Thursday, June 8, 2023

                                                      ਸੁੱਕਦਾ ਪੰਜਾਬ
                             ਸਤਾਰਾਂ ਹਜ਼ਾਰ ਨਹਿਰੀ ਖਾਲੇ ਹੋਏ ‘ਗ਼ਾਇਬ’..!
                                                    ਚਰਨਜੀਤ ਭੁੱਲਰ 

ਚੰਡੀਗੜ੍ਹ: ਨਹਿਰੀ ਪਾਣੀ ਦੀ ਵਰਤੋਂ ਤੋਂ ਪਾਸਾ ਵੱਟਣ ਦਾ ਨਤੀਜਾ ਹੈ ਕਿ ਪੰਜਾਬ ਵਿਚ ਕਰੀਬ 17 ਹਜ਼ਾਰ ਨਹਿਰੀ ਖਾਲੇ ਹੀ ‘ਗ਼ਾਇਬ’ ਹੋ ਗਏ ਹਨ। ਮੁਫ਼ਤ ਬਿਜਲੀ ਦੀ ਸਹੂਲਤ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਤੋਂ ਦੂਰ ਕਰ ਦਿੱਤਾ ਹੈ। ਇੱਕ ਪਾਸੇ ਕਿਸਾਨਾਂ ਨੇ ਨਹਿਰੀ ਪਾਣੀ ਨੂੰ ਨੱਕਾ ਮਾਰ ਦਿੱਤਾ, ਦੂਜੇ ਪਾਸੇ ਜ਼ਮੀਨ ਹੇਠੋਂ ਅੰਨ੍ਹੇਵਾਹ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ। ਹਕੂਮਤਾਂ ਨੇ ਨਹਿਰੀ ਢਾਂਚੇ ਤੋਂ ਮੂੰਹ ਫੇਰ ਲਿਆ ਅਤੇ ਹੌਲੀ-ਹੌਲੀ ਇਸ ਢਾਂਚੇ ਦੀ ਆਖ਼ਰੀ ਕੜੀ ‘ਨਹਿਰੀ ਖਾਲੇ’ ਆਪਣਾ ਵਜੂਦ ਹੀ ਗੁਆ ਬੈਠੇ ਹਨ। ਸਿੰਜਾਈ ਮਹਿਕਮੇ ਨੇ ਹੁਣ ਜਦੋਂ ਨਹਿਰੀ ਖਾਲਿਆਂ ਦੀ ਬਹਾਲੀ ਦੀ ਕਾਰਵਾਈ ਸ਼ੁਰੂ ਕੀਤੀ ਹੈ ਤਾਂ ਹੈਰਾਨੀ ਭਰੇ ਤੱਥ ਸਾਹਮਣੇ ਆਏ ਹਨ। ਪੰਜਾਬ ਵਿਚ ਕੁੱਲ 47,025 ਨਹਿਰੀ ਖਾਲੇ ਸ਼ਨਾਖ਼ਤ ਕੀਤੇ ਗਏ ਹਨ ਜਿਨ੍ਹਾਂ ’ਚੋਂ 16,892 ਨਹਿਰੀ ਖਾਲੇ ‘ਗ਼ਾਇਬ’ ਪਾਏ ਗਏ ਹਨ। ਇਨ੍ਹਾਂ ‘ਗ਼ਾਇਬ’ ਖਾਲਿਆਂ ਨੂੰ ਹੁਣ ਲੱਭਿਆ ਜਾ ਰਿਹਾ ਹੈ। ਜਦੋਂ ਇਹ ਅਧਿਐਨ ਹੋਇਆ ਤਾਂ ਪਤਾ ਲੱਗਾ ਕਿ ਜਿੱਥੇ ਨਹਿਰੀ ਪਾਣੀ ਦੀ ਵਰਤੋਂ ਸਭ ਤੋਂ ਘੱਟ ਹੈ, ਉੱਥੇ ਜ਼ਮੀਨੀ ਪਾਣੀ ਸਭ ਤੋਂ ਵੱਧ ਡੂੰਘਾ ਹੈ।

         ਪੰਜਾਬ ਵਿਚ ਇਸ ਵੇਲੇ ਕਰੀਬ 100 ਲੱਖ ਏਕੜ ਰਕਬਾ ਖੇਤੀ ਹੇਠ ਹੈ, ਜਿਸ ’ਚੋਂ 78.76 ਲੱਖ ਏਕੜ ਨੂੰ ਪਾਲਣ ਲਈ ਨਹਿਰੀ ਢਾਂਚਾ ਮੌਜੂਦ ਹੈ ਪਰ ਇਸ ’ਚੋਂ ਸਿਰਫ਼ 38.78 ਲੱਖ ਏਕੜ ਰਕਬੇ ਨੂੰ ਹੀ ਨਹਿਰੀ ਪਾਣੀ ਲੱਗ ਰਿਹਾ ਹੈ। ਮਤਲਬ ਕਿ ਖੇਤੀ ਸੈਕਟਰ ’ਚ ਸਿਰਫ਼ 38.78 ਫ਼ੀਸਦੀ ਰਕਬਾ ਨਹਿਰੀ ਪਾਣੀ ਨਾਲ ਸਿੰਜਿਆ ਜਾ ਰਿਹਾ ਹੈ। ਪੰਜਾਬ ਵਿੱਚ ਕਰੀਬ ਸਵਾ ਲੱਖ ਕਿਲੋਮੀਟਰ ਨਹਿਰੀ ਖਾਲੇ ਹਨ, ਜਿਨ੍ਹਾਂ ’ਚੋਂ ਕਰੀਬ 60 ਹਜ਼ਾਰ ਕਿਲੋਮੀਟਰ ਨਹਿਰੀ ਖਾਲੇ ਪੱਕੇ ਹਨ। ਤਾਜ਼ਾ ਵੇਰਵਿਆਂ ਅਨੁਸਾਰ ਮਾਧੋਪੁਰ ਨਹਿਰ ਦੇ ਪਾਣੀ ਦੀ ਮਾਝੇ ਵਿਚ 8.19 ਫ਼ੀਸਦੀ ਅਤੇ ਜੰਡਿਆਲਾ ਕਨਾਲ ਦੇ ਪਾਣੀ ਦੀ 10.72 ਫ਼ੀਸਦੀ ਵਰਤੋਂ ਹੋ ਰਹੀ ਹੈ। ਬਿਸਤ ਦੁਆਬ ਕਨਾਲ ਦਾ ਦੁਆਬੇ ਵਿੱਚ 9.45 ਫ਼ੀਸਦੀ ਰਕਬੇ ਵਿਚ ਪਾਣੀ ਲੱਗ ਰਿਹਾ ਹੈ। ਮਾਝੇ ਅਤੇ ਦੁਆਬੇ ਤੋਂ ਇਲਾਵਾ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਫ਼ਤਹਿਗੜ੍ਹ ਸਾਹਿਬ ਵਿਚ ਨਹਿਰੀ ਪਾਣੀ ਦੀ ਵਰਤੋਂ ਬਹੁਤ ਘੱਟ ਹੋ ਰਹੀ ਹੈ। ਦੂਸਰੇ ਪਾਸੇ ਅਬੋਹਰ ਕਨਾਲ ਸੌ ਫ਼ੀਸਦੀ ਰਕਬਾ ਅਤੇ ਮਾਨਸਾ ਨਹਿਰ ਦੇ ਪਾਣੀ ਨਾਲ 98.06 ਫ਼ੀਸਦੀ ਨਹਿਰੀ ਪਾਣੀ ਦੀ ਸਿੰਜਾਈ ਹੋ ਰਹੀ ਹੈ।

        ਸੰਗਰੂਰ ਕਨਾਲ ਡਵੀਜ਼ਨ ਵਿਚ 4.03 ਲੱਖ ਨਹਿਰੀ ਪਾਣੀ ਅਧੀਨ ਰਕਬੇ ’ਚੋਂ 2.27 ਲੱਖ ਏਕੜ ਨੂੰ ਨਹਿਰੀ ਪਾਣੀ ਲੱਗਦਾ ਹੈ। ਸਿੰਜਾਈ ਮਹਿਕਮੇ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਢਹਿ ਚੁੱਕੇ ਨਹਿਰੀ ਖਾਲ਼ਿਆਂ ’ਚੋਂ 11,574 ਖਾਲ਼ਿਆਂ ਨੂੰ ਬਹਾਲ ਕਰ ਦਿੱਤਾ ਹੈ। ਨਹਿਰ ਮਹਿਕਮਾ ਬਹੁਤੇ ਥਾਵਾਂ ’ਤੇ ਕੱਚੇ ਖਾਲ਼ੇ ਬਹਾਲ ਕਰ ਰਿਹਾ ਹੈ। ਸਿੰਜਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਇਸੇ ਪਾਸੇ ਕੁੱਦੇ ਹੋਏ ਹਨ। ਪਿਛਾਂਹ ਦੇਖੀਏ ਤਾਂ 1970 ਵਿਚ 60 ਫ਼ੀਸਦੀ ਰਕਬਾ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਸੀ ਅਤੇ ਖੇਤੀ ਟਿਊਬਵੈੱਲਾਂ ਦੀ ਗਿਣਤੀ 1.92 ਲੱਖ ਸੀ। ਹੁਣ ਸਿਰਫ਼ 38.78 ਫ਼ੀਸਦੀ ਰਕਬਾ ਨਹਿਰੀ ਪਾਣੀ ਹੇਠ ਹੈ। ਇਸ ਮੌਕੇ ਖੇਤੀ ਟਿਊਬਵੈੱਲਾਂ ਦੀ ਗਿਣਤੀ 14.50 ਲੱਖ ਦੇ ਕਰੀਬ ਹੈ। ਪੰਜਾਬ ’ਚ ਇਸ ਵੇਲੇ ਪੰਜ ਹੈੱਡ ਵਰਕਸ ਹਨ ਅਤੇ 10 ਮੁੱਖ ਨਹਿਰਾਂ ਹਨ ਜਿਨ੍ਹਾਂ ਦੀ ਲੰਬਾਈ 14,500 ਕਿਲੋਮੀਟਰ ਹੈ। ਫ਼ੀਲਡ ਅਧਿਕਾਰੀ ਦੱਸਦੇ ਹਨ ਕਿ ਖੇਤਾਂ ਵਿਚ ਜਿੱਥੇ ਕਿਤੇ ਪੱਕੇ ਖਾਲ ਢਹਿ-ਢੇਰੀ ਹੋ ਗਏ ਹਨ, ਉਨ੍ਹਾਂ ਖਾਲਿਆਂ ਦੇ ਰਕਬੇ ਨੂੰ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਹੀ ਸ਼ਾਮਲ ਕਰ ਲਿਆ ਹੈ।

        ਇਹ ਵੀ ਦੱਸਿਆ ਕਿ ਜਦ ਖਾਲ਼ਿਆਂ ਵਿਚ ਲੰਮੇ ਸਮੇਂ ਤੋਂ ਨਹਿਰੀ ਪਾਣੀ ਹੀ ਨਾ ਪਹੁੰਚਿਆ ਤਾਂ ਕਿਸਾਨਾਂ ਨੇ ਇਨ੍ਹਾਂ ਖਾਲ਼ਿਆਂ ਨੂੰ ਅੜਿੱਕਾ ਸਮਝਿਆ ਅਤੇ ਉਨ੍ਹਾਂ ਦਾ ਵਜੂਦ ਹੀ ਖ਼ਤਮ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਉਹ ਹਰ ਖੇਤ ਤੱਕ ਪਾਣੀ ਪੁੱਜਦਾ ਕਰਨਗੇ। ਉਹ ਆਖ ਚੁੱਕੇ ਕਿ ਅਬੋਹਰ ਫ਼ਾਜ਼ਿਲਕਾ ਦੀਆਂ ਟੇਲਾਂ ’ਤੇ ਪਹਿਲੀ ਵਾਰ ਨਹਿਰੀ ਪਾਣੀ ਪਹੁੰਚਿਆ ਹੈ। ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਦੇ ਇੱਕ ਪ੍ਰਾਜੈਕਟ ਦੇ 477 ਕਰੋੜ ਰੁਪਏ ਦੀ ਰਾਸ਼ੀ ਨਾਲ ਨਹਿਰੀ ਖਾਲ਼ਿਆਂ ਦਾ ਮੂੰਹ ਮੱਥਾ ਸਵਾਰਿਆ ਜਾਣਾ ਹੈ। ਕਿਸਾਨਾਂ ਵੱਲੋਂ ਪਾਈ ਜਾਣ ਵਾਲੀ 10 ਫ਼ੀਸਦੀ ਹਿੱਸੇਦਾਰੀ ਵੀ ਹੁਣ ਪੰਜਾਬ ਸਰਕਾਰ ਹੀ ਪਾਏਗੀ। 

                                 ਸੂਬੇ ਦੇ 117 ਬਲਾਕ ‘ਡਾਰਕ ਜ਼ੋਨ’ ਵਿੱਚ

ਸਰਕਾਰਾਂ ਨੇ ਕਦੇ ਇਸ ਪਾਸੇ ਧਿਆਨ ਨਹੀਂ ਦਿੱਤਾ ਕਿ ਨਹਿਰੀ ਪਾਣੀ ਦੀ ਢੁਕਵੀਂ ਵਰਤੋਂ ਨਹੀਂ ਹੋ ਰਹੀ ਹੈ ਅਤੇ ਕਿਸਾਨ ਜ਼ਮੀਨੀ ਪਾਣੀ ਨੂੰ ਅੰਨ੍ਹੇਵਾਹ ਨਿਕਾਸ ਕਰਨ ’ਤੇ ਲੱਗੇ ਹੋਏ ਹਨ। ਅੱਜ ਪੰਜਾਬ ਦੇ 117 ਬਲਾਕ ਡਾਰਕ ਜ਼ੋਨ ਵਿਚ ਚਲੇ ਗਏ ਹਨ। ਪੰਜਾਬ ’ਚ ਹਰ ਵਰ੍ਹੇ 17.07 ਬਿਲੀਅਨ ਕਿਊਬਿਕ ਮੀਟਰ ਦੀ ਬਜਾਏ ਸਾਲਾਨਾ 28.02 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ’ਚੋਂ ਕੱਢਿਆ ਜਾ ਰਿਹਾ ਹੈ। ਸਾਲਾਨਾ 10.95 ਬਿਲੀਅਨ ਕਿਊਬਿਕ ਮੀਟਰ ਪਾਣੀ ਵੱਧ ਕੱਢਿਆ ਜਾ ਰਿਹਾ ਹੈ ਜੋ ਪੰਜਾਬ ਨੂੰ ਰੇਗਿਸਤਾਨ ਬਣਾਉਣ ਵੱਲ ਧੱਕੇਗਾ।

No comments:

Post a Comment