Saturday, July 8, 2023

                                                           ਬੈਂਡ ਗਰਲਜ਼
                                      ਕੱਚੇ ਸ਼ਗਨਾਂ ਨੂੰ ਚੜ੍ਹੇ ਕਿਵੇਂ ਰੰਗ ਪੱਕਾ !
                                                          ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਹੁਣ ਨਵਾਂ ਮੋੜਾ ਪੈਣ ਲੱਗਾ ਹੈ ਕਿ ਵਿਦੇਸ਼ ’ਚ ਪੱਕਾ ਹੋਣ ਖ਼ਾਤਰ ‘ਬੈਂਡ ਗਰਲਜ਼’ ਦਾ ਪੱਲਾ ਫੜਨ ਵਾਲਿਆਂ ਦੀ ਗਿਣਤੀ ਹੁਣ ਘਟਣ ਲੱਗੀ ਹੈ। ਪੰਜਾਬ ’ਚ ਜਿਨ੍ਹਾਂ ਕੁੜੀਆਂ ਦੇ ਆਇਲੈਟਸ (ਆਇਲਸ) ਚੋਂ ਚੰਗੇ ਬੈਂਡ ਆ ਜਾਂਦੇ ਸਨ, ਉਨ੍ਹਾਂ ਦੇ ਰਿਸ਼ਤੇ ਬਿਨਾਂ ਖ਼ਰਚੇ ਤੋਂ ਹੱਥੋਂ ਹੱਥ ਹੁੰਦੇ ਸਨ। ਬੈਂਡ ਲੈਣ ਵਾਲੀ ਲੜਕੀ ਦਾ ਸਾਰਾ ਖਰਚਾ ਵੀ ਲੜਕੇ ਵਾਲੇ ਚੁੱਕਦੇ ਸਨ। ਕੇਂਦਰ ਸਰਕਾਰ ਵੱਲੋਂ ਲੜਕੀਆਂ ਦੀ ਵਿਆਹ ਉਮਰ 18 ਸਾਲ ਤੋਂ 21 ਸਾਲ ਕੀਤੇ ਜਾਣ ਦੇ ਪਏ ਰੌਲ਼ੇ ਰੱਪੇ ਨੇ ਇਨ੍ਹਾਂ ‘ਬੈਂਡ ਗਰਲਜ਼’ ਦੀ ਵੁੱਕਤ ਘਟਾ ਦਿੱਤੀ ਹੈ। ਬੇਸ਼ੱਕ ਫ਼ਿਲਹਾਲ ਲੜਕੀਆਂ ਲਈ ਵਿਆਹ ਦੀ ਘੱਟੋ ਘੱਟ ਉਮਰ 18 ਸਾਲ ਹੀ ਹੈ ਪ੍ਰੰਤੂ ਹੁਣ ਇਨ੍ਹਾਂ ਲੜਕੀਆਂ ਨਾਲ ਰਿਸ਼ਤੇ ਜੋੜਨ ਵਾਲੇ ਖਰਚਾ ਚੁੱਕਣ ਤੋਂ ਡਰਨ ਲੱਗੇ ਹਨ। 

ਪੰਜਾਬੀ ਟ੍ਰਿਬਿਊਨ ਵੱਲੋਂ ਕੀਤੇ ਇੱਕ ਸਰਵੇਖਣ ਅਨੁਸਾਰ ਪਹਿਲੋਂ ਜਿਸ ਲੜਕੀ ਦੇ ਆਇਲੈਟਸ ਚੋਂ ਲੋੜੀਂਦੇ ਬੈਂਡ ਆ ਜਾਂਦੇ ਸਨ, ਉਸ ਲੜਕੀ ਦਾ ਸਾਰਾ ਖਰਚਾ ਲੜਕੇ ਵਾਲੇ ਚੁੱਕਣ ਵਾਸਤੇ ਤਿਆਰ ਹੋ ਜਾਂਦੇ ਸਨ। ਇੱਕ ਇੱਕ ਲੜਕੀ ਲਈ ਕਈ ਕਈ ਲੜਕੇ ਕਤਾਰ ਵਿਚ ਹੁੰਦੇ ਸਨ। ਬਕਾਇਦਾ ਮੈਰਿਜ ਰਜਿਸਟ੍ਰੇਸ਼ਨ ਹੋਣ ਮਗਰੋਂ ਲੜਕੀ ਵਿਦੇਸ਼ ਜਾਂਦੀ ਅਤੇ ਖਰਚਾ ਲੜਕੇ ਦਾ ਪਰਿਵਾਰ ਚੁੱਕਦਾ। ਬੈਂਡ ਵਾਲੀਆਂ ਲੜਕੀਆਂ ਦੇ ਵਿਆਹ ਕਰਾਉਣ ਵਾਲੇ ਕਈ ਵਿਚੋਲਿਆਂ ਨੇ ਦੱਸਿਆ ਕਿ ਹੁਣ ਲੜਕੀਆਂ ਦੀ ਵਿਆਹ ਦੀ ਘੱਟੋ ਘੱਟ ਉਮਰ 21 ਸਾਲ ਕੀਤੇ ਜਾਣ ਦੇ ਰੌਲ਼ੇ ਨੇ ਬੈਂਡ ਲੈਣ ਵਾਲੀਆਂ ਲੜਕੀਆਂ ਦੀ ਪੁੱਛਗਿੱਛ ਘਟਾ ਦਿੱਤੀ ਹੈ। 

ਰਾਮਪੁਰਾ ਇਲਾਕੇ ਦੇ ਸੁਖਦੀਪ ਸਿੰਘ ਦੀਪਾ (ਮੰਡੀ ਕਲਾਂ) ਦਾ ਕਹਿਣਾ ਸੀ ਕਿ ਬਾਰ੍ਹਵੀਂ ਕਲਾਸ ਪਾਸ ਲੜਕੀ ਦੀ ਉਮਰ 18 ਸਾਲ ਹੋ ਜਾਂਦੀ ਹੈ ਅਤੇ ਉਸ ਮਗਰੋਂ ਲੜਕੀ ਆਇਲੈਟਸ ਕਰ ਲੈਂਦੀ ਹੈ। ਵਿਆਹ ਦੀ ਉਮਰ 21 ਸਾਲ  ਕੀਤੇ ਜਾਣ ਦੇ ਰੌਲ਼ੇ ਕਰਕੇ ਲੜਕੇ ਵਾਲਿਆਂ ’ਚ ਇਹ ਗੱਲ ਘਰ ਕਰ ਗਈ ਹੈ ਕਿ 21 ਸਾਲ ਤੋਂ ਪਹਿਲਾਂ ਮੈਰਿਜ ਰਜਿਸਟ੍ਰੇਸ਼ਨ ਨਹੀਂ ਹੋਣੀ ਜਿਸ ਤੋਂ ਬਿਨਾਂ ਉਹ ਲੜਕੀ ’ਤੇ ਖਰਚਾ ਕਰਨ ਨੂੰ ਤਿਆਰ ਨਹੀਂ ਹੁੰਦੇ। ਉਨ੍ਹਾਂ ਦੱਸਿਆ ਕਿ ਕੱਚਾ ਸ਼ਗਨ ਕਰਕੇ ਖਰਚਾ ਕਰਨ ਵਾਸਤੇ ਲੜਕੇ ਵਾਲੇ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ।

ਉਨ੍ਹਾਂ ਦੱਸਿਆ ਕਿ ਬੈਂਡ ਲੈਣ ਵਾਲੀਆਂ ਪੰਜ ਛੇ ਲੜਕੀਆਂ ਨੇ ਵਿਦੇਸ਼ ਜਾਣਾ ਹੈ ਪ੍ਰੰਤੂ ਉਨ੍ਹਾਂ ਨੂੰ ਕੋਈ ਖਰਚਾ ਕਰਨ ਵਾਲਾ ਪਰਿਵਾਰ ਨਹੀਂ ਮਿਲ ਰਿਹਾ ਹੈ। ਚੇਤੇ ਰਹੇ ਕਿ ਆਪਣੇ ਲੜਕੇ ਨੂੰ ‘ਬੈਂਡ ਗਰਲਜ਼’ ਦੇ ਲੜ ਲਾ ਕੇ ਵਿਦੇਸ਼ ਭੇਜਣ ਵਾਲੇ ਪਰਿਵਾਰਾਂ ਦਾ ਕਰੀਬ 22 ਤੋਂ 25 ਲੱਖ ਰੁਪਏ ਖ਼ਰਚ ਆ ਜਾਂਦਾ ਹੈ ਅਤੇ ਇੱਥੋਂ ਤੱਕ ਵਿਆਹ ਦਾ ਪੂਰਾ ਖਰਚਾ ਵੀ ਲੜਕੇ ਵਾਲੇ ਹੀ ਕਰਦੇ ਹਨ। ਲੜਕੇ ਵਾਲਿਆਂ ਨੂੰ ਲੱਗਦਾ ਹੈ ਕਿ ਜੇ ਉਨ੍ਹਾਂ ਕੋਲ ਲੜਕੇ ਲੜਕੀ ਦੇ ਵਿਆਹ ਦੇ ਦੋ ਤਿੰਨ ਪਰੂਫ਼ ਹਨ ਤਾਂ ਹੀ ਉਹ ਖਰਚਾ ਕਰਨਗੇ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਇਹ ਰੁਝਾਨ ਸਭ ਤੋਂ ਜ਼ਿਆਦਾ ਰਿਹਾ ਹੈ। 

        ਕੋਟਕਪੂਰਾ ਦੇ ਮੈਰਿਜ ਬਿਊਰੋ ਵਾਲੇ ਗੁਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਉਸ ਕੋਲ ਬੈਂਡ ਵਾਲੀ ਇੱਕ ਇੱਕ ਲੜਕੀ ਵਾਸਤੇ ਦਸ ਦਸ ਪਰਿਵਾਰ ਵਿਆਹ ਤੇ ਸਟੱਡੀ ਦਾ ਖਰਚਾ ਚੁੱਕਣ ਵਾਸਤੇ ਤਿਆਰ ਹੁੰਦੇ ਸਨ ਪ੍ਰੰਤੂ ਹੁਣ ਮੁੰਡੇ ਵਾਲੇ ਕੱਚੇ ਸ਼ਗਨ ਦੇ ਸਹਾਰੇ ਖਰਚਾ ਚੁੱਕਣ ਲਈ ਤਿਆਰ ਨਹੀਂ ਹੁੰਦੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲੜਕੀਆਂ ਦੀ ਵਿਆਹ ਦੀ ਉਮਰ 21 ਸਾਲ ਕੀਤੇ ਜਾਣ ਦੇ ਰੌਲ਼ੇ ਰੱਪੇ ਨੇ ਕਹਾਣੀ ਵਿਗਾੜ ਦਿੱਤੀ ਹੈ। 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਦੇ ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਬੈਂਡ ਵਾਲੇ ਵਿਆਹਾਂ ਵਿਚ ਠੱਗੀ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ ਜਿਸ ਕਰਕੇ ਬੈਂਡਾਂ ਵਾਲੀਆਂ ਕੁੜੀਆਂ ਦੀ ਪਹਿਲੋਂ ਵਾਲੀ ਕਦਰ ਨਹੀਂ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੇ ਹੁਣ ਖ਼ੁਦ ਹੀ ਆਇਲੈਟਸ ਕਰਨ ਲੱਗੇ ਹਨ। ਜਗਰਾਉਂ ਦੇ ਇੱਕ ਮੈਰਿਜ ਬਿਊਰੋ ਵਾਲੇ ਨੇ ਪੁਸ਼ਟੀ ਕੀਤੀ ਕਿ ਵਿਆਹ ਦੀ ਉਮਰ ਹੱਦ ਵਧਾਏ ਜਾਣ ਦੀ ਚਰਚਾ ਨੇ ਬੈਂਡ ਲੈਣ ਵਾਲੀਆਂ ਗ਼ਰੀਬ ਘਰਾਂ ਦੀਆਂ ਲੜਕੀਆਂ ਲਈ ਮੌਕੇ ਘਟਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕਈ ਬੈਂਡ ਵਾਲੀਆਂ ਲੜਕੀਆਂ ਆਇਲੈਟਸਕਰਨ ਮਗਰੋਂ ਫ਼ੌਰੀ ਵਿਦੇਸ਼ ਨਹੀਂ ਜਾ ਸਕੀਆਂ ਹਨ।

         ਮਾਨਸਾ ਜ਼ਿਲ੍ਹੇ ਦੇ ਕਾਕਾ ਸਿੰਘ ਨੇ ਦੱਸਿਆ ਕਿ ਬੈਂਡ ਵਾਲੀਆਂ ਕੁੜੀਆਂ ਦੇ ਰਿਸ਼ਤੇ ਪਹਿਲਾਂ ਵਾਂਗ ਨਹੀਂ ਹੋ ਰਹੇ ਹਨ ਅਤੇ ਛੋਟੀ ਤੇ ਦਰਮਿਆਨੀ ਕਿਸਾਨੀ ਲੜਕੀ ਨਾਲ ਕੱਚਾ ਸ਼ਗਨ ਕਰਕੇ ਖਰਚਾ ਕਰਨ ਦੀ ਹੁਣ ਹਾਮੀ ਨਹੀਂ ਭਰ ਰਹੇ ਹਨ। ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪੰਜਾਬ ਵਿਚ ਲੜਕੀ ਦੀ ਵਿਆਹ ਉਮਰ ਹਾਲੇ ਵੀ 18 ਸਾਲ ਹੀ ਹੈ ਅਤੇ ਉਮਰ ਹੱਦ 21 ਸਾਲ ਕੀਤੇ ਜਾਣ ਬਾਰੇ ਕੋਈ ਨੋਟੀਫ਼ਿਕੇਸ਼ਨ ਨਹੀਂ ਹੋਇਆ ਹੈ। 

       ਲੁਧਿਆਣਾ ਦੇ ਐਜੂਕੇਸ਼ਨ ਕਨਸਲਟੈਂਟ ਐਂਡ ਇਮੀਗਰੇਸ਼ਨ (ਐਡੂਵਿੰਗਜ਼) ਦੇ ਐਮ.ਡੀ ਗੌਰਵ ਮੋਦਗਿਲ ਦਾ ਪ੍ਰਤੀਕਰਮ ਸੀ ਕਿ ਲੜਕੀਆਂ ਦੇ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਦਾ ਰੁਝਾਨ ਜਿਉਂ ਦੀ ਤਿਉਂ ਹੀ ਹੈ ਅਤੇ ਮਾਲਵਾ ਖ਼ਿੱਤੇ ਚੋਂ ਖ਼ਾਸ ਕਰਕੇ ਪੇਂਡੂ ਲੜਕੀਆਂ ਚੰਗੇ ਬੈਂਕ ਹਾਸਲ ਕਰ ਰਹੀਆਂ ਹਨ। 

            ਉਮਰ ਹੱਦ ਬਾਰੇ ਫ਼ੈਸਲਾ ਲਟਕਿਆ

ਕੇਂਦਰ ਸਰਕਾਰ ਨੇ ਅਸਲ ਵਿਚ ‘ਬਾਲ ਵਿਆਹ ਦੀ ਮਨਾਹੀ (ਸੋਧ) ਐਕਟ 2021’ ਨੂੰ 21 ਦਸੰਬਰ 2021 ਨੂੰ ਪਾਰਲੀਮੈਂਟ ਵਿਚ ਪੇਸ਼ ਕੀਤਾ ਸੀ ਅਤੇ ਮਗਰੋਂ ਇਸ ਨੂੰ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਗਿਆ। ਕੇਂਦਰੀ ਟਾਸਕ ਫੋਰਸ ਨੇ ਦਸੰਬਰ 2020 ਵਿਚ ਨੀਤੀ ਆਯੋਗ ਕੋਲ ਸਿਫ਼ਾਰਸ਼ ਕੀਤੀ ਸੀ ਕਿ ਲੜਕੀਆਂ ਦੀ ਘੱਟੋ ਘੱਟ ਵਿਆਹ ਦੀ ਉਮਰ 21 ਸਾਲ ਕੀਤੀ ਜਾਵੇ। ਕੇਂਦਰ ਨੇ ਸਪਸ਼ਟ ਕੀਤਾ ਸੀ ਕਿ ਜਦੋਂ ਇਸ ਦਾ ਨੋਟੀਫ਼ਿਕੇਸ਼ਨ ਹੋਵੇਗਾ, ਉਸ ਮਗਰੋਂ ਵੀ ਲਾਗੂ ਕਰਨ ਵਾਸਤੇ ਦੋ ਸਾਲਾਂ ਦਾ ਸਮਾਂ ਦਿੱਤਾ ਜਾਵੇਗਾ। 


No comments:

Post a Comment