Wednesday, October 30, 2019

                          ਨਹੀਂ ਰੀਸਾਂ ਸਾਡੀਆਂ
              ਪੰਜਾਬ ਛੋਟਾ, ਨਾਢੂ ਖਾਂ ਵੱਡੇ !
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਹੁਣ ਵੀ.ਆਈ.ਪੀਜ਼ ਦੀ ਫੌਜ ਖੜ੍ਹੀ ਹੋ ਗਈ ਹੈ। ‘ਦੇਸ਼ ਪੰਜਾਬ’ ਨੇ ਇਸ ਮਾਮਲੇ ’ਚ ਪੂਰੇ ਮੁਲਕ ਨੂੰ ਪਿਛਾਂਹ ਛੱਡ ਦਿੱਤਾ ਹੈ। ਫਿਕਰਮੰਦੀ ਵਾਲੀ ਰਿਪੋਰਟ ਹੈ ਕਿ ਦੇਸ਼ ਭਰ ਚੋਂ ਪੰਜਾਬ ‘ਨੰਬਰ ਵਨ’ ਸੂਬਾ ਬਣ ਗਿਆ ਹੈ ਜਿਥੇ ਪ੍ਰਤੀ ਅਸੈਂਬਲੀ ਹਲਕਾ ਸਭ ਤੋਂ ਵੱਧ ਵੀ. ਆਈ.ਪੀਜ਼ ਹਨ। ਕੈਪਟਨ ਹਕੂਮਤ ਨੇ ਗੱਜ ਵੱਜ ਕੇ ਐਲਾਨਿਆ ਸੀ ਕਿ ਪੰਜਾਬ ਚੋਂ ਵੀ.ਆਈ.ਪੀ ਕਲਚਰ ਵਿਦਾ ਕਰਾਂਗੇ। ਹੁਣ ਉਲਟੀ ਗੰਗਾ ਵਹਿ ਰਹੀ ਹੈ ਕਿ ਪੰਜਾਬ ’ਚ ਵੀ.ਆਈ.ਪੀਜ਼ ਦਾ ਹੜ੍ਹ ਆ ਗਿਆ ਹੈ। ਕਾਂਗਰਸ ਦੇ ਬਹੁਤੇ ਸ਼ਹਿਰੀ ਤੇ ਜ਼ਿਲ੍ਹਾ ਪ੍ਰਧਾਨ ਵੀ ਹੁਣ ਪੁਲੀਸ ਸੁਰੱਖਿਆ ਨਾਲ ਲੈਸ ਹਨ। ਬਿਊਰੋ ਆਫ ਪੁਲੀਸ ਰਿਸਰਚ ਐਂਡ ਡਿਵੈਲਮੈਂਟ ਦੀ ਹੁਣੇ ਆਈ ਰਿਪੋਰਟ ਅਨੁਸਾਰ ਪੰਜਾਬ ’ਚ ਅੌਸਤਨ ਹਰ ਅਸੈਂਬਲੀ ਹਲਕੇ ਪਿਛੇ 20 ਵੀ.ਆਈ.ਪੀਜ਼ ਹਨ ਜਿਨ੍ਹਾਂ ਨੂੰ ਹਲਕੇ ਪਿਛੇ ਅੌਸਤਨ 63 ਗੰਨਮੈਨਾਂ ਦੀ ਸੁਰੱਖਿਆ ਮਿਲੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਇਹ ਰਿਪੋਰਟ ਦੱਸਦੀ ਹੈ ਕਿ ਪੰਜਾਬ ਪੁਲੀਸ ਦੀ 8.89 ਫੀਸਦੀ ਪੁਲੀਸ ਇਨ੍ਹਾਂ ਵੀ.ਆਈ.ਪੀਜ਼ ਦੀ ਸੁਰੱਖਿਆ ’ਤੇ ਤਾਇਨਾਤ ਹੈ। ਪੰਜਾਬ ’ਚ ਪੁਲੀਸ ਮੁਲਾਜ਼ਮਾਂ/ਅਫਸਰਾਂ ਦੀ 82,353 ਦੀ ਨਫ਼ਰੀ ਹੈ। ਕੇਂਦਰੀ ਬਿਊਰੋ ਨੇ 1 ਜਨਵਰੀ 2018 ਨੂੰ ਅਧਾਰ ਬਣਾ ਕੇ ਇਹ ਰਿਪੋਰਟ ਪੇਸ਼ ਕੀਤੀ ਹੈ।
        ਰਿਪੋਰਟ ਅਨੁਸਾਰ ਦੇਸ਼ ਭਰ ’ਚ 17,468 ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਸੁਰੱਖਿਆ ’ਤੇ 56,553 ਪੁਲੀਸ ਮੁਲਾਜ਼ਮਾਂ/ਅਫਸਰਾਂ ਦੀ ਤਾਇਨਾਤੀ ਕੀਤੀ ਹੋਈ ਹੈ। ਦੇਸ਼ ਭਰ ’ਚ ਵਿਧਾਨ ਸਭਾਵਾਂ ਦੇ ਕੁੱਲ 3960 ਹਲਕੇ ਹਨ। ਪ੍ਰਤੀ ਹਲਕਾ ਕੌਮੀ ਅੌਸਤ ਦੇਖੀਏ ਤਾਂ ਹਰ ਹਲਕੇ ’ਚ ਅੌਸਤਨ 4.41 ਵੀ.ਆਈ.ਪੀਜ਼ ਹਨ ਜਦੋਂ ਕਿ ਪੰਜਾਬ ’ਚ ਇਹ ਅੌਸਤ ਪ੍ਰਤੀ ਹਲਕਾ 20 ਵੀ.ਆਈ.ਪੀਜ਼ ਦੀ ਹੈ। ਦੋ ਨੰਬਰ ’ਚ ਜੋ ਸੁਰੱਖਿਆ ਦਿੱਤੀ ਗਈ ਹੈ, ਉਹ ਇਸ ਤੋਂ ਵੱਖਰੀ ਹੈ। ਕੈਪਟਨ ਸਰਕਾਰ ਦਾਅਵਾ ਕਰਦੀ ਹੈ ਕਿ ਗੰਨਮੈਨਾਂ ਦੀ ਵੱਡੀ ਨਫ਼ਰੀ ਵਾਪਸ ਵੀ ਲਈ ਗਈ ਹੈ। ਪੰਜਾਬ ’ਚ 2344 ਵੀ.ਆਈ.ਪੀਜ਼ ਦੱਸੇ ਗਏ ਹਨ ਜਿਨ੍ਹਾਂ ਦੀ ਸੁਰੱਖਿਆ ਵਾਸਤੇ 53,15 ਗੰਨਮੈਨ ਪ੍ਰਵਾਨਿਤ ਸਨ ਪ੍ਰੰਤੂ ਇਸ ਦੇ ਉਲਟ 73,24 ਗੰਨਮੈਨਾਂ ਦੀ ਤਾਇਨਾਤੀ ਕੀਤੀ ਹੋਈ ਹੈ। ਪ੍ਰਵਾਨਿਤ ਨਫ਼ਰੀ ਤੋਂ ਕਰੀਬ 2009 ਗੰਨਮੈਨ ਜਿਆਦਾ ਲਾਏ ਹੋਏ ਹਨ। ਸੂਤਰ ਦੱਸਦੇ ਹਨ ਕਿ ਸਰਕਾਰ ਨੇ ਨੇੜਲਿਆਂ ਨੂੰ ਗੰਨਮੈਨ ਦੇ ਕੇ ਖੁਸ਼ ਕਰਨ ਦਾ ਯਤਨ ਕੀਤਾ ਹੈ। ਚੰਡੀਗੜ੍ਹ ਯੂ.ਟੀ ’ਚ 176 ਵੀ. ਆਈ.ਪੀਜ਼ ਦੀ ਰੱਖਿਆ 795 ਗੰਨਮੈਨਾਂ ਦੀ ਜਿੰਮੇ ਹੈ। ਭਾਵੇਂ ਯੂ.ਪੀ ’ਚ ਹਾਲਾਤ ਨਾਜ਼ਕ ਦੱਸੇ ਜਾਂਦੇ ਹਨ ਪ੍ਰੰਤੂ ਯੂ.ਪੀ ’ਚ ਸਿਰਫ਼ 110 ਵੀ. ਆਈ. ਪੀਜ਼ ਹੀ ਹਨ ਜਿਨ੍ਹਾਂ ਦੀ  ਸੁਰੱਖਿਆ ’ਤੇ 1803 ਗੰਨਮੈਨਾਂ ਹਵਾਲੇ ਹੈ।
               ਯੂ.ਪੀ ’ਚ ਚਾਰ ਅਸੈਂਬਲੀ ਹਲਕਿਆਂ ਪਿਛੇ ਇੱਕ ਵੀ.ਆਈ.ਪੀ ਹੈ। ਪੰਜਾਬ ਤੋਂ ਪਿਛੇ ਹਰਿਆਣਾ ਦਾ ਨੰਬਰ ਦੂਜਾ ਹੈ। ਹਰਿਆਣਾ ’ਚ ਪ੍ਰਤੀ ਹਲਕਾ 15 ਵੀ.ਆਈ.ਪੀਜ਼ ਹਨ ਜਿਨ੍ਹਾਂ ਦੇ ਨਾਲ 3435 ਗੰਨਮੈਨ ਲਾਏ ਹੋਏ ਹਨ। ਬਿਹਾਰ ਰਾਜ ’ਚ ਪ੍ਰਤੀ ਅਸੈਂਬਲੀ ਹਲਕਾ 13 ਵੀ.ਆਈ.ਪੀਜ਼ ਹਨ ਅਤੇ ਇਸ ਰਾਜ ਵਿਚ 6127 ਗੰਨਮੈਨਾਂ ਵੀ.ਆਈ.ਪੀਜ ਦੀ ਰਾਖੀ ਕਰ ਰਹੇ ਹਨ। ਬਿਹਾਰ ਤੀਜੇ ਨੰਬਰ ’ਤੇ ਹੈ। ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਸਿਰਫ਼ ਇੱਕ ਸੌ ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਰਾਖੀ 204 ਗੰਨੈਮਨ ਕਰ ਰਹੇ ਹਨ। ਕੌਮੀ ਰਾਜਧਾਨੀ ਦਿੱਲੀ ਵਿਚ 465 ਵੀ.ਆਈ.ਪੀਜ਼ ਹਨ ਜਿਨ੍ਹਾਂ ਨਾਲ 7293 ਗੰਨਮੈਨ ਤਾਇਨਾਤ ਹਨ। ਪੰਜਾਬ ’ਚ ਨਿਯਮਾਂ ਅਨੁਸਾਰ ਆਮ ਤੌਰ ’ਤੇ ਏ.ਡੀ.ਜੀ.ਪੀ (ਸੁਰੱਖਿਆ) ਵੱਲੋਂ ਖ਼ਤਰੇ ਦੇ ਮੱਦੇਨਜ਼ਰ ਰਿਪੋਰਟ ਲੈਣ ਮਗਰੋਂ ਸੁਰੱਖਿਆ ਦਿੱਤੀ ਜਾਂਦੀ ਹੈ। ਆਮ ਇਹੋ ਹੁੰਦਾ ਹੈ ਕਿ ਪੁਲੀਸ ਲਾਈਨਾਂ ਚੋਂ ਐਸ.ਐਸ.ਪੀਜ਼ ਦੇ ਜੁਬਾਨੀ ਹੁਕਮਾਂ ’ਤੇ ਲੋਕਲ ਲੀਡਰਾਂ ਨੂੰ ਗੰਨਮੈਨ ਦੇ ਦਿੱਤੇ ਜਾਂਦੇ ਹਨ।  ਪੰਜਾਬ ’ਚ 7324 ਦੀ ਨਫ਼ਰੀ ਤਾਇਨਾਤ ਹੈ। ਅੌਸਤਨ ਪ੍ਰਤੀ ਮੁਲਾਜ਼ਮ 40 ਹਜ਼ਾਰ ਰੁਪਏ ਵੀ ਤਨਖਾਹ ਲਾਈਏ ਤਾਂ ਸਲਾਨਾ 351.48 ਕਰੋੜ ਰੁਪਏ ਵੀ.ਆਈ.ਪੀਜ਼ ਦੀ ਸੁਰੱਖਿਆ ’ਤੇ ਖਰਚ ਕੀਤੇ ਜਾ ਰਹੇ ਹਨ।
               ਦੂਸਰੇ ਸੂਬਿਆਂ ’ਤੇ ਨਜ਼ਰ ਮਾਰੀਏ ਤਾਂ ਕੇਰਲਾ ਵਿਚ ਸਿਰਫ 79 ਵੀ.ਆਈ.ਪੀਜ਼ ਹੀ ਹਨ ਅਤੇ ਇਸੇ ਤਰ੍ਹਾਂ ਰਾਜਸਥਾਨ ਵਿਚ 481 ਵੀ.ਆਈ.ਪੀਜ਼ ਹੀ ਹਨ। ਗੁਜਰਾਤ ਵਿਚ 370 ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਸੁਰੱਖਿਆ ’ਤੇ 830 ਗੰਨਮੈਨ ਲਾਏ ਗਏ ਹਨ। ਇਵੇਂ ਮੱਧ ਪ੍ਰਦੇਸ਼ ਵਿਚ 402 ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਸੁਰੱਖਿਆ 906 ਮੁਲਾਜ਼ਮ ਕਰ ਰਹੇ ਹਨ। ਕੇਂਦਰੀ ਬਿਊਰੋ ਨੇ ਵੀ.ਆਈ.ਪੀਜ਼ ਦੀ ਕੈਟਾਗਿਰੀ ’ਚ ਮੰਤਰੀ, ਐਮ. ਪੀਜ਼,ਐਮ. ਐਲ.ਏਜ਼,ਜੱਜ,ਨੌਕਰਸ਼ਾਹ ਆਦਿ ਨੂੰ ਰੱਖਿਆ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਸੁਰੱਖਿਆ ਇਸ ’ਚ ਸ਼ਾਮਿਲ ਨਹੀਂ ਹੈ। ਪੰਜਾਬ ’ਚ ਪੁਲੀਸ ਥਾਣੇ ਖਾਲੀ ਪਏ ਹਨ ਅਤੇ ਆਮ ਲੋਕਾਂ ਦੀ ਸੁਰੱਖਿਆ ਦਾਅ ’ਤੇ ਲੱਗੀ ਹੋਈ ਹੈ।
                               ਆਮ ਲੋਕਾਂ ਦੀ ਸੁਰੱਖਿਆ ਦਾਅ ’ਤੇ ਲਾਈ : ਚੀਮਾ
ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਪ੍ਰਤੀਕਰਮ ਸੀ ਕਿ ਕਾਂਗਰਸ ਸਰਕਾਰ ਨੇ ਵੀ.ਆਈ.ਪੀ ਕਲਚਰ ਨੂੰ ਵੱਧ ਹਵਾ ਦਿੱਤੀ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਜੋ ਪੁਲੀਸ ਮੁਲਾਜ਼ਮ ਆਮ ਲੋਕਾਂ ਦੀ ਸੁਰੱਖਿਆ ’ਤੇ ਲੱਗਣੇ ਚਾਹੀਦੇ ਸਨ, ਉਹ ਵੀ.ਆਈ.ਪੀਜ਼ ਦੇ ਦੁਆਲੇ ਘੁੰਮ ਰਹੇ ਹਨ। ਸਰਕਾਰ ਆਮ ਲੋਕਾਂ ਦੀ ਸੁਰੱਖਿਆ ਦਾ ਖਿਆਲ ਕਰੇ। ਵੱਡੀ ਗਿਣਤੀ ਵਿਚ ‘ਆਫ਼ ਰਿਕਾਰਡ’ ਗੰਨਮੈਨ ਵੀ ਦਿੱਤੇ ਹੋਏ ਹਨ।
                    ਦੋ ਮਹੀਨੇ ’ਚ 700 ਗੰਨਮੈਨ ਵਾਪਸ ਲਏ : ਏ.ਡੀ.ਜੀ.ਪੀ (ਸੁਰੱਖਿਆ)
ਏ.ਡੀ.ਜੀ.ਪੀ (ਸੁਰੱਖਿਆ) ਸ੍ਰੀ ਵਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਕੇਂਦਰੀ ਬਿਊਰੋ ਨੇ ਐਤਕੀਂ ਡੀ.ਐਸ.ਪੀਜ਼ ਤੋਂ ਲੈ ਕੇ ਸੀਨੀਅਰ ਰੈਂਕ ਅਧਿਕਾਰੀਆਂ ਦੀ ਸੁਰੱਖਿਆ ਨਫ਼ਰੀ ਨੂੰ ਵੀ ਅੰਕੜੇ ’ਚ ਸ਼ਾਮਿਲ ਕੀਤਾ ਹੈ ਜਦੋਂ ਕਿ ਪੁਲੀਸ ਤੇ ਸਿਵਲ ਅਧਿਕਾਰੀਆਂ ਦੀ ਸੁਰੱਖਿਆ ‘ਡਿਊਟੀ ਲੋੜਾਂ’ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਲੰਘੇ ਦੋ ਮਹੀਨਿਆਂ ਵਿਚ ਹੀ ਕਰੀਬ 700 ਗੰਨਮੈਨ ਵਾਪਸ ਲਏ ਗਏ ਹਨ। ਸਮੇਂ ਸਮੇਂ ’ਤੇ ਸੁਰੱਖਿਆ ਰੀਵਿਊ ਕੀਤਾ ਜਾਂਦਾ ਹੈ ਜਿਸ ਦੇ ਅਧਾਰ ’ਤੇ ਨਫ਼ਰੀ ਵਾਪਸ ਵੀ ਲੈ ਲਈ ਜਾਂਦੀ ਹੈ।
 


No comments:

Post a Comment