Friday, June 23, 2023

                                                           ਸ਼ਾਨ ਵੱਖਰੀ
                                          ਪੰਜਾਬ ਦੇ ਜੰਮਿਆਂ ਨੂੰ ਸਲਾਮਾਂ..!
                                                         ਚਰਨਜੀਤ ਭੁੱਲਰ   

ਚੰਡੀਗੜ੍ਹ :ਜਦੋਂ ਭਾਰਤੀ ਸਿਵਲ ਸੇਵਾਵਾਂ (ਆਈਏਐਸ) ਦੇ ਪੁਰਾਣੇ ਨਤੀਜੇ ਦੇਖਦੇ ਹਨ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਜਾਏ ਵੀ ਕਿਸੇ ਤੋਂ ਘੱਟ ਨਹੀਂ ਹਨ। ਭਾਰਤੀ ਸਿਵਲ ਪ੍ਰੀਖਿਆਵਾਂ ’ਚ ਪੰਜਾਬ ਏਨਾ ਪਿੱਛੇ ਨਹੀਂ ਜਿੰਨਾ ਬਾਹਰੀ ਪ੍ਰਭਾਵ ਬਣਾਇਆ ਜਾ ਰਿਹਾ ਹੈ। ਏਨਾ ਜ਼ਰੂਰ ਹੈ ਕਿ ਗੁਆਂਢੀ ਸੂਬਿਆਂ ਤੋਂ ਪੰਜਾਬ ਬੌਧਿਕ ਝੰਡੀ ਲੈਣ ’ਚ ਪਛੜ ਗਿਆ ਹੈ। ਮੌਜੂਦਾ ਸਮੇਂ ਦੇਸ਼ ’ਚ ਸਾਲਾਨਾ 180 ਆਈਏਐਸ ਅਫ਼ਸਰ ਬਣਦੇ ਹਨ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਈ ਜਾਂਦੀ ਭਾਰਤੀ ਸਿਵਲ ਸੇਵਾਵਾਂ ਦੀ ਪ੍ਰੀਖਿਆ ’ਚ ਪੰਜਾਬ ਦੇ ਜੰਮਿਆਂ ਨੇ ਵੱਡੀ ਮੱਲ ਵੀ ਨਹੀਂ ਮਾਰੀ ਪਰ ਬਹੁਤਾ ਪਛੜੇ ਵੀ ਨਹੀਂ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਜਦੋਂ 1982 ਤੋਂ 2021 ਤੱਕ ਦੇ 40 ਵਰ੍ਹਿਆਂ ਦੌਰਾਨ ਬਣੇ ਆਈਏਐਸ ਅਫ਼ਸਰਾਂ ਦੇ ਅੰਕੜਿਆਂ ਦੀ ਘੋਖ ਕੀਤੀ ਗਈ ਤਾਂ ਪੰਜਾਬੀਆਂ ਦੀ ਤਸਵੀਰ ਵੀ ਉੱਭਰ ਕੇ ਸਾਹਮਣੇ ਆਈ ਹੈ। ਦੇਸ਼ ਭਰ ਵਿਚ ਇਸ ਵੇਲੇ ਕੁੱਲ 5317 ਆਈਏਐਸ ਹਨ ਜਿਨ੍ਹਾਂ ਵਿਚੋਂ 1089 ਮਹਿਲਾ ਆਈਏਐਸ ਅਧਿਕਾਰੀ ਵੀ ਹਨ। ਕੇਂਦਰ ਵਿਚ ਕੁੱਲ 1469 ਆਈਏਐਸ ਅਧਿਕਾਰੀਆਂ ਦੀ ਲੋੜ ਹੈ ਪਰ ਕੇਂਦਰ ’ਚ ਸਿਰਫ਼ 442 ਆਈਏਐਸ ਅਧਿਕਾਰੀ ਕੰਮ ਕਰ ਰਹੇ ਹਨ। 

          ਤੱਥਾਂ ਅਨੁਸਾਰ ਸਾਲਾਨਾ ਪੰਜ ਤੋਂ ਛੇ ਨਵੇਂ ਆਈਏਐਸ ਪੰਜਾਬ ਦੇ ਬਣਦੇ ਹਨ। ਗੁਆਂਢੀ ਸੂਬੇ ਰਾਜਸਥਾਨ ਦੀ ਔਸਤ ਸਾਲਾਨਾ 11 ਅਫ਼ਸਰਾਂ ਦੀ ਹੈ ਜਦੋਂ ਕਿ ਹਰਿਆਣਾ ਦੀ ਔਸਤ ਸਾਲਾਨਾ ਛੇ ਤੋਂ ਸੱਤ ਅਫ਼ਸਰਾਂ ਦੀ ਹੈ। ਦੇਸ਼ ਵਿਚੋਂ ਉੱਤਰ ਪ੍ਰਦੇਸ਼ ਦੀ ਝੰਡੀ ਹੈ ਜਿੱਥੋਂ ਔਸਤਨ ਸਾਲਾਨਾ 18 ਤੋਂ 19 ਆਈਏਐਸ ਅਫ਼ਸਰ ਬਣਦੇ ਹਨ। ਇਥੇ ਪਿਛਲੇ ਚਾਲੀ ਸਾਲਾਂ ਦੌਰਾਨ 748 ਆਈਏਐਸ ਬਣੇ ਹਨ। ਦੂਸਰਾ ਨੰਬਰ ਰਾਜਸਥਾਨ ਦਾ ਹੈ ਜਿੱਥੋਂ ਦੇ 448 ਆਈਏਐਸ ਦੇਸ਼ ਭਰ ਵਿਚ ਸੇਵਾ ਨਿਭਾਅ ਰਹੇ ਹਨ ਜਦੋਂ ਕਿ ਤੀਸਰੇ ਨੰਬਰ ’ਤੇ ਬਿਹਾਰ ਹੈ ਜਿੱਥੋਂ ਦੇ 409 ਆਈਏਐਸ ਬਣੇ ਹਨ। ਅਗਲਾ ਨੰਬਰ ਤਾਮਿਲਨਾਡੂ ਦਾ ਹੈ ਜਿੱਥੋਂ ਦੇ 396 ਅਤੇ ਮਹਾਰਾਸ਼ਟਰ ਦੇ 387 ਆਈਏਐਸ ਬਣੇ ਹਨ। ਹਰਿਆਣਾ ਦੇ 266 ਅਤੇ ਪੰਜਾਬ ਦੇ ਜੰਮਪਲ 226 ਆਈਏਐਸ ਅਧਿਕਾਰੀ ਬਣੇ ਹਨ ਜੋ ਪੰਜਾਬ ਅਤੇ ਦੂਸਰੇ ਸੂਬਿਆਂ ’ਚ ਤਾਇਨਾਤ ਹਨ। ਇਵੇਂ ਹੀ ਦਿੱਲੀ ਦੇ 234 ਅਤੇ ਚੰਡੀਗੜ੍ਹ ਦੇ 42 ਆਈਏਐਸ ਬਣੇ ਹਨ। ਪੰਜਾਬ ਬਾਰੇ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਪੂਰਾ ਪੰਜਾਬ ਹੀ ਸਟੱਡੀ ਵੀਜ਼ੇ ਲੈਣ ਲਈ ਕਾਹਲਾ ਹੈ। 

           ਸਟੱਡੀ ਵੀਜ਼ਾ ਦੇ ਦੌਰ ਵਿਚ ਵੀ ਭਾਰਤੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿਚ ਸਫਲ ਹੋਣ ਵਾਲੇ ਘਟੇ ਨਹੀਂ ਹਨ। ਸਾਲ ਦਰ ਸਾਲ ਦੇਖੀਏ ਤਾਂ ਵਰ੍ਹਾ 2021 ਵਿਚ ਪੰਜਾਬ ਦੇ ਛੇ ਉਮੀਦਵਾਰ ਆਈਏਐਸ ਬਣੇ ਹਨ ਅਤੇ 2020 ਵਿਚ ਪੰਜ ਅਫ਼ਸਰ ਬਣੇ ਸਨ। 2019 ਵਿਚ ਪੰਜਾਬ ਦੇ ਸੱਤ, 2018 ਵਿਚ ਛੇ ਅਤੇ 2017 ਵਿਚ ਵੀ ਛੇ ਆਈਏਐਸ ਅਫ਼ਸਰ ਪੰਜਾਬ ਦੇ ਬਣੇ ਸਨ। ਵਰ੍ਹਾ 2012 ਪੰਜਾਬ ਲਈ ਲੱਕੀ ਰਿਹਾ ਕਿਉਂਕਿ ਇਸ ਵਰ੍ਹੇ ਵਿਚ ਪੰਜਾਬ ਦੇ 15 ਆਈਏਐਸ ਅਫ਼ਸਰ ਬਣੇ ਸਨ ਜੋ ਚਾਲੀ ਵਰ੍ਹਿਆਂ ਵਿਚੋਂ ਰਿਕਾਰਡ ਹੈ। ਸਾਲ 2008 ਵਿਚ ਦਰਜਨ ਆਈਏਐਸ ਅਤੇ 2013 ਵਿਚ 11 ਆਈਏਐਸ ਬਣੇ ਸਨ। ਦੂਸਰਾ ਪਾਸਾ ਦੇਖੀਏ ਤਾਂ ਸਾਲ 2000 ਵਿਚ ਪੰਜਾਬ ਦੇ ਹੱਥ ਖ਼ਾਲੀ ਰਹੇ ਅਤੇ ਕੋਈ ਵੀ ਆਈਏਐਸ ਅਫ਼ਸਰ ਬਣਨ ਵਿਚ ਸਫਲ ਨਹੀਂ ਹੋਇਆ। ਪੰਜਾਬ ਵਿਚ ਸਾਲ 2004 ਤੋਂ ਲੈ ਕੇ 2016 ਤੱਕ ਦਾ ਸਮਾਂ ਆਈਏਐਸ ਬਣਨ ਦਾ ਸੁਪਨਾ ਦੇਖਣ ਵਾਲਿਆਂ ਲਈ ਭਾਗਾਂ ਵਾਲਾ ਰਿਹਾ ਕਿਉਂਕਿ ਇਸ ਸਮੇਂ ਦੌਰਾਨ ਤਕਰੀਬਨ ਹਰ ਵਰ੍ਹੇ ਅੱਠ ਤੋਂ ਲੈ ਕੇ 15 ਆਈਏਐਸ ਅਫ਼ਸਰ ਬਣਦੇ ਰਹੇ ਹਨ। ਪੰਜਾਬ ਦੇ ਜੰਮਪਲ 226 ਕੁੱਲ ਆਈਏਐਸ ਅਫ਼ਸਰਾਂ ਵਿਚੋਂ 144 ਅਫ਼ਸਰ ਪੰਜਾਬ ਤੋਂ ਬਾਹਰ ਤਾਇਨਾਤ ਹਨ।

          ਜਦੋਂ ਆਈਏਐਸ ਅਫ਼ਸਰਾਂ ਦੇ ਚਿਹਰੇ ਮੋਹਰੇ ਵੱਲ ਦੇਖਦੇ ਹਨ ਤਾਂ ਪੂਰੇ ਦੇਸ਼ ਵਿਚ ਦਸਤਾਰ ਬੰਨ੍ਹਣ ਵਾਲੇ ਕੁੱਲ 35 ਆਈਏਐਸ ਅਧਿਕਾਰੀ ਹਨ ਜਿਨ੍ਹਾਂ ਚੋਂ 21 ਅਧਿਕਾਰੀ ਪੰਜਾਬ ਵਿਚ ਤਾਇਨਾਤ ਹਨ। ਪਗੜੀਧਾਰੀ ਅਫ਼ਸਰਾਂ ਵਿਚ ਦੂਸਰੇ ਸੂਬਿਆਂ ਦੇ ਜੰਮਪਲ ਵੀ ਸ਼ਾਮਿਲ ਹਨ। ਪੰਜਾਬ ਦੇ ਜੰਮਪਲ ਅਫ਼ਸਰ ਤਕਰੀਬਨ ਹਰ ਸੂਬੇ ਵਿਚ ਤਾਇਨਾਤ ਹਨ। ਪੰਜਾਬ ਕਾਡਰ ਦੇ ਇਸ ਵੇਲੇ 193 ਅਧਿਕਾਰੀ ਹਨ ਜੋ ਵੱਖ-ਵੱਖ ਸੂਬਿਆਂ ਦੇ ਜੰਮਪਲ ਹਨ। ਪੰਜਾਬ ਕਾਡਰ ਵਿਚ 82 ਆਈਏਐੱਸ ਅਧਿਕਾਰੀ ਪੰਜਾਬ ਦੇ ਹੀ ਬਾਸ਼ਿੰਦੇ ਹਨ। ਹਰਿਆਣਾ ਦੇ 29 ਅਧਿਕਾਰੀ ਪੰਜਾਬ ਕਾਡਰ ਵਿਚ ਤਾਇਨਾਤ ਹਨ ਜਦੋਂ ਕਿ ਰਾਜਸਥਾਨ ਦੇ 14 ਅਤੇ ਬਿਹਾਰ ਦੇ ਜੰਮਪਲ 13 ਅਧਿਕਾਰੀ ਪੰਜਾਬ ਵਿਚ ਤਾਇਨਾਤ ਹਨ। ਇਵੇਂ ਉੱਤਰ ਪ੍ਰਦੇਸ਼ ਦੇ ਜੰਮਪਲ 15 ਆਈਏਐਸ ਅਧਿਕਾਰੀ ਪੰਜਾਬ ਵਿਚ ਸੇਵਾ ਨਿਭਾ ਰਹੇ ਹਨ। 

                                    ਕੌਣ ਹੋਵੇਗਾ ਅਗਲਾ ਮੁੱਖ ਸਕੱਤਰ

ਪੰਜਾਬੀਆਂ ਦੀ ਨਜ਼ਰ ਹੁਣ ਪੰਜਾਬ ਦੇ ਬਣਨ ਵਾਲੇ ਅਗਲੇ ਮੁੱਖ ਸਕੱਤਰ ’ਤੇ ਲੱਗੀ ਹੋਈ ਹੈ। ਮੌਜੂਦਾ ਮੁੱਖ ਸਕੱਤਰ ਵੀ.ਕੇ.ਜੰਜੂਆ 30 ਜੂਨ ਨੂੰ ਸੇਵਾਮੁਕਤ ਹੋ ਰਹੇ ਸਨ। ‘ਆਪ’ ਸਰਕਾਰ ਅਗਲਾ ਮੁੱਖ ਸਕੱਤਰ ਕੀ ਪੰਜਾਬ ਦੇ ਜੰਮਪਲ ਨੂੰ ਲਾਏਗੀ, ਇਸ ਨੂੰ ਲੈ ਕੇ ਦਿਲਚਸਪੀ ਬਣੀ ਹੋਈ ਹੈ। ਡੀਜੀਪੀ ਦਾ ਅਹੁਦਾ ਪਹਿਲਾਂ ਹੀ ਕਿਸੇ ਪੰਜਾਬੀ ਅਫ਼ਸਰ ਦੇ ਹਿੱਸੇ ਨਹੀਂ ਆਇਆ ਹੈ।

No comments:

Post a Comment