Wednesday, October 16, 2019

                         ਅਪਰੇਸ਼ਨ ਕਲੀਨ
     ‘ਚਿੱਟੇ’ ਖਿਲਾਫ ਦਿਲ ਵੀ ਜੁੜੇ ਤੇ ਹੱਥ ਵੀ
                           ਚਰਨਜੀਤ ਭੁੱਲਰ
ਬਠਿੰਡਾ : ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡਾਂ ’ਚ ‘ਅਪਰੇਸ਼ਨ ਕਲੀਨ’ ਸ਼ੁਰੂ ਹੈ ਜਿਸ ਦਾ ਮਿਸ਼ਨ ਤੇ ਟੀਚਾ ਸੈਂਕੜੇ ਪਿੰਡਾਂ ਚੋਂ ‘ਚਿੱਟਾ’ ਖਤਮ ਕਰਨਾ ਹੈ। ‘ਸਾਂਝਾ ਅਪਰੇਸ਼ਨ’ ਚਲਾਉਣ ਵਾਲੇ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਹਨ। ਜਦੋਂ ਜਵਾਨੀ ਸਿਰੜ ਦਾ ਪੱਲਾ ਫੜਦੀ ਹੈ ਤਾਂ ਫਿਰ ਰਾਹ ਆਪਣੇ ਆਪ ਬਣਦੇ ਹਨ। ਨਸ਼ਾ ਤਸਕਰਾਂ ਖ਼ਿਲਾਫ਼ ਜਵਾਨੀ ਦਾ ਇਹ ਬਿਗਲ ਹੈ ਜੋ ‘ਚਿੱਟੇ’ ਦੇ ਧੰੂਏਂ ’ਚ ਉਲਝੇ ਨੌਜਵਾਨਾਂ ਲਈ ਨਵੀਂ ਸਵੇਰ ਬਣੇਗਾ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਪਹਿਲਾਂ ਤੋਂ ਹੀ ਮੋਰਚੇ ’ਤੇ ਸੀ। ਹੁਣ ਨਵੀਂ ਪਹਿਲ ਹੋਈ ਹੈ ਕਿ ਦੋਵਾਂ ਸੂਬਿਆਂ ਦੇ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਨੇ ਸਾਂਝਾ ਮੰਚ ਬਣਾ ਲਿਆ ਹੈ ਤਾਂ ਜੋ ‘ਸਾਂਝਾ ਅਪਰੇਸ਼ਨ’ ਕੀਤਾ ਜਾ ਸਕੇ। ‘ਅਪਰੇਸ਼ਨ ਕਲੀਨ’ ਤਹਿਤ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਕੱਟਣਾ ਅਤੇ ਨਸ਼ੇੜੀ ਨੌਜਵਾਨਾਂ ਨੂੰ ਮੁੜ ਮੁੱਖ ਧਾਰਾ ਵਿਚ ਲਿਆਉਣਾ ਹੈ। ਇਨ੍ਹਾਂ ਨੌਜਵਾਨਾਂ ਨੇ ਆਪੋ ਆਪਣੇ ਪਿੰਡਾਂ ਵਿਚ ‘ਖੁਫ਼ੀਆ ਵਿੰਗ’ ਤਿਆਰ ਕੀਤੇ ਹਨ ਜੋ ਤਸਕਰਾਂ ’ਤੇ ਅੱਖ ਰੱਖਦੇ ਹਨ। ਅੱਜ ਹੀ ਹਰਿਆਣਾ ਦੇ ਪਿੰਡ ਦੇਸੂ ਮਲਕਾਣਾ ਦੇ ਖੁਫ਼ੀਆ ਵਿੰਗ ਨੇ ਪੰਜਾਬ ’ਚ ਦਾਖਲ ਹੋਏ ਤਸਕਰਾਂ ਦੀ ਪੈੜ ਨੱਪੀ। ਇੱਧਰ ਪੰਜਾਬ ਦੇ ਮੈਂਬਰਾਂ ਨੇ ਫੌਰੀ ਬਠਿੰਡਾ ਪੁਲੀਸ ਨੂੰ ਸੂਚਨਾ ਦੇ ਦਿੱਤੀ। ਸੂਤਰ ਦੱਸਦੇ ਹਨ ਕਿ ਤਿੰਨੋਂ ਤਸਕਰ ਪੁਲੀਸ ਨੇ ਫੜ ਲਏ ਹਨ।
                ਦੇਸੂ ਜੋਧਾ ਪਿੰਡ ਦਾ ਨਸ਼ਾ ਤਸਕਰਾਂ ਦਾ ਘਰ ਹੈ ਜਿਥੇ ਪਿਛਲੇ ਦਿਨੀਂ ਬਠਿੰਡਾ ਪੁਲੀਸ ’ਤੇ ਹਮਲਾ ਵੀ ਹੋਇਆ ਸੀ।ਹਰਿਆਣਾ ਦੇ ਪਿੰਡ ਦੇਸੂ ਮਲਕਾਣਾ ਦੇ ਲਵਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਦੋਵੇਂ ਸੂਬਿਆਂ ਦੀ ਪੁਲੀਸ ਨਸ਼ਿਆਂ ਦੇ ਮਾਮਲੇ ’ਤੇ ਇੱਕ ਦੂਸਰੇ ਦੇ ਪਾਲੇ ਵਿਚ ਗੇਂਦ ਸੁੱਟ ਦਿੰਦੀ ਹੈ ਪ੍ਰੰਤੂ ਹਕੀਕਤ ਇਹ ਹੈ ਕਿ ਦੋਵੇਂ ਸੂਬਿਆਂ ਦੀ ਜਵਾਨੀ ਨਸ਼ਿਆਂ ’ਚ ਗਰਕ ਹੋ ਰਹੀ ਹੈ। ਉਨ੍ਹਾਂ ਨੇ ਹੁਣ ਪੰਜਾਬ ਦੇ ਨੌਜਵਾਨਾਂ ਨਾਲ ਸਿਰ ਜੋੜ ਲਏ ਹਨ। ‘ਅਪਰੇਸ਼ਨ ਕਲੀਨ’ ਤਹਿਤ ਪਿੰਡਾਂ ਨੂੰ ਮੁੜ ਮਹਿਕਣ ਲਾਵਾਂਗੇ। ਹਰਿਆਣਾ ਦੇ ਪਿੰਡ ਕਿਉਲ ਦਾ ਮੱਖਣ ਸਿੰਘ ਦੱਸਦਾ ਹੈ ਕਿ ਕੋਸ਼ਿਸ਼ ਕਰਨ ਵਾਲੇ ਕਦੇ ਹਾਰਦੇ ਨਹੀਂ। ਉਨ੍ਹਾਂ ਆਖਿਆ ਕਿ ਪੁਲੀਸ ਨੇ ਸਾਥ ਦਿੱਤਾ ਤਾਂ ਤਸਕਰਾਂ ਦੇ ਦਿਨ ਪੁਗਾ ਦਿਆਂਗੇ। ਵੇਰਵਿਆਂ ਅਨੁਸਾਰ ਹਰਿਆਣਾ ਦੇ ਪਿੰਡ ਦੇਸੂ ਮਲਕਾਣਾ, ਹੱਸੂ, ਦੇਸੂ ਜੋਧਾ, ਨਾਰੰਗ, ਅਸੀਰ, ਮਾਖਾ, ਪਿਪਲੀ, ਖੋਖਰ, ਟੱਪੀ, ਜਗਮਾਲ ਵਾਲੀ, ਚੋਰਮਾਰ, ਜਲਾਲਆਣਾ, ਤਰਲੋਕੇਵਾਲਾ, ਦਾਦੂ ਤੇ ਕਿਉਲ ਪਿੰਡ ਵਿਚ ਨੌਜਵਾਨਾਂ ਦੇ ਮੰਚਾਂ ਦਾ ਗਠਨ ਹੋ ਚੁੱਕਾ ਹੈ। ਹਰਿਆਣਾ ਦੇ ਇਨ੍ਹਾਂ ਪਿੰਡਾਂ ਵਿਚ ਲੋਕਾਂ ਨੂੰ ਚੇਤੰਨ ਕਰਨ ਵਾਸਤੇ ਦੋਵਾਂ ਸੂਬਿਆਂ ਦੇ ਨੌਜਵਾਨਾਂ ਨੇ ਸਾਂਝਾ ਮਾਰਚ ਵੀ ਕੱਢਿਆ ਹੈ।
               ਭਲਕੇ 16 ਅਕਤੂੁਬਰ ਨੂੰ ਇਸ ਮੰਚ ਨੇ ਸਰਹੱਦੀ ਪਿੰਡ ਗਾਟਵਾਲੀ ਵਿਚ ਇੱਕ ਵੱਡਾ ਸਮਾਗਮ ਰੱਖਿਆ ਹੈ ਜਿਥੇ ਪੰਜਾਬ ਤੇ ਹਰਿਆਣਾ ਦੇ ਪਿੰਡਾਂ ਦੀਆਂ ਪੰਚਾਇਤਾਂ ਜੁੜਨਗੀਆਂ। ਐਸ.ਐਸ.ਪੀ ਡਾ. ਨਾਨਕ ਸਿੰਘ ਖੁਦ ਇਨ੍ਹਾਂ ਸਮਾਗਮਾਂ ਵਿਚ ਜਾ ਰਹੇ ਹਨ ਅਤੇ ਉਧਰ ਹਰਿਆਣਾ ਦੇ ਪੁਲੀਸ ਅਫਸਰ ਵੀ ਪੁੱਜ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪੁਲੀਸ ਨੇ ਬਹੁਤਾ ਸਾਥ ਨਹੀਂ ਦਿੱਤਾ। ਹੁਣ ਜਦੋਂ ਲਹਿਰ ਬਣਨ ਲੱਗੀ ਹੈ ਤਾਂ ਪੁਲੀਸ ਵੀ ਨਿੱਤਰੀ ਹੈ। ਨਸ਼ਾ ਵਿਰੋਧੀ ਮੰਚ ਤੇ ਪੁਲੀਸ ਦਾ ਆਪਸੀ ਤਾਲਮੇਲ ਬਣਿਆ ਹੈ। ਤਲਵੰਡੀ ਸਾਬੋ ਦੇ ਨੌਜਵਾਨ ਰੁਪਿੰਦਰਜੀਤ ਸਿੰਘ ਆਖਦੇ ਹਨ ਕਿ ਤਸਕਰਾਂ ਨਾਲ ਮੱਥਾ ਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਪ੍ਰੰਤੂ ਨੌਜਵਾਨਾਂ ਦਾ ਜੋਸ਼ ਚੰਗੇ ਨਤੀਜੇ ਆਉਣ ਦੀ ਗਵਾਹੀ ਭਰ ਰਿਹਾ ਹੈ। ਤਲਵੰਡੀ ਸਾਬੋ ਖ਼ਿੱਤੇ ਦੇ ਨੌਜਵਾਨ ਲਾਭ ਸਿੰਘ ਰਾਮਾਂ, ਜਸਪਾਲ ਸਿੰਘ ਬਾਘਾ ਅਤੇ ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਦੋਵਾਂ ਸੂਬਿਆਂ ਦੇ ਨੌਜਵਾਨਾਂ ਦਾ ਸਾਂਝਾ ਮੰਚ ਬਣਨ ਮਗਰੋਂ ਆਪਸੀ ਤਾਲਮੇਲ ਬਣ ਗਿਆ ਹੈ ਅਤੇ ਪਿੰਡ ਪਿੰਡ ਖੁਫ਼ੀਆ ਵਿੰਗ ਅਤੇ ਕਮੇਟੀਆਂ ਬਣਾ ਦਿੱਤੀਆਂ ਹਨ ਜਿਨ੍ਹਾਂ ਵੱਲੋਂ ਮੌਕੇ ’ਤੇ ਪੁਲੀਸ ਨੂੰ ਸੂਚਨਾ ਦਿੱਤੀ ਜਾਇਆ ਕਰੇਗੀ।
              ਵੇਰਵਿਆਂ ਅਨੁਸਾਰ ਹਰਿਆਣਾ ਚੋ ਪੰਜ ਨੌਜਵਾਨ ਨਸ਼ਾ ਛੱਡਣ ਵਾਸਤੇ ਰਾਮਾਂ ਮੰਡੀ ਪੁੱਜੇ ਹਨ ਜਿਥੇ ਨਸ਼ਾ ਛੁਡਾਊ ਗਰੁੱਪ ਚੱਲ ਰਿਹਾ ਹੈ।ਨਸ਼ੇੜੀਆਂ ਦੀ ਕੌਸਲਿੰਗ ਲਈ ਵੀ ਨੌਜਵਾਨਾਂ ਨੇ ਗਰੁੱਪ ਬਣਾਏ ਹੋਏ ਹਨ। ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ੇੜੀਆਂ ਨੂੰ ਭਰਤੀ ਕਰਾਉਣਾ ਵੀ ਇਸ ਮੰਚ ਦਾ ਏਜੰਡਾ ਹੈ। ਹਰਿਆਣਾ ਦੇ ਪਿੰਡ ਦੇਸੂ ਜੋਧਾ ਵਿਚ ਪੁਲੀਸ ’ਤੇ ਹਮਲਾ ਹੋਣ ਕਰਕੇ ਮਾਹੌਲ ਕਾਫ਼ੀ ਗਰਮ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਕਾਲਾਂਵਾਲੀ ਰੈਲੀ ਵਿਚ ਦੇਸੂ ਜੋਧਾ ਦਾ ਜ਼ਿਕਰ ਕੀਤਾ ਹੈ। ਇਸ ਪਿੰਡ ਦੇ ਨੌਜਵਾਨ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ 60 ਦੇ ਕਰੀਬ ਘਰ ਚਿੱਟਾ ਵੇਚਦੇ ਹਨ। ਨਾ ਸਰਕਾਰ ਕੁੱਝ ਕਰਦੀ ਹੈ ਅਤੇ ਨਾ ਹੀ ਹਰਿਆਣਾ ਪੁਲੀਸ ਤਸਕਰਾਂ ਨੂੰ ਹੱਥ ਪਾਉਂਦੀ ਹੈ। ਪਤਾ ਲੱਗਾ ਹੈ ਕਿ ਹਰਿਆਣਾ ਦੇ ਆਮ ਲੋਕ ਵੀ ਨਸ਼ਿਆਂ ਖ਼ਿਲਾਫ਼ ਨਿੱਤਰੇ ਨੌਜਵਾਨਾਂ ਨੂੰ ਸਾਥ ਦੇਣ ਲੱਗੇ ਹਨ।
                   ਹਿਫ਼ਾਜ਼ਤ ਲਈ ਲਾਇਸੈਂਸ ਬਣਾਏ ਜਾਣ : ਕਮਾਲੂ
ਨਸ਼ਾ ਵਿਰੋਧੀ ਮੰਚ ਦੇ ਨੌਜਵਾਨ ਆਪਣੀ ਹਿਫਾਜਤ ਲਈ ਅਸਲਾ ਲਾਇਸੈਂਸ ਬਣਾਉਣਾ ਚਾਹੁੰਦੇ ਹਨ। ਬਠਿੰਡਾ ਪੁਲੀਸ ਤੇ ਹਮਲਾ ਹੋਣ ਮਗਰੋਂ ਨੌਜਵਾਨਾਂ ਨੇ ਇਹ ਵਿਚਾਰ ਬਣਾਈ ਹੈ ਕਿ ਤਾਕਤ ਰੱਖਣ ਵਾਲੇ ਤਸਕਰ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਨਸ਼ਾ ਵਿਰੋਧੀ ਮੰਚ ਦੇ ਮੋਹਰੀ ਆਗੂ ਮੇਜਰ ਸਿੰਘ ਕਮਾਲੂ ਦਾ ਕਹਿਣਾ ਸੀ ਕਿ ਉਹ ਭਲਕੇ ਹਿਫਾਜਤ ਖਾਤਰ ਐਸ.ਐਸ.ਪੀ ਕੋਲ ਅਸਲਾ ਲਾਇਸੈਂਸ ਬਣਾਏ ਜਾਣ ਦੀ ਮੰਗ ਰੱਖਣਗੇ।
                          ਆਂਚ ਨਹੀਂ ਆਉਣ ਦਿੱਤੀ ਜਾਵੇਗੀ : ਐਸ.ਐਸ.ਪੀ
ਐਸ.ਐਸ.ਪੀ ਬਠਿੰਡਾ ਡਾ.ਨਾਨਕ ਸਿੰਘ ਦਾ ਕਹਿਣਾ ਸੀ ਕਿ ਉਹ ਭਲਕੇ ਪਿੰਡ ਗਾਟਵਾਲੀ ਵਿਚ ਜਾਣਗੇ ਜਿਥੇ ਹਰਿਆਣਾ ਚੋਂ 24-25 ਪਿੰਡਾਂ ਦੀਆਂ ਪੰਚਾਇਤਾਂ ਪੁੱਜ ਰਹੀਆਂ ਹਨ। ਇਹ ਮੰਚ ਵਾਲੇ ਨੌਜਵਾਨ ਚੰਗਾ ਕੰਮ ਕਰ ਰਹੇ ਹਨ ਅਤੇ ਜਦੋਂ ਵੀ ਮੰਚ ਦੇ ਮੈਂਬਰ ਕੋਈ ਸੂਚਨਾ ਦਿੰਦੇ ਹਨ, ਪੁਲੀਸ ਫੌਰੀ ਕਾਰਵਾਈ ਕਰਦੀ ਹੈ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਪੂਰਨ ਸੁਰੱਖਿਆ ਮਿਲੇਗੀ ਅਤੇ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ।



1 comment:

  1. ਬਾਈ ਜੀ ਇਸ ਤਰਾ ਹੀ corruption ਨੂ ਵੀ ਨਥ ਪਾਓ - ਪਟਵਾਰੀ ਤੋ ਲੈ ਕੇ ਥਾਣੇ, ਤੇ upper ਤਕ NRIs ਦੀਆਂ properties ਨਪੀਆ ਗਈਆ ਹਨ ਰਲ ਕੇ ਨਾਲ ਹੀ politician ਵੀ ਰਲੇ ਸੀ - ਹਲਕਾ incharge - ਪਟਵਾਰ - ਥਾਣਾ - ਅਦਾਲਤਾ ਵੀ

    ReplyDelete