Saturday, June 24, 2023

                                                         ਨਰਮੇ ਦਾ ਬੀਜ
                                       ਢਾਈ ਲੱਖ ਪੈਕੇਟਾਂ ਦਾ ਗੋਲਮਾਲ
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਐਤਕੀਂ ਨਰਮੇ ਦੇ ਬੀਟੀ ਬੀਜ ਦੇ ਕਰੀਬ ਢਾਈ ਲੱਖ ਪੈਕੇਟਾਂ ਦਾ ਗੋਲਮਾਲ ਹੋਇਆ ਜਾਪਦਾ ਹੈ। ਵੈਸੇ ਤਾਂ ਹਰ ਵਰ੍ਹੇ ਹੀ ਖੇਤੀ ਮਹਿਕਮਾ ਨਰਮੇ ਦੇ ਰਕਬੇ ਦਾ ਅੰਕੜਾ ਵਧਾ ਚੜ੍ਹਾ ਕੇ ਪੇਸ਼ ਕਰਦਾ ਹੈ ਪ੍ਰੰਤੂ ਜਦੋਂ ਪੰਜਾਬ ਵਿੱਚ ਬੀਜ ਦੀ ਵਿਕਰੀ ਵੱਲ ਨਜ਼ਰ ਮਾਰੀਏ ਤਾਂ ਫਿਰ ਝੂਠ ਸੱਚ ਦਾ ਨਿਤਾਰਾ ਹੁੰਦਾ ਹੈ। ‘ਆਪ’ ਸਰਕਾਰ ਨੇ ਇਸ ਵਾਰ ਨਰਮੇ ਦੇ ਬੀਜ ’ਤੇ 33 ਫ਼ੀਸਦੀ ਸਬਸਿਡੀ ਵੀ ਦਿੱਤੀ ਪ੍ਰੰਤੂ ਨਰਮੇ ਹੇਠ ਰਕਬਾ ਵਧਣ ਦੀ ਥਾਂ ਘੱਟ ਗਿਆ। ਵੇਰਵਿਆਂ ਅਨੁਸਾਰ ਪੰਜਾਬ ਵਿਚ ਐਤਕੀਂ 1.75 ਲੱਖ ਹੈਕਟੇਅਰ (4.37 ਲੱਖ ਏਕੜ) ਨਰਮੇ ਹੇਠ ਰਕਬਾ ਆਇਆ ਹੈ। ਨਰਮਾ ਪੱਟੀ ਨੂੰ ਕਦੇ ਵੀ ਏਦਾਂ ਦਾ ਵਰ੍ਹਾ ਨਹੀਂ ਦੇਖਣਾ ਪਿਆ ਕਿ ਜਦੋਂ ਨਰਮੇ ਹੇਠਲਾ ਰਕਬਾ ਬਿਲਕੁਲ ਹੇਠਾਂ ਆ ਗਿਆ ਹੋਵੇ। ਪਿਛਲੇ ਵਰ੍ਹੇ ਵੀ ਨਰਮੇ ਹੇਠ ਰਕਬਾ 2.41 ਲੱਖ ਹੈਕਟੇਅਰ ਸੀ। ਪੰਜਾਬ ਸਰਕਾਰ ਨੇ ਇਸ ਵਾਰ ਬੀਜ ’ਤੇ ਸਬਸਿਡੀ ਤਾਂ ਦਿੱਤੀ ਪ੍ਰੰਤੂ ਹਕੀਕਤ ਵਿਚ ਬਿਜਾਂਦ ਵਿਚ ਵਾਧੇ ਲਈ ਉਪਰਾਲੇ ਨਹੀਂ ਕੀਤੇ। ਨਰਮੇ ਹੇਠ ਰਕਬੇ ਦੇ ਘਟਣ ਨਾਲ ਫ਼ਸਲੀ ਵਿਭਿੰਨਤਾ ਦੇ ਟੀਚੇ ਨੂੰ ਵੀ ਸੱਟ ਵੱਜੀ ਹੈ।

          ਪੰਜਾਬ ਖੇਤੀ ’ਵਰਸਿਟੀ ਵੱਲੋਂ ਪ੍ਰਤੀ ਏਕੜ ਪਿੱਛੇ ਨਰਮੇ ਦੇ ਬੀਜ ਦੇ ਦੋ ਪੈਕੇਟਾਂ ਦੀ ਸਿਫ਼ਾਰਸ਼ ਹੈ। ਪੰਜਾਬ ਵਿਚ ਇਸ ਵਾਰ ਨਰਮੇ ਹੇਠ ਰਕਬਾ 4,37,500 ਏਕੜ ਹੈ ਅਤੇ ਇਸ ਲਿਹਾਜ਼ ਨਾਲ ਸੂਬੇ ਵਿਚ ਨਰਮੇ ਦੇ ਬੀਜ ਦੇ 8.75 ਲੱਖ ਪੈਕੇਟਾਂ ਦੀ ਖਪਤ ਹੋਣੀ ਚਾਹੀਦੀ ਸੀ ਜਦਕਿ ਨਰਮੇ ਦੇ ਬੀਜ ਦੇ 11.25 ਲੱਖ ਪੈਕੇਟਾਂ ਦੀ ਵਿਕਰੀ ਹੋਈ ਹੈ। ਬੀਜ ਦੀ ਵਿਕਰੀ ਦੇ ਲਿਹਾਜ਼ ਨਾਲ ਸੂਬੇ ਵਿਚ ਨਰਮੇ ਹੇਠ 5,62,500 ਏਕੜ ਰਕਬਾ ਆਉਣਾ ਚਾਹੀਦਾ ਸੀ। ਮੋਟੇ ਹਿਸਾਬ ਨਾਲ ਬੀਜਾਂ ਦੀ ਵਿਕਰੀ ਅਤੇ ਨਰਮੇ ਹੇਠਲੇ ਰਕਬਾ ਵਿਚਲੇ ਅੰਤਰ ਤੋਂ ਸਾਫ਼ ਹੈ ਕਿ ਕਰੀਬ ਢਾਈ ਲੱਖ ਪੈਕੇਟ ਗ਼ਾਇਬ ਹੋ ਗਏ ਹਨ। ਪੰਜਾਬ ਵਿਚ ਇਸ ਵਾਰ ਬੀਟੀ ਬੀਜ ਦੇ ਪੈਕੇਟ ਦੀ ਕੀਮਤ 853 ਰੁਪਏ ਸੀ ਅਤੇ ਪੰਜਾਬ ਸਰਕਾਰ ਨੇ ਪ੍ਰਤੀ ਪੈਕਟ 281 ਰੁਪਏ ਸਬਸਿਡੀ ਦਿੱਤੀ ਹੈ ਜੋ 33 ਫ਼ੀਸਦੀ ਬਣਦੀ ਹੈ। ਖੇਤੀ ਮਹਿਕਮੇ ਦੀ ਦਲੀਲ ਹੈ ਕਿ ਬਾਰਸ਼ ਪੈਣ ਕਰਕੇ ਨਰਮਾ ਕਰੰਡ ਹੋ ਗਿਆ ਜਿਸ ਕਰਕੇ ਕਿਸਾਨਾਂ ਨੂੰ ਦੁਬਾਰਾ ਬਿਜਾਂਦ ਕਰਨੀ ਪਈ। 

          ਸੂਤਰ ਆਖਦੇ ਹਨ ਕਿ ਹਰਿਆਣਾ ਤੇ ਰਾਜਸਥਾਨ ਦੇ ਕਿਸਾਨ ਪੰਜਾਬ ਵਿਚੋਂ ਆਪਣੇ ਰਿਸ਼ਤੇਦਾਰ ਕਿਸਾਨਾਂ ਦੇ ਨਾਮ ’ਤੇ ਸਬਸਿਡੀ ਵਾਲਾ ਬੀਜ ਲੈਣ ਵਿਚ ਪੰਜਾਬ ਸਰਕਾਰ ਤੋਂ ਕਾਮਯਾਬ ਹੋਏ ਹਨ। ਦੂਸਰੀ ਤਰਫ਼ ਖੇਤੀ ਮਹਿਕਮਾ ਆਖਦਾ ਹੈ ਕਿ ਇਸ ਵਾਰ 62,500 ਏਕੜ ਰਕਬਾ ਮੀਂਹ ਕਾਰਨ ਕਰੰਡ ਹੋ ਗਿਆ ਹੈ, ਜਿਸ ਕਰਕੇ ਕਿਸਾਨਾਂ ਨੂੰ ਇੱਕੋ ਰਕਬੇ ਵਿਚ ਮੁੜ ਬਿਜਾਂਦ ਕਰਨੀ ਪਈ ਹੈ। ਇਸ ਨੂੰ ਸੱਚ ਵੀ ਮੰਨ ਲਈਏ ਤਾਂ 62,500 ਏਕੜ ਰਕਬੇ ਵਿਚ ਵਾਧੂ 1.25 ਲੱਖ ਪੈਕਟ ਲੱਗਿਆ ਹੋਵੇਗਾ। ਗ਼ਾਇਬ ਵਾਲੇ ਢਾਈ ਲੱਖ ਪੈਕਟਾਂ ਵਿਚੋਂ 1.25 ਲੱਖ ਪੈਕਟਾਂ ਨੂੰ ਵੀ ਬਾਹਰ ਕੱਢ ਦੇਈਏ ਤਾਂ ਵੀ ਸਵਾ ਲੱਖ ਪੈਕੇਟ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਖੇਤੀ ਵਿਭਾਗ ਨੇ 2020 ਵਿਚ ਵੀ 3.30 ਲੱਖ ਹੈਕਟੇਅਰ ਰਕਬੇ ਵਿਚ ਅਸਲੀ ਬਿਜਾਂਦ ਦੀ ਥਾਂ 5 ਲੱਖ ਹੈਕਟੇਅਰ ਰਕਬਾ ਦੱਸਿਆ ਸੀ। ਵਿਭਾਗ ਨੇ ਉਦੋਂ ਤਰਕ ਦਿੱਤਾ ਸੀ ਕਿ ਕਿਸਾਨਾਂ ਨੇ ਹਰਿਆਣਾ ਤੇ ਰਾਜਸਥਾਨ ਵਿਚੋਂ ਬੀਜ ਲਿਆ ਕੇ ਪੰਜਾਬ ’ਚ ਬੀਜਿਆ ਹੈ।

         ਪੰਜਾਬ ਸਰਕਾਰ ਤੋਂ ਨਰਮੇ ਦਾ ਸਬਸਿਡੀ ਵਾਲਾ ਬੀਜ ਲੈਣ ਵਾਸਤੇ 91,316 ਕਿਸਾਨਾਂ ਨੇ ਅਪਲਾਈ ਕੀਤਾ ਸੀ ਅਤੇ 3.38 ਲੱਖ ਏਕੜ ਰਕਬੇ ਵਿਚ ਸਬਸਿਡੀ ਵਾਲੇ ਬੀਜ ਦੀ ਬਿਜਾਂਦ ਹੋਈ ਹੈ ਜਿਸ ਦਾ ਮਤਲਬ ਹੈ ਕਿ ਸਰਕਾਰ ਨੇ ਨਰਮੇ ਦੇ ਬੀਜ ’ਤੇ ਕਿਸਾਨਾਂ ਨੂੰ ਕਰੀਬ 19 ਕਰੋੜ ਦੀ ਸਬਸਿਡੀ ਦਿੱਤੀ ਹੈ। ਖੇਤੀ ਮਹਿਕਮੇ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਆਖਦੇ ਹਨ ਕਿ 11.25 ਲੱਖ ਬੀਜ ਦਾ ਪੈਕੇਟ ਤਾਂ ਵਿਕਿਆ ਹੈ ਪਰ ਇਸ ਵਾਰ 25 ਹਜ਼ਾਰ ਹੈਕਟੇਅਰ ਰਕਬਾ ਕਰੰਡ ਹੋ ਗਿਆ ਹੈ ਜਿਸ ਕਰਕੇ ਮੁੜ ਬਿਜਾਈ ਹੋਈ ਹੈ। ਉਨ੍ਹਾਂ ਕਿਹਾ ਕਿ ਅੱਠ ਤੋਂ ਦਸ ਹਜ਼ਾਰ ਪੈਕੇਟਾਂ ਨਾਲ ਪੰਜਾਬੀ ਕਿਸਾਨਾਂ ਨੇ ਹਰਿਆਣਾ ਤੇ ਰਾਜਸਥਾਨ ਵਿਚ ਬਿਜਾਈ ਕੀਤੀ ਹੋਵੇਗੀ। ਪਿਛਲੇ ਵਰ੍ਹਿਆਂ ਵਿਚ ਨਰਮੇ ਦੀ ਫ਼ਸਲ ਨੂੰ ਮਾਰ ਪੈਣ ਕਰਕੇ ਐਤਕੀਂ ਕਿਸਾਨਾਂ ਨੇ ਹੁੰਗਾਰਾ ਨਹੀਂ ਦਿੱਤਾ ਅਤੇ ਅਗਲੇ ਵਰ੍ਹੇ ਰਕਬਾ ਵਧਣ ਦੀ ਉਮੀਦ ਹੈ।

                                               ਪੁਰਾਣੇ ਦਿਨ ਚਲੇ ਗਏ..

ਨਰਮਾ ਪੱਟੀ ਵਿਚ ਉਹ ਵੀ ਦਿਨ ਸਨ ਜਦੋਂ ਨਰਮੇ ਦੀ ਪੈਦਾਵਾਰ ਰਿਕਾਰਡ ਹੁੰਦੀ ਸੀ। 1990-91 ਵਿਚ ਰਿਕਾਰਡ ਰਕਬਾ 7.01 ਲੱਖ ਹੈਕਟੇਅਰ ਨਰਮੇ ਹੇਠ ਸੀ ਜਦੋਂ ਕਿ ਰਿਕਾਰਡ ਪੈਦਾਵਾਰ 2006-07 ਵਿਚ 27 ਲੱਖ ਗੱਠਾਂ ਦੀ ਹੋਈ ਸੀ। ਪਿਛਲੇ ਵਰ੍ਹੇ ਨਰਮੇ ਹੇਠ ਰਕਬਾ 2.41 ਲੱਖ ਹੈਕਟੇਅਰ ਸੀ ਅਤੇ ਪੈਦਾਵਾਰ ਸਿਰਫ਼ 4.54 ਲੱਖ ਗੱਠਾਂ ਸੀ।

No comments:

Post a Comment