬ 95 ਵਿਧਾਇਕ ਤਾਂ ਕਰੋੜਪਤੀ ਹਨ। ਹਾਲਾਂਕਿ ਹੁਣ ਵਿਧਾਨ ਸਭਾ ਦੇ ਸੈਸ਼ਨ ਬਹੁਤ ਹੀ ਛੋਟੇ ਰਹਿ ਗਏ ਹਨ ਜਿਸ ਦੇ ਵਜੋਂ ਵਿਧਾਇਕ ਆਪਣੀ ਮੁੱਢਲੀ ਡਿਊਟੀ ਤੋਂ ਵਾਂਝੇ ਹੀ ਰਹਿੰਦੇ ਹਨ। ਫਿਰ ਵੀ ਖ਼ਜ਼ਾਨਾ ਇਨ੍ਹਾਂ ਦੌਲਤਮੰਦ ਵਿਧਾਇਕਾਂ ਦੀ ਜੇਬ ਖ਼ਾਲੀ ਨਹੀਂ ਹੋਣ ਦਿੰਦਾ। ਵਿਧਾਨ ਸਭਾ ਸਕੱਤਰੇਤ ਦਾ ਕੁੱਲ ਖ਼ਰਚ ਦਾ ਕਰੀਬ ਇੱਕ ਤਿਹਾਈ ਖਰਚਾ ਇਕੱਲੇ ਵਿਧਾਇਕਾਂ ’ਤੇ ਖ਼ਰਚ ਹੁੰਦਾ ਹੈ। ਵਿਧਾਇਕਾਂ ਲਈ ਜੋ ਵਾਹਨ ਖ਼ਰੀਦੇ ਜਾਂਦੇ ਹਨ, ਉਨ੍ਹਾਂ ਦਾ ਖਰਚਾ ਵੱਖਰਾ ਹੈ।
                ਜਦੋਂ ਵੀ ਖ਼ਜ਼ਾਨਾ ਸੰਕਟ ਵਿਚ ਹੁੰਦਾ ਹੈ ਤਾਂ ਮੁਲਾਜ਼ਮਾਂ ਅਤੇ ਲੋਕ ਭਲਾਈ ਸਕੀਮਾਂ ’ਤੇ ਕੱਟ ਲੱਗ ਜਾਂਦਾ ਹੈ ਪ੍ਰੰਤੂ ਵਿਧਾਇਕਾਂ ਦੀ ਤਨਖ਼ਾਹ ਕਦੇ ਇੱਕ ਦਿਨ ਵੀ ਨਹੀਂ ਪਛੜਦੀ ਹੈ। ਵੇਰਵਿਆਂ ਅਨੁਸਾਰ ਵਿਧਾਨ ਸਭਾ ਦਾ ਸਾਲ 2007-08 ਵਿਚ ਬਜਟ ਸਿਰਫ਼ 15.73 ਕਰੋੜ ਰੁਪਏ ਸੀ ਜਿਸ ਚੋਂ 10.28 ਕਰੋੜ ਖ਼ਰਚੇ ਗਏ ਸਨ। ਹੁਣ ਸਾਲ 2017-18 ਵਿਚ ਇਹੋ ਬਜਟ ਵੱਧ ਕੇ 43.29 ਕਰੋੜ ਰੁਪਏ ਹੋ ਗਿਆ ਹੈ ਜਿਸ ਚੋਂ 42.53 ਕਰੋੜ ਰੁਪਏ ਖ਼ਰਚੇ ਗਏ ਹਨ। ਵਿਧਾਨ ਸਭਾ ਦੀਆਂ 13 ਕਮੇਟੀਆਂ ਹਨ ਜਿਨ੍ਹਾਂ ਦੇ ਮੈਂਬਰਾਂ ਵੱਲੋਂ ਕਈ ਮੀਟਿੰਗਾਂ ਪਹਾੜੀ ਥਾਵਾਂ ’ਤੇ ਕੀਤੀਆਂ ਜਾਂਦੀਆਂ ਹਨ। ਕਈ ਵਿਧਾਇਕਾਂ ਤਾਂ ਭੱਤੇ ਲੈਣ ਖ਼ਾਤਰ ਇਨ੍ਹਾਂ ਮੀਟਿੰਗਾਂ ਲਈ ਊਰੀ ਵਾਂਗੂ ਘੁੰਮਦੇ ਹਨ। ਸਿਆਸੀ ਧਿਰਾਂ ਵਿਚ ਲੋਕ ਮੁੱਦਿਆਂ ’ਤੇ ਲੱਖ ਵਖਰੇਵੇਂ ਖੜ੍ਹੇ ਹੋ ਜਾਂਦੇ ਹਨ ਪ੍ਰੰਤੂ ਤਨਖ਼ਾਹਾਂ ਤੇ ਭੱਤਿਆਂ ਵਿਚ ਵਾਧੇ ਮੌਕੇ ਸਭ ਧਿਰਾਂ ਘਿਓ ਖਿਚੜੀ ਹੋ ਜਾਂਦੀਆਂ ਹਨ।
                                   ਵਿਧਾਇਕਾਂ ਦੇ ਇਲਾਜ ’ਤੇ ਛੇ ਕਰੋੜ ਖ਼ਰਚੇ
ਵਿਧਾਇਕਾਂ ਦੀ ਸਿਹਤ ਨੇ ਵੀ ਖ਼ਜ਼ਾਨੇ ਨੂੰ ਮੰਜੇ ਵਿਚ ਪਾਇਆ ਹੈ। 11 ਵਰ੍ਹਿਆਂ ਦੌਰਾਨ ਵਿਧਾਇਕਾਂ ਦੀ ਸਿਹਤ ’ਤੇ ਸਰਕਾਰੀ ਖ਼ਜ਼ਾਨੇ ਨੇ 6.01 ਕਰੋੜ ਰੁਪਏ ਖ਼ਰਚ ਕੀਤੇ ਹਨ। ਸਾਲ 2010-11 ਵਿਚ ਤਾਂ ਇਨ੍ਹਾਂ ਵਿਧਾਇਕਾਂ ਦੇ ਇਲਾਜ ਤੇ ਇੱਕੋ ਵਰੇ੍ਹ ਵਿਚ 3.59 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ। ਸਾਲ 2017-18 ਵਿਚ ਵਿਧਾਇਕਾਂ ਦਾ ਇਲਾਜ ਖਰਚਾ 14.10 ਲੱਖ ਰੁਪਏ ਰਿਹਾ ਹੈ। ਇਸ ਤੋਂ ਬਿਨਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਅਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਵਿਧਾਇਕ ਲੜਕੇ ਦਾ ਇਲਾਜ ਖਰਚਾ ਕਰੀਬ ਛੇ ਕਰੋੜ ’ਚ ਖ਼ਜ਼ਾਨੇ ਨੂੰ ਪਿਆ ਹੈ।
                             ਵਿਧਾਇਕਾਂ ਦੇ ਖ਼ਰਚ ’ਤੇ ਇੱਕ ਝਾਤ 
ਸਾਲ ਕੁੱਲ ਤਨਖ਼ਾਹ (ਕਰੋੜਾਂ ’ਚ ) ਟੀ.ਏ/ਡੀ.ਏ/ਪੈਟਰੋਲ ਖ਼ਰਚ (ਕਰੋੜਾਂ ’ਚ)
2007-08      2.00 2.11
2008-09      2.42 1.94
2009-10               2.41 3.36
2010-11       3.56 3.56
2011-12       5.47 2.94
2012-13      5.58 3.82
2013-14       5.59 3.80
2014-15      5.43 3.72
2015-16      7.95 4.95
2016-17     9.43 5.67
2017-18    11.63 6.37

ਕੁੱਲ :    61.47 42.24
     

Friday, August 10, 2018

                     ਖਜ਼ਾਨਾ ਸਰਕਾਰੀ ਏ..
  ਐਮ.ਪੀ ਖ਼ਾਲਸਾ ਦੀ ਭੱਤੇ ਲੈਣ ’ਚ ਝੰਡੀ
                        ਚਰਨਜੀਤ ਭੁੱਲਰ
ਬਠਿੰਡਾ : ਆਮ ਆਦਮੀ ਪਾਰਟੀ ਦੇ ਐਮ.ਪੀ ਹਰਿੰਦਰ ਸਿੰਘ ਖ਼ਾਲਸਾ ਨੇ ਭੱਤੇ (ਟੀਏ/ਡੀਏ) ਲੈਣ ’ਚ ਝੰਡੀ ਲੈ ਲਈ ਹੈ ਜਦੋਂ ਕਿ ਐਮ.ਪੀ ਡਾ. ਧਰਮਵੀਰ ਗਾਂਧੀ ਭੱਤੇ ਲੈਣ ’ਚ ਸਭ ਤੋਂ ਪਿੱਛੇ ਖੜ੍ਹੇ ਹਨ। ਹਵਾਈ ਯਾਤਰਾ ਤੇ ਰਹਿਣ ਵਾਲੇ ਸੰਸਦ ਮੈਂਬਰਾਂ ਦੇ ਭੱਤੇ ਜ਼ਿਆਦਾ ਬਣਦੇ ਹਨ। ਪੰਜਾਬ ਦੇ ਦੋ ਤਿੰਨ ਐਮ.ਪੀ ਤਾਂ ਮੁਫ਼ਤ ਦੀ ਹਵਾਈ ਸੇਵਾ ਦਾ ਕੋਈ ਮੌਕਾ ਖੁੰਝਣ ਹੀ ਨਹੀਂ ਦਿੰਦੇ ਹਨ। ਫ਼ਤਿਹਗੜ੍ਹ ਸਾਹਿਬ ਤੋਂ ਐਮ.ਪੀ ਹਰਿੰਦਰ ਸਿੰਘ ਖ਼ਾਲਸਾ ਨੇ 1 ਅਪਰੈਲ 2015 ਤੋਂ 30  ਜੂਨ 2018 ਤੱਕ ਕਰੀਬ 39.73 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਖ਼ਾਲਸਾ ਅੌਸਤਨ 3400 ਰੁਪਏ ਰੋਜ਼ਾਨਾ ਟੀ.ਏ/ਡੀ.ਏ ਲੈ ਰਹੇ ਹਨ। ਪ੍ਰਤੀ ਮਹੀਨਾ ਉਹ ਅੌਸਤਨ 1.01 ਲੱਖ ਰੁਪਏ ਟੀ.ਏ/ਡੀ.ਏ ਲੈ ਰਹੇ ਹਨ। ਵੇਰਵਿਆਂ ਅਨੁਸਾਰ ਐਮ.ਪੀ ਖ਼ਾਲਸਾ ਦੀ ਸੰਸਦ ਵਿਚ ਕਾਰਗੁਜ਼ਾਰੀ ਪੰਜਾਬ ਦੇ ਬਾਕੀ ਸੰਸਦ ਮੈਂਬਰਾਂ ਦੇ ਮੁਕਾਬਲੇ ਚੋਟੀ ਦੀ ਨਹੀਂ ਹੈ। ਐਮ.ਪੀ ਖ਼ਾਲਸਾ ਨੂੰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਚੁੱਕਿਆ ਨਹੀਂ। ਵੱਧ ਭੱਤੇ ਲੈਣ ਵਾਲੇ ਐਮ.ਪੀ ਤਰਕ ਦਿੰਦੇ ਹਨ ਕਿ ਉਹ ਲੋਕ ਮਸਲਿਆਂ ਨੂੰ ਲੈ ਕੇ ਭੱਜ ਨੱਠ ਜ਼ਿਆਦਾ ਕਰਦੇ ਹਨ ਜਿਸ ਕਰਕੇ ਭੱਤਿਆਂ ਦੀ ਰਾਸ਼ੀ ਵੱਧ ਬਣ ਜਾਂਦੀ ਹੈ।
                ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ ਪੰਜਾਬ ਚੋਂ ਏਦਾ ਦੇ ਐਮ.ਪੀ ਹਨ ਜਿਨ੍ਹਾਂ ਨੇ ਸਭ ਤੋਂ ਘੱਟ 6.54 ਲੱਖ ਰੁਪਏ ਟੀ.ਏ/ਡੀ.ਏ ਲਿਆ ਹੈ। ਐਮ.ਪੀ ਗਾਂਧੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਿਰਫ਼ ਦੋ ਵਾਰ ਹਵਾਈ ਸਫ਼ਰ ਸਰਕਾਰੀ ਖ਼ਰਚੇ ਤੇ ਕੀਤਾ ਹੈ ਅਤੇ ਬਾਕੀ ਸਫ਼ਰ ਉਨ੍ਹਾਂ ਨੇ ਸੜਕੀ ਰਸਤੇ ਹੀ ਕੀਤਾ ਹੈ। ਉਨ੍ਹਾਂ ਆਖਿਆ ਕਿ ਭੱਤਿਆਂ ਨੂੰ ਕਾਰਗੁਜ਼ਾਰੀ ਨਾਲ ਨਹੀਂ ਜੋੜਿਆ ਜਾ ਸਕਦਾ। ਭੱਤੇ ਲੈਣ ’ਚ ਦੂਜਾ ਨੰਬਰ ਫ਼ਿਰੋਜ਼ਪੁਰ ਤੋਂ ਅਕਾਲੀ ਐਮ.ਪੀ ਸ਼ੇਰ ਸਿੰਘ ਘੁਬਾਇਆ ਦਾ ਆਉਂਦਾ ਹੈ ਜਿਨ੍ਹਾਂ ਨੇ ਲੰਘੇ 39 ਮਹੀਨਿਆਂ ਵਿਚ 29 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ। ਤੀਸਰੇ ਸਥਾਨ ’ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਹਨ ਜਿਨ੍ਹਾਂ ਨੇ 27.90 ਲੱਖ ਰੁਪਏ ਟੀ.ਏ/ਡੀ.ਏ ਵਜੋਂ ਹਾਸਲ ਕੀਤੇ ਹਨ। ਐਮ.ਪੀ ਚੰਦੂਮਾਜਰਾ ਕਈ ਸੰਸਦੀ ਕਮੇਟੀਆਂ ਦੇ ਮੈਂਬਰ ਵੀ ਹਨ। ਅਕਾਲੀ ਦਲ ਦੇ ਸੂਤਰ ਆਖਦੇ ਹਨ ਕਿ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਸ਼ਮੂਲੀਅਤ ਜ਼ਿਆਦਾ ਹੋਣ ਕਰਕੇ ਚੰਦੂਮਾਜਰਾ ਦੇ ਭੱਤੇ ਜ਼ਿਆਦਾ ਬਣੇ ਹਨ। ਦੂਸਰੀ ਤਰਫ਼ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਸਭ ਤੋਂ ਘੱਟ ਭੱਤੇ ਲੈਣ ਵਾਲੇ ਸੰਸਦ ਮੈਂਬਰਾਂ ਚੋਂ ਦੂਜੇ ਨੰਬਰ ਤੇ ਹਨ ਜਿਨ੍ਹਾਂ ਨੇ ਇਸ ਸਮੇਂ ਦੌਰਾਨ 6.84 ਲੱਖ ਰੁਪਏ ਭੱਤਿਆਂ ਵਜੋਂ ਪ੍ਰਾਪਤ ਕੀਤੇ ਹਨ।
               ਭਗਵੰਤ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਰਕਾਰੀ ਖ਼ਜ਼ਾਨੇ ਚੋਂ ਭੱਤੇ ਬਹੁਤ ਸੰਜਮ ਨਾਲ ਲਏ ਹਨ ਅਤੇ ਸੜਕੀ ਤੇ ਰੇਲ ਰਸਤੇ ਸਫ਼ਰ ਨੂੰ ਜ਼ਿਆਦਾ ਤਰਜੀਹ ਦਿੱਤੀ ਹੈ। ਵੇਰਵਿਆਂ ਅਨੁਸਾਰ ਸੰਸਦ ਮੈਂਬਰਾਂ ਨੂੰ ਪ੍ਰਤੀ ਮਹੀਨਾ 50 ਹਜ਼ਾਰ ਰੁਪਏ ਤਨਖ਼ਾਹ,45 ਹਜ਼ਾਰ ਰੁਪਏ ਹਲਕਾ ਭੱਤਾ ਅਤੇ 15 ਹਜ਼ਾਰ ਰੁਪਏ ਦਫ਼ਤਰੀ ਭੱਤਾ ਮਿਲਦਾ ਹੈ। ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਤੋਂ ਐਮ.ਪੀ ਪ੍ਰੋ.ਸਾਧੂ ਸਿੰਘ ਨੇ ਉਕਤ ਸਮੇਂ ਦੌਰਾਨ 8.88 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ ਜਦੋਂ ਕਿ ਲੁਧਿਆਣਾ ਤੋਂ ਕਾਂਗਰਸ ਦੇ ਐਮ.ਪੀ ਰਵਨੀਤ ਬਿੱਟੂ ਨੇ ਭੱਤਿਆਂ ਵਜੋਂ 11.67 ਲੱਖ ਰੁਪਏ ਹਾਸਲ ਕੀਤੇ ਹਨ। ਜਲੰਧਰ ਤੋਂ ਕਾਂਗਰਸੀ ਐਮ.ਪੀ ਸੰਤੋਖ ਚੌਧਰੀ ਦੇ ਭੱਤਿਆਂ ਦਾ ਬਿੱਲ 11.82 ਲੱਖ ਰੁਪਏ ਬਣਿਆ ਹੈ।
             ਅਕਾਲੀ ਐਮ.ਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਸਮੇਂ ਦੌਰਾਨ 12.39 ਲੱਖ ਰੁਪਏ ਦੇ ਭੱਤੇ ਪ੍ਰਾਪਤ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਦੋ ਵਰ੍ਹਿਆਂ ਵਿਚ ਬਤੌਰ ਐਮ.ਪੀ 2.41 ਲੱਖ ਰੁਪਏ ਦੇ ਭੱਤੇ ਹਾਸਲ ਕੀਤੇ ਸਨ। ਉਨ੍ਹਾਂ ਨੇ ਸਿਰਫ਼ ਚਾਰ ਦਫ਼ਾ ਇਹ ਭੱਤੇ ਲਏ ਹਨ। ਮੌਜੂਦਾ ਸੰਸਦ ਮੈਂਬਰਾਂ ਦੀ ਮਿਆਦ ਦਾ ਇਹ ਆਖ਼ਰੀ ਵਰ੍ਹਾ ਹੈ। ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸ਼ਲਾ ਦਾ ਕਹਿਣਾ ਹੈ ਕਿ ਪੰਜ ਵਰ੍ਹਿਆਂ ਮਗਰੋਂ ਹਰ ਐਮ.ਪੀ ਆਪਣੀ ਕਾਰਗੁਜ਼ਾਰੀ ਅਤੇ ਸਰਕਾਰੀ ਖ਼ਜ਼ਾਨੇ ਚੋਂ ਲਈ ਤਨਖ਼ਾਹ ਅਤੇ ਸਾਰੇ ਭੱਤਿਆਂ ਦਾ ਰਿਪੋਰਟ ਕਾਰਡ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕਰੇ। ਉਨ੍ਹਾਂ ਆਖਿਆ ਕਿ ਐਮ.ਪੀ ਆਪਣੇ ਕੰਮਾਂ ਦੀ ਚਰਚਾ ਤਾਂ ਚੋਣਾਂ ਸਮੇਂ ਕਰਦੇ ਹਨ ਪ੍ਰੰਤੂ ਖ਼ਜ਼ਾਨੇ ਚੋਂ ਲਈ ਰਕਮ ਤੇ ਸਹੂਲਤਾਂ ਦੀ ਚਰਚਾ ਕਿਧਰੇ ਵੀ ਨਹੀਂ ਕਰਦੇ ।


Tuesday, September 6, 2016

                            ਵਾਹ ਖਾਲਸਾ ਜੀ
            ਬਾਗੀ ਐਮ.ਪੀ ਦੇ ਹਵਾਈ ਝੂਟੇ !
                            ਚਰਨਜੀਤ ਭੁੱਲਰ
ਬਠਿੰਡਾ  :ਆਮ ਆਦਮੀ ਪਾਰਟੀ ਦੇ ਬਾਗੀ ਐਮ.ਪੀ ਹਰਿੰਦਰ ਸਿੰਘ ਖਾਲਸਾ ਨੇ ਟੀ.ਏ/ਡੀ.ਏ ਲੈਣ ਵਿਚ ਝੰਡੀ ਲੈ ਲਈ ਹੈ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਨੇ 'ਰਾਜਾਸਾਹੀ' ਦਿਖਾਈ ਹੈ। ਐਮ.ਪੀ ਖਾਲਸਾ ਨੇ ਹਵਾਈ ਸਫਰ ਦਾ ਕੋਈ ਮੌਕਾ ਖੁੰਝਣ ਹੀ ਨਹੀਂ ਦਿੱਤਾ ਹੈ। ਐਮ.ਪੀ ਖਾਲਸਾ ਰੋਜ਼ਾਨਾ ਔਸਤਨ 3600 ਰੁਪਏ ਟੀ.ਏ/ਡੀ.ਏ ਲੈ ਰਹੇ ਹਨ ਜਦੋਂ ਕਿ ਕੈਪਟਨ ਅਮਰਿੰਦਰ ਨੇ ਰੋਜ਼ਾਨਾ ਦਾ ਔਸਤਨ ਸਿਰਫ਼ 343 ਰੁਪਏ ਟੀ.ਏ/ਡੀ.ਏ ਲਿਆ ਹੈ। ਮੌਜੂਦਾ ਲੋਕ ਸਭਾ ਮੈਂਬਰਾਂ ਵਲੋਂ ਜੂਨ 2016 ਤੱਕ 25 ਮਹੀਨਿਆਂ ਦੌਰਾਨ ਲਏ ਟੀ.ਏ/ਡੀ.ਏ ਦੇ ਲੇਖਾ ਜੋਖੇ ਤੋਂ ਨਵੇਂ ਤੱਥ ਉਭਰੇ ਹਨ। ਭਾਵੇਂ ਸਭਨਾਂ ਐਮ.ਪੀਜ਼ ਨੇ ਨਿਯਮਾਂ ਦੇ ਦਾਇਰੇ ਵਿਚ ਰਹਿ ਕੇ ਇਹ ਭੱਤਾ ਲਿਆ ਹੈ ਪ੍ਰੰਤੂ ਕਈ ਸੰਸਦ ਮੈਂਬਰ ਇਸ ਮਾਮਲੇ ਵਿਚ ਮੋਹਰੀ ਬਣੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਫਤਹਿਗੜ• ਸਾਹਿਬ ਤੋਂ ਐਮ.ਪੀ ਖਾਲਸਾ ਨੇ 25 ਮਹੀਨਿਆਂ ਦੌਰਾਨ 27.90 ਲੱਖ ਟੀ.ਏ/ਡੀ.ਏ ਲਿਆ ਹੈ ਜੋ ਕਿ ਔਸਤਨ ਪ੍ਰਤੀ ਮਹੀਨਾ 1,11,606 ਰੁਪਏ ਬਣਦਾ ਹੈ। ਐਮ.ਪੀਜ਼ ਨੂੰ ਸਲਾਨਾ 34 ਸਿੰਗਲ ਹਵਾਈ ਟਰਿੱਪ ਦੀ ਸਹੂਲਤ ਹੈ ਅਤੇ ਸੈਸ਼ਨ ਵਿਚ ਪ੍ਰਤੀ ਦਿਨ ਦੀ ਹਾਜ਼ਰੀ ਦੇ ਦੋ ਹਜ਼ਾਰ ਰੁਪਏ ਮਿਲਦੇ ਹਨ। ਸੈਸ਼ਨ ਅਟੈਂਡ ਕਰਨ ਵਾਸਤੇ ਹਲਕੇ ਤੋਂ ਦਿੱਲੀ ਤੱਕ ਦਾ ਆਉਣ ਜਾਣ ਦਾ ਤੇਲ ਖਰਚ ਪ੍ਰਤੀ ਕਿਲੋਮੀਟਰ 16 ਰੁਪਏ ਮਿਲਦਾ ਹੈ।
                        ਗੁਰਦਾਸਪੁਰ ਤੋਂ ਐਮ.ਪੀ ਵਿਨੋਦ ਖੰਨਾ ਨੇ ਦੂਸਰਾ ਨੰਬਰ ਹਾਸਲ ਕੀਤਾ ਹੈ ਜਿਨ•ਾਂ ਨੇ ਉਕਤ ਸਮੇਂ ਦੌਰਾਨ 20.12 ਲੱਖ ਰੁਪਏ ਦਾ ਇਹ ਭੱਤਾ ਲਿਆ ਹੈ ਜੋ ਕਿ ਪ੍ਰਤੀ ਦਿਨ ਔਸਤਨ 26.09 ਰੁਪਏ ਬਣਦਾ ਹੈ। ਉਨ•ਾਂ ਨੇ ਜਿਆਦਾ ਹਵਾਈ ਸਫ਼ਰ ਕੀਤੇ ਹਨ। ਤੀਸਰਾ ਨੰਬਰ ਅਕਾਲੀ ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ ਦਾ ਆਉਂਦਾ ਹੈ ਜਿਨ•ਾਂ 25 ਮਹੀਨਿਆਂ ਦੌਰਾਨ 18.06 ਲੱਖ ਟੀ.ਏ/ਡੀ.ਏ ਲਿਆ ਹੈ। ਮਤਲਬ ਕਿ ਪ੍ਰਤੀ ਦਿਨ ਔਸਤਨ 2331 ਰੁਪਏ ਇਹ ਭੱਤਾ ਲਿਆ। ਇੱਕ ਐਮ.ਪੀ ਨੂੰ 50 ਹਜ਼ਾਰ ਰੁਪਏ ਤਨਖਾਹ, 45 ਹਜ਼ਾਰ ਰੁਪਏ ਹਲਕਾ ਭੱਤਾ,15 ਹਜ਼ਾਰ ਰੁਪਏ ਦਫ਼ਤਰੀ ਖਰਚਾ ਅਤੇ 30 ਹਜ਼ਾਰ ਰੁਪਏ ਪੀ.ਏ ਦੀ ਤਨਖਾਹ ਵੱਖਰੀ ਪ੍ਰਤੀ ਮਹੀਨਾ ਮਿਲਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ 25 ਮਹੀਨਿਆਂ ਦੌਰਾਨ ਸਿਰਫ਼ 2.66 ਲੱਖ ਰੁਪਏ ਟੀ.ਏ/ਡੀ.ਏ ਹੀ ਲਿਆ ਹੈ। ਉਹ ਭੱਤੇ ਲੈਣ ਵਿਚ ਤਾਂ ਫਾਡੀ ਹਨ ਪ੍ਰੰਤੂ ਸੰਸਦ ਚੋਂ ਗੈਰਹਾਜ਼ਰੀ ਵਿਚ ਮੋਹਰੀ ਹਨ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ ਭਗਵੰਤ ਮਾਨ ਨੇ ਉਕਤ ਸਮੇਂ ਦੌਰਾਨ 6.35 ਲੱਖ ਰੁਪਏ ਹੀ ਟੀ.ਏ/ਡੀ.ਏ ਵਜੋਂ ਵਸੂਲ ਕੀਤੇ ਹਨ ਜੋ ਕਿ ਪ੍ਰਤੀ ਦਿਨ ਦੀ ਔਸਤਨ 819 ਰੁਪਏ ਬਣਦੀ ਹੈ।
                       ਫਰੀਦਕੋਟ ਦੇ ਐਮ.ਪੀ ਪ੍ਰੋ. ਸਾਧੂ ਸਿੰਘ ਨੇ ਇਸੇ ਸਮੇਂ ਦੌਰਾਨ 8.48 ਲੱਖ ਰੁਪਏ ਇਸ ਭੱਤੇ ਵਜੋਂ ਵਸੂਲੇ ਹਨ ਜਿਨ•ਾਂ ਦੀ ਔਸਤਨ ਪ੍ਰਤੀ ਦਿਨ 1094 ਰੁਪਏ ਬਣਦੀ ਹੈ। ਸੰਸਦ ਮੈਂਬਰਾਂ ਨੂੰ ਇਨੋਵਾ ਗੱਡੀਆਂ ਪੰਜਾਬ ਸਰਕਾਰ ਵਲੋਂ ਦਿੱਤੀਆਂ ਹੋਈਆਂ ਹਨ ਅਤੇ ਇਨ•ਾਂ ਦਾ ਤੇਲ ਖਰਚਾ ਵੀ ਰਾਜ ਸਰਕਾਰ ਹੀ ਚੁੱਕਦੀ ਹੈ। ਅਕਾਲੀ ਐਮ.ਪੀ ਸ਼ੇਰ ਸਿੰਘ ਘੁਬਾਇਆ ਨੇ ਇਸੇ ਸਮੇਂ ਦੌਰਾਨ 14.76 ਲੱਖ ਰੁਪਏ ਦੇ ਇਹ ਭੱਤੇ ਵਸੂਲ ਕੀਤੇ ਹਨ। ਬਾਕੀ ਐਮ.ਪੀਜ਼ ਤੇ ਨਜ਼ਰ ਮਾਰੀਏ ਤਾਂ 25 ਮਹੀਨਿਆਂ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ 9.77 ਲੱਖ ਰੁਪਏ (ਔਸਤਨ ਰੋਜ਼ਾਨਾ 1260 ਰੁਪਏ),ਸੰਤੋਖ ਚੌਧਰੀ ਨੇ 7.78 ਲੱਖ ਰੁਪਏ (ਔਸਤਨ ਰੋਜ਼ਾਨਾ 1004 ਰੁਪਏ),ਰਵਨੀਤ ਬਿੱਟੂ ਨੇ 9.88 ਲੱਖ ਰੁਪਏ (ਔਸਤਨ ਰੋਜ਼ਾਨਾ 1275 ਰੁਪਏ) ਅਤੇ ਪਟਿਆਲਾ ਤੋਂ ਐਮ.ਪੀ ਡਾ.ਧਰਮਵੀਰ ਗਾਂਧੀ ਨੇ 5.96 ਲੱਖ ਰੁਪਏ ਦੇ ਇਹ ਭੱਤੇ ਲਏ ਹਨ ਜਿਨ•ਾਂ ਦਾ ਔਸਤਨ ਪ੍ਰਤੀ ਦਿਨ 769 ਰੁਪਏ ਬਣਦਾ ਹੈ। ਇਸ ਤੋਂ ਇਲਾਵਾ ਰਾਜ ਸਭਾ ਦੇ ਮੈਂਬਰਾਂ ਦੇ ਨਜ਼ਰ ਮਾਰੀਏ ਤਾਂ ਐਮ.ਪੀ ਅੰਬਿਕਾ ਸੋਨੀ ਨੇ 38 ਮਹੀਨਿਆਂ ਵਿਚ 30.72 ਲੱਖ ਰੁਪਏ ਟੀ.ਏ/ਡੀ.ਏ ਵਜੋਂ ਵਸੂਲੇ ਹਨ ਜਦੋਂ ਕਿ ਨਰੇਸ਼ ਗੁਜਰਾਲ ਨੇ 37 ਮਹੀਨਿਆਂ ਵਿਚ 27.18 ਲੱਖ ਰੁਪਏ ਦੇ ਇਹ ਭੱਤੇ ਵਸੂਲ ਕੀਤੇ ਹਨ।
                     ਐਮ.ਪੀ ਬਲਵਿੰਦਰ ਸਿੰਘ ਭੂੰਦੜ ਨੇ ਸਭ ਤੋਂ ਘੱਟ ਭੱਤੇ ਵਸੂਲੇ ਹਨ ਜਿਨ•ਾਂ ਨੇ 37 ਮਹੀਨਿਆਂ ਵਿਚ 13.37 ਲੱਖ ਦੇ ਭੱਤੇ ਲਏ ਹਨ। ਐਮ.ਪੀ ਸੁਖਦੇਵ ਸਿੰਘ ਢੀਂਡਸਾ ਨੇ 29.89 ਲੱਖ ਰੁਪਏ 37 ਮਹੀਨਿਆਂ ਦੌਰਾਨ ਟੀ.ਏ/ਡੀ.ਏ ਵਜੋਂ ਪ੍ਰਾਪਤ ਕੀਤੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਹਾਲੇ ਖਾਤਾ ਨਹੀਂ ਖੋਲਿ•ਆ ਹੈ ਜਦੋਂ ਕਿ ਸ਼ਮਸ਼ੇਰ ਸਿੰਘ ਦੂਲੋ ਨੇ 6 ਮਹੀਨਿਆਂ ਵਿਚ 1.81 ਲੱਖ ਦੇ ਭੱਤੇ ਲਏ ਹਨ ਅਤੇ ਇਸ ਸਮੇਂ ਦੌਰਾਨ ਭਾਜਪਾ ਦੇ ਐਮ.ਪੀ ਸਵੇਤ ਮਲਿਕ ਨੇ 1.55 ਲੱਖ ਦੇ ਭੱਤੇ ਲਏ ਹਨ ਅਕਾਲੀ ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ ਦਾ ਤਰਕ ਹੈ ਕਿ ਉਸ ਨੇ ਸੈਸ਼ਨ ਸਭ ਤੋਂ ਵੱਧ ਅਟੈਂਡ ਕੀਤੇ ਹਨ ਅਤੇ ਉਹ ਕਾਫ਼ੀ ਸੰਸਦੀ ਕਮੇਟੀਆਂ ਦੇ ਮੈਂਬਰ ਹਨ ਜਿਨ•ਾਂ ਦੀਆਂ ਸਭ ਤੋਂ ਵੱਧ ਮੀਟਿੰਗਾਂ ਅਟੈਂਡ ਕੀਤੀਆਂ ਹਨ। ਟੀ.ਏ/ਡੀ.ਏ ਨਿਯਮਾਂ ਮੁਤਾਬਿਕ ਹੀ ਲਿਆ ਹੈ। ਉਨ•ਾਂ ਆਖਿਆ ਕਿ ਉਨ•ਾਂ ਦੀ ਉੱਤਰੀ ਭਾਰਤ ਦੇ ਐਮ.ਪੀਜ਼ ਚੋਂ ਸਭ ਤੋਂ ਚੰਗੀ ਕਾਰਗੁਜ਼ਾਰੀ ਸੰਸਦ ਵਿਚ ਰਹੀ ਹੈ।
                                     ਹਵਾਈ ਸਫ਼ਰ ਕਾਰਨ ਭੱਤਿਆਂ ਦੀ ਰਾਸ਼ੀ ਵਧੀ : ਖਾਲਸਾ
ਐਮ.ਪੀ ਹਰਿੰਦਰ ਸਿੰਘ ਖਾਲਸਾ ਦਾ ਪ੍ਰਤੀਕਰਮ ਸੀ ਕਿ ਉਸ ਨੇ ਸਲਾਨਾ ਮਿਲਣ ਵਾਲੇ 34 ਹਵਾਈ ਟਰਿੱਪਾਂ ਦੀ ਪੂਰੀ ਸਹੂਲਤ ਪ੍ਰਾਪਤ ਕੀਤੀ ਹੈ ਜਦੋਂ ਕਿ ਬਾਕੀ ਐਮ.ਪੀ ਇਹ ਸੁਵਿਧਾ ਪੂਰੀ ਲੈਂਦੇ ਨਹੀਂ ਹਨ। ਹਵਾਈ ਟਰਿੱਪਾਂ ਕਰਕੇ ਹੀ ਉਸ ਦੇ ਟੀ.ਏ/ਡੀ.ਏ ਦੀ ਰਾਸ਼ੀ ਵਧੀ ਹੈ। ਉਨ•ਾਂ ਆਖਿਆ ਕਿ ਸੰਸਦ ਵਿਚ ਵੀ ਉਨ•ਾਂ ਦੀ ਕਾਰਗੁਜ਼ਾਰੀ ਬਿਹਤਰ ਰਹੀ ਹੈ ਅਤੇ ਉਨ•ਾਂ ਨੇ ਵਧੇਰੇ ਸੈਸ਼ਨ ਅਟੈਂਡ ਕੀਤੇ ਹਨ।
 
        

Thursday, July 2, 2015

                                      ਬਾਦਸ਼ਾਹੀ ਠਾਠ
                     ਭੱਤੇ ਲੈਣ ਵਿਚ ਕੈਪਟਨ ਫਾਡੀ
                                      ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਅਮਰਿੰਦਰ ਸਿੰਘ ਸਰਕਾਰੀ ਭੱਤੇ ਲੈਣ ਦੀ ਅੰਨੀ ਦੌੜ ਵਿਚੋਂ ਬਾਹਰ ਹਨ। ਉਨ•ਾਂ ਨੇ ਪੰਜ ਵਰੇ• ਕਦੇ ਕੋਈ ਸਫਰੀ ਭੱਤਾ ਨਹੀਂ ਲਿਆ ਹੈ। ਅਕਾਲੀ ਭਾਜਪਾ ਹਕੂਮਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਨਾ ਕਦੇ ਕੋਈ ਟੀ.ਏ ਲਿਆ ਅਤੇ ਨਾ ਹੀ ਕੋਈ ਡੀ.ਏ। ਇੱਥੋਂ ਤੱਕ ਕਿ ਹੁਣ ਬਤੌਰ ਮੈਂਬਰ ਪਾਰਲੀਮੈਂਟ, ਉਨ•ਾਂ ਨੇ 10 ਮਹੀਨਿਆਂ ਚੋਂ ਸਿਰਫ ਦੋ ਮਹੀਨੇ ਹੀ ਟੀ.ਏ,ਡੀ.ਏ ਲਿਆ ਹੈ। ਬਤੌਰ ਮੁੱਖ ਮੰਤਰੀ ,ਉਨ•ਾਂ ਦਾ ਖਰਚਾ ਕੋਈ ਬਹੁਤਾ ਘੱਟ ਨਹੀਂ ਸੀ ਲੇਕਿਨ ਸਾਲ 2007 ਤੋਂ ਹੁਣ ਤੱਕ ਉਨ•ਾਂ ਸਰਕਾਰੀ ਭੱਤੇ ਜਿਆਦਾ ਠੁਕਰਾਏ ਹੀ ਹਨ। ਆਰ.ਟੀ.ਆਈ ਦੇ ਵੇਰਵਿਆਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ 1 ਅਪਰੈਲ 2007 ਤੋਂ 30 ਜੂਨ 2012 ਤੱਕ ਕੋਈ ਟੀ.ਏ, ਡੀ.ਏ ਕਲੇਮ ਨਹੀਂ ਕੀਤਾ ਹੈ। ਇਸ ਸਮੇਂ ਦੌਰਾਨ ਉਸ ਨੇ ਤਿੰਨ ਵਰੇ• ਤਾਂ ਕੋਈ ਤੇਲ ਖਰਚਾ ਅਤੇ ਹਵਾਈ ਸਫਰ ਦਾ ਖਰਚ ਵੀ ਨਹੀਂ ਲਿਆ ਹੈ। ਸਿਰਫ ਸਾਲ 2007 08 ਵਿਚ 1.25 ਲੱਖ ਰੁਪਏ ਅਤੇ ਸਾਲ 2010 11 ਵਿਚ 1.57 ਲੱਖ ਰੁਪਏ ਤੇਲ ਖਰਚ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਐਮ.ਐਲ.ਏ ਮਿਲਣ ਵਾਲੀ ਤਨਖਾਹ ਜ਼ਰੂਰ ਲਈ ਹੈ। ਕੈਪਟਨ ਅਮਰਿੰਦਰ ਨੇ ਐਮ.ਪੀ ਬਣਨ ਮਗਰੋਂ ਸਤੰਬਰ ਤੇ ਨਵੰਬਰ ਮਹੀਨੇ ਵਿਚ ਸਿਰਫ 43,920 ਰੁਪਏ ਟੀ.ਏ,ਡੀ.ਏ ਲਿਆ ਹੈ। ਬਾਕੀ ਅੱਠ ਮਹੀਨੇ ਉਨ•ਾਂ ਨੇ ਕੋਈ ਕਲੇਮ ਨਹੀਂ ਕੀਤਾ ਹੈ।
                    ਪੰਜਾਬ ਦੇ ਸੰਸਦ ਮੈਂਬਰਾਂ ਚੋਂ ਟੀ.ਏ,ਡੀ.ਏ ਲੈਣ ਵਿਚ ਅਕਾਲੀ ਦਲ ਦੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਮੋਹਰੀ ਹਨ ਜਿਨ•ਾਂ ਨੇ ਮਈ 2014 ਤੋਂ ਮਾਰਚ 2015 ਤੱਕ 6.03 ਲੱਖ ਦੇ ਭੱਤੇ ਲਏ ਹਨ। ਦੂਸਰਾ ਨੰਬਰ ਵਿਨੋਦ ਖੰਨਾ ਦਾ ਹੈ ਜਿਨ•ਾਂ ਨੇ 5.59 ਲੱਖ ਰੁਪਏ ਟੀ.ਏ,ਡੀ.ਏ ਲਿਆ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੇ ਐਮ.ਪੀ ਹਰਿੰਦਰ ਸਿੰਘ ਖਾਲਸਾ ਨੇ 5.43 ਲੱਖ ਦੇ ਭੱਤੇ ਲੈ ਕੇ ਤੀਸਰਾ ਨੰਬਰ ਲਿਆ ਹੈ। ਸਭ ਤੋਂ ਘੱਟ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ ਪ੍ਰੋ.ਸਾਧੂ ਸਿੰਘ ਨੇ 2.01 ਲੱਖ ਰੁਪਏ ਦੇ ਹੀ ਇਹ ਭੱਤੇ ਲਏ ਹਨ। ਐਮ.ਪੀ ਨੂੰ ਪੰਜਾਹ ਹਜ਼ਾਰ ਰੁਪਏ ਤਨਖਾਹ ਮਿਲਦੀ ਹੈ ਜਦੋਂ ਕਿ 45 ਹਜ਼ਾਰ ਰੁਪਏ ਹਲਕਾ ਭੱਤਾ ਮਿਲਦਾ ਹੈ। ਇਵੇਂ ਹੀ 15 ਹਜ਼ਾਰ ਰੁਪਏ ਦਫਤਰੀ ਖਰਚਾ ਅਤੇ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਫਤਰੀ ਸਟਾਫ ਦੀ ਤਨਖਾਹ ਵਾਸਤੇ ਰਾਸ਼ੀ ਮਿਲਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਤਨਖਾਹ ਲਈ ਹੈ ਪ੍ਰੰਤੂ ਭੱਤੇ ਲੈਣ ਵਿਚ ਉਹ ਫਾਡੀ ਰਹੇ ਹਨ। ਐਮ.ਪੀ ਸ਼ੇਰ ਸਿੰਘ ਘੁਬਾਇਆ ਨੇ 4.54 ਲੱਖ ਅਤੇ ਡਾ.ਧਰਮਵੀਰ ਗਾਂਧੀ ਨੇ 2.60 ਲੱਖ ਰੁਪਏ ਦੇ ਭੱਤੇ ਲਏ ਹਨ। ਭਗਵੰਤ ਮਾਨ ਨੇ 2.88 ਲੱਖ ਰੁਪਏ ਟੀ.ਈ,ਡੀ.ਏ ਵਜੋਂ ਲਏ ਹਨ।
                    ਕੈਪਟਨ ਅਮਰਿੰਦਰ ਸਿੰਘ ਭਾਵੇਂ ਭੱਤੇ ਲੈਣ ਵਿਚ ਪਿਛੇ ਹਨ ਪ੍ਰੰਤੂ ਵਿਧਾਨ ਸਭਾ ਅਤੇ ਪਾਰਲੀਮੈਂਟ ਵਿਚ ਗੈਰਹਾਜ਼ਰੀ ਵਿਚ ਉਹ ਸਭ ਤੋਂ ਅੱਗੇ ਹਨ। ਉਹ 16 ਵੀਂ ਲੋਕ ਸਭਾ ਦੇ ਪਹਿਲੇ ਚਾਰ ਸੈਸ਼ਨਾਂ ਦੀਆਂ 71 ਬੈਠਕਾਂ ਚੋਂ ਸਿਰਫ 7 ਬੈਠਕਾਂ ਵਿਚ ਹੀ ਹਾਜ਼ਰ ਹੋਏ ਹਨ ਜਦੋਂ ਕਿ ਲੰਘੇ ਬਜਟ ਸੈਸ਼ਨ ਵਿਚ ਉਨ•ਾਂ ਨੇ 19 ਬੈਠਕਾਂ ਚੋਂ ਸਿਰਫ ਇੱਕ ਬੈਠਕ ਵਿਚ ਹੀ ਭਾਗ ਲਿਆ ਸੀ। ਇਸੇ ਤਰ•ਾਂ ਪੰਜਾਬ ਵਿਧਾਨ ਸਭਾ ਵਿਚ ਸਾਲ 2007 ਤੋਂ 2012 ਦੌਰਾਨ ਸਿਰਫ 13 ਦਿਨ ਹੀ ਹਾਜ਼ਰ ਰਹੇ ਸਨ। ਇਨ•ਾਂ ਪੰਜ ਵਰਿ•ਆਂ ਦੌਰਾਨ ਅਸੈਂਬਲੀ ਦੀਆਂ 88 ਬੈਠਕਾਂ ਹੋਈਆਂ ਸਨ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੁਆਬੇ ਵਿਚ ਆਪਣੀ ਸੰਪਰਕ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਹ ਦੇਖਣਾ ਹੋਵੇਗਾ ਕਿ ਉਹ ਲੋਕਾਂ ਤੋਂ ਦੂਰ ਰਹਿਣ ਦੇ ਲੱਗੇ ਦਾਗ ਨੂੰ ਧੋ ਸਕਣਗੇ ਜਾਂ ਨਹੀਂ।
                                                  ਕਿਤਾਬਾਂ ਪੜਨ ਚ ਮੋਹਰੀ
ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਕਿਤਾਬਾਂ ਪੜਨ ਵਿਚ ਵੀ ਮੋਹਰੀ ਰਹੇ ਹਨ। ਉਨ•ਾਂ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਵਿਧਾਨ ਸਭਾ ਦੀ ਲਾਇਬਰੇਰੀ ਚੋਂ 11 ਕਿਤਾਬਾਂ ਇਸੂ ਕਰਾਈਆਂ ਜਦੋਂ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 2007 ਤੋਂ 2012 ਤੱਕ ਕੋਈ ਕਿਤਾਬ ਇਸੂ ਨਹੀਂ ਕਰਾਈ। ਰਜਿੰਦਰ ਕੌਰ ਭੱਠਲ ਨੇ ਬਤੌਰ ਮੁੱਖ ਮੰਤਰੀ ਕੋਈ ਕਿਤਾਬ ਇਸੂ ਨਹੀਂ ਕਰਾਈ ਸੀ।

Wednesday, November 23, 2011

  ਭਾਜਪਾ ਭੱਤੇ ਛਕਣ 'ਚ  'ਨੰਬਰ ਵਨ'
                        ਚਰਨਜੀਤ ਭੁੱਲਰ
ਬਠਿੰਡਾ : ਭਾਜਪਾ ਵਿਧਾਇਕ ਸਰਕਾਰੀ ਖ਼ਜ਼ਾਨੇ ਚੋਂ ਭੱਤੇ ਲੈਣ 'ਚ 'ਨੰਬਰ ਵਨ' ਹਨ। ਦੂਸਰੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮਝੈਲ ਵਿਧਾਇਕ ਆਏ ਹਨ। ਉਂਝ ਤਾਂ ਵਿਰੋਧੀ ਧਿਰ ਦੇ ਵਿਧਾਇਕ ਵੀ ਭੱਤੇ ਲੈਣ 'ਚ ਪਿਛੇ ਨਹੀਂ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਸਰਕਾਰ ਦੇ ਖ਼ਜ਼ਾਨੇ ਚੋਂ ਭੱਤਿਆਂ ਦੇ ਰੂਪ ਵਿੱਚ ਧੇਲਾ ਵੀ ਨਹੀਂ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਵੱਧ ਭੱਤੇ ਲੈਣ 'ਚ ਵੀ ਕਾਂਗਰਸ ਅੱਗੇ ਹੈ। ਘੱਟ ਭੱਤੇ ਲੈਣ ਵਾਲਿਆਂ ਵਿੱਚ ਵੀ ਕਾਂਗਰਸੀ ਵਿਧਾਇਕ ਮੋਹਰੀ ਹਨ। ਮੌਜੂਦਾ ਰਾਜ ਭਾਗ ਦੇ ਸਵਾ ਚਾਰ ਵਰਿ•ਆਂ 'ਚ ਭੱਤਿਆਂ ਦੇ ਗੱਫੇ ਲੈਣ ਵਾਲੇ ਵਿਧਾਇਕਾਂ ਦਾ ਜਦੋਂ ਲੇਖਾ ਜੋਖਾ ਕੀਤਾ ਗਿਆ ਤਾਂ ਬਾਜੀ ਭਾਜਪਾ ਵਿਧਾਇਕ ਮਾਰ ਗਏ। ਪੰਜਾਬ ਵਿਧਾਨ  ਸਭਾ ਵਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਭੱਤੇ ਲੈਣ ਵਾਲੇ ਪੰਜਾਬ ਦੇ 'ਟੌਪ ਟੈਨ' ਵਿਧਾਇਕਾਂ ਦੀ ਸੂਚੀ ਦਿੱਤੀ ਗਈ ਹੈ, ਉਸ 'ਚ ਭਾਜਪਾ ਵਿਧਾਇਕ ਸੀਤਾ ਰਾਮ ਕਸ਼ਯਪ ਪੰਜਾਬ ਚੋਂ 'ਨੰਬਰ ਵਨ' ਆਏ ਹਨ ਜਿਨ•ਾਂ ਨੇ ਇਨ•ਾਂ ਵਰਿ•ਆਂ 'ਚ 17.96 ਲੱਖ ਰੁਪਏ ਇਕੱਲੇ ਟੀ.ਏ/ਡੀ.ਏ ਵਜੋਂ ਵਸੂਲ ਪਾਏ ਹਨ। ਜ਼ਿਲ•ਾ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਤੋਂ ਸ੍ਰੀ ਸੀਤਾ ਰਾਮ ਕਸ਼ਯਪ ਭਾਜਪਾ ਵਿਧਾਇਕ ਹਨ। ਭੱਤੇ ਲੈਣ 'ਚ ਤਾਂ ਉਹ ਬਾਜੀ ਮਾਰ ਗਏ ਹਨ ਲੇਕਿਨ ਵਿਧਾਨ ਸਭਾ 'ਚ ਸੁਆਲ ਪੁੱਛਣ 'ਚ ਉਹ ਪਿਛੇ  ਰਹਿ ਗਏ ਹਨ। ਉਨ•ਾਂ ਵਲੋਂ ਮਾਰਚ 2011 ਤੱਕ ਸਿਰਫ਼ ਚਾਰ ਸੁਆਲ ਹੀ ਪੰਜਾਬ ਅਸੈਂਬਲੀ 'ਚ ਪੁੱਛੇ ਗਏ ਹਨ। ਵਿਧਾਇਕ ਸੀਤਾ ਰਾਮ ਦਾ ਕਹਿਣਾ ਸੀ ਕਿ ਉਸ ਨੇ ਹਰ ਮੀਟਿੰਗ ਅਟੈਂਡ ਕੀਤੀ ਹੈ ਅਤੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਜਿਸ ਵਜੋਂ ਉਸ ਦੇ ਭੱਤੇ ਜਿਆਦਾ ਬਣੇ ਹਨ। ਉਨ•ਾਂ ਆਖਿਆ ਕਿ ਇਹ ਚੰਗਾ ਕੰਮ ਕਰਨ ਦਾ ਨਤੀਜਾ ਹੈ।
           ਪੰਜਾਬ ਦੇ 'ਟੌਪ ਟੈਨ' ਵਿਧਾਇਕਾਂ ਨੇ ਸਵਾ ਚਾਰ ਸਾਲਾਂ 'ਚ 1,46,45,076 ਰੁਪਏ ਟੀ.ਏ/ਡੀ.ਏ ਲਿਆ ਹੈ। ਪੰਜਾਬ ਸਰਕਾਰ ਵਲੋਂ ਹੁਣ ਤਾਂ ਇਨ•ਾਂ ਭੱਤਿਆਂ 'ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਵਾਧੇ ਮਗਰੋਂ ਵਿਧਾਇਕਾਂ ਨੂੰ ਹੁਣ 15 ਰੁਪਏ ਪ੍ਰਤੀ ਕਿਲੋਮੀਟਰ ਦਾ ਤੇਲ ਖਰਚ ਮਿਲੇਗਾ ਜਦੋਂ ਕਿ ਪਹਿਲਾਂ ਇਹ 12 ਰੁਪਏ ਪ੍ਰਤੀ ਕਿਲੋਮੀਟਰ ਸੀ। ਪਿਛਲੇ ਵਰੇ• ਤਾਂ ਇਹ ਸਿਰਫ਼ 6 ਰੁਪਏ ਪ੍ਰਤੀ ਕਿਲੋਮੀਟਰ ਹੀ ਹੁੰਦਾ ਸੀ। ਏਦਾ ਹੀ 1000 ਰੁਪਏ ਡੀ.ਏ ਮਿਲੇਗਾ ਜਦੋਂ ਕਿ ਵਾਧੇ ਤੋਂ ਪਹਿਲਾਂ ਇਹ ਡੀ.ਏ ਕੇਵਲ 500 ਰੁਪਏ ਸੀ। ਆਉਂਦੇ ਸਮੇਂ ਤਾਂ ਵਿਧਾਇਕਾਂ ਨੂੰ ਹੋਰ ਵੀ ਗੱਫਾ ਮਿਲ ਜਾਏਗਾ। ਸਰਕਾਰੀ ਸੂਚਨਾ ਅਨੁਸਾਰ ਟੀ.ਏ/ਡੀ.ਏ ਲੈਣ 'ਚ ਦੂਸਰਾ ਨੰਬਰ ਹਲਕਾ ਵਲਟੋਹਾ ਤੋਂ ਅਕਾਲੀ ਵਿਧਾਇਕ ਵਿਰਸਾ ਸਿੰਘ ਦਾ ਹੈ ਜਿਨ•ਾਂ ਨੇ ਸਵਾ ਚਾਰ ਸਾਲਾਂ 'ਚ 17.78 ਲੱਖ ਰੁਪਏ ਦਾ ਟੀ.ਏ/ਡੀ.ਏ ਵਸੂਲ ਕੀਤਾ ਹੈ। ਤੀਸਰਾ ਨੰਬਰ ਹਲਕਾ ਵੇਰਕਾ ਦੇ ਵਿਧਾਇਕ ਡਾ.ਦਲਬੀਰ ਸਿੰਘ ਦਾ ਹੈ ਜਿਨ•ਾਂ ਨੇ 15.60 ਲੱਖ ਰੁਪਏ ਟੀ.ਏ/ਡੀ.ਏ ਵਸੂਲਿਆ ਹੈ। ਚੌਥੇ ਨੰਬਰ 'ਤੇ ਬਠਿੰਡਾ ਜ਼ਿਲ•ੇ ਦੇ ਹਲਕਾ ਪੱਕਾ ਕਲਾਂ ਤੋਂ ਵਿਧਾਇਕ ਮੱਖਣ ਸਿੰਘ ਦਾ ਹੈ ਜਿਨ•ਾਂ ਨੇ ਖ਼ਜ਼ਾਨੇ ਚੋਂ 14.58 ਲੱਖ ਰੁਪਏ ਟੀ.ਏ/ਡੀ.ਏ ਪ੍ਰਾਪਤ ਕੀਤਾ ਹੈ। ਵਿਧਾਇਕ ਮੱਖਣ ਸਿੰਘ ਤਾਂ ਪੰਜਾਬ ਅਸੈਂਬਲੀ 'ਚ ਸੁਆਲ ਪੁੱਛਣ 'ਚ ਵੀ ਮੋਹਰੀ ਹਨ ਤੇ ਇੱਧਰ ਭੱਤੇ ਲੈਣ 'ਚ ਪਿਛੇ ਨਹੀਂ ਹਨ। ਪੰਜਾਬ ਭਰ ਦੇ ਵਿਧਾਇਕਾਂ ਚੋਂ ਸਭ ਤੋਂ ਵੱਧ ਟੀ.ਏ/ਡੀ.ਏ ਲੈਣ ਵਾਲੇ ਪਹਿਲੇ 10 ਵਿਧਾਇਕਾਂ 'ਚ ਭਾਜਪਾ ਦੇ ਚਾਰ ਵਿਧਾਇਕ ਸ਼ਾਮਲ ਹਨ ਜਦੋਂ ਕਿ ਅਕਾਲੀ ਦਲ ਤੇ ਕਾਂਗਰਸ ਦੇ ਤਿੰਨ ਤਿੰਨ ਵਿਧਾਇਕ ਹਨ। ਭਾਜਪਾ ਦੇ ਅੰਮ੍ਰਿਤਸਰ (ਉੱਤਰੀ) ਤੋਂ ਵਿਧਾਇਕ ਅਨਿਲ ਜੋਸ਼ੀ ਟੀ.ਏ/ਡੀ.ਏ ਲੈਣ 'ਚ ਪੰਜਾਬ ਚੋਂ ਸੱਤਵੇਂ ਨੰਬਰ ਹਨ ਜਿਨ•ਾਂ ਨੇ 13.59 ਲੱਖ ਰੁਪਏ ਦੇ ਭੱਤੇ ਵਸੂਲੇ ਹਨ। ਭਾਜਪਾ ਦੇ ਹਲਕਾ ਦਸੂਹਾ ਤੋਂ ਵਿਧਾਇਕ ਅਮਰਜੀਤ ਸਿੰਘ ਸਾਹੀ ਨੇ 12.51 ਲੱਖ ਰੁਪਏ ਅਤੇ ਭਾਜਪਾ ਦੇ ਹਲਕਾ ਨਿਰੋਟ ਮਹਿਰਾ ਤੋਂ ਵਿਧਾਇਕ ਸ੍ਰੀ ਬਿਸ਼ੰਬਰ ਦਾਸ ਨੇ 12.64 ਲੱਖ ਰੁਪਏ ਦਾ ਟੀ.ਏ/ਡੀ.ਏ ਪ੍ਰਾਪਤ ਕੀਤਾ ਹੈ। ਅਕਾਲੀ ਦਲ ਦੇ ਹਲਕਾ ਜੰਡਿਆਲਾ ਤੋਂ ਵਿਧਾਇਕ ਮਲਕੀਅਤ ਸਿੰਘ ਪੰਜਵੇਂ ਨੰਬਰ 'ਤੇ ਹਨ ਜਿਨ•ਾਂ ਨੇ 14.45 ਲੱਖ ਰੁਪਏ ਟੀ.ਏ/ਡੀ.ਏ ਵਜੋਂ ਪ੍ਰਾਪਤ ਕੀਤੇ ਹਨ। ਕਾਂਗਰਸ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ ਇਕਲੌਤੇ ਵਿਧਾਇਕ ਹਨ ਜਿਨ•ਾਂ ਨੇ ਟੀ.ਏ/ਡੀ.ਏ ਲੈਣ 'ਚ ਵੀ ਕਸਰ ਕੱਢ ਦਿੱਤੀ ਅਤੇ ਉਲਟਾ ਵਿਧਾਨ ਸਭਾ 'ਚ ਸੁਆਲ ਪੁੱਛਣ 'ਚ ਵੀ ਹਿੰਮਤ ਨਹੀਂ ਦਿਖਾਈ। ਕਾਂਗਰਸੀ ਵਿਧਾਇਕ ਸ੍ਰੀ ਕਾਂਗੜ ਪੰਜਾਬ ਚੋਂ ਅੱਠਵੇਂ ਨੰਬਰ ਹਨ ਜਿਨ•ਾਂ ਨੇ 12.94 ਲੱਖ ਰੁਪਏ ਟੀ.ਏ/ਡੀ.ਏ ਵਸੂਲ ਕੀਤਾ ਹੈ। ਇਸ ਦੇ ਉਲਟ ਪੰਜਾਬ ਅਸੈਂਬਲੀ 'ਚ 31 ਮਾਰਚ 2011 ਤੱਕ ਸਿਰਫ਼ 11 ਸੁਆਲ ਹੀ ਪੁੱਛੇ ਹਨ।
          ਜ਼ਿਲ•ਾ ਮਾਨਸਾ ਦੇ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਅਸੈਂਬਲੀ 'ਚ ਸੁਆਲ ਵੀ 125 ਦੇ ਕਰੀਬ ਪੁੱਛੇ ਹਨ। ਉਨ•ਾਂ ਟੀ.ਏ/ਡੀ.ਏ  ਵੀ 14.35 ਲੱਖ ਰੁਪਏ ਵਸੂਲਿਆ ਹੈ। ਉਹ ਪੰਜਾਬ ਭਰ ਚੋਂ ਛੇਵੇਂ ਨੰਬਰ 'ਤੇ ਆਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੀ.ਏ/ਡੀ.ਏ ਵਜੋਂ ਕੋਈ ਪੈਸਾ ਨਹੀਂ ਲਿਆ ਹੈ। ਜਿਨ•ਾਂ ਵਿਧਾਇਕਾਂ ਨੇ ਸਭ ਤੋਂ ਘੱਟ ਟੀ.ਏ/ਡੀ.ਏ ਲਿਆ ਹੈ, ਉਨ•ਾਂ 'ਚ ਕੈਪਟਨ ਅਮਰਿੰਦਰ ਸਿੰਘ ਤੋਂ ਮਗਰੋਂ ਹਲਕਾ ਮੁਕਤਸਰ ਦੇ ਕਾਂਗਰਸੀ ਵਿਧਾਇਕ ਕੰਵਰਜੀਤ ਸਿੰਘ ਬਰਾੜ ਦਾ ਨੰਬਰ ਆਉਂਦਾ ਹੈ ਜਿਨ•ਾਂ ਨੇ ਕੇਵਲ 77,700 ਰੁਪਏ ਟੀ.ਏ/ਡੀ.ਏ ਵਜੋਂ ਲਏ ਹਨ। ਹਲਕਾ ਬਨੂੜ ਤੋਂ ਅਕਾਲੀ ਵਿਧਾਇਕ ਜਸਜੀਤ ਸਿੰਘ ਬਨੀ ਨੇ 79540 ਰੁਪਏ,ਅਕਾਲੀ ਵਿਧਾਇਕ ਮਨਜਿੰਦਰ ਸਿੰਘ ਕੰਗ ਨੇ 79,964 ਰੁਪਏ ਅਤੇ ਹਲਕਾ ਕਿਲਾ ਰਾਏਪੁਰ ਤੋਂ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਖੰਗੂੜਾ ਨੇ ਟੀ.ਏ/ਡੀ.ਏ ਵਜੋਂ 1.20 ਲੱਖ ਰੁਪਏ ਹੀ ਵਸੂਲੇ ਹਨ। ਪੰਜਾਬ ਵਿਧਾਨ ਸਭਾ ਦੇ ਸਕੱਤਰ ਸ੍ਰੀ ਵੇਦ ਪ੍ਰਕਾਸ਼ ਦਾ ਕਹਿਣਾ ਸੀ ਕਿ ਜਿਨ•ਾਂ ਵਿਧਾਇਕਾਂ ਦੇ ਹਲਕੇ ਦੂਰ ਪੈਂਦੇ ਹਨ,ਉਨ•ਾਂ ਦਾ ਟੀ.ਏ ਜਿਆਦਾ ਬਣ ਜਾਂਦਾ ਹੈ। ਉਨ•ਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਮੀਟਿੰਗ ਅਟੈਂਡ ਨਹੀਂ ਕੀਤੀ ਜਿਸ ਕਰਕੇ ਉਨ•ਾਂ ਦੇ ਕੋਈ ਭੱਤੇ ਵੀ ਨਹੀਂ ਬਣੇ ਹਨ। ਉਨ•ਾਂ ਦੱਸਿਆ ਕਿ ਟੀ.ਏ/ਡੀ.ਏ ਸਿਰਫ਼ ਸਰਕਾਰੀ ਮੀਟਿੰਗ ਜਾਂ ਪੰਜਾਬ ਵਿਧਾਨ ਸਭਾ ਦੀ ਕਮੇਟੀ ਦੀ ਮੀਟਿੰਗ ਅਟੈਂਡ ਕੀਤੇ ਜਾਣ ਦਾ ਹੀ ਮਿਲਦਾ ਹੈ।