Monday, July 3, 2023

                                       ਸ਼ਗਨਾਂ ਵਾਲਾ ਲਿਫ਼ਾਫ਼ਾ..
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਇੱਕ ਪੁਰਾਣਾ ਤੇ ਮਕਬੂਲ ਗੀਤ ਐ। ਲਿਖਿਆ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਨੇ, ਗਾਇਆ ਮੁਹੰਮਦ ਸਦੀਕ ਨੇ, ‘ਉੱਚਾ ਚੁਬਾਰਾ, ਉੱਚੀਆਂ ਪੌੜੀਆਂ, ਸੈਂਡਲ ਪਾ ਪਾ ਚੜ੍ਹਦੀ, ਲੱਕ ਉਹਦਾ ਪਤਲਾ ਜੇਹਾ, ਵਿਆਹ ਨਾ ਕਰਾਉਂਦੀ ਡਰਦੀ’। ਸਦੀਕ ਮੀਆਂ, ਕਿਹੜੇ ਜ਼ਮਾਨੇ ਦੀ ਗੱਲ ਪਏ ਕਰਦੇ ਹੋ। ਸਿਆਸਤ ਦੀ ਪੌੜੀ ਚੜ੍ਹਨਾ ਹੋਵੇ, ਚਾਹੇ ਨੰਗੇ ਪੈਰੀਂ ਹੀ ਚੜ੍ਹ ਜਾਓ। ਬੱਸ ਏਨਾ ਕੁ ਖ਼ਿਆਲ ਰਹੇ, ਕੋਈ ਪੌੜੀ ਖਿੱਚਣ ਵਾਲਾ ਕੋਲ ਨਾ ਹੋਵੇ। ਫਿਰ ਦੇਖਣਾ ਕਿਵੇਂ ਚਾਰ ਟੰਗੀ ਥੋਡਾ ਕੁਰਸੀਨਾਮਾ ਬਣਦੀ ਐ। 

      ਆਹ ਜਿੰਨੇ ਨੇਤਾ ਗਣ ਨੇ, ਸਿਆਸੀ ਪੌੜੀ ਦੇਸ਼ ਦੀ ਚੋਂਦੀ ਛੱਤ ਦੇਖਣ ਲਈ ਥੋੜ੍ਹਾ ਚੜ੍ਹੇ ਨੇ। ਕੋਈ ਦੌਲਤ ਲਈ, ਕੋਈ ਸ਼ੋਹਰਤ ਲਈ ਤੇ ਕੋਈ ਕੁਰਸੀ ਲਈ ਚੜ੍ਹਿਐ। ਏਹ ਤਾਂ ਭਲਾ ਹੋਵੇ ‘ਆਪ’ ਵਾਲਿਆਂ ਦਾ, ਜਿਨ੍ਹਾਂ ਪਹਿਲਾਂ ਪੌੜੀ ਲਾਈ, ‘ਬਦਲਾਅ’ ਨੂੰ ਕੰਧਾੜੇ ਚੁੱਕ ਪੰਜਾਬ ਦੀ ਛੱਤ ਜਾ ਚੜ੍ਹੇ। ‘ਪੱਲੇ ਹੋਵੇ ਸੱਚ, ਕੋਠੇ ਚੜ੍ਹ ਕੇ ਨੱਚ’, ਨਵੇਂ ਮੁੰਡਿਆਂ ਤੋਂ ਚਾਅ ਨਾ ਚੁੱਕਿਆ ਜਾਵੇ। ਇਨ੍ਹਾਂ ਭੋਲੇ ਪੰਛੀਆਂ ਦੀ ਏਨੀ ਕੁ ਸਮਝ ਸੀ ਕਿ ਬਈ! ਐਮ.ਐਲ.ਏ/ ਐਮ.ਪੀ ਬਣ ਤਨਖ਼ਾਹਾਂ ਤੇ ਭੱਤੇ ਮਿਲਦੇ ਨੇ, ਸਭ ਸੁੱਖ ਸਹੂਲਤਾਂ ਵੀ। ਸੱਤਾ ਦੇ ਸਿੰਗਾਂ ਨੂੰ ਹੱਥ ਪੈਂਦਿਆਂ ਹੀ ਪੌਂ ਬਾਰਾਂ ਨੇ।

      ਨਵੇਂ ਸਿਆਸੀ ਫ਼ਾਇਦੇ ਦਾ ਇਨ੍ਹਾਂ ਨੂੰ ਸਹੁੰ ਚੁੱਕਣ ਪਿੱਛੋਂ ਪਤਾ ਲੱਗਿਐ। ‘ਸਿਆਸੀ ਪਿੜ ’ਚ ਕੁਆਰੇ ਜਾਂ ਛੜੇ ਆਓ, ਐਮ.ਐਲ.ਏ/ ਵਜ਼ੀਰ ਬਣ ਚੰਗੀ ਜੀਵਨ ਸਾਥਣ ਪਾਓ।’ ਲਓ ਜੀ, ਅੰਨ੍ਹਾ ਕੀ ਭਾਲੇ ਦੋ ਅੱਖਾਂ। ‘ਆਪ’ ਵਾਲਿਆਂ ਦੇ ਧੜਾਧੜ ਸਾਹੇ ਦੇਖ ਇੰਜ ਲੱਗਦੈ ਕਿ ਜਿਵੇਂ ‘ਬਦਲਾਅ’ ਛੱਤ ਤੋਂ ਛਾਲ ਮਾਰ ਇਨ੍ਹਾਂ ਦੇ ਘਰੀਂ ਜਾ ਵੜਿਆ ਹੋਵੇ। ‘ਹਾਥੀ ਚੱਲੇ ਬਾਜ਼ਾਰ, ਕੁੱਤੇ ਭੌਂਕਣ ਹਜ਼ਾਰ’। ਸਾਥੀਓ, ਐਰੇ ਗੈਰੇ ਨੱਥੂ ਖੈਰੇ ਦੀ ਕੋਈ ਪ੍ਰਵਾਹ ਨਹੀਂ ਕਰਨਾ, ਇੰਦਰ ਦੇ ਅਖਾੜੇ ’ਚ ਢੋਲੇ ਦੀਆਂ ਲਾਓ। ਰੱਬ ਵੀ ਸੋਚਾਂ ਵਿਚ ਪਊ ਕਿ ਸ਼ਗਨ ਵਾਲਾ ਲਿਫ਼ਾਫ਼ਾ ਕੀਹਦੇ ਹੱਥ ਘੱਲਾਂ। ਸੱਚਮੁੱਚ ਹੁਣ ਪੰਜਾਬ ਦੀ ਸਿਆਸਤ ਨੇ ਦੇਸ਼ ਨੂੰ ਨਵਾਂ ਰਾਹ ਦਿਖਾਇਆ ਹੈ, ਬਾਕੀ ਤਾਂ ਛੱਡੋ, ਘੱਟੋ ਘੱਟ ਰਾਹੁਲ ਗਾਂਧੀ ਇਸ ਤੋਂ ਜ਼ਰੂਰ ਸਬਕ ਸਿੱਖ ਸਕਦੇ ਨੇ।

      ਰਾਹੁਲ ਗਾਂਧੀ ਦਾ ਨਾਮ ਕਾਹਦਾ ਲਿਆ, ਮੁਹੰਮਦ ਸਦੀਕ ਫੇਰ ਹੇਕ ਲਾਉਣ ਬੈਠ ਗਏ, ‘ਚੰਡੀਗੜ੍ਹ ਵਾਂਗੂੰ ਭਾਬੀ ਨੀ, ਸਾਡੇ ਵਿਆਹ ਦਾ ਮਸਲਾ ਅੜ ਚੱਲਿਆ।’ ਸਿਆਣੇ ਆਖਦੇ ਨੇ ਕਿ ਜੇ ਮੱਛੀ ਨਾ ਫੜੀ ਜਾਵੇ ਤਾਂ ਸਮੁੰਦਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਕਿੰਨਾ ਕੁ ਚਿਰ ਰਮਤੇ ਬਣ ਗਾਉਂਦੇ ਫਿਰੋਗੇ, ‘ਮੇਰੇ ਸਪਨੋਂ ਕੀ ਰਾਣੀ ਕਬ ਆਏਗੀ ਤੂ..’। ਹਰ ਉਮਰ ਦੇ ਆਪਣੇ ਘੋੜੇ ਹੁੰਦੇ ਨੇ। ਅਸਾਂ ਦੀ ਸਲਾਹ ਮੰਨੋ, ਚਾਰ ਕੁ ਦਿਨ ‘ਆਪ’ ਵਾਲਿਆਂ ਦੀ ਸੰਗਤ ਕਰ ਜਾਵੋ, ਫੇਰ ਦੇਖਣਾ ਹਰ ਗਲੀ ਮਹੱਲੇ ਚੋਂ ਇੱਕੋ ਗੂੰਜ ਪਏਗੀ, ‘ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀ ਹਾਂ।’

      ਹੁਣ ਮੌਕਾ ਨਾ ਖੁੰਝਾਓ, ਕੇਜਰੀਵਾਲ ਨੂੰ ਚਾਹ ਦੇ ਕੱਪ ’ਤੇ ਬੁਲਾਓ। ਆਰਡੀਨੈਂਸ ਖ਼ਿਲਾਫ਼ ਜੱਫੀ ਪਾਓ, ਸੇਠ ਜੀ ਤੋਂ ਸਿਰ ਪਲਸਾਓ। ਦੁਨੀਆਂ ਸ਼ਾਲੀਮਾਰ ਬਾਗ਼ ਹੀ ਲੱਗੇਗੀ। ਪੰਜਾਬ ਦਾ ਪੈੜਾ ਕਿੰਨਾ ਪ੍ਰਤਾਪੀ ਐ, ਚਾਹੇ ਰਾਘਵ ਚੱਢਾ ਨੂੰ ਪੁੱਛ ਕੇ ਦੇਖ ਲਵੋ, ਆਉਂਦੇ ਪੋਹ ਪੰਜਾਬ ਨਾਨਕ ਛੱਕ ਪੂਰਨ ਦਿੱਲੀ ਜਾਊ, ਜਲੰਧਰ ਦਾ ਦੋਹਤਾ ਜੋ ਹੋਇਆ। ‘ਬਦਲਾਅ’ ਨੇ ਆਹ ਸਿਆਸਤ ’ਚ ਐਸੀ ਨਵੀਂ ਮੋਹੜੀ ਗੱਡੀ ਐ, ਅੜੇ ਗੱਡੇ ਕੀ ਨਾ ਨਿਕਲ ਜਾਣ। ‘ਹਮ ਨਾ ਵਿਆਹੇ, ਕਾਹਦੇ ਸਾਹੇ’, ਗੱਲ ਤੁਸਾਂ ਦੀ ਰਾਹੁਲ ਜੀ ਪੂਰੇ ਲੱਖ ਰੁਪਏ ਦੀ ਐ। ਮਾਫ਼ ਕਰਨਾ, ਕਿਤੇ ਪਾਰਲੀਮੈਂਟ ਤੋਂ ਬਾਹਰ ਵੇਲੇ ਸਿਰ ਅੱਖ ਦੱਬੀ ਹੁੰਦੀ, ਪਤਝੜ ਰੁੱਤੇ ਬਹਾਰ ਆ ਜਾਂਦੀ। ਨਾਲੇ ਕੱਲੀ ਤਾਂ ਲੱਕੜ ਵੀ ਨਹੀਂ ਬਲਦੀ।

      ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਆਪਣਾ ਨਹੀਂ ਤਾਂ ਆਪਣੀ ਮੰਮੀ ਸੋਨੀਆ ਦੇ ਬੁਢਾਪੇ ਦਾ ਤਾਂ ਖ਼ਿਆਲ ਕਰੋ।  ਜਵਾਨ ਪੁੱਤ ਘਰੇ ਕੁਆਰਾ ਬੈਠਾ ਹੋਵੇ ਤਾਂ ਮਾਂ ਨੂੰ ਨੀਂਦਰਾਂ ਕਿੱਥੇ। ਪਟਨੇ ਵਾਲੀ ਮੀਟਿੰਗ ’ਚ ਲਾਲੂ ਪ੍ਰਸ਼ਾਦ ਯਾਦਵ ਸੱਚ ਫ਼ਰਮਾਉਂਦੇ ਪਏ ਸਨ, ‘ਰਾਹੁਲ ਬਾਬਾ ਜੀ, ਹਾਲੇ ਥੋਡੀ ਉਮਰ ਕਿੱਥੇ ਬੀਤੀ ਐ, ਸ਼ਾਦੀ ਕਰ ਲਓ, ਅਸੀਂ ਬਰਾਤੀ ਬਣਾਂਗੇ। ਤੁਹਾਡੀ ਮੰਮੀ ਆਖਦੀ ਪਈ ਐ ਕਿ ਮੇਰੀ ਗੱਲ ਨਹੀਂਓ ਮੰਨਦਾ’। ਰਾਹੁਲ ਦੇ ਬੁੱਲ੍ਹਾਂ ’ਤੇ ਹਾਸਾ, ਮਨ ਵਿਚ ਸੋਚ ਆਈ ਹੋਊ ਕਿ ਵਿਆਹ ਵਾਲਾ ਲੱਡੂ ਖਾਵਾਂ ਜਾਂ ਨਾ।

     ‘ਚੰਗਾ ਘੋੜਾ ਬਿਨਾਂ ਮੰਡੀ ਤੋਂ ਵਿਕ ਜਾਂਦਾ ਹੈ।’ ਤੁਸਾਂ ਕਿਹੜਾ ਰੱਬ ਦੇ ਮਾਂਹ ਮਾਰੇ ਨੇ। ਇੱਧਰ, ਪੰਜਾਬ ਆਲ਼ੇ ਤਾਂ ਬਾਲੋ ਮਾਹੀਆ ਗਾਉਂਦੇ ਨੀਂ ਥੱਕ ਰਹੇ। ਪਤੰਦਰ ਕੋਈ ਪੋਹ ਸੁੱਕਾ ਨਹੀਂ ਟੱਪਣ ਦਿੰਦੇ। ਹੋਰ ਕੀ ‘ਬਦਲਾਅ’ ਦੇ ਸਿੰਗ ਲੱਗੇ ਹੁੰਦੇ ਨੇ। ਲਾਲੂ ਪ੍ਰਸ਼ਾਦ ਯਾਦਵ ਰੇਲ ਮੰਤਰੀ ਰਹੇ ਨੇ। ਤਾਂਹੀਓਂ ਉਨ੍ਹਾਂ ਰਾਹੁਲ ਗਾਂਧੀ ਨੂੰ ਬੱਚਾ ਸਮਝ ਫ਼ਿਕਰ ਕੀਤਾ। ਲਾਲੂ ਜੀ ਨੂੰ ਅੰਦਰੋਂ ਪਤੈ ਕਿ ਜਿਵੇਂ ਰਾਹੁਲ ਗਾਂਧੀ ਗ੍ਰਹਿਸਤੀ ਦੀ ਗੱਡੀ ਨੂੰ ਇੱਕੋ ਪਹੀਏ ’ਤੇ ਧੂਹੀ ਫਿਰਦੈ, ਕਿਤੇ ਜ਼ਰੂਰ ਖ਼ਤਾ ਖਾਏਗਾ। ਸ਼ਾਇਦ ਇਸੇ ਕਰਕੇ ਕਿਸੇ ਸਟੇਸ਼ਨ ’ਤੇ ‘ਕੁਲੀ’ ਫ਼ਿਲਮ ਦਾ ਗਾਣਾ ਵੱਜ ਰਿਹਾ ਸੀ, ‘ਨਾ ਮੈਨੇ ਸਿਗਨਲ ਦੇਖਾ, ਨਾ ਤੂਨੇ ਸਿਗਨਲ ਦੇਖਾ..।’

      ‘ਆਪ’ ਵਾਲਿਆਂ ਦੀ ਵਿਆਹੁਤਾ ਗੱਡੀ ਤਾਂ ਫ਼ੁਲ ਸਪੀਡ ’ਤੇ ਹੈ।  ਜਥੇਦਾਰ ਸੁਖਬੀਰ ਸਿੰਘ ਬਾਦਲ ‘ਬੰਬ’ ਵਾਲੀਆਂ ਸੜਕਾਂ ਨਾ ਬਣਾਉਂਦੇ ਤਾਂ ਗੱਡੀ ਕਿਥੋਂ ਭੱਜਣੀ ਸੀ। ਹੁਣ ਕੇਂਦਰ ਨੇ ਫ਼ੰਡ ਕਾਹਦੇ ਰੋਕੇ ਨੇ, ਪੰਜਾਬ ਦੀਆਂ ਸੜਕਾਂ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਬਣ ਚੱਲੀਆਂ ਨੇ। ਜਿਵੇਂ ਹੇਮਾ ਮਾਲਿਨੀ ਦੀਆਂ ਗੱਲ੍ਹਾਂ ’ਚ ਟੋਏ ਨੇ, ਉਵੇਂ ਪੰਜਾਬ ਦੀਆਂ ਸੜਕਾਂ ’ਚ।

       ਦੇਸ਼ ਦੇ ਕੁਰਸੀ ਪ੍ਰੇਮੀਓ, ਜਿਨ੍ਹਾਂ ਦਾ ਲਗਨ ਠੰਢਾ, ਸੰਜੋਗ ਨਹੀਂ ਜੁੜਦਾ, ਭਾਨੀਮਾਰ ਟਿਕਣ ਨਹੀਂ ਦਿੰਦੇ, ਉਹ ਪੰਜਾਬ ਜ਼ਰੂਰ ਆਉਣ। ‘ਆਪ’ ਦੀ ਦੇਹਲੀ ’ਤੇ ਮੱਥਾ ਟੇਕ, ‘ਬਦਲਾਅ’ ਨੂੰ ਘੁੱਟ ਘੁੱਟ ਕੇ ਜੱਫੀ ਪਾਉਣ। ਸ਼ਰਤੀਆ ਇਲਾਜ ਹੈ, ਜਿਨ੍ਹਾਂ ਏਹ ਨੁਸਖ਼ਾ ਅਜ਼ਮਾਇਆ, ਉਨ੍ਹਾਂ ਸਦਾ ਸੁੱਖ ਪਾਇਆ। ਇਨ੍ਹਾਂ ਸੱਜਣਾਂ ਕੋਲ ਐਸਾ ਬ੍ਰਹਮ ਅਸਤਰ ਹੈ ਕਿ ਜਿਸ ਨੂੰ ਦੇਖ ਤਾਂ ਪੰਜਾਬ ਦੇ ਛੜੇ ਵੀ ਬਾਘੀਆਂ ਪਾਉਂਦੇ ਫਿਰਦੇ ਨੇ। ਕਿਤੇ ਇਹ ਨਾ ਹੋਵੇ, ਅਗਲੀਆਂ ਚੋਣਾਂ ਵਿਚ ‘ਆਪ’ ਦੇ ਬੂਹੇ ’ਤੇ ਟਿਕਟਾਂ  ਲੈਣ ਲਈ ਛੜਿਆਂ ਦਾ ਮੇਲਾ ਲੱਗ ਜਾਵੇ।

      ‘ਜਦ ਤੱਕ ਸਾਸ, ਤਦ ਤੱਕ ਆਸ।’ ਬਹੁਤੇ ਲੋਕ ਇਸ ਕਹਾਵਤ ਦਾ ਇਹ ਗ਼ਲਤ ਅਰਥ ਕੱਢਦੇ ਹਨ ਕਿ ਜਦੋਂ ਤੱਕ ਸਾਹ ਹਨ, ਆਸ ਬਣਾਈ ਰੱਖਣੀ ਚਾਹੀਦੀ ਹੈ। ਮਿੱਤਰੋ! ਇਹਦਾ ਅਸਲ ਅਰਥ ਹੈ ਕਿ ਜਦੋਂ ਤੱਕ ਦੁਨੀਆ ਵਿਚ ਕਿਤੇ ਵੀ ਤੁਹਾਡੀ ਸੱਸ ਬੈਠੀ ਹੈ, ਉਹਦੀ ਧੀ ਮਿਲ ਜਾਣ ਦੀ ਆਸ ਨਾ ਛੱਡੋ। ਹੁਣ ਕਈ ਤਾਂ ਮਨੋਂ ਮਨੀ ਇਹ ਵੀ ਸੋਚਾਂ ਦੇ ਘੋੜੇ ਦੌੜਾਉਣ ਲੱਗ ਪਏ ਹੋਣਗੇ ਕਿ ਕਿ ਕੀ ਪਤੈ ਕੰਗਨਾ ਰਣੌਤ ਦਾ ਹੀ ਸਾਕ ਆ ਜਾਵੇ।  ਇਸੇ  ਕਰਕੇ ਤਾਂ ਪੇਂਡੂ ਵਿਆਹ ਸਾਹਿਆਂ ’ਤੇ ਸਪੀਕਰਾਂ ਵਾਲਾ ਬਾਬਾ ਵੀ ਤਵੇ ’ਤੇ ਤਵਾ ਵਜਾ ਰਿਹੈ..‘ਹਮ ਹੋਂਗੇ ਕਾਮਯਾਬ ਏਕ ਦਿਨ..।’

 (29 June 2023)

No comments:

Post a Comment