Tuesday, June 27, 2023

                                                       ਬਾਗ਼ ਘੁਟਾਲਾ
                         ਕੁੜਿੱਕੀ ’ਚ ਫਸੇ ਰਸੂਖਵਾਨ ਮੁਆਵਜ਼ਾ ਮੋੜਨ ਲੱਗੇ
                                                       ਚਰਨਜੀਤ ਭੁੱਲਰ  

ਚੰਡੀਗੜ੍ਹ :ਮੁਹਾਲੀ ਵਿੱਚ ਹੋਏ ਕਰੋੜਾਂ ਰੁਪਏ ਦੇ ‘ਬਾਗ਼ ਘੁਟਾਲੇ’ ਵਿੱਚ ਫਸੇ ਰਸੂਖਵਾਨਾਂ ਨੇ ਮੁਆਵਜ਼ਾ ਰਾਸ਼ੀ ਵਾਪਸ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਬਿਊਰੋ ਦੀ ਕੁੜਿੱਕੀ ’ਚ ਫਸਣ ਮਗਰੋਂ ਰਸੂਖਵਾਨਾਂ ਨੇ ਕਰੋੜਾਂ ਰੁਪਏ ਦੀ ਮੁਆਵਜ਼ਾ ਰਾਸ਼ੀ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਕਰਵਾ ਦਿੱਤੀ ਹੈ। ਅੱਧੀ ਦਰਜਨ ਰਸੂਖਵਾਨਾਂ ਨੂੰ ਐਕੁਆਇਰ ਜ਼ਮੀਨ ਵਿਚ ਅਮਰੂਦਾਂ ਦੇ ਫ਼ਰਜ਼ੀ ਬਾਗ਼ ਦਿਖਾ ਕੇ ਹੜੱਪ ਕੀਤੀ ਮੁਆਵਜ਼ਾ ਰਾਸ਼ੀ ਵਾਪਸ ਕਰਨ ਦੇ ਹੁਕਮ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਖ਼ਜ਼ਾਨੇ ਦੀ ਹੋਈ ਲੁੱਟ ਦੀ ਰਾਸ਼ੀ ਵਾਪਸ ਕਰਾਈ ਜਾਵੇਗੀ। ਵਿਜੀਲੈਂਸ ਬਿਊਰੋ ਨੇ 2 ਮਈ ਨੂੰ ‘ਬਾਗ਼ ਘੁਟਾਲੇ’ ਮਾਮਲੇ ਵਿਚ ਐੱਫਆਈਆਰ ਦਰਜ ਕੀਤੀ ਸੀ ਜਿਸ ’ਚ ਪਹਿਲੇ ਪੜਾਅ ’ਤੇ ਡੇਢ ਦਰਜਨ ਲੋਕ ਸ਼ਾਮਲ ਕੀਤੇ ਗਏ ਸਨ। ਤਫ਼ਤੀਸ਼ ਦੌਰਾਨ 17 ਹੋਰਨਾਂ ਲੋਕਾਂ ਨੂੰ ਵੀ ਕੇਸ ਵਿਚ ਸ਼ਾਮਲ ਕੀਤਾ ਗਿਆ। ਵਿਜੀਲੈਂਸ ਹੁਣ ਤੱਕ ਡੇਢ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ‘ਬਾਗ਼ ਘੁਟਾਲੇ’ ਵਿਚ ਦੋ ਆਈਏਐੱਸ ਅਫ਼ਸਰਾਂ ਦੇ ਪਰਿਵਾਰ ਵੀ ਸ਼ਾਮਲ ਹਨ। ਬਾਗ਼ਬਾਨੀ ਮਹਿਕਮੇ ਦੇ ਕਈ ਅਧਿਕਾਰੀ ਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। 

         ਵੇਰਵਿਆਂ ਅਨੁਸਾਰ ‘ਬਾਗ਼ ਘੁਟਾਲੇ’ ਵਿਚ ਕੁੱਲ 109 ਵਿਅਕਤੀਆਂ ਨੇ 138 ਕਰੋੜ ਦਾ ਮੁਆਵਜ਼ਾ ਹਾਸਲ ਕੀਤਾ ਸੀ। ਘੁਟਾਲੇ ਵਿਚ ਫੜੀ ਗਈ ਮਹਿਲਾ ਪ੍ਰਵੀਨ ਲਤਾ ਅਤੇ ਸ਼ਮਾ ਜਿੰਦਲ ਨੇ ਗਮਾਡਾ ਕੋਲ 1.09 ਕਰੋੜ ਰੁਪਏ ਦੀ ਰਾਸ਼ੀ ਜਮ੍ਹਾਂ ਕਰਾ ਦਿੱਤੀ ਹੈ। ਇਨ੍ਹਾਂ ਮਹਿਲਾਵਾਂ ਨੇ ਮੁਹਾਲੀ ਅਦਾਲਤ ਵਿਚ ਆਪਣੀ ਜ਼ਮਾਨਤ ਅਰਜ਼ੀ ਲਾਈ ਹੋਈ ਸੀ। ਅਦਾਲਤ ਨੇ ਪਹਿਲੀ ਜੂਨ ਨੂੰ ਇਨ੍ਹਾਂ ਦੋਵਾਂ ਮਾਮਲਿਆਂ ਵਿਚ ਹੁਕਮ ਜਾਰੀ ਕੀਤੇ ਸਨ ਕਿ ਬਾਗ਼ਾਂ ਦੇ ਬਦਲੇ ਵਿਚ ਲਈ ਰਾਸ਼ੀ ਵਾਪਸ ਜਮ੍ਹਾਂ ਕਰਾਈ ਜਾਵੇ। ਮੁਹਾਲੀ ਅਦਾਲਤ ਨੇ ਚਾਰ ਰਸੂਖਵਾਨਾਂ ਨੂੰ 15 ਫ਼ੀਸਦੀ ਵਿਆਜ ਸਮੇਤ ਲਏ ਮੁਆਵਜ਼ੇ ਦੀ ਰਾਸ਼ੀ ਵਾਪਸ ਖ਼ਜ਼ਾਨੇ ਵਿਚ ਜਮ੍ਹਾਂ ਕਰਾਉਣ ਲਈ ਹੁਕਮ ਜਾਰੀ ਕੀਤੇ ਹਨ। ਮੁਹਾਲੀ ਅਦਾਲਤ ਨੇ 13 ਜੂਨ ਨੂੰ ਸੁਣਾਏ ਹੁਕਮਾਂ ਵਿਚ ਗੌਰਵ ਕਾਂਸਲ ਨੂੰ ਵੀ ਹੁਕਮ ਕੀਤਾ ਹੈ ਕਿ ਉਹ ਜੇਲ੍ਹ ਵਿਚੋਂ ਰਿਹਾਈ ਮਗਰੋਂ ਇੱਕ ਮਹੀਨੇ ਦੇ ਅੰਦਰ 15 ਫ਼ੀਸਦੀ ਵਿਆਜ ਸਮੇਤ ਬਾਗ਼ਾਂ ਦੇ ਹਾਸਲ ਕੀਤੇ ਮੁਆਵਜ਼ੇ ਦੀ ਰਾਸ਼ੀ ਵਾਪਸ ਖ਼ਜ਼ਾਨੇ ਵਿਚ ਜਮ੍ਹਾਂ ਕਰਾਏ। ਇਸ ਘੁਟਾਲੇ ਵਿਚ ਭੁਪਿੰਦਰ ਸਿੰਘ ਨੇ ਸਭ ਤੋਂ ਵੱਧ 23.79 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਵਜੋਂ ਹਾਸਲ ਕੀਤੇ ਸਨ।

       ਗਮਾਡਾ ਨੇ 8 ਜਨਵਰੀ 2021 ਨੂੰ ਪਿੰਡ ਬਾਕਰਪੁਰ ਦੀ ਜ਼ਮੀਨ ਦਾ ਐਵਾਰਡ ਸੁਣਾਇਆ ਸੀ ਜਿਸ ਦੀ ਪ੍ਰਕਿਰਿਆ 2016 ਵਿਚ ਸ਼ੁਰੂ ਹੋ ਗਈ ਸੀ। ਗਮਾਡਾ ਨੇ ਐਕੁਆਇਰ ਜ਼ਮੀਨ ਦੀ ਮੁਆਵਜ਼ਾ ਰਾਸ਼ੀ ਤੋਂ ਇਲਾਵਾ ਅਮਰੂਦ ਦੇ ਬਾਗ਼ਾਂ ਦੀ ਵੀ ਕਰੀਬ 138 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ। ਪੰਜਾਬ ਖੇਤੀ ’ਵਰਸਿਟੀ ਦੇ ਮਾਹਿਰਾਂ ਅਨੁਸਾਰ ਇੱਕ ਏਕੜ ਰਕਬੇ ਵਿਚ ਅਮਰੂਦਾਂ ਦੇ 132 ਪੌਦੇ ਲੱਗ ਸਕਦੇ ਹਨ, ਪਰ ਜ਼ਮੀਨ ਮਾਲਕਾਂ ਨੇ ਮੁਆਵਜ਼ਾ ਲੈਣ ਖ਼ਾਤਰ ਇੱਕ ਏਕੜ ਵਿਚ ਦੋ ਹਜ਼ਾਰ ਤੋਂ 2500 ਪੌਦੇ ਦਿਖਾ ਕੇ ਮੋਟਾ ਮੁਆਵਜ਼ਾ ਲੈ ਲਿਆ। ਵਿਜੀਲੈਂਸ ਨੇ ਪੜਤਾਲ ਵਿਚ ਪਾਇਆ ਕਿ ਅਮਰੂਦਾਂ ਦੇ ਬਾਗ਼ਾਂ ਦੇ ਨਾਂ ਹੇਠ ਗ਼ੈਰਕਾਨੂੰਨੀ ਤੌਰ ’ਤੇ ਲੋਕਾਂ ਨੇ ਮੁਆਵਜ਼ਾ ਹਾਸਲ ਕੀਤਾ ਹੈ।

                                 ਆਈਏਐੱਸ ਅਫ਼ਸਰਾਂ ਪ੍ਰਤੀ ਸੁਰ ਨਰਮ

ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਰਾਜੇਸ਼ ਧੀਮਾਨ ਦੀ ਪਤਨੀ ਜਸਮੀਨ ਕੌਰ ਨੇ ਵੀ ਪਿੰਡ ਬਾਕਰਪੁਰ ਵਿਚ ਐਕੁਆਇਰ ਜ਼ਮੀਨ ਆਦਿ ਦੇ ਬਦਲੇ ਵਿਚ 1.17 ਕਰੋੜ ਰੁਪਏ ਦਾ ਮੁਆਵਜ਼ਾ ਹਾਸਲ ਕੀਤਾ ਹੈ ਜਿਸ ’ਤੇ ਵਿਜੀਲੈਂਸ ਨੇ ਕੇਸ ਦਰਜ ਕੀਤਾ ਹੈ। ਇੱਕ ਹੋਰ ਆਈਏਐੱਸ ਅਧਿਕਾਰੀ ਦੀ ਪਤਨੀ ਦਾ ਨਾਮ ਵੀ ਇਸ ਘੁਟਾਲੇ ਵਿਚ ਬੋਲਦਾ ਹੈ। ਪੰਜਾਬ ਸਰਕਾਰ ਇਨ੍ਹਾਂ ਦੋਵੇਂ ਅਫ਼ਸਰਾਂ ਦੇ ਮਾਮਲੇ ਵਿਚ ਚੁੱਪ ਹੈ ਜਦੋਂ ਕਿ ਬਾਕੀ ਮੁਲਜ਼ਮਾਂ ਨਾਲ ਸਖ਼ਤੀ ਨਾਲ ਪੇਸ਼ ਆ ਰਹੀ ਹੈ।

No comments:

Post a Comment