Showing posts with label CM Tirth Yatra. Show all posts
Showing posts with label CM Tirth Yatra. Show all posts

Wednesday, May 11, 2016

                                 ਸਰਕਾਰੀ ਸ਼ਰਧਾ
            ਤੀਰਥ ਯਾਤਰਾ ਵਿਚ ਘਾਲਾਮਾਲਾ !
                                  ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤੇ ਹੁਣ ਉਂਗਲ ਉੱਠਣ ਲੱਗੀ ਹੈ। ਕਾਰਨ ਇਹ ਕਿ ਸਰਕਾਰੀ ਯਾਤਰਾ ਤਾਂ ਮਹਿੰਗੀ ਹੈ ਜਦੋਂ ਕਿ ਪ੍ਰਾਈਵੇਟ ਯਾਤਰਾ ਕਾਫ਼ੀ ਸਸਤੀ ਹੈ। ਕੇਂਦਰੀ ਰੇਲਵੇ ਤਰਫ਼ੋਂ ਜੋ ਮਈ ਤੇ ਜੂਨ ਮਹੀਨੇ ਦੇ ਭਾਰਤ ਦਰਸ਼ਨ ਬੈਨਰ ਹੇਠ ਸੈਰ ਸਪਾਟਾ ਪੈਕੇਜ ਜਾਰੀ ਕੀਤੇ ਹਨ, ਉਹ ਕਾਫ਼ੀ ਸਸਤੇ ਹਨ ਜਦੋਂ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਯਾਤਰਾ ਕਾਫ਼ੀ ਮਹਿੰਗੀ ਪੈ ਰਹੀ ਹੈ। ਉਪਰੋਂ ਪੰਜਾਬ ਸਰਕਾਰ ਵਲੋਂ ਨਾਬਾਲਗ ਬੱਚਿਆਂ ਦਾ ਵੀ ਰੇਲਵੇ ਨੂੰ ਪੂਰਾ ਕਿਰਾਇਆ ਤਾਰਿਆ ਜਾ ਰਿਹਾ ਹੈ ਜਦੋਂ ਕਿ ਭਾਰਤੀ ਰੇਲਵੇ ਵਲੋਂ ਆਮ ਯਾਤਰਾ ਦੌਰਾਨ 5 ਸਾਲ ਤੋਂ 12 ਸਾਲ ਤੱਕ ਦੇ ਬੱਚਿਆਂ ਦੀ ਅੱਧੀ ਟਿਕਟ ਲਈ ਜਾਂਦੀ ਹੈ।ਟਰਾਂਸਪੋਰਟ ਵਿਭਾਗ ਤੋਂ ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵਲੋਂ ਸ੍ਰੀ ਨਾਂਦੇੜ ਸਾਹਿਬ ਦੀ ਪੰਜ ਰਾਤਾਂ/ਛੇ ਦਿਨ ਦਾ ਪੈਕੇਜ ਪ੍ਰਤੀ ਯਾਤਰੀ 11532 ਰੁਪਏ ਵਿਚ ਕੀਤਾ ਗਿਆ ਹੈ। ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜਮ ਕਾਰਪੋਰੇਸ਼ਨ ਲਿਮਟਿਡ ਵਲੋਂ ਇਸ ਪੈਕੇਜ ਵਿਚ ਖਾਣਾ, ਠਹਿਰਨ ਅਤੇ ਨਾਨ ਏ.ਸੀ ਬੱਸਾਂ ਆਦਿ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਬਠਿੰਡਾ ਤੋਂ ਸ੍ਰੀ ਨਾਂਦੇੜ ਸਾਹਿਬ ਦਾ ਰਸਤਾ ਕਰੀਬ 1838 ਕਿਲੋਮੀਟਰ ਹੈ।
                     ਦੂਸਰੀ ਤਰਫ਼ ਰੇਲਵੇ ਕਾਰਪੋਰੇਸ਼ਨ ਵਲੋਂ 27 ਮਈ ਨੂੰ ਭਾਰਤ ਦਰਸ਼ਨ ਯਾਤਰਾ ਪ੍ਰਾਈਵੇਟ ਤੌਰ ਤੇ ਕਰਾਈ ਜਾ ਰਹੀ ਹੈ, ਉਸ ਤਹਿਤ ਚੰਡੀਗੜ• ਅੰਬਾਲਾ ਤੋਂ ਕੰਨਿਆ ਕੁਮਾਰੀ ਤੱਕ ਸਮੇਤ ਹੋਰ ਕਾਫ਼ੀ ਸ਼ਹਿਰ ਆਦਿ ਦਾ ਪੈਕੇਜ ਦਿੱਤਾ ਗਿਆ ਹੈ।ਇਸ ਪ੍ਰਾਈਵੇਟ ਪੈਕੇਜ ਤਹਿਤ ਰੇਲਵੇ ਦੂਰੀ ਕਰੀਬ 2500 ਕਿਲੋਮੀਟਰ ਤੋਂ ਜਿਆਦਾ ਹੈ। ਇਹ ਯਾਤਰਾ ਪੈਕੇਜ 12 ਰਾਤਾਂ/13 ਦਿਨ ਦਾ ਹੈ ਜਿਸ ਦਾ ਪ੍ਰਤੀ ਯਾਤਰੀ ਸਮੇਤ ਸਭ ਟੈਕਸ 10,790 ਰੁਪਏ ਰੇਟ ਹੈ। ਸ੍ਰੀ ਨਾਦੇੜ ਸਾਹਿਬ ਦੀ ਧਾਰਮਿਕ ਯਾਤਰਾ ਸਿਰਫ਼ ਛੇ ਦਿਨਾਂ ਦੀ ਹੈ ਅਤੇ ਪ੍ਰਾਈਵੇਟ ਟੂਰ ਤੋਂ ਦੂਰੀ ਵੀ ਅੱਧੀ ਹੈ ਪ੍ਰੰਤੂ ਫਿਰ ਵੀ ਪ੍ਰਤੀ ਯਾਤਰੀ ਪੈਕੇਜ 11532 ਰੁਪਏ ਵਿਚ ਦਿੱਤਾ ਗਿਆ ਹੈ। ਇੱਕੋ ਰੇਲਵੇ ਟੂਰਿਜਮ ਕਾਰਪੋਰੇਸ਼ਨ ਪੰਜਾਬ ਸਰਕਾਰ ਨੂੰ ਘੱਟ ਦੂਰੀ ਦੀ ਅਤੇ ਘੱਟ ਦਿਨਾਂ ਦੀ ਯਾਤਰਾ ਵੱਧ ਰਾਸ਼ੀ ਵਿਚ ਦੇ ਰਹੀ ਹੈ ਜਦੋਂ ਕਿ ਪ੍ਰਾਈਵੇਟ ਯਾਤਰਾ ਲਈ ਵੱਧ ਦਿਨਾਂ ਅਤੇ ਵੱਧ ਦੂਰੀ ਦੀ ਯਾਤਰਾ ਘੱਟ ਰਾਸ਼ੀ ਵਿਚ ਹੈ। ਰੇਲਵੇ ਟੂਰਿਜਮ ਕਾਰਪੋਰੇਸ਼ਨ ਨੇ ਮਈ ਜੂਨ ਮਹੀਨੇ ਵਿਚ ਭਾਰਤ ਦਰਸ਼ਨ ਤਹਿਤ 13 ਤਰ•ਾਂ ਦੇ ਪੈਕੇਜ ਜਾਰੀ ਕੀਤੇ ਗਏ ਹਨ।
                   ਰੇਲਵੇ ਦੇ ਇਹ ਸਭ ਪੈਕੇਜ 5845 ਰੁਪਏ ਤੋਂ ਸ਼ੁਰੂ ਹੋ ਕੇ 10790 ਰੁਪਏ ਪ੍ਰਤੀ ਯਾਤਰੀ ਤੱਕ ਦੇ ਹਨ ਅਤੇ ਸਭਨਾਂ ਦੀ ਦੂਰੀ ਤਕਰੀਬਨ ਪੰਜਾਬ ਸਰਕਾਰ ਦੀ ਸਰਕਾਰੀ ਯਾਤਰਾ ਦੇ ਨੇੜੇ ਤੇੜੇ ਜਾਂ ਫਿਰ ਜਿਆਦਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ 5 ਸਾਲ ਤੋਂ 12 ਸਾਲ ਤੱਕ ਦੇ ਬੱਚਿਆਂ ਦਾ ਕਿਰਾਇਆ ਵੀ ਰੇਲਵੇ ਨੂੰ ਪੂਰਾ ਤਾਰਿਆ ਜਾ ਰਿਹਾ ਹੈ। ਮਾਲਵੇ ਖ਼ਿੱਤੇ ਚੋਂ ਰਾਮਾਂ ਮੰਡੀ,ਬਠਿੰਡਾ,ਮੌੜ ਮੰਡੀ,ਰਾਮਪੁਰਾ,ਮੁਕਤਸਰ ਆਦਿ ਥਾਵਾਂ ਤੋਂ ਸ੍ਰੀ ਨਾਦੇੜ ਸਾਹਿਬ ਲਈ ਤੀਰਥ ਯਾਤਰਾ ਜਾ ਚੁੱਕੀ ਹੈ। ਤਕਰੀਬਨ ਸਾਰੀਆਂ ਟਰੇਨਾਂ ਵਿਚ ਇੱਕ ਸੌ ਦੇ ਕਰੀਬ ਨਾਬਾਲਗ ਬੱਚੇ ਸਨ। ਏਨਾ ਜਰੂਰ ਹੈ ਕਿ ਭਾਰਤੀ ਰੇਲਵੇ ਵਲੋਂ ਸਰਕਾਰੀ ਯਾਤਰਾ ਤਹਿਤ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਾ ਦਾ ਕਿਰਾਇਆ ਨਹੀਂ ਲਿਆ ਗਿਆ ਹੈ। ਪੰਜਾਬ ਸਰਕਾਰ ਨੇ ਭਾਰਤੀ ਰੇਲਵੇ ਨਾਲ ਸਾਈਨ ਕੀਤੇ ਐਮ.ਓ.ਯੂ ਵਿਚ ਅਜਿਹੀ ਵਿਵਸਥਾ ਹੀ ਨਹੀਂ ਕੀਤੀ ਹੈ।
                                      ਸਰਕਾਰੀ ਖ਼ਜ਼ਾਨੇ ਦੀ ਲੁੱਟ ਬੰਦ ਹੋਵੇ : ਖਹਿਰਾ
ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਲੋਂ ਸਿਆਸੀ ਮਕਸਦ ਨਾਲ ਤੀਰਥ ਯਾਤਰਾ ਸ਼ੁਰੂ ਕੀਤੀ ਗਈ ਹੈ। ਉਨ•ਾਂ ਆਖਿਆ ਕਿ ਅਗਰ ਇੱਕੋ ਰੇਲਵੇ ਟੂਰਿਜ਼ਮ ਕਾਰਪੋਰੇਸ਼ਨ ਪ੍ਰਾਈਵੇਟ ਤੌਰ ਤੇ ਪੈਕੇਜ ਸਸਤਾ ਦੇ ਰਹੀ ਹੈ ਅਤੇ ਪੰਜਾਬ ਸਰਕਾਰ ਨੂੰ ਮਹਿੰਗਾ ਦੇ ਰਹੀ ਹੈ ਤਾਂ ਕਿਤੇ ਨਾ ਕਿਤੇ ਕੋਈ ਗੜਬੜ ਜਰੂਰ ਹੈ। ਉਨ•ਾਂ ਆਖਿਆ ਕਿ ਇਹ ਸਰਕਾਰੀ ਖ਼ਜ਼ਾਨੇ ਦੀ ਲੁੱਟ ਹੈ ਜੋ ਬੰਦ ਹੋਣੀ ਚਾਹੀਦੀ ਹੈ।
                                        ਕੁਝ ਵੀ ਗਲਤ ਨਹੀਂ ਹੈ : ਕੋਹਾੜ
ਟਰਾਂਸਪੋਰਟ ਮੰਤਰੀ ਸ੍ਰ.ਅਜੀਤ ਸਿੰਘ ਕੋਹਾੜ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਸਭ ਗਿਣਤੀ ਮਿਣਤੀ ਲਗਾ ਕੇ ਹੀ ਰੇਲਵੇ ਟੂਰਿਜ਼ਮ ਕਾਰਪੋਰੇਸ਼ਨ ਨਾਲ ਐਮ.ਓ.ਯੂ ਸਾਈਨ ਕੀਤਾ ਹੈ ਜਿਸ ਵਿਚ ਕੁਝ ਵੀ ਗਲਤ ਨਹੀਂ। ਉਨ•ਾਂ ਆਖਿਆ ਕਿ ਧਾਰਮਿਕ ਯਾਤਰਾ ਹੋਣ ਕਰਕੇ ਉਹ ਬਹੁਤੇ ਹਿਸਾਬ ਕਿਤਾਬ ਵਿਚ ਨਹੀਂ ਪੈਂਦੇ ਹਨ। ਉਨ•ਾਂ ਬੱਚਿਆਂ ਦੀ ਪੂਰੀ ਟਿਕਟ ਦੇ ਮਾਮਲੇ ਤੇ ਆਖਿਆ ਕਿ ਉਹ ਤਾਂ ਹਲਕੇ ਨੂੰ ਪੂਰੀ ਗੱਡੀ ਦੇ ਦਿੰਦੇ ਹਨ, ਕੋਈ ਵੱਡੇ ਲੈ ਜਾਵੇ ਤੇ ਚਾਹੇ ਕੋਈ ਛੋਟੇ। 

Monday, March 14, 2016

                         ਤੀਰਥ ਦਰਸ਼ਨ ਯੋਜਨਾ
 ਬਹਾਨਾ ਬਜ਼ੁਰਗਾਂ ਦਾ, ਯਾਤਰਾ ਨੌਜਵਾਨਾਂ ਨੂੰ
                               ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਸਰਕਾਰ ਦੀ ਤੀਰਥ ਯਾਤਰਾ ਦੀ ਮੌਜ ਨੌਜਵਾਨ ਤੇ ਬੱਚੇ ਲੁੱਟ ਰਹੇ ਹਨ ਜਦੋਂ ਕਿ ਇਹ ਯਾਤਰਾ ਬਜ਼ੁਰਗਾਂ ਲਈ ਸ਼ੁਰੂ ਕੀਤੀ ਗਈ ਹੈ। ਇਵੇਂ ਹੀ ਤੀਰਥ ਯਾਤਰਾ ਟਰੇਨਾਂ ਤੇ ਬੱਸਾਂ ਦੀ ਲਿਪਾਪੋਚੀ ਤੇ ਢੋਲ ਢਮੱਕਾ ਕਰੀਬ 60 ਲੱਖ ਰੁਪਏ ਵਿਚ ਖ਼ਜ਼ਾਨੇ ਨੂੰ ਪਿਆ ਹੈ। ਮੁੱਖ ਮੰਤਰੀ ਤੀਰਥ ਯਾਤਰਾ ਦੀ ਪਹਿਲੀ ਤਿਮਾਹੀ ਮੁਕੰਮਲ ਹੋਣ ਵਾਲੀ ਹੈ ਜਿਸ ਤੇ ਕਰੀਬ 34.50 ਕਰੋੜ ਰੁਪਏ ਦਾ ਖਰਚਾ ਆਵੇਗਾ। ਤੀਰਥ ਯਾਤਰਾ ਯੋਜਨਾ ਲਈ ਚੱਲ ਰਹੀਆਂ ਟਰੇਨਾਂ ਅਤੇ ਬੱਸਾਂ ਨੂੰ ਚਾਰੇ ਪਾਸਿਓਂ ਮਸ਼ਹੂਰੀ ਪੋਸਟਰਾਂ ਨਾਲ ਕਵਰ ਕੀਤਾ ਗਿਆ ਹੈ ਜਿਸ ਤੇ ਕਰੀਬ 44 ਲੱਖ ਰੁਪਏ ਖਰਚ ਆਏ ਹਨ। ਪ੍ਰਤੀ ਟਰੇਨ ਪਿਛੇ ਹਰ ਡਿਪਟੀ ਕਮਿਸ਼ਨਰ ਨੂੰ 50 ਹਜ਼ਾਰ ਰੁਪਏ ਵੱਖਰੇ ਦਿੱਤੇ ਜਾ ਰਹੇ ਹਨ ਜਿਨ•ਾਂ ਵਿਚ ਟਰੇਨਾਂ ਦੇ ਫੁੱਲਾਂ,ਢੋਲ ਢਮੱਕੇ ਅਤੇ ਬੱਸਾਂ ਦਾ ਖਰਚਾ ਸ਼ਾਮਲ ਹੈ। ਪੰਜਾਬ ਸਰਕਾਰ ਵਲੋਂ ਭਾਰਤੀ ਰੇਲਵੇ ਨੂੰ ਟਰੇਨਾਂ ਤੇ ਲਗਾਏ ਮਸ਼ਹੂਰੀ ਪੋਸਟਰ (ਵਿਨਾਇਲ ਪੋਸ਼ਚਰਿੰਗ) ਦੇ 42.85 ਲੱਖ ਰੁਪਏ ਦੇ ਦਿੱਤੇ ਗਏ ਹਨ। ਆਰ.ਟੀ.ਆਈ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਬਠਿੰਡਾ ਤੋਂ ਸਾਲਾਸਰ ਲਈ ਜੋ ਬੱਸਾਂ ਚਲਾਈਆਂ ਗਈਆਂ ਹਨ, ਉਨ•ਾਂ ਦੇ ਦੋਵੇਂ ਪਾਸੇ ਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਪੋਸਟਰ ਲਗਾਏ ਗਏ ਹਨ ਜਿਨ•ਾਂ ਤੇ ਪ੍ਰਤੀ ਬੱਸ 17290 ਰੁਪਏ ਖਰਚ ਕੀਤੇ ਗਏ ਹਨ।
                  ਜਨਵਰੀ ਤੋਂ ਮਾਰਚ ਤੱਕ ਦੀ ਪਹਿਲੀ ਤਿਮਾਹੀ ਵਿਚ 31 ਟਰੇਨਾਂ ਰਵਾਨਾ ਹੋਈਆਂ ਹਨ ਅਤੇ ਹੋਣੀਆਂ ਹਨ ਜਿਨ•ਾਂ ਦਾ ਪ੍ਰਤੀ ਟਰੇਨ ਦੀ ਹਿਸਾਬ ਨਾਲ 15.50 ਲੱਖ ਰੁਪਏ ਡਿਪਟੀ ਕਮਿਸ਼ਨਰਾਂ ਨੂੰ ਵੱਖਰੇ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ 46.50 ਕਰੋੜ ਦੀ ਰਾਸ਼ੀ ਪਹਿਲੀ ਤਿਮਾਹੀ ਵਾਸਤੇ ਜਾਰੀ ਕਰ ਦਿੱਤੀ ਹੈ ਜਿਸ ਚੋਂ 12 ਕਰੋੜ ਰੁਪਏ ਸਰਕਾਰ ਨੇ ਪੰਜਾਬ ਸਟੇਟ ਟਰਾਂਸਪੋਰਟ ਸੁਸਾਇਟੀ ਤੋਂ ਲਏ ਲੋਨ ਦੇ ਵੀ ਵਾਪਸ ਕਰ ਦਿੱਤੇ ਹਨ। ਪੰਜਾਬ ਸਰਕਾਰ ਨੇ ਪਹਿਲੀ ਤਿਮਾਹੀ ਵਿਚ ਨਾਂਦੇੜ ਸਾਹਿਬ ਯਾਤਰਾ ਤੇ 26.71 ਕਰੋੜ, ਵਾਰਾਨਸੀ ਲਈ 5.56 ਕਰੋੜ ਅਤੇ ਅਜਮੇਰ ਸਰੀਫ ਲਈ 2.22 ਕਰੋੜ ਦਾ ਖਰਚਾ ਕੀਤਾ ਹੈ। ਹੋਰਨਾਂ ਸਰੋਤਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਤੀਰਥ ਯਾਤਰਾ ਯੋਜਨਾ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪੰਜਵਾਂ ਸੂਬਾ ਹੈ ਅਤੇ ਭਾਜਪਾ ਸਰਕਾਰਾਂ ਨੇ ਤੀਰਥ ਯਾਤਰਾ ਯੋਜਨਾ ਸਭ ਤੋਂ ਪਹਿਲਾਂ ਲਾਗੂ ਕੀਤੀ ਸੀ। ਪੰਜਾਬ ਸਰਕਾਰ ਨੇ ਦੂਸਰੇ ਸੂਬਿਆਂ ਦੀ ਨਕਲ ਤੇ ਇਹ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਹੈ ਪ੍ਰੰਤੂ ਪੰਜਾਬ ਨੇ ਇਸ ਯੋਜਨਾ ਨੂੰ ਆਪਣੇ ਰੰਗ ਵਿਚ ਰੰਗ ਲਿਆ ਹੈ। ਦੂਸਰੇ ਸੂਬੇ ਸਿਰਫ਼ 60 ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ ਸਰਕਾਰੀ ਖਰਚੇ ਤੇ ਤੀਰਥ ਯਾਤਰਾ ਕਰਾ ਰਹੇ ਹਨ ਜਦੋਂ ਕਿ ਪੰਜਾਬ ਸਰਕਾਰ ਨੌਜਵਾਨਾਂ ਤੇ ਬੱਚਿਆਂ ਨੂੰ ਵੀ ਤੀਰਥ ਯਾਤਰਾ ਕਰਾ ਰਹੀ ਹੈ।
                 ਮੱਧ ਪ੍ਰਦੇਸ਼ ਸਰਕਾਰ ਨੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਅਕਤੂਬਰ 2012 ਵਿਚ ਸ਼ੁਰੂਆਤ ਕੀਤੀ ਸੀ। ਮੱਧ ਪ੍ਰਦੇਸ਼ ਸਰਕਾਰ ਵਲੋਂ ਸਿਰਫ਼ 60 ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ ਇਹ ਯਾਤਰਾ ਮੁਫ਼ਤ ਸਰਕਾਰੀ ਖਰਚੇ ਤੇ ਕਰਾਈ ਜਾ ਰਹੀ ਹੈ। ਉਸ ਮਗਰੋਂ ਛਤੀਸ਼ਗੜ ਸਰਕਾਰ ਨੇ ਜਨਵਰੀ 2013 ਵਿਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਛਤੀਸ਼ਗੜ ਸਰਕਾਰ ਵਲੋਂ 60 ਸਾਲ ਤੋਂ ਉਪਰ ਦੇ ਸਿਰਫ਼ ਉਨ•ਾਂ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਾਈ ਜਾ ਰਹੀ ਹੈ ਜੋ ਬੀ.ਪੀ.ਐਲ ਕੈਟਾਗਿਰੀ ਦੇ ਹਨ। ਅਗਸਤ 2015 ਤੋਂ ਰਾਜਸਥਾਨ ਸਰਕਾਰ ਨੇ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਹੈ ਅਤੇ ਰਾਜਸਥਾਨ ਸਰਕਾਰ ਵਲੋਂ ਵੀ 60 ਸਾਲ ਤੋਂ ਉਪਰ ਉਮਰ ਦੇ ਬਜ਼ੁਰਗਾਂ ਲਈ ਇਹ ਯੋਜਨਾ ਲਾਗੂ ਕੀਤੀ ਗਈ ਹੈ। ਉਤਰ ਪ੍ਰਦੇਸ਼ ਸਰਕਾਰ ਵਲੋਂ ਵੀ ਹੁਣ ਸਿਰਫ਼ ਸੀਨੀਅਰ ਸਿਟੀਜਨਜ਼ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ। ਇੱਧਰ ਪੰਜਾਬ ਸਰਕਾਰ ਵਲੋਂ ਬੱਚਿਆਂ ਤੇ ਜਵਾਨਾਂ ਨੂੰ ਵੀ ਤੀਰਥ ਯਾਤਰਾ ਕਰਾਈ ਜਾਣ ਲੱਗੀ ਹੈ। ਪੰਜਾਬ ਸਰਕਾਰ ਨੇ ਇਸ ਤੀਰਥ ਯਾਤਰਾ ਵਿਚ ਉਮਰ ਹੱਦ ਦੀ ਕੋਈ ਸ਼ਰਤ ਨਹੀਂ ਰੱਖੀ ਹੈ ਅਤੇ ਸਭਨਾਂ ਲਈ ਯਾਤਰਾ ਦੇ ਦਰਵਾਜੇ ਖੁੱਲ•ੇ ਰੱਖੇ ਗਏ ਹਨ।
                 ਮਿਸਾਲ ਦੇ ਤੌਰ ਤੇ ਪਹਿਲੀ ਤੀਰਥ ਯਾਤਰਾ ਟਰੇਨ 4 ਜਨਵਰੀ ਨੂੰ ਜੋ ਰਾਮਾ ਮੰਡੀ ਤੋਂ ਰਵਾਨਾ ਕੀਤੀ ਗਈ, ਉਸ ਵਿਚ ਇੱਕ ਹਜ਼ਾਰ ਯਾਤਰਾ ਨਾਂਦੇੜ ਸਾਹਿਬ ਲਈ ਰਵਾਨਾ ਹੋਏ ਸਨ। ਇਨ•ਾਂ 1000 ਯਾਤਰੀਆਂ ਚੋਂ ਸਿਰਫ 221 ਯਾਤਰੀ ਹੀ 60 ਸਾਲ ਤੋਂ ਉਪਰ ਦੀ ਉਮਰ ਦੇ ਸਨ ਜਦੋਂ ਕਿ 20 ਤੋਂ 40 ਸਾਲ ਦੇ ਯਾਤਰੀਆਂ ਦੀ ਗਿਣਤੀ 280 ਦੇ ਕਰੀਬ ਸੀ। ਇਵੇਂ 10 ਤੋਂ 20 ਸਾਲ ਵਾਲੇ ਯਾਤਰੀ 26 ਅਤੇ 50 ਤੋਂ 60 ਸਾਲ ਦੀ ਉਮਰ ਦੇ ਯਾਤਰੀਆਂ ਦੀ ਗਿਣਤੀ 243 ਸੀ। ਸੂਤਰ ਆਖਦੇ ਹਨ ਕਿ ਸਰਕਾਰ ਵਲੋਂ ਪ੍ਰਚਾਰ ਤਾਂ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਾਉਣ ਦਾ ਕੀਤਾ ਜਾ ਰਿਹਾ ਹੈ ਪ੍ਰੰਤੂ ਛੋਟੇ ਬੱਚਿਆਂ ਤੇ ਜਵਾਨਾਂ ਨੂੰ ਵੀ ਇਹ ਯਾਤਰਾ ਕਰਾਈ ਜਾ ਰਹੀ ਹੈ।
            ਯਾਤਰਾ ਪੈਕੇਜ : ਇੱਕ ਝਾਤ
ਤੀਰਥ ਅਸਥਾਨ   ਪ੍ਰਤੀ ਯਾਤਰੀ ਖਰਚਾ
ਸ੍ਰੀ ਨਾਂਦੇੜ ਸਾਹਿਬ   11532 ਰੁਪਏ
ਵਾਰਾਨਸੀ    9610 ਰੁਪਏ
ਅਜਮੇਰ ਸਰੀਫ   7688 ਰੁਪਏ
ਕਟੜਾ    5766 ਰੁਪਏ।

Sunday, January 10, 2016

                             ਤੀਰਥ ਯਾਤਰਾ 
             ਨਸ਼ੇੜੀਆਂ ਨੂੰ ਲੱਗੀ ਰਹੀ ਤੋੜ
                             ਚਰਨਜੀਤ ਭੁੱਲਰ
ਬਠਿੰਡਾ : ਤਖਤ ਸ੍ਰੀ ਹਜ਼ੂਰ ਸਾਹਿਬ ਦੀ ਤੀਰਥ ਯਾਤਰਾ ਦੌਰਾਨ ਪ੍ਰਾਹੁਣਿਆਂ ਵਾਂਗ ਹੋਈ ਸੇਵਾ ਤੋਂ ਹਲਕਾ ਤਲਵੰਡੀ ਸਾਬੋ ਦੇ ਪੇਂਡੂ ਲੋਕ ਬਾਗੋ ਬਾਗ ਹੋ ਗਏ ਹਨ। ਅੱਜ ਦੁਪਹਿਰ ਮਗਰੋਂ ਸ੍ਰੀ ਨਾਂਦੇੜ ਸਾਹਿਬ ਤੋਂ ਟਰੇਨ ਵਾਪਸ ਰਾਮਾਂ ਮੰਡੀ ਪੁੱਜ ਗਈ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 4 ਜਨਵਰੀ ਨੂੰ ਇਸ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ ਜਿਸ ਵਿਚ ਕਰੀਬ ਇੱਕ ਹਜ਼ਾਰ ਯਾਤਰੀ ਗਏ ਸਨ। ਜਿਥੇ ਪੇਂਡੂ ਲੋਕ ਰੇਲਵੇ ਦੀ ਖ਼ਾਤਰਦਾਰੀ ਦੇ ਕੀਲੇ ਹੋਏ ਸਨ, ਉਥੇ ਕੁਝ ਯਾਤਰੀ ਨਸ਼ੇ ਦੀ ਤੋੜ ਦੇ ਭੰਨੇ ਵਾਰ ਵਾਰ ਟਰੇਨ ਵਿਚ ਡਾਕਟਰਾਂ ਤੋਂ ਬਦਲ ਵਜੋਂ ਗੋਲੀਆਂ ਲੈਂਦੇ ਰਹੇ। ਡੱਬਾ ਨੰਬਰ ਪੰਜ ਵਿਚ ਤਿੰਨ ਡਾਕਟਰ ਅਤੇ ਦੋ ਪੈਰਾ ਮੈਡੀਕਲ ਸਟਾਫ ਦੇ ਮੈਂਬਰ ਸਨ ਜਿਨ•ਾਂ ਕੋਲ ਯਾਤਰੀਆਂ ਦੀ ਕਤਾਰ ਲੱਗੀ ਰਹੀ। ਵੱਡੀ ਮੁਸ਼ਕਲ ਇਹੋ ਰਹੀ ਕਿ ਨਸ਼ਿਆਂ ਦੇ ਆਦੀ ਯਾਤਰੀਆਂ ਨੂੰ ਅਨੁਸ਼ਾਸਨ ਵਿਚ ਬੰਨ•ਣ ਲਈ ਪ੍ਰਬੰਧਕਾਂ ਨੂੰ ਕਾਫ਼ੀ ਤਰੱਦਦ ਕਰਨਾ ਪਿਆ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਭੁੱਕੀ ਦੇ ਠੇਕੇ ਹਨ। ਵੱਡਾ ਡਰ ਸੀ ਕਿ ਕਿਤੇ ਨਸ਼ਿਆਂ ਦੇ ਕੁਝ ਆਦੀ ਯਾਤਰੀ ਰੰਗ ਵਿਚ ਭੰਗ ਨਾ ਪਾ ਦੇਣ। ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਬਾਬਾ ਕਾਕਾ ਸਿੰਘ ਨੇ ਹਰ ਡੱਬੇ ਵਿਚ ਜਾ ਕੇ ਯਾਤਰੀਆਂ ਨੂੰ ਵਾਰ ਵਾਰ ਅਪੀਲ ਕੀਤੀ ਕਿ ਉਹ ਯਾਤਰਾ ਦੌਰਾਨ ਅਨੁਸ਼ਾਸਨ ਵਿਚ ਰਹਿਣ ਅਤੇ ਕਿਸੇ ਤਰ•ਾਂ ਦੇ ਨਸ਼ੇ ਦਾ ਸੇਵਨ ਨਾ ਕਰਨ ਅਤੇ ਨਾ ਹੀ ਖਰੀਦ ਕਰਨ।
                  ਬਾਬਾ ਕਾਕਾ ਸਿੰਘ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਨਸ਼ੇ ਦੇ ਆਦੀ ਕੁਝ ਯਾਤਰੀਆਂ ਨੂੰ ਜ਼ਾਬਤੇ ਵਿਚ ਰੱਖਣ ਵਾਸਤੇ ਕਾਫ਼ੀ ਮਿਹਨਤ ਕਰਨੀ ਪਈ। ਬਾਬਾ ਕਾਕਾ ਸਿੰਘ ਦਾ ਕਹਿਣਾ ਸੀ ਕਿ ਅਜਿਹੇ ਯਾਤਰੀਆਂ ਨੂੰ ਨੀਂਦ ਨਹੀਂ ਆਉਂਦੀ ਸੀ ਅਤੇ ਤੋੜ ਲੱਗਦੀ ਸੀ ਜਿਸ ਕਰਕੇ ਅਜਿਹੇ ਯਾਤਰੀ ਤਾਂ ਡੱਬਾ ਨੰਬਰ ਪੰਜ ਵਿਚ ਬੈਠੇ ਡਾਕਟਰਾਂ ਤੋਂ ਗੋਲੀਆਂ ਵਗੈਰਾ ਲੈਂਦੇ ਰਹੇ। ਉਨ•ਾਂ ਆਖਿਆ ਕਿ ਸਰਕਾਰ ਦੀ ਯਾਤਰਾ ਸ਼ਲਾਘਾ ਵਾਲੀ ਹੈ ਅਤੇ ਹਰ ਸਾਰੇ ਯਾਤਰੀ ਬਾਗੋ ਬਾਗ ਹਨ। ਉਨ•ਾਂ ਆਖਿਆ ਕਿ ਭਾਰਤੀ ਰੇਲਵੇ ਦੇ ਪ੍ਰਬੰਧ ਕਮਾਲ ਦੇ ਸਨ ਅਤੇ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਸੀ। ਬਠਿੰਡਾ ਤੋਂ ਟਰੇਨ ਵਿਚ ਗਏ ਡਾ. ਰੋਹਿਤ ਬਾਂਸਲ ਦਾ ਕਹਿਣਾ ਸੀ ਕਿ ਸਫ਼ਰ ਲੰਮਾ ਹੋਣ ਕਰਕੇ ਨੀਂਦ ਵਗੈਰਾ ਦੀ ਕੁਝ ਯਾਤਰੀਆਂ ਨੂੰ ਸਮੱਸਿਆ ਆਈ ਸੀ ਜਿਸ ਕਰਕੇ ਉਨ•ਾਂ ਨੇ ਦਵਾਈ ਦੇ ਦਿੱਤੀ ਸੀ। ਉਨ•ਾਂ ਆਖਿਆ ਕਿ ਕਾਫ਼ੀ ਯਾਤਰੀਆਂ ਨੂੰ ਤੇਜ਼ਾਬ ਆਦਿ ਬਣਨ ਦੀ ਸਮੱਸਿਆ ਵੀ ਆਈ। ਉਨ•ਾਂ ਦੱਸਿਆ ਕਿ ਤੋੜ ਵਾਲੇ ਵੀ ਕਰੀਬ ਦੋ ਦਰਜਨ ਦੇ ਕਰੀਬ ਯਾਤਰੀ ਹੋਣਗੇ। ਯਾਤਰੀ ਇਸ ਗੱਲੋਂ ਖੁਸ਼ ਸਨ ਕਿ ਉਹ ਰੇਲਵੇ ਨੇ ਉਨ•ਾਂ ਦੀ ਖ਼ਾਤਰਦਾਰੀ ਬਹੁਤ ਕੀਤੀ। ਸਵੇਰ 6 ਵਜੇ ਚਾਹ ਮਿਲਦੀ ਸੀ ਅਤੇ ਫਿਰ ਬਰੇਕਫਾਸਟ ਮਿਲਦਾ ਸੀ।                                                                            ਦੁਪਹਿਰ ਦੇ ਖਾਣੇ ਅਤੇ ਡਿਨਰ ਵਿਚ ਦੋ ਸਬਜ਼ੀਆਂ ਤੇ ਇੱਕ ਦਾਲ ਮਿਲਦੀ ਸੀ। ਸ਼ਾਮ ਤੋਂ ਪਹਿਲਾਂ ਚਾਹ ਮਿਲਦੀ ਸੀ ਅਤੇ ਬੰਦ ਬੋਤਲ ਵਾਲਾ ਪਾਣੀ ਮਿਲਦਾ ਸੀ। ਰਾਤ ਨੂੰ ਸੌਣ ਵੇਲੇ ਦੁੱਧ ਮਿਲਦਾ ਸੀ। ਸੂਤਰ ਆਖਦੇ ਹਨ ਕਿ ਸ਼ੁਰੂ ਵਿਚ ਚਾਹ ਥੋੜੀ ਮਿਲਣ ਦੀ ਸ਼ਿਕਾਇਤ ਸੀ ਪ੍ਰੰਤੂ ਮਗਰੋਂ ਖੁੱਲ•ੀ ਚਾਹ ਮਿਲਣ ਲੱਗ ਪਈ ਸੀ। ਟਰੱਕ ਯੂਨੀਅਨ ਤਲਵੰਡੀ ਸਾਬੋ ਦੇ ਪ੍ਰਧਾਨ ਅਵਤਾਰ ਸਿੰਘ ਮੈਨੂੰਆਣਾ ਦਾ ਕਹਿਣਾ ਸੀ ਕਿ ਰੇਲਵੇ ਦੀ ਪ੍ਰਾਹੁਣਚਾਰੀ ਤੋਂ ਹਰ ਯਾਤਰੀ ਖੁਸ਼ ਸੀ। ਟਰੇਨ ਵਿਚ ਦਿਨ ਵਕਤ ਕਥਾ ਵਗੈਰਾ ਵੀ ਹੁੰਦੀ ਸੀ। ਉਨ•ਾਂ ਦੱਸਿਆ ਕਿ ਯਾਤਰੀਆਂ ਨੂੰ ਅਪੀਲ ਕਰ ਦਿੱਤੀ ਸੀ ਕਿ ਪੂਰੀ ਸ਼ਰਧਾ ਅਤੇ ਜ਼ਾਬਤੇ ਵਿਚ ਰਹਿੰਦੇ ਹੋਏ ਕੋਈ ਨਸ਼ਾ ਵਗੈਰਾ ਨਹੀਂ ਕਰਨਾ ਹੈ। ਦੱਸਣਯੋਗ ਹੈ ਕਿ ਜ਼ਿਲ•ਾ ਪ੍ਰਸ਼ਾਸਨ ਤਰਫ਼ੋਂ ਯਾਤਰਾ ਨਾਲ ਡੀ.ਟੀ.ਓ ਲਤੀਫ਼ ਅਹਿਮਦ,ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਰਘਬੀਰ ਸਿੰਘ ਤੁੰਗਵਾਲੀ ਅਤੇ ਪੰਚਾਇਤ ਸਕੱਤਰ ਗੁਰਜੀਵਨ ਸਿੰਘ ਆਦਿ ਗਏ ਸਨ।
                                ਬਜ਼ੁਰਗ ਯਾਤਰੀ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ
ਨਾਂਦੇੜ ਸਾਹਿਬ ਦੀ ਯਾਤਰਾ ਤੋਂ ਵਾਪਸੀ ਸਮੇਂ ਤਲਵੰਡੀ ਸਾਬੋ ਦੇ ਪਿੰਡ ਮੱਲਵਾਲਾ ਦੇ ਬਜ਼ੁਰਗ ਗੁਰਚਰਨ ਸਿੰਘ ਨੂੰ ਸਾਹ ਲੈਣ ਦੀ ਤਕਲੀਫ਼ ਹੋਣ ਕਰਕੇ ਫੌਰੀ ਦਿੱਲੀ ਦੇ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਹਾਲੇ ਟਰੇਨ ਦਿੱਲੀ ਤੋਂ ਦੂਰ ਸੀ ਕਿ 70 ਵਰਿ•ਆਂ ਦੇ ਬਜ਼ੁਰਗ ਨੂੰ ਸਾਹ ਲੈਣ ਵਿਚ ਮੁਸ਼ਕਲ ਆਉਣੀ ਸ਼ੁਰੂ ਹੋ ਗਈ। ਟਰੇਨ ਵਿਚਲੇ ਡਾਕਟਰਾਂ ਨੇ ਫੌਰੀ ਬਜ਼ੁਰਗ ਨੂੰ ਦਾਖਲ ਕਰਾਉਣ ਦੀ ਸਲਾਹ ਦਿੱਤੀ। ਦਿੱਲੀ ਪੁੱਜਦੇ ਹੀ ਬਜ਼ੁਰਗ ਨੂੰ ਸਕੂਰ ਬਸਤੀ ਦੇ ਲਾਰਡ ਮਹਾਂਵੀਰ ਹਸਪਤਾਲ ਵਿਚ ਅੱਜ ਸਵੇਰ 8.30 ਵਜੇ ਭਰਤੀ ਕਰਾ ਦਿੱਤਾ ਗਿਆ। ਸ਼ਾਮ ਵਕਤ ਬਜ਼ੁਰਗ ਦਾ ਲੜਕਾ ਇਕਬਾਲ ਸਿੰਘ ਵੀ ਪੁੱਜ ਗਿਆ ਸੀ। ਦੱਸਦੇ ਹਨ ਕਿ ਬਜ਼ੁਰਗ ਦੀ ਹਾਲਤ ਵਿਚ ਹਾਲੇ ਬਹੁਤਾ ਸੁਧਾਰ ਨਹੀਂ ਹੋਇਆ ਹੈ। 

Friday, January 8, 2016

                                 ਗਠਜੋੜ ਦਾ ਧਰਮ
           ਤੀਰਥ ਦਰਸ਼ਨਾਂ ਚੋਂ ਭਾਜਪਾ ਆਊਟ !
                                   ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਚੋਂ ਭਾਜਪਾ ਨੂੰ ਪੂਰੀ ਤਰ•ਾਂ ਆਊਟ ਕਰ ਦਿੱਤਾ ਹੈ ਜਿਸ ਤੋਂ ਭਾਜਪਾ ਆਗੂ ਅੰਦਰੋਂ ਅੰਦਰੀਂ ਔਖੇ ਹੋ ਗਏ ਹਨ। ਇੱਥੋਂ ਤੱਕ ਕਿ ਸਾਲਾਸਰ ਧਾਮ ਦੀ ਯਾਤਰਾ ਦੇ ਮਾਮਲੇ ਵਿਚ ਵੀ ਕਿਸੇ ਭਾਜਪਾ ਆਗੂ ਦੀ ਕੋਈ ਪੁੱਛ-ਗਿੱਛ ਨਹੀਂ ਹੋਈ ਹੈ। ਤੀਰਥ ਦਰਸ਼ਨ ਯਾਤਰਾ ਦੀ ਕਮਾਨ ਪੂਰੀ ਤਰ•ਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਹੱਥ ਵਿਚ ਹੈ ਜੋ ਹਲਕਾ ਵਾਈਜ ਯਾਤਰੀਆਂ ਦੀਆਂ ਸੂਚੀਆਂ ਤਿਆਰ ਕਰਕੇ ਪ੍ਰਸ਼ਾਸਨ ਨੂੰ ਸੌਂਪ ਰਹੇ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 4 ਜਨਵਰੀ ਨੂੰ ਰਾਮਾਂ ਮੰਡੀ ਤੋਂ ਹਲਕਾ ਤਲਵੰਡੀ ਸਾਬੋ ਦੇ ਯਾਤਰੀਆਂ ਦੀ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਸ੍ਰੀ ਨਾਂਦੇੜ ਸਾਹਿਬ ਲਈ ਰਵਾਨਾ ਕੀਤਾ ਅਤੇ ਉਸੇ ਦਿਨ ਬਠਿੰਡਾ ਸ਼ਹਿਰ ਚੋਂ ਸਾਲਾਸਰ ਧਾਮ ਲਈ ਚਾਰ ਬੱਸਾਂ ਨੂੰ ਹਰੀ ਝੰਡੀ ਦਿਖਾਈ।  ਉਪ ਮੁੱਖ ਮੰਤਰੀ ਦੇ ਸਮਾਗਮਾਂ ਵਿਚ ਭਾਜਪਾ ਦੀ ਸ਼ਮੂਲੀਅਤ ਨਹੀਂ ਕਰਾਈ ਗਈ ਜਿਸ ਕਰਕੇ ਭਾਜਪਾ ਆਗੂ ਗੁੱਸੇ ਵਿਚ ਭਰੇ ਹੋਏ ਹਨ। ਪੰਜਾਬੀ ਟ੍ਰਿਬਿਊਨ ਵਲੋਂ ਕੀਤੀ ਤਹਿਕੀਕਾਤ ਮੁਤਾਬਿਕ ਹਲਕਾ ਤਲਵੰਡੀ ਸਾਬੋ ਚੋਂ ਕਰੀਬ 1000 ਯਾਤਰੀ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਹੋਏ ਹਨ। ਇਨ•ਾਂ ਯਾਤਰੀਆਂ ਵਿਚ ਸਿਰਫ਼ ਇੱਕ ਹਿੰਦੂ ਯਾਤਰੀ ਹੈ।
                   ਸੂਤਰਾਂ ਅਨੁਸਾਰ ਹਲਕੇ ਦੇ ਅਕਾਲੀ ਵਿਧਾਇਕ ਤਰਫ਼ੋਂ ਹੀ ਸਭ ਯਾਤਰੀਆਂ ਦੀ ਸੂਚੀ ਤਿਆਰ ਕੀਤੀ ਗਈ ਸੀ। ਸ਼ਹਿਰੀ ਖੇਤਰ ਤੇ ਨਜ਼ਰ ਮਾਰੀਏ ਤਾਂ ਇਸ ਟਰੇਨ ਵਿਚ ਰਾਮਾਂ ਮੰਡੀ ਤੋਂ 70 ਅਤੇ ਤਲਵੰਡੀ ਸਾਬੋ ਤੋਂ 14 ਯਾਤਰੀ ਗਏ ਹਨ ਜਿਨ•ਾਂ ਵਿਚ ਕੋਈ ਵੀ ਹਿੰਦੂ ਯਾਤਰੀ ਨਹੀਂ ਹੈ। ਭਾਜਪਾ ਆਗੂ ਅਣਦੇਖੀ ਕਰਕੇ ਹੁਣ ਇਸ ਯਾਤਰਾ ਸਕੀਮ ਤੋਂ ਪਾਸਾ ਵੱਟ ਗਏ ਹਨ। ਭਾਜਪਾ ਦੇ ਰਾਮਾ ਮੰਡੀ ਮੰਡਲ ਦੇ ਪ੍ਰਧਾਨ ਭੋਲਾ ਗਿਰੀ ਦਾ ਕਹਿਣਾ ਸੀ ਕਿ ਗੁਰਧਾਮਾਂ ਪ੍ਰਤੀ ਸਭਨਾਂ ਦੇ ਮਨਾਂ ਵਿਚ ਅਥਾਹ ਸ਼ਰਧਾ ਹੈ ਅਤੇ ਰਾਮਾਂ ਮੰਡੀ ਦੇ ਸੈਂਕੜੇ ਹਿੰਦੂ ਅਤੇ ਭਾਜਪਾ ਵਰਕਰ ਸ੍ਰੀ ਹਜ਼ੂਰ ਸਾਹਿਬ ਯਾਤਰਾ ਲਈ ਜਾਣਾ ਚਾਹੁੰਦੇ ਸਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਨੇ ਉਨ•ਾਂ ਨੂੰ ਪਲੈਨਿੰਗ ਵਿਚ ਤਾਂ ਕੀ ਸ਼ਾਮਿਲ ਕਰਨਾ ਸੀ, ਫੋਕੀ ਸੁਲ•ਾ ਵੀ ਨਹੀਂ ਮਾਰੀ। ਹਰੀ ਝੰਡੀ ਦਿਖਾਉਣ ਵਾਲੇ ਸਮਾਗਮਾਂ ਵਿਚ ਵੀ ਸ਼ਾਮਲ ਨਹੀਂ ਕੀਤਾ। ਉਨ•ਾਂ ਆਖਿਆ ਕਿ ਅਕਾਲੀ ਦਲ ਤਾਂ ਹੁਣ ਧਾਰਮਿਕ ਖੇਤਰ ਵਿਚ ਵੀ ਵਿਤਕਰਾ ਕਰ ਰਿਹਾ ਹੈ। ਉਨ•ਾਂ ਨੂੰ ਸ਼ਰੇਆਮ ਦੁਰਕਾਰ ਦਿੱਤਾ ਗਿਆ ਹੈ ਅਤੇ ਉਨ•ਾਂ ਮਾਮਲਾ ਪਾਰਟੀ ਦੇ ਧਿਆਨ ਵਿਚ ਲਿਆਂਦਾ ਹੈ।
                   ਪੰਜਾਬ ਸਰਕਾਰ ਵਲੋਂ ਇਸ ਯਾਤਰਾ ਸਕੀਮ ਤੇ ਕਰੀਬ 190 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਹਿੰਦੂ ਵਰਗ ਲਈ ਸਾਲਾਸਰ ਧਾਮ ਦੀ ਯਾਤਰਾ ਲਈ ਚਾਰ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਬਠਿੰਡਾ ਸ਼ਹਿਰ ਚੋਂ ਚਾਰ ਬੱਸਾਂ 4 ਜਨਵਰੀ ਨੂੰ ਸਾਲਾਸਰ ਲਈ ਰਵਾਨਾ ਹੋਈਆਂ ਹਨ ਅਤੇ 6 ਜਨਵਰੀ ਨੂੰ ਗੋਨਿਆਣਾ ਮੰਡੀ ਤੋਂ ਬੱਸਾਂ ਗਈਆਂ ਹਨ। ਭਾਜਪਾ ਦੀ ਸਟੇਟ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਤਰਸੇਮ ਗੋਇਲ ਦਾ ਕਹਿਣਾ ਸੀ ਕਿ ਤੀਰਥ ਯਾਤਰਾ ਤਾਂ ਇਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਸੋਅ ਬਣ ਕੇ ਰਹਿ ਗਿਆ ਹੈ ਜਦੋਂ ਕਿ ਇਹ ਸਕੀਮ ਗਠਜੋੜ ਸਰਕਾਰ ਦੀ ਹੈ। ਉਨ•ਾਂ ਆਖਿਆ ਕਿ ਹਿੰਦੂ ਗੁਰਧਾਮਾਂ ਲਈ ਯਾਤਰੀ ਭੇਜਣ ਦੀ ਪਲੈਨਿੰਗ ਅਤੇ ਅਮਲ ਚੋਂ ਭਾਜਪਾ ਨੂੰ ਪੂਰੀ ਤਰਾਂ ਨਜ਼ਰ-ਅੰਦਾਜ਼ ਕੀਤਾ ਗਿਆ ਹੈ ਜਿਸ ਵਾਰੇ ਉਪਰ ਦੱਸ ਦਿੱਤਾ ਗਿਆ ਹੈ।
                 ਵੇਰਵਿਆਂ ਅਨੁਸਾਰ ਸਾਲਾਸਰ ਲਈ 7 ਜਨਵਰੀ ਨੂੰ ਕੋਟਫੱਤਾ,ਸੰਗਤ ਤੇ ਕੋਟਸ਼ਮੀਰ ਤੋਂ ਦੋ ਬੱਸਾਂ ਰਵਾਨਾ ਹੋ ਰਹੀਆਂ ਹਨ ਅਤੇ 8 ਜਨਵਰੀ ਨੂੰ ਭੁੱਚੋ ਮੰਡੀ ਤੋਂ ਬੱਸਾਂ ਜਾਣਗੀਆਂ। 9 ਜਨਵਰੀ ਨੂੰ ਮੌੜ ਮੰਡੀ ਤੋਂ ਯਾਤਰੀ ਜਾਣਗੇ। ਰਾਮਪੁਰਾ ਸ਼ਹਿਰ ਤੋਂ 10 ਜਨਵਰੀ ਨੂੰ ਸਾਲਾਸਰ ਬੱਸਾਂ ਜਾਣਗੀਆਂ ਅਤੇ ਨਗਰ ਕੌਂਸਲ ਰਾਮਪੁਰਾ ਦਾ ਪ੍ਰਧਾਨ ਸੁਨੀਲ ਬਿੱਟਾ ਅਤੇ ਹੋਰ ਕਈ ਅਕਾਲੀ ਕੌਂਸਲਰ ਵੀ ਸਾਲਾਸਰ ਯਾਤਰਾ ਵਿਚ ਜਾ ਰਹੇ ਹਨ। 11 ਜਨਵਰੀ ਨੂੰ ਭਗਤਾ,20 ਜਨਵਰੀ ਨੂੰ ਰਾਮਾਂ ਅਤੇ 21 ਜਨਵਰੀ ਨੂੰ ਤਲਵੰਡੀ ਸਾਬੋ ਤੋਂ ਸਾਲਾਸਰ ਲਈ ਬੱਸਾਂ ਰਵਾਨਾ ਹੋਣਗੀਆਂ। ਟਰੇਨ ਅਤੇ ਬੱਸਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਗਏ ਹਨ ਪ੍ਰੰਤੂ ਭਾਜਪਾ ਆਗੂਆਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਹੈ।
                                             ਏਦਾ ਦੀ ਕੋਈ ਗੱਲ ਨਹੀਂ: ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਦਾ ਪ੍ਰਤੀਕਰਮ ਸੀ ਕਿ ਭਾਜਪਾ ਦੇ ਸਹਿਯੋਗ ਨਾਲ ਸਰਕਾਰ ਤੇ ਇਹ ਸਕੀਮ ਚੱਲ ਰਹੀ ਹੈ ਜਿਸ ਲਈ ਸਭ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ। ਉਨ•ਾਂ ਆਖਿਆ ਕਿ ਇਸ ਸਕੀਮ ਵਿਚ ਪਾਰਟੀਆਂ ਦਾ ਕੋਈ ਕੋਟਾ ਨਹੀਂ ਹੈ ਅਤੇ ਕੋਈ ਵੀ ਸ਼ਰਧਾਵਾਨ ਯਾਤਰਾ ਵਿਚ ਜਾ ਸਕਦਾ ਹੈ। ਉਨ•ਾਂ ਆਖਿਆ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਇਹ ਯਾਤਰਾ ਅਕਾਲੀ ਦਲ ਦੀ ਨਹੀਂ ਬਲਕਿ ਪੰਜਾਬ ਦੇ ਸਮੂਹ ਲੋਕਾਂ ਦੀ ਯਾਤਰਾ ਹੈ।