Showing posts with label Security. Show all posts
Showing posts with label Security. Show all posts

Thursday, May 22, 2025

                                                   ਸੁਰੱਖਿਆ ਦੀ ਜ਼ਿੰਮੇਵਾਰੀ
                   ਭਾਖੜਾ ਡੈਮ ’ਤੇ ਹੋਵੇਗੀ ਕੇਂਦਰੀ ਬਲਾਂ ਦੀ ਤਾਇਨਾਤੀ
                                                       ਚਰਨਜੀਤ ਭੁੱਲਰ

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰਾਲੇ ਨੇ ਪਾਣੀਆਂ ਦੇ ਮਾਮਲੇ ’ਤੇ ਪੰਜਾਬ ਅਤੇ ਹਰਿਆਣਾ ’ਚ ਚੱਲ ਰਹੇ ਟਕਰਾਅ ਦਰਮਿਆਨ ਭਾਖੜਾ ਡੈਮ ਪ੍ਰਾਜੈਕਟ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਭਾਖੜਾ ਡੈਮ ’ਤੇ ਹਿਮਾਚਲ ਪ੍ਰਦੇਸ਼ ਦੀ ਪੁਲੀਸ ਤਾਇਨਾਤ ਹੈ ਜਦੋਂ ਕਿ ਨੰਗਲ ਡੈਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲੀਸ ਹਵਾਲੇ ਹੈ। ਭਾਖੜਾ ਤੇ ਨੰਗਲ ਡੈਮ ਦੀ ਹੁਣ ਦੋ ਪਰਤੀ ਸੁਰੱਖਿਆ ਹੋਣ ਦੀ ਸੰਭਾਵਨਾ ਹੈ।ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫ਼ੈਸਲੇ ਮਗਰੋਂ ਪੰਜਾਬ ਤੇ ਹਰਿਆਣਾ ’ਚ ਤਣਾ-ਤਣੀ ਬਣ ਗਈ ਸੀ। ਹਰਿਆਣਾ ਨੇ ਇਹ ਦਬਾਅ ਬਣਾਇਆ ਸੀ ਕਿ ਭਾਖੜਾ ਨੰਗਲ ਪ੍ਰਾਜੈਕਟ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਹੋਵੇ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੂਰਜੇਵਾਲਾ ਨੇ ਵੀ ਕੇਂਦਰ ਸਰਕਾਰ ਤੋਂ ਭਾਖੜਾ ਡੈਮ ਪ੍ਰਾਜੈਕਟ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ ਸੀ। 

        ਪਤਾ ਲੱਗਾ ਹੈ ਕਿ ਅਜਿਹੀ ਮੰਗ ਬੀਬੀਐੱਮਬੀ ਨੇ ਵੀ ਕੀਤੀ ਸੀ। ਜਾਣਕਾਰੀ ਅਨੁਸਾਰ ਪਹਿਲੇ ਪਲਾਨ ਮੁਤਾਬਕ ਭਾਖੜਾ ਡੈਮ ਪ੍ਰਾਜੈਕਟ ਲਈ ਕੇਂਦਰੀ ਬਲਾਂ ਦੇ 435 ਕਰਮਚਾਰੀਆਂ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਹੁਣ 296 ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪਿਛਲੇ ਦਿਨਾਂ ਦੌਰਾਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀਆਂ ਮੀਟਿੰਗਾਂ ’ਚ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਮੁੱਦਾ ਵੀ ਉੱਠਦਾ ਰਿਹਾ ਹੈ। ਵੇਰਵਿਆਂ ਅਨੁਸਾਰ ਨੰਗਲ ’ਚ ਭਾਖੜਾ ਡੈਮ ਪ੍ਰਾਜੈਕਟ ਦੀ ਸੁਰੱਖਿਆ ਲਈ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਦੀ ਤਾਇਨਾਤੀ ਲਈ 296 ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਹੈ। ਕੇਂਦਰ ਸਰਕਾਰ ਤਰਫ਼ੋਂ ਇਸ ਬਾਰੇ ਬੀਬੀਐੱਮਬੀ ਦੇ ਡਾਇਰੈਕਟਰ (ਸੁਰੱਖਿਆ ਤੇ ਸਲਾਹਕਾਰ) ਨੂੰ ਪੱਤਰ ਭੇਜਿਆ ਗਿਆ ਹੈ। ਬੀਬੀਐੱਮਬੀ ਵੱਲੋਂ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਸਮੁੱਚਾ ਖ਼ਰਚਾ ਚੁੱਕਿਆ ਜਾਵੇਗਾ। ਕੇਂਦਰੀ ਬਲਾਂ ਦੀ ਰਿਹਾਇਸ਼, ਆਵਾਜਾਈ, ਸੰਚਾਰ ਉਪਕਰਣ ਅਤੇ ਸੁਰੱਖਿਆ ਯੰਤਰ ਆਦਿ ਪ੍ਰਦਾਨ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

         ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਤੋਂ ਅੜੇ ਹੋਏ ਸਨ ਕਿ ਹਰਿਆਣਾ ਨੂੰ ਪੰਜਾਬ ਤਰਫ਼ੋਂ ਵਾਧੂ ਪਾਣੀ ਜਾਣ ਨਹੀਂ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਵਰਕਰ ਵੀ ਕਰੀਬ 20 ਦਿਨਾਂ ਤੋਂ ਨੰਗਲ ਡੈਮ ਕੋਲ ਧਰਨੇ ’ਤੇ ਬੈਠੇ ਸਨ। ਮੁੱਖ ਮੰਤਰੀ ਨੇ ਅੱਜ ਨੰਗਲ ਡੈਮ ਵਿਖੇ ਫ਼ਤਿਹ ਦਿਵਸ ਮਨਾ ਕੇ ‘ਆਪ’ ਦਾ ਧਰਨਾ ਖ਼ਤਮ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਜਸ਼ਨਾਂ ਦੌਰਾਨ ਹੀ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਫ਼ੁਰਮਾਨ ਪੁੱਜ ਗਿਆ ਹੈ। ਕੇਂਦਰੀ ਬਲਾਂ ਦੀ ਤਾਇਨਾਤੀ ਦਾ ਸਮੁੱਚਾ ਖ਼ਰਚਾ ਬੀਬੀਐੱਮਬੀ ਵੱਲੋਂ ਤਾਰਿਆ ਜਾਵੇਗਾ ਜੋ ਕਿ ਸਾਲ 2025-26 ਦਾ ਅੰਦਾਜ਼ਨ 8.58 ਕਰੋੜ ਰੁਪਏ ਹੋਵੇਗਾ ਅਤੇ ਪ੍ਰਤੀ ਸੁਰੱਖਿਆ ਮੁਲਾਜ਼ਮ 2.90 ਲੱਖ ਰੁਪਏ ਖ਼ਰਚਾ ਆਵੇਗਾ। ਕੇਂਦਰੀ ਬਲਾਂ ਦੇ ਰਹਿਣ-ਸਹਿਣ, ਆਵਾਜਾਈ, ਸੰਚਾਰ ਸਾਧਨਾਂ ਆਦਿ ਦਾ ਪ੍ਰਬੰਧ ਵੀ ਬੀਬੀਐੱਮਬੀ ਵੱਲੋਂ ਕੀਤਾ ਜਾਵੇਗਾ। ਕੇਂਦਰੀ ਬਲਾਂ ਦੀ ਤਾਇਨਾਤੀ ਦਾ ਕਰੀਬ 60 ਫ਼ੀਸਦੀ ਖ਼ਰਚਾ ਪੰਜਾਬ ਨੂੰ ਝੱਲਣਾ ਪਵੇਗਾ।

                        ਪੰਜਾਬ-ਹਿਮਾਚਲ ਦੇ 347 ਜਵਾਨ ਸੁਰੱਖਿਆ ਲਈ ਤਾਇਨਾਤ

ਭਾਖੜਾ ਡੈਮ ਪ੍ਰਾਜੈਕਟ ਦੀ ਵੱਖ ਵੱਖ ਪੁਆਇੰਟਾਂ ’ਤੇ ਸੁਰੱਖਿਆ ਲਈ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਪੁਲੀਸ ਦੀ ਤਾਇਨਾਤੀ ਹੈ। ਸਮੁੱਚੇ ਪ੍ਰਾਜੈਕਟ ’ਤੇ ਸੁਰੱਖਿਆ ਲਈ 288 ਅਸਾਮੀਆਂ ਪ੍ਰਵਾਨਿਤ ਹਨ ਪ੍ਰੰਤੂ ਤਾਇਨਾਤੀ 347 ਮੁਲਾਜ਼ਮਾਂ ਦੀ ਹੈ। ਨੰਗਲ ਡੈਮ ਦੇ ਅੱਧੀ ਦਰਜਨ ਪੁਆਇੰਟਾਂ ’ਤੇ ਪੰਜਾਬ ਪੁਲੀਸ ਦੇ 146 ਜਵਾਨਾਂ ਦੀ ਤਾਇਨਾਤੀ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ 201 ਜਵਾਨ ਤਾਇਨਾਤ ਹਨ। ਸੁੰਦਰ ਨਗਰ ਅਤੇ ਪੌਂਗ ਡੈਮਾਂ ਦੀ ਸੁਰੱਖਿਆ ਪਹਿਲਾਂ ਹੀ ਸੀਆਈਐੱਸਐੱਫ ਹਵਾਲੇ ਹੈ।

Wednesday, October 30, 2019

                          ਨਹੀਂ ਰੀਸਾਂ ਸਾਡੀਆਂ
              ਪੰਜਾਬ ਛੋਟਾ, ਨਾਢੂ ਖਾਂ ਵੱਡੇ !
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਹੁਣ ਵੀ.ਆਈ.ਪੀਜ਼ ਦੀ ਫੌਜ ਖੜ੍ਹੀ ਹੋ ਗਈ ਹੈ। ‘ਦੇਸ਼ ਪੰਜਾਬ’ ਨੇ ਇਸ ਮਾਮਲੇ ’ਚ ਪੂਰੇ ਮੁਲਕ ਨੂੰ ਪਿਛਾਂਹ ਛੱਡ ਦਿੱਤਾ ਹੈ। ਫਿਕਰਮੰਦੀ ਵਾਲੀ ਰਿਪੋਰਟ ਹੈ ਕਿ ਦੇਸ਼ ਭਰ ਚੋਂ ਪੰਜਾਬ ‘ਨੰਬਰ ਵਨ’ ਸੂਬਾ ਬਣ ਗਿਆ ਹੈ ਜਿਥੇ ਪ੍ਰਤੀ ਅਸੈਂਬਲੀ ਹਲਕਾ ਸਭ ਤੋਂ ਵੱਧ ਵੀ. ਆਈ.ਪੀਜ਼ ਹਨ। ਕੈਪਟਨ ਹਕੂਮਤ ਨੇ ਗੱਜ ਵੱਜ ਕੇ ਐਲਾਨਿਆ ਸੀ ਕਿ ਪੰਜਾਬ ਚੋਂ ਵੀ.ਆਈ.ਪੀ ਕਲਚਰ ਵਿਦਾ ਕਰਾਂਗੇ। ਹੁਣ ਉਲਟੀ ਗੰਗਾ ਵਹਿ ਰਹੀ ਹੈ ਕਿ ਪੰਜਾਬ ’ਚ ਵੀ.ਆਈ.ਪੀਜ਼ ਦਾ ਹੜ੍ਹ ਆ ਗਿਆ ਹੈ। ਕਾਂਗਰਸ ਦੇ ਬਹੁਤੇ ਸ਼ਹਿਰੀ ਤੇ ਜ਼ਿਲ੍ਹਾ ਪ੍ਰਧਾਨ ਵੀ ਹੁਣ ਪੁਲੀਸ ਸੁਰੱਖਿਆ ਨਾਲ ਲੈਸ ਹਨ। ਬਿਊਰੋ ਆਫ ਪੁਲੀਸ ਰਿਸਰਚ ਐਂਡ ਡਿਵੈਲਮੈਂਟ ਦੀ ਹੁਣੇ ਆਈ ਰਿਪੋਰਟ ਅਨੁਸਾਰ ਪੰਜਾਬ ’ਚ ਅੌਸਤਨ ਹਰ ਅਸੈਂਬਲੀ ਹਲਕੇ ਪਿਛੇ 20 ਵੀ.ਆਈ.ਪੀਜ਼ ਹਨ ਜਿਨ੍ਹਾਂ ਨੂੰ ਹਲਕੇ ਪਿਛੇ ਅੌਸਤਨ 63 ਗੰਨਮੈਨਾਂ ਦੀ ਸੁਰੱਖਿਆ ਮਿਲੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਇਹ ਰਿਪੋਰਟ ਦੱਸਦੀ ਹੈ ਕਿ ਪੰਜਾਬ ਪੁਲੀਸ ਦੀ 8.89 ਫੀਸਦੀ ਪੁਲੀਸ ਇਨ੍ਹਾਂ ਵੀ.ਆਈ.ਪੀਜ਼ ਦੀ ਸੁਰੱਖਿਆ ’ਤੇ ਤਾਇਨਾਤ ਹੈ। ਪੰਜਾਬ ’ਚ ਪੁਲੀਸ ਮੁਲਾਜ਼ਮਾਂ/ਅਫਸਰਾਂ ਦੀ 82,353 ਦੀ ਨਫ਼ਰੀ ਹੈ। ਕੇਂਦਰੀ ਬਿਊਰੋ ਨੇ 1 ਜਨਵਰੀ 2018 ਨੂੰ ਅਧਾਰ ਬਣਾ ਕੇ ਇਹ ਰਿਪੋਰਟ ਪੇਸ਼ ਕੀਤੀ ਹੈ।
        ਰਿਪੋਰਟ ਅਨੁਸਾਰ ਦੇਸ਼ ਭਰ ’ਚ 17,468 ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਸੁਰੱਖਿਆ ’ਤੇ 56,553 ਪੁਲੀਸ ਮੁਲਾਜ਼ਮਾਂ/ਅਫਸਰਾਂ ਦੀ ਤਾਇਨਾਤੀ ਕੀਤੀ ਹੋਈ ਹੈ। ਦੇਸ਼ ਭਰ ’ਚ ਵਿਧਾਨ ਸਭਾਵਾਂ ਦੇ ਕੁੱਲ 3960 ਹਲਕੇ ਹਨ। ਪ੍ਰਤੀ ਹਲਕਾ ਕੌਮੀ ਅੌਸਤ ਦੇਖੀਏ ਤਾਂ ਹਰ ਹਲਕੇ ’ਚ ਅੌਸਤਨ 4.41 ਵੀ.ਆਈ.ਪੀਜ਼ ਹਨ ਜਦੋਂ ਕਿ ਪੰਜਾਬ ’ਚ ਇਹ ਅੌਸਤ ਪ੍ਰਤੀ ਹਲਕਾ 20 ਵੀ.ਆਈ.ਪੀਜ਼ ਦੀ ਹੈ। ਦੋ ਨੰਬਰ ’ਚ ਜੋ ਸੁਰੱਖਿਆ ਦਿੱਤੀ ਗਈ ਹੈ, ਉਹ ਇਸ ਤੋਂ ਵੱਖਰੀ ਹੈ। ਕੈਪਟਨ ਸਰਕਾਰ ਦਾਅਵਾ ਕਰਦੀ ਹੈ ਕਿ ਗੰਨਮੈਨਾਂ ਦੀ ਵੱਡੀ ਨਫ਼ਰੀ ਵਾਪਸ ਵੀ ਲਈ ਗਈ ਹੈ। ਪੰਜਾਬ ’ਚ 2344 ਵੀ.ਆਈ.ਪੀਜ਼ ਦੱਸੇ ਗਏ ਹਨ ਜਿਨ੍ਹਾਂ ਦੀ ਸੁਰੱਖਿਆ ਵਾਸਤੇ 53,15 ਗੰਨਮੈਨ ਪ੍ਰਵਾਨਿਤ ਸਨ ਪ੍ਰੰਤੂ ਇਸ ਦੇ ਉਲਟ 73,24 ਗੰਨਮੈਨਾਂ ਦੀ ਤਾਇਨਾਤੀ ਕੀਤੀ ਹੋਈ ਹੈ। ਪ੍ਰਵਾਨਿਤ ਨਫ਼ਰੀ ਤੋਂ ਕਰੀਬ 2009 ਗੰਨਮੈਨ ਜਿਆਦਾ ਲਾਏ ਹੋਏ ਹਨ। ਸੂਤਰ ਦੱਸਦੇ ਹਨ ਕਿ ਸਰਕਾਰ ਨੇ ਨੇੜਲਿਆਂ ਨੂੰ ਗੰਨਮੈਨ ਦੇ ਕੇ ਖੁਸ਼ ਕਰਨ ਦਾ ਯਤਨ ਕੀਤਾ ਹੈ। ਚੰਡੀਗੜ੍ਹ ਯੂ.ਟੀ ’ਚ 176 ਵੀ. ਆਈ.ਪੀਜ਼ ਦੀ ਰੱਖਿਆ 795 ਗੰਨਮੈਨਾਂ ਦੀ ਜਿੰਮੇ ਹੈ। ਭਾਵੇਂ ਯੂ.ਪੀ ’ਚ ਹਾਲਾਤ ਨਾਜ਼ਕ ਦੱਸੇ ਜਾਂਦੇ ਹਨ ਪ੍ਰੰਤੂ ਯੂ.ਪੀ ’ਚ ਸਿਰਫ਼ 110 ਵੀ. ਆਈ. ਪੀਜ਼ ਹੀ ਹਨ ਜਿਨ੍ਹਾਂ ਦੀ  ਸੁਰੱਖਿਆ ’ਤੇ 1803 ਗੰਨਮੈਨਾਂ ਹਵਾਲੇ ਹੈ।
               ਯੂ.ਪੀ ’ਚ ਚਾਰ ਅਸੈਂਬਲੀ ਹਲਕਿਆਂ ਪਿਛੇ ਇੱਕ ਵੀ.ਆਈ.ਪੀ ਹੈ। ਪੰਜਾਬ ਤੋਂ ਪਿਛੇ ਹਰਿਆਣਾ ਦਾ ਨੰਬਰ ਦੂਜਾ ਹੈ। ਹਰਿਆਣਾ ’ਚ ਪ੍ਰਤੀ ਹਲਕਾ 15 ਵੀ.ਆਈ.ਪੀਜ਼ ਹਨ ਜਿਨ੍ਹਾਂ ਦੇ ਨਾਲ 3435 ਗੰਨਮੈਨ ਲਾਏ ਹੋਏ ਹਨ। ਬਿਹਾਰ ਰਾਜ ’ਚ ਪ੍ਰਤੀ ਅਸੈਂਬਲੀ ਹਲਕਾ 13 ਵੀ.ਆਈ.ਪੀਜ਼ ਹਨ ਅਤੇ ਇਸ ਰਾਜ ਵਿਚ 6127 ਗੰਨਮੈਨਾਂ ਵੀ.ਆਈ.ਪੀਜ ਦੀ ਰਾਖੀ ਕਰ ਰਹੇ ਹਨ। ਬਿਹਾਰ ਤੀਜੇ ਨੰਬਰ ’ਤੇ ਹੈ। ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਸਿਰਫ਼ ਇੱਕ ਸੌ ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਰਾਖੀ 204 ਗੰਨੈਮਨ ਕਰ ਰਹੇ ਹਨ। ਕੌਮੀ ਰਾਜਧਾਨੀ ਦਿੱਲੀ ਵਿਚ 465 ਵੀ.ਆਈ.ਪੀਜ਼ ਹਨ ਜਿਨ੍ਹਾਂ ਨਾਲ 7293 ਗੰਨਮੈਨ ਤਾਇਨਾਤ ਹਨ। ਪੰਜਾਬ ’ਚ ਨਿਯਮਾਂ ਅਨੁਸਾਰ ਆਮ ਤੌਰ ’ਤੇ ਏ.ਡੀ.ਜੀ.ਪੀ (ਸੁਰੱਖਿਆ) ਵੱਲੋਂ ਖ਼ਤਰੇ ਦੇ ਮੱਦੇਨਜ਼ਰ ਰਿਪੋਰਟ ਲੈਣ ਮਗਰੋਂ ਸੁਰੱਖਿਆ ਦਿੱਤੀ ਜਾਂਦੀ ਹੈ। ਆਮ ਇਹੋ ਹੁੰਦਾ ਹੈ ਕਿ ਪੁਲੀਸ ਲਾਈਨਾਂ ਚੋਂ ਐਸ.ਐਸ.ਪੀਜ਼ ਦੇ ਜੁਬਾਨੀ ਹੁਕਮਾਂ ’ਤੇ ਲੋਕਲ ਲੀਡਰਾਂ ਨੂੰ ਗੰਨਮੈਨ ਦੇ ਦਿੱਤੇ ਜਾਂਦੇ ਹਨ।  ਪੰਜਾਬ ’ਚ 7324 ਦੀ ਨਫ਼ਰੀ ਤਾਇਨਾਤ ਹੈ। ਅੌਸਤਨ ਪ੍ਰਤੀ ਮੁਲਾਜ਼ਮ 40 ਹਜ਼ਾਰ ਰੁਪਏ ਵੀ ਤਨਖਾਹ ਲਾਈਏ ਤਾਂ ਸਲਾਨਾ 351.48 ਕਰੋੜ ਰੁਪਏ ਵੀ.ਆਈ.ਪੀਜ਼ ਦੀ ਸੁਰੱਖਿਆ ’ਤੇ ਖਰਚ ਕੀਤੇ ਜਾ ਰਹੇ ਹਨ।
               ਦੂਸਰੇ ਸੂਬਿਆਂ ’ਤੇ ਨਜ਼ਰ ਮਾਰੀਏ ਤਾਂ ਕੇਰਲਾ ਵਿਚ ਸਿਰਫ 79 ਵੀ.ਆਈ.ਪੀਜ਼ ਹੀ ਹਨ ਅਤੇ ਇਸੇ ਤਰ੍ਹਾਂ ਰਾਜਸਥਾਨ ਵਿਚ 481 ਵੀ.ਆਈ.ਪੀਜ਼ ਹੀ ਹਨ। ਗੁਜਰਾਤ ਵਿਚ 370 ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਸੁਰੱਖਿਆ ’ਤੇ 830 ਗੰਨਮੈਨ ਲਾਏ ਗਏ ਹਨ। ਇਵੇਂ ਮੱਧ ਪ੍ਰਦੇਸ਼ ਵਿਚ 402 ਵੀ.ਆਈ.ਪੀਜ਼ ਹਨ ਜਿਨ੍ਹਾਂ ਦੀ ਸੁਰੱਖਿਆ 906 ਮੁਲਾਜ਼ਮ ਕਰ ਰਹੇ ਹਨ। ਕੇਂਦਰੀ ਬਿਊਰੋ ਨੇ ਵੀ.ਆਈ.ਪੀਜ਼ ਦੀ ਕੈਟਾਗਿਰੀ ’ਚ ਮੰਤਰੀ, ਐਮ. ਪੀਜ਼,ਐਮ. ਐਲ.ਏਜ਼,ਜੱਜ,ਨੌਕਰਸ਼ਾਹ ਆਦਿ ਨੂੰ ਰੱਖਿਆ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਸੁਰੱਖਿਆ ਇਸ ’ਚ ਸ਼ਾਮਿਲ ਨਹੀਂ ਹੈ। ਪੰਜਾਬ ’ਚ ਪੁਲੀਸ ਥਾਣੇ ਖਾਲੀ ਪਏ ਹਨ ਅਤੇ ਆਮ ਲੋਕਾਂ ਦੀ ਸੁਰੱਖਿਆ ਦਾਅ ’ਤੇ ਲੱਗੀ ਹੋਈ ਹੈ।
                               ਆਮ ਲੋਕਾਂ ਦੀ ਸੁਰੱਖਿਆ ਦਾਅ ’ਤੇ ਲਾਈ : ਚੀਮਾ
ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਪ੍ਰਤੀਕਰਮ ਸੀ ਕਿ ਕਾਂਗਰਸ ਸਰਕਾਰ ਨੇ ਵੀ.ਆਈ.ਪੀ ਕਲਚਰ ਨੂੰ ਵੱਧ ਹਵਾ ਦਿੱਤੀ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਜੋ ਪੁਲੀਸ ਮੁਲਾਜ਼ਮ ਆਮ ਲੋਕਾਂ ਦੀ ਸੁਰੱਖਿਆ ’ਤੇ ਲੱਗਣੇ ਚਾਹੀਦੇ ਸਨ, ਉਹ ਵੀ.ਆਈ.ਪੀਜ਼ ਦੇ ਦੁਆਲੇ ਘੁੰਮ ਰਹੇ ਹਨ। ਸਰਕਾਰ ਆਮ ਲੋਕਾਂ ਦੀ ਸੁਰੱਖਿਆ ਦਾ ਖਿਆਲ ਕਰੇ। ਵੱਡੀ ਗਿਣਤੀ ਵਿਚ ‘ਆਫ਼ ਰਿਕਾਰਡ’ ਗੰਨਮੈਨ ਵੀ ਦਿੱਤੇ ਹੋਏ ਹਨ।
                    ਦੋ ਮਹੀਨੇ ’ਚ 700 ਗੰਨਮੈਨ ਵਾਪਸ ਲਏ : ਏ.ਡੀ.ਜੀ.ਪੀ (ਸੁਰੱਖਿਆ)
ਏ.ਡੀ.ਜੀ.ਪੀ (ਸੁਰੱਖਿਆ) ਸ੍ਰੀ ਵਰਿੰਦਰ ਕੁਮਾਰ ਦਾ ਕਹਿਣਾ ਸੀ ਕਿ ਕੇਂਦਰੀ ਬਿਊਰੋ ਨੇ ਐਤਕੀਂ ਡੀ.ਐਸ.ਪੀਜ਼ ਤੋਂ ਲੈ ਕੇ ਸੀਨੀਅਰ ਰੈਂਕ ਅਧਿਕਾਰੀਆਂ ਦੀ ਸੁਰੱਖਿਆ ਨਫ਼ਰੀ ਨੂੰ ਵੀ ਅੰਕੜੇ ’ਚ ਸ਼ਾਮਿਲ ਕੀਤਾ ਹੈ ਜਦੋਂ ਕਿ ਪੁਲੀਸ ਤੇ ਸਿਵਲ ਅਧਿਕਾਰੀਆਂ ਦੀ ਸੁਰੱਖਿਆ ‘ਡਿਊਟੀ ਲੋੜਾਂ’ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਲੰਘੇ ਦੋ ਮਹੀਨਿਆਂ ਵਿਚ ਹੀ ਕਰੀਬ 700 ਗੰਨਮੈਨ ਵਾਪਸ ਲਏ ਗਏ ਹਨ। ਸਮੇਂ ਸਮੇਂ ’ਤੇ ਸੁਰੱਖਿਆ ਰੀਵਿਊ ਕੀਤਾ ਜਾਂਦਾ ਹੈ ਜਿਸ ਦੇ ਅਧਾਰ ’ਤੇ ਨਫ਼ਰੀ ਵਾਪਸ ਵੀ ਲੈ ਲਈ ਜਾਂਦੀ ਹੈ।
 


Thursday, March 23, 2017

                                 ਬਠਿੰਡਾ ਪੁਲੀਸ
                  ਬਾਦਲਾਂ ਦੀ 'ਸੇਵਾ' 'ਚ ਵਿਛੀ !
                                ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਪੁਲੀਸ ਨੂੰ ਬਾਦਲ ਪਰਿਵਾਰ ਦੀ ਸੇਵਾ 'ਚ ਸੜਕਾਂ ਤੇ ਖੜ•ਨਾ ਹੀ ਪਵੇਗਾ। ਹਕੂਮਤ ਬਦਲੀ ਮਗਰੋਂ ਵੀ ਪੁਲੀਸ ਨੂੰ ਇਸ ਬੰਨਿਓ ਕੋਈ ਰਾਹਤ ਨਹੀਂ ਮਿਲੇਗੀ। ਏਨਾ ਜਰੂਰ ਹੈ ਕਿ ਹੁਣ ਬਾਦਲ ਪਰਿਵਾਰ ਦੇ ਗੇੜੇ ਜਰੂਰ ਘੱਟ ਜਾਣੇ ਹਨ। ਕੇਂਦਰ ਸਰਕਾਰ ਤਰਫ਼ੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜੈੱਡ ਪਲੱਸ ਸੁਰੱਖਿਆ ਦਿੱਤੀ ਹੋਈ ਹੈ। ਕੇਂਦਰੀ ਸੁਰੱਖਿਆ ਨੇਮਾਂ ਅਨੁਸਾਰ ਜੈੱਡ ਪਲੱਸ ਸੁਰੱਖਿਆ ਵਾਲੀਆਂ ਸ਼ਖਸੀਅਤਾਂ ਲਈ ਦੌਰੇ ਸਮੇਂ ਪੁਲੀਸ ਰੂਟ ਲੱਗੇਗਾ। ਪੰਜਾਬ ਵਿਚ 14 ਸ਼ਖਸੀਅਤਾਂ ਨੂੰ ਜੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਹਾਲ ਹੀ ਵਿਚ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਵੀ ਜੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਬਠਿੰਡਾ ਜ਼ਿਲ•ੇ ਦਾ ਦੌਰਾ ਸੀ ਜਿਸ ਤਹਿਤ ਉਹ ਭੁੱਚੋ ਹਲਕਾ, ਰਾਮਪੁਰਾ ਅਤੇ ਮੌੜ ਹਲਕੇ ਵਿਚ ਗਏ ਸਨ। ਬਠਿੰਡਾ ਪੁਲੀਸ ਨੇ ਅੱਜ ਸਵੇਰ ਸੱਤ ਵਜੇ ਹੀ ਪਿੰਡ ਬਾਦਲ ਵਿਖੇ ਇੱਕ ਐਸਕੋਰਟ ਅਤੇ ਪਾਈਲਟ ਗੱਡੀ ਭੇਜ ਦਿੱਤੀ ਸੀ ਜੋ ਕਿ 11 ਵਜੇ ਪਿੰਡ ਬਾਦਲ ਤੋਂ ਰਵਾਨਾ ਹੋ ਕੇ ਪੂਰਾ ਦਿਨ ਸੁਖਬੀਰ ਬਾਦਲ ਦੇ ਅੱਗੇ ਪਿਛੇ ਘੁੰਮਦੀਆਂ ਰਹੀਆਂ।
                         ਅੱਜ ਬਠਿੰਡਾ ਬਾਦਲ ਰੋਡ ਤੇ ਪੁਲੀਸ ਰੂਟ ਲੱਗਾ ਹੋਇਆ ਸੀ ਅਤੇ ਥਾਂ ਥਾਂ ਤੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ। ਇਵੇਂ ਨੇਹੀਆਂ ਵਾਲਾ ਅਤੇ ਭਾਈਰੂਪਾ ਇਲਾਕੇ ਵਿਚ ਪੁਲੀਸ ਰੂਟ ਲਾਇਆ ਹੋਇਆ ਸੀ। ਆਮ ਚਰਚਾ ਇਹੋ ਰਹੀ ਕਿ ਕੈਪਟਨ ਸਰਕਾਰ ਤਰਫ਼ੋਂ ਬਾਦਲ ਪਰਿਵਾਰ ਤੇ ਹਾਲੇ ਵੀ ਪੂਰੀ ਮਿਹਰ ਰੱਖੀ ਹੋਈ ਹੈ। ਏਨਾ ਜਰੂਰ ਹੈ ਕਿ ਅੱਜ ਬਠਿੰਡਾ ਪੁਲੀਸ ਦੀਆਂ ਗੱਡੀਆਂ ਸੁਖਬੀਰ ਬਾਦਲ ਨੂੰ ਲੈਣ ਵਾਸਤੇ ਆਪਣੀ ਹਦੂਦ ਉਲੰਘ ਕੇ ਜ਼ਿਲ•ਾ ਮੁਕਤਸਰ ਵਿਚ ਚਲੀਆਂ ਗਈਆਂ। ਪੁਲੀਸ ਸੂਤਰ ਦੱਸਦੇ ਹਨ ਕਿ ਅੱਜ ਦੌਰਾ ਖਤਮ ਹੋਣ ਮਗਰੋਂ ਹੀ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਸਮਾਪਤ ਹੋਈ ਹੈ। ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਮੌੜ ਬੰਬ ਧਮਾਕੇ ਮਗਰੋਂ ਜੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਹੁਣ ਜਦੋਂ ਵੀ ਜੱਸੀ ਹਲਕੇ ਵਿਚ ਜਾਣਗੇ ਤਾਂ ਉਨ•ਾਂ ਲਈ ਵੀ ਪੁਲੀਸ ਰੂਟ ਲੱਗੇਗਾ। ਪੁਲੀਸ ਦਾ ਕਹਿਣਾ ਹੈ ਕਿ ਪੁਲੀਸ ਰੂਟ ਤਾਂ ਮੁੱਖ ਮੰਤਰੀ ਦੀ ਆਮਦ ਮੌਕੇ ਵੀ ਲੱਗੇਗਾ। ਪੰਜਾਬ ਸਰਕਾਰ ਨੇ ਇਸ ਸਬੰਧੀ ਹਾਲੇ ਫੈਸਲਾ ਨਹੀਂ ਕੀਤਾ ਹੈ ਕਿ ਪੁਲੀਸ ਰੂਟ ਜਾਰੀ ਰਹੇਗਾ ਜਾਂ ਇਸ ਨੂੰ ਵੀ ਬੰਦ ਕੀਤਾ ਜਾਵੇਗਾ।
                          'ਆਪ' ਪਾਰਟੀ ਨੇ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਪੁਲੀਸ ਰੂਟ ਦੀ ਰਵਾਇਤ ਨੂੰ ਬੰਦ ਕਰਨਗੇ। ਬਠਿੰਡਾ ਪੁਲੀਸ ਦੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਲੰਘੇ 10 ਵਰਿ•ਆਂ ਦੌਰਾਨ ਉਨ•ਾਂ ਨੂੰ ਕੜਾਕੇ ਦੀ ਠੰਢ ਵਿਚ ਵੀ ਸੜਕਾਂ ਤੇ ਖੜਨਾ ਪੈਂਦਾ ਸੀ ਅਤੇ ਹਕੂਮਤ ਬਦਲੀ ਮਗਰੋਂ ਉਨ•ਾਂ ਨੂੰ ਰਾਹਤ ਮਿਲਣ ਦੀ ਆਸ ਬਣੀ ਸੀ ਪ੍ਰੰਤੂ ਹੁਣ ਇਹੋ ਹੁਕਮ ਹਨ ਕਿ ਬਾਦਲ ਪਰਿਵਾਰ ਲਈ ਪੁਲੀਸ ਰੂਟ ਜਾਰੀ ਰਹੇਗਾ। ਐਸ.ਐਸ.ਪੀ ਬਠਿੰਡਾ ਸਵੱਪਨ ਸ਼ਰਮਾ ਦਾ ਕਹਿਣਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਲ ਜੈੱਡ ਪਲੱਸ ਸੁਰੱਖਿਆ ਹੈ ਜਿਸ ਕਰਕੇ ਸੁਰੱਖਿਆ ਨੇਮਾਂ ਮੁਤਾਬਿਕ ਪੁਲੀਸ ਰੂਟ ਲਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਕੇਂਦਰੀ ਨੇਮਾਂ ਅਨੁਸਾਰ ਜਦੋਂ ਵੀ ਕੋਈ ਜੈੱਡ ਪਲੱਸ ਸੁਰੱਖਿਆ ਵਾਲੀ ਸ਼ਖਸੀਅਤ ਜ਼ਿਲ•ੇ ਵਿਚ ਆਏਗੀ ਤਾਂ ਉਸ ਦਾ ਪੁਲੀਸ ਰੂਟ ਬਕਾਇਦਾ ਲੱਗੇਗਾ।

Tuesday, January 12, 2016

                               ਸਰਕਾਰੀ ਮੌਜ
    ਔਰਬਿਟ ਬੱਸਾਂ ਦੀ ਰਾਖੀ ਪੁਲੀਸ ਹਵਾਲੇ
                              ਚਰਨਜੀਤ ਭੁੱਲਰ
ਬਠਿੰਡਾ : ਹੁਣ ਬਾਦਲ ਪਰਿਵਾਰ ਦੀਆਂ ਔਰਬਿਟਾਂ ਬੱਸਾਂ ਲਈ ਰਾਖੀ ਲਈ ਪੁਲੀਸ ਤਾਇਨਾਤ ਕਰ ਦਿੱਤੀ ਹੈ। ਪੰਜਾਬ ਵਿਚ ਕਿਸੇ ਵੀ ਪ੍ਰਾਈਵੇਟ ਟਰਾਂਸਪੋਰਟ ਨੂੰ ਏਦਾ ਦੀ ਸਹੂਲਤ ਨਹੀਂ ਮਿਲੀ ਹੋਈ ਹੈ। ਪੀ.ਆਰ.ਟੀ.ਸੀ ਦੇ ਬਠਿੰਡਾ ਡਿਪੂ ਨੂੰ ਵੀ ਏਨੀ ਸੁਰੱਖਿਆ ਨਹੀਂ ਮਿਲੀ ਹੈ ਜਿਥੇ ਰਾਤ ਨੂੰ ਸੈਂਕੜੇ ਬੱਸਾਂ ਖੜ•ਦੀਆਂ ਹਨ। ਪਠਾਨਕੋਟ ਘਟਨਾ ਮਗਰੋਂ ਵੀ ਬਠਿੰਡਾ ਜ਼ਿਲ•ੇ ਵਿਚਲੇ ਤਾਪ ਬਿਜਲੀ ਘਰਾਂ ਤੇ ਵੀ ਪੁਲੀਸ ਦਾ ਕੋਈ ਪਹਿਰਾ ਨਹੀਂ ਲਾਇਆ ਗਿਆ ਹੈ। ਇੱਥੋਂ ਤੱਕ ਕਿ ਪੰਜਾਬ ਦੇ ਸਭ ਤੋਂ ਵੱਡੇ ਸਨਅਤੀ ਪ੍ਰੋਜੈਕਟ ਰਿਫਾਈਨਰੀ ਤੇ ਵੀ ਪੁਲੀਸ ਗਾਰਦ ਨਹੀਂ ਲਗਾਈ ਗਈ ਹੈ। ਇਨ•ਾਂ ਪ੍ਰੋਜੈਕਟਾਂ ਤੇ ਪ੍ਰਾਈਵੇਟ ਸੁਰੱਖਿਆ ਗਾਰਦਾਂ ਦੀ ਤਾਇਨਾਤੀ ਹੈ। ਵੇਰਵਿਆਂ ਅਨੁਸਾਰ ਜ਼ਿਲ•ਾ ਪੁਲੀਸ ਨੇ ਰੈਡ ਅਲਰਟ ਹੋਣ ਮਗਰੋਂ ਬਾਦਲ ਪਰਿਵਾਰ ਦੀ ਬਠਿੰਡਾ ਬਾਦਲ ਰੋਡ ਸਥਿਤ ਕੁਝ ਸਮਾਂ ਪਹਿਲਾਂ ਬਣੀ ਵਰਕਸ਼ਾਪ ਵਿਚ ਇੱਕ ਏ.ਐਸ. ਆਈ ਸਮੇਤ 9 ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਹੈ। ਇਸ ਵਰਕਸ਼ਾਪ ਵਿਚ ਹੀ ਰਾਤ ਵਕਤ ਸਾਰੀਆਂ ਬੱਸਾਂ ਖੜਦੀਆਂ ਹਨ। ਹੁਣ ਇਨ•ਾਂ ਬੱਸਾਂ ਦੀ ਸੁਰੱਖਿਆ ਪੁਲੀਸ ਮੁਲਾਜਮਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ।
                  ਜਦੋਂ ਇਹ ਵਰਕਸ਼ਾਪ ਹਾਲੇ ਬਣ ਰਹੀ ਸੀ ਤਾਂ ਉਦੋਂ ਵੀ ਸਾਲ 2012 13 ਵਿਚ ਇਸ ਵਰਕਸ਼ਾਪ ਦੀ ਰਾਖੀ ਤੇ 15 ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ। ਜਦੋਂ ਸਿਆਸੀ ਤੌਰ ਤੇ ਰੌਲਾ ਪੈ ਗਿਆ ਸੀ ਤਾਂ ਪੁਲੀਸ ਮੁਲਾਜ਼ਮ ਵਾਪਸ ਬੁਲਾ ਲਏ ਗਏ ਸਨ।ਪੰਜਾਬ ਸਰਕਾਰ ਔਰਬਿਟ ਬੱਸਾਂ ਦੀ ਰਾਖੀ ਤੇ ਪ੍ਰਤੀ ਮਹੀਨਾ ਕਰੀਬ ਤਿੰਨ ਲੱਖ ਰੁਪਏ ਖਰਚ ਕਰੇਗੀ। ਇੱਥੋਂ ਦੇ ਪੀ.ਆਰ.ਟੀ.ਸੀ ਦੇ ਬੱਸ ਅੱਡੇ ਵਿਚ ਬਣੀ ਪੁਲੀਸ ਚੌਂਕੀ ਵਿਚ ਰਾਤ ਵਕਤ ਚਾਰ ਮੁਲਾਜ਼ਮਾਂ ਦੀ ਗਾਰਦ ਹੁੰਦੀ ਹੈ। ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਐਮ.ਪੀ.ਸਿੰਘ ਦਾ ਕਹਿਣਾ ਸੀ ਕਿ ਡਿਪੂ ਅਤੇ ਅੱਡੇ ਦੀ ਸੁਰੱਖਿਆ ਦਾ ਮਾਮਲਾ ਤਾਂ ਪੁਲੀਸ ਹੀ ਖੁਦ ਦੇਖੇ। ਉਨ•ਾਂ ਦੱਸਿਆ ਕਿ ਉਨ•ਾਂ ਕੋਲ ਪੈਸਕੋ ਦੇ ਮੁਲਾਜ਼ਮ ਸਕਿਊਰਿਟੀ ਤੇ ਹਨ। ਬੱਸ ਅੱਡੇ ਵਿਚਲੀ ਪੁਲੀਸ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਦਾ ਕਹਿਣਾ ਸੀ ਕਿ ਹਾਲੇ ਬੱਸ ਅੱਡੇ ਲਈ ਉਨ•ਾਂ ਨੂੰ ਐਲ.ਐਮ.ਜੀ ਵਗੈਰਾ ਤਾਂ ਨਹੀਂ ਮਿਲੀ ਪ੍ਰੰਤੂ ਸੁਰੱਖਿਆ ਲਈ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੋਈ ਹੈ।ਐਸ.ਐਸ.ਪੀ ਬਠਿੰਡਾ ਨੇ ਥੋੜਾ ਸਮਾਂ ਪਹਿਲਾਂ ਹੀ ਸੁਰੱਖਿਆ ਰੀਵਿਊ ਕੀਤਾ ਹੈ ਜਿਸ ਦੇ ਤਹਿਤ ਕਾਫ਼ੀ ਸੁਰੱਖਿਆ ਮੁਲਾਜ਼ਮਾਂ ਦਫ਼ਤਰਾਂ ਵਗੈਰਾ ਚੋਂ ਵੀ ਕੱਢ ਕੇ ਥਾਣਿਆਂ ਵਿਚ ਲਗਾਏ ਗਏ ਹਨ ਜਿਸ ਦੀ ਸ਼ਲਾਘਾ ਵੀ ਹੋਈ ਹੈ।
                  ਡੇਰਾ ਸਿਰਸਾ ਦੇ ਸਲਾਬਤਪੁਰਾ ਡੇਰੇ ਵਿਚ ਪਹਿਲਾਂ 70 ਤੋਂ ਉਪਰ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਸੀ ਜਿਥੇ ਹੁਣ 15 ਕੁ ਮੁਲਾਜ਼ਮਾਂ ਦੀ ਨਫ਼ਰੀ ਰਹਿ ਗਈ ਹੈ। ਦੂਸਰੀ ਤਰਫ਼ ਔਰਬਿਟ ਵਰਕਸ਼ਾਪ ਦਾ ਪ੍ਰਾਈਵੇਟ ਸੁਰੱਖਿਆ ਗਾਰਦ ਤੇ ਕੀਤੇ ਜਾਣ ਵਾਲੇ ਖਰਚੇ ਦਾ ਬਚਾਓ ਹੋ ਗਿਆ ਹੈ। ਵਰਕਸ਼ਾਪ ਦੇ ਅੰਦਰ ਬਾਹਰ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਹੋਏ ਹਨ ਅਤੇ ਵਰਕਸ਼ਾਪ ਦੇ ਕਈ ਪਾਸਿਆਂ ਤੇ ਸੁਰੱਖਿਆ ਪੋਸਟਾਂ ਵੀ ਬਣਾਈਆਂ ਹੋਈਆਂ ਹਨ। ਪਿਛਲੇ ਵਰਿ•ਆਂ ਵਿਚ ਜਦੋਂ ਡੇਰਾ ਵਿਵਾਦ ਛਿੜਿਆ ਸੀ ਤਾਂ ਉਦੋਂ ਪੁਲੀਸ ਨੇ ਪੁਲੀਸ ਲਾਈਨਾਂ ਵਿਚ ਔਰਬਿਟਾਂ ਬੱਸਾਂ ਨੂੰ ਖੜ•ਾ ਕਰਕੇ ਸੁਰੱਖਿਆ ਕੀਤੀ ਸੀ।ਔਰਬਿਟ ਬੱਸ ਕੰਪਨੀ ਦੀ ਪਹਿਲਾਂ ਕਿੱਲਿਆ ਵਾਲੀ ਵਿਚ ਵਰਕਸ਼ਾਪ ਹੁੰਦੀ ਸੀ ਪ੍ਰੰਤੂ ਤਿੰਨ ਸਾਲ ਪਹਿਲਾਂ ਬਠਿੰਡਾ ਵਿਚ ਵਰਕਸ਼ਾਪ ਬਣਾ ਲਈ ਗਈ ਸੀ। ਦੇਖਿਆ ਜਾਵੇ ਤਾਂ  ਬਠਿੰਡਾ ਸ਼ਹਿਰ ਵਿਚ ਟੀ.ਵੀ ਟਾਵਰ ਅਤੇ ਰੇਡੀਓ ਸਟੇਸ਼ਨ ਵੀ ਹਨ ਪ੍ਰੰਤੂ ਉਥੇ ਏਨੀ ਗਾਰਦ ਦੀ ਤਾਇਨਾਤੀ ਨਹੀਂ ਹੈ। ਐਸ.ਐਸ.ਪੀ ਬਠਿੰਡਾ ਨੇ ਕੁਝ ਦਿਨ ਪਹਿਲਾਂ ਵੱਡੇ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੇ ਪ੍ਰਤੀਨਿਧਾਂ ਨੂੰ ਬੁਲਾ ਕੇ ਸੁਰੱਖਿਆ ਦਾ ਜਾਇਜ਼ਾ ਲਿਆ ਸੀ।
                 ਏਨਾ ਜਰੂਰ ਹੈ ਕਿ ਬਠਿੰਡਾ ਸ਼ਹਿਰ ਵਿਚ ਪੁਲੀਸ ਨਾਕੇ ਅਤੇ ਮੋਰਚੇ ਕਾਫ਼ੀ ਵਧੇ ਹਨ। ਪੁਲੀਸ ਲਾਈਨ ਦੇ ਮੁੱਖ ਗੇਟ ਤੇ ਪੁਲੀਸ ਪਹਿਰਾ ਸਖ਼ਤ ਕਰ ਦਿੱਤਾ ਗਿਆ ਹੈ ਅਤੇ ਬਿਨ•ਾਂ ਇੰਟਰੀ ਤੋਂ ਪੁਲੀਸ ਲਾਈਨ ਵਿਚ ਦਾਖਲਾ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰ ਵਿਚ ਕਰੀਬ 10 ਥਾਂਵਾਂ ਨੇ ਨਵੇਂ ਮੋਰਚੇ ਵੀ ਬਣਾਏ ਗਏ ਹਨ।
                         ਵੱਡੀ ਟਰਾਂਸਪੋਰਟ ਹੋਣ ਕਰਕੇ ਸੁਰੱਖਿਆ ਦਿੱਤੀ : ਐਸ.ਐਸ.ਪੀ
ਐਸ.ਐਸ.ਪੀ ਬਠਿੰਡਾ ਸ੍ਰੀ ਸਵੱਪਨ ਸ਼ਰਮਾ ਦਾ ਕਹਿਣਾ ਸੀ ਕਿ ਰੈਡ ਅਲਰਟ ਕਰਕੇ ਬਹੁਤ ਸਾਰੀਆਂ ਥਾਵਾਂ ਤੇ ਸੁਰੱਖਿਆ ਪਹਿਰਾ ਲਾਇਆ ਗਿਆ ਹੈ ਅਤੇ ਵੱਡੀ ਟਰਾਂਸਪੋਰਟ ਹੋਣ ਕਰਕੇ ਔਰਬਿਟ ਵਰਕਸ਼ਾਪ ਤੇ ਸੁਰੱਖਿਆ ਤਾਇਨਾਤੀ ਕੀਤੀ ਗਈ ਹੈ। ਉਨ•ਾਂ ਆਖਿਆ ਕਿ ਮੁਲਾਜ਼ਮਾਂ ਦੀ ਗਿਣਤੀ ਸੁਰੱਖਿਆ ਕਾਰਨਾਂ ਕਰਕੇ ਦੱਸੀ ਨਹੀਂ ਜਾ ਸਕਦੀ ਹੈ ਅਤੇ ਸਥਾਨਿਕ ਬੱਸ ਸਟੈਂਡ ਵਿਚ ਐਲ.ਐਮ.ਜੀ ਦੀ ਤਾਇਨਾਤੀ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਬਾਕੀ ਵੱਡੇ ਪ੍ਰੋਜੈਕਟਾਂ ਦੇ ਆਸ ਪਾਸ ਪੈਟਰੋਲਿੰਗ ਅਤੇ ਸਖ਼ਤ ਨਾਕੇਬੰਦੀ ਕੀਤੀ ਗਈ ਹੈ।
       

Saturday, October 10, 2015

                              ਪੰਥਕ ਡਰ
         ਜਥੇਦਾਰ ਨਾਲ ਗੰਨਮੈਨਾਂ ਦੀ ਫੌਜ
                            ਚਰਨਜੀਤ ਭੁੱਲਰ
ਬਠਿੰਡਾ  : ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦਾ ਧੁੜਕੂ ਦੂਰ ਕਰਨ ਵਾਸਤੇ ਗੰਨਮੈਨਾਂ ਦੀ ਫੌਜ ਤਾਇਨਾਤ ਕਰ ਦਿੱਤੀ ਹੈ। ਸ੍ਰੋਮਣੀ ਕਮੇਟੀ ਨੇ ਨਵੇਂ ਜਥੇਦਾਰ ਨੂੰ ਖੁਸ਼ ਕਰਨ ਖਾਤਰ ਦੋ ਨਵੀਆਂ ਗੱਡੀਆਂ ਖਰੀਦ ਕੇ ਦਿੱਤੀਆਂ  ਹਨ ਜਦੋਂ ਕਿ ਹੁਣ ਪੰਜਾਬ ਸਰਕਾਰ ਨੇ ਸੁਰੱਖਿਆ ਲਈ 23 ਗੰਨਮੈਨ ਦੇ ਦਿੱਤੇ ਹਨ। ਚਰਚੇ ਹਨ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਉਣ ਦੇ ਮਾਮਲੇ ਵਿਚ ਦਮਦਮਾ ਸਾਹਿਬ ਦੇ ਜਥੇਦਾਰ ਦੀ ਖਾਸ ਭੂਮਿਕਾ ਰਹੀ ਹੈ। ਹੁਣ ਦੋ ਦਿਨ ਪਹਿਲਾਂ ਹੀ ਜਥੇਦਾਰ ਗੁਰਮੁੱਖ ਸਿੰਘ ਤਲਵੰਡੀ ਸਾਬੋ ਵਿਖੇ ਆਏ ਹਨ। ਪੰਜਾਬ ਸਰਕਾਰ ਨੇ ਹੁਣ ਉਨ•ਾਂ ਦੀ ਸੁਰੱਖਿਆ ਦੀ ਤਾਜਾ ਸਥਿਤੀ ਵਾਰੇ ਰਿਪੋਰਟ ਮੰਗੀ ਹੈ। ਪੰਜਾਬ ਸਰਕਾਰ ਅਤੇ ਸ੍ਰੋਮਣੀ ਕਮੇਟੀ ਨੂੰ ਜਥੇਦਾਰ ਦੀ ਸੁਰੱਖਿਆ ਹੀ ਪ੍ਰਤੀ ਮਹੀਨਾ ਲੱਖਾਂ ਰੁਪਏ ਵਿਚ ਪਵੇਗੀ। ਤਖਤ ਸ੍ਰੀ ਕੇਸ਼ਗੜ ਦੇ ਜਥੇਦਾਰ ਤੇ ਹਮਲਾ ਹੋਣ ਮਗਰੋਂ ਸਰਕਾਰ ਹੋਰ ਚੌਂਕਸ ਹੋ ਗਈ ਹੈ।
                ਵੇਰਵਿਆਂ ਅਨੁਸਾਰ ਸ੍ਰੋਮਣੀ ਕਮੇਟੀ ਨੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਕਰੀਬ 14.50 ਲੱਖ ਦੀ ਨਵੀਂ ਇਨੋਵਾ ਗੱਡੀ (ਪੀ.ਬੀ 03 ਏ ਐਲ 5113) ਖਰੀਦ ਕੇ ਦਿੱਤੀ ਹੈ ਜਦੋਂ ਕਿ ਪੁਰਾਣੇ ਜਥੇਦਾਰ ਨੰਦਗੜ• ਵਾਲੀ ਇਨੋਵਾ ਗੱਡੀ ਹੁਣ ਦਫਤਰੀ ਕੰਮਾਂ ਵਾਸਤੇ ਸਟਾਫ ਨੂੰ ਦੇ ਦਿੱਤੀ ਗਈ ਹੈ। ਕਰੀਬ ਡੇਢ ਮਹੀਨਾ ਪਹਿਲਾਂ ਸ੍ਰੋਮਣੀ ਕਮੇਟੀ ਨੇ ਜਥੇਦਾਰ ਲਈ ਕਰੀਬ 13 ਲੱਖ ਰੁਪਏ ਦੀ ਨਵੀਂ ਸਕਾਰਪਿਓ ਗੱਡੀ ਖਰੀਦ ਕਰਕੇ ਦਿੱਤੀ ਹੈ ਜੋ ਕਿ ਪਾਇਲਟ ਵਜੋਂ ਚੱਲਦੀ ਹੈ। ਹੁਣ ਪੰਜਾਬ ਪੁਲੀਸ ਨੇ ਇੱਕ ਪਾਇਲਟ ਗੱਡੀ ਦਿੱਤੀ ਹੈ। ਜਥੇਦਾਰ ਦੀ ਰਿਹਾਇਸ਼ ਨੂੰ ਵੀ ਨਵਾਂ ਰੰਗ ਰੋਗਨ ਕਰਾ ਕੇ ਦਿੱਤਾ ਗਿਆ ਹੈ।
              ਸੂਤਰ ਦੱਸਦੇ ਹਨ ਕਿ ਰਿਹਾਇਸ਼ ਵਿਚ ਨਵੇਂ ਏ.ਸੀ ਵੀ ਲਗਾਏ ਗਏ ਹਨ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿੱਤੇ ਜਾਣ ਮਗਰੋਂ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਹੁਣ ਗੰਨਮੈਨਾਂ ਦੀ ਫੌਜ ਨਾਲ ਚੱਲਦੇ ਹਨ। ਵੇਰਵਿਆਂ ਅਨੁਸਾਰ ਆਈ.ਆਰ.ਬੀ ਤਰਫੋਂ 10 ਪੁਲੀਸ ਮੁਲਾਜ਼ਮ ਦਿੱਤੇ ਗਏ ਹਨ ਜੋ ਕਿ ਜਥੇਦਾਰ ਦੀ ਐਸਕੋਰਟ ਗੱਡੀ ਨਾਲ ਚੱਲਦੇ ਹਨ ਜਦੋਂ ਕਿ ਇੱਕ ਹੌਲਦਾਰ ਸਮੇਤ ਚਾਰ ਮੁਲਾਜ਼ਮ ਪਾਇਲਟ ਗੱਡੀ ਨਾਲ ਚੱਲਦੇ ਹਨ। ਚਾਰ ਪੁਲੀਸ ਮੁਲਾਜ਼ਮਾਂ ਦੀ ਰਿਹਾਇਸ਼ ਤੇ ਗਾਰਦ ਡਿਊਟੀ ਲਗਾਈ ਗਈ ਹੈ ਜਦੋਂ ਪੰਜ ਗੰਨਮੈਨ ਪਹਿਲਾਂ ਹੀ ਪੱਕੇ ਤੌਰ ਤੇ ਨਾਲ ਤਾਇਨਾਤ ਕੀਤੇ ਹੋਏ ਹਨ ਜਿਨ•ਾਂ ਵਿਚ ਦੋ ਪੁਲੀਸ ਮੁਲਾਜ਼ਮ ਬਠਿੰਡਾ ਪੁਲੀਸ ਦੇ ਹਨ।
             ਸੂਤਰਾਂ ਅਨੁਸਾਰ ਸ੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਕਰੀਬ 10 ਮੁਲਾਜ਼ਮ ਵੀ ਜਥੇਦਾਰ ਦੀ ਸੁਰੱਖਿਆ ਵਾਸਤੇ ਤਾਇਨਾਤ ਹਨ। ਜਥੇਦਾਰ ਦੀ ਰਿਹਾਇਸ਼ ਦੇ ਪਿਛਵਾੜੇ ਵਿਚ ਸੁੰਨੀ ਜਗ•ਾ ਹੈ ਜਿਸ ਕਰਕੇ ਪੁਲੀਸ ਦੀ ਗਸ਼ਤ ਲਗਾ ਦਿੱਤੀ ਗਈ ਹੈ। ਥਾਣਾ ਤਲਵੰਡੀ ਸਾਬੋ ਦੇ ਮੁੱਖ ਥਾਣਾ ਅਫਸਰ ਭੁਪਿੰਦਰ ਸਿੰਘ ਦਾ ਕਹਿਣਾ ਸੀ ਕਿ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੀ ਸੁਰੱਖਿਆ ਤੇ ਕੁੱਲ 23 ਮੁਲਾਜ਼ਮਾਂ ਦੀ ਤਾਇਨਾਤੀ ਹੈ ਅਤੇ ਰਿਹਾਇਸ਼ ਦੇ ਆਸ ਪਾਸ ਪੁਲੀਸ ਦੀ ਗਸ਼ਤ ਲਗਾਈ ਗਈ ਹੈ। ਉਨ•ਾਂ ਦੱਸਿਆ ਕਿ ਇਕ ਪਾਇਲਟ ਗੱਡੀ ਵੀ ਪੁਲੀਸ ਤਰਫੋਂ ਦਿੱਤੀ ਗਈ ਹੈ।
                ਮੋਟੇ ਅੰਦਾਜ਼ੇ ਅਨੁਸਾਰ ਟਾਸਕ ਫੋਰਸ ਦੇ ਮੁਲਾਜ਼ਮਾਂ ਸਮੇਤ ਕਰੀਬ 33 ਮੁਲਾਜ਼ਮਾਂ ਦੀ ਜਥੇਦਾਰ ਦੀ ਸੁਰੱਖਿਆ ਲਈ ਤਾਇਨਾਤੀ ਕੀਤੀ ਗਈ ਹੈ। ਤਖਤ ਦਮਦਮਾ ਸਾਹਿਬ ਦੇ ਮੈਨੇਜਰ ਸ੍ਰੀ ਜਗਪਾਲ ਸਿੰਘ ਦਾ ਕਹਿਣਾ ਸੀ ਕਿ ਜਥੇਦਾਰ ਲਈ ਦੋ ਨਵੀਂਆਂ ਗੱਡੀਆਂ ਦੀ ਖਰੀਦ ਕੀਤੀ ਗਈ ਸੀ ਜਦੋਂ ਕਿ ਪੁਰਾਣੀ ਇਨੋਵਾ ਗੱਡੀ ਦਫਤਰੀ ਵਰਤੋਂ ਲਈ ਰੱਖੀ ਗਈ ਹੈ। ਉਨ•ਾਂ ਆਖਿਆ ਕਿ ਤਲਵੰਡੀ ਸਾਬੋ ਤੋਂ ਟਾਸਕ ਫੋਰਸ ਸਮੇਤ ਚਾਰ ਮੁਲਾਜ਼ਮਾਂ ਦੀ ਤਾਇਨਾਤੀ ਗਈ ਹੈ। ਪਤਾ ਲੱਗਾ ਹੈ ਕਿ ਸ੍ਰੋਮਣੀ ਕਮੇਟੀ ਵਲੋਂ ਰਿਹਾਇਸ਼ ਅੰਦਰ ਚਾਹ ਪਾਣੀ ਵਾਸਤੇ ਵੀ ਸੇਵਾਦਾਰ ਤਾਇਨਾਤ ਕੀਤੇ ਗਏ ਹਨ। ਕੁਝ ਟਾਸਕ ਫੋਰਸ ਦੇ ਮੁਲਾਜ਼ਮ ਅੰਮ੍ਰਿਤਸਰ ਤੋਂ ਆਏ ਹੋਏ ਹਨ।
                ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ•ਾਂ ਦਾ ਫੋਨ ਬੰਦ ਆ ਰਿਹਾ ਸੀ। ਉਨ•ਾਂ ਨੂੰ ਨਿੱਜੀ ਰੂਪ ਵਿਚ ਵੀ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਜਥੇਦਾਰ ਜੀ ਦੇ ਅਰਾਮ ਕਰਨ ਦੀ ਸੂਚਨਾ ਮਿਲੀ। ਸ੍ਰੋਮਣੀ ਕਮੇਟੀ ਦੀ ਕਾਰਜਕਰਨੀ ਦੇ ਮੈਂਬਰ ਮੋਹਨ ਸਿੰਘ ਬੰਗੀ ਦਾ ਕਹਿਣਾ ਸੀ ਕਿ ਜਥੇਦਾਰ ਦੀ ਰਿਹਾਇਸ਼ ਨੂੰ ਰੰਗ ਰੋਗਨ ਤਾਂ ਕਰਾਇਆ ਗਿਆ ਹੈ ਪ੍ਰੰਤੂ ਕੋਈ ਏ.ਸੀ ਵਗੈਰਾ ਨਹੀਂ ਲਗਾਏ ਗਏ ਹਨ। ਉਨ•ਾਂ ਆਖਿਆ ਕਿ ਜਥੇਦਾਰ ਜੀ ਤਲਵੰਡੀ ਸਾਬੋ ਆ ਗਏ ਹਨ ਪ੍ਰੰਤੂ ਉਨ•ਾਂ ਨੇ ਹਾਲੇ ਕੋਈ ਪ੍ਰੋਗਰਾਮ ਨਹੀਂ ਰੱਖੇ ਹਨ। ਸੂਤਰ ਦੱਸਦੇ ਹਨ ਕਿ ਪੰਜਾਬ ਪੁਲੀਸ ਦਾ ਸੁਰੱਖਿਆ ਵਿੰਗ ਰੋਜ਼ਾਨਾ ਜਥੇਦਾਰ ਗੁਰਮੁੱਖ ਸਿੰਘ ਦੀ ਸੁਰੱਖਿਆ ਦਾ ਜਾਇਜਾ ਲੈ ਰਿਹਾ ਹੈ ਅਤੇ ਸਥਾਨਿਕ ਥਾਣੇਦਾਰ ਵੀ ਰੋਜ਼ਾਨਾ ਰਿਹਾਇਸ਼ ਤੇ ਸੁਰੱਖਿਆ ਦਾ ਮੁਲਾਂਕਣ ਕਰ ਰਹੇ ਹਨ।
               ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦੇਣ ਮਗਰੋਂ ਜਥੇਦਾਰ ਗੁਰਮੁੱਖ ਸਿੰਘ ਦੋ ਦਿਨ ਪਹਿਲਾਂ ਹੀ ਤਲਵੰਡੀ ਸਾਬੋ ਪੁੱਜੇ ਹਨ। ਅੱਜ ਉਹ ਸਵੇਰ ਵਕਤ ਸਿਵਲ ਕੱਪੜਿਆਂ ਵਾਲੀ ਪੁਲੀਸ ਸਮੇਤ ਤਖਤ ਸਾਹਿਬ ਤੇ ਮੱਥਾ ਟੇਕਣ ਵੀ ਗਏ। 

Tuesday, October 30, 2012

                               ਕਾਣੀ ਵੰਡ
          ਕਿਸੇ ਨੂੰ ਗੱਫੇ ਤੇ ਕਿਸੇ ਨੂੰ ਧੱਫੇ
                            ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਗੰਨਮੈਨ ਦੇਣ ਵਿੱਚ ਕਾਣੀ ਵੰਡ ਕੀਤੀ ਗਈ ਹੈ। ਪੰਜਾਬ ਪੁਲੀਸ ਨੇ ਸਾਬਕਾ ਵਿਧਾਇਕਾਂ ਦੀ ਸੁਰੱਖਿਆ ਛਤਰੀ ਛਾਂਗ ਦਿੱਤੀ ਹੈ ਜਦੋਂਕਿ ਹਾਕਮ ਧਿਰ ਦੇ ਬਿਨਾਂ ਸਰਕਾਰੀ ਅਹੁਦੇ ਵਾਲੇ ਲੀਡਰਾਂ ਕੋਲ ਵੀ ਗੰਨਮੈਨ ਹਨ। ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਅੱਜ ਹੋਏ ਕਤਲ ਮਗਰੋਂ ਸਾਬਕਾ ਵਿਧਾਇਕ ਸਹਿਮੇ ਹੋਏ ਹਨ। ਗ੍ਰਹਿ ਵਿਭਾਗ ਪੰਜਾਬ ਵੱਲੋਂ ਪਿਛਲੇ ਸਮੇਂ ਵਿੱਚ ਵਾਧੂ ਸੁਰੱਖਿਆ ਗਾਰਦ ਹਟਾਏ ਗਏ ਸਨ ਪਰ ਥੋੜ੍ਹੇ ਸਮੇਂ ਮਗਰੋਂ ਫਿਰ ਇੰਨੇ ਹੀ ਗੰਨਮੈਨ ਵੀ ਆਈ ਪੀਜ਼ ਦੀ ਸੁਰੱਖਿਆ 'ਤੇ ਤਾਇਨਾਤ ਕਰ ਦਿੱਤੇ ਗਏ। ਜ਼ਿਆਦਾ ਗੰਨਮੈਨ ਕਾਂਗਰਸ ਲੀਡਰਾਂ ਨਾਲੋਂ ਹਟਾਏ ਗਏ ਸਨ। ਹਾਕਮ ਧਿਰ ਦੇ ਹਾਰੇ ਹੋਏ ਉਮੀਦਵਾਰਾਂ ਦੀ ਸੁਰੱਖਿਆ ਛਤਰੀ ਕਾਫ਼ੀ ਮਜ਼ਬੂਤ ਹੈ। ਪੰਜਾਬ ਪੁਲੀਸ ਨੇ ਹਰਿਆਣਾ ਦੇ ਇਨੈਲੋ ਦੇ ਪ੍ਰਧਾਨ ਚੌਧਰੀ ਆਦਿ ਲਾਲ ਜਾਖੜ ਨੂੰ ਦੋ ਗੰਨਮੈਨ ਦਿੱਤੇ ਹੋਏ ਹਨ ਤੇ ਅਭੈ ਚੌਟਾਲਾ ਨਾਲ ਵੀ ਪੰਜਾਬ ਪੁਲੀਸ ਦੇ ਦੋ ਗੰਨਮੈਨ ਹਨ। ਸੂਚਨਾ ਦੇ ਅਧਿਕਾਰ ਤਹਿਤ ਜੋ ਪੰਜਾਬ ਪੁਲੀਸ ਵੱਲੋਂ ਤਾਜ਼ਾ ਵੇਰਵੇ ਦਿੱਤੇ ਗਏ ਹਨ,ਉਨ੍ਹਾਂ ਵਿੱਚ ਇਹ ਖੁਲਾਸਾ ਹੋਇਆ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਮੱਖਣ ਸਿੰਘ ਨਾਲ ਪਹਿਲਾਂ ਚਾਰ ਗੰਨਮੈਨ ਸਨ ਜਿਨ੍ਹਾਂ 'ਚੋਂ ਤਿੰਨ ਵਾਪਸ ਲੈ ਲਏ ਗਏ। ਸ੍ਰੀ ਮੱਖਣ ਸਿੰਘ ਦਾ ਕਹਿਣਾ ਸੀ ਕਿ ਜਦੋਂ ਇਕਲੌਤਾ ਗੰਨਮੈਨ ਛੁੱਟੀ ਚਲਾ ਜਾਂਦਾ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਨਹੀਂ ਬਚਦਾ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਕਾਫ਼ੀ ਖਰਾਬ ਹੈ ਤੇ ਉਸ ਨੇ ਅਤਿਵਾਦ ਖ਼ਿਲਾਫ਼ ਲੜਾਈ ਲੜੀ ਹੈ। ਉਨ੍ਹਾਂ ਆਖਿਆ ਕਿ ਮਲਕੀਤ ਸਿੰਘ ਕੀਤੂ ਦੀ ਘਟਨਾ ਵੀ ਇਸ ਦੀ ਗਵਾਹੀ ਭਰਦੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਏ ਡੀ ਜੀ ਪੀ ਸੁਰੱਖਿਆ ਨੂੰ ਗਾਰਦ ਲੈਣ ਲਈ ਫੈਕਸ ਭੇਜੀ ਹੈ।
            ਸਾਬਕਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਕੋਲ ਚਾਰ ਸੁਰੱਖਿਆ ਗਾਰਦਾਂ 'ਚੋਂ ਤਿੰਨ ਵਾਪਸ ਲੈ ਲਏ ਹਨ। ਸ੍ਰੀ ਕਾਂਗੜ ਨੇ ਸੁਰੱਖਿਆ ਗਾਰਦ ਲੈਣ ਖਾਤਰ ਹਾਈ ਕੋਰਟ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ 'ਤੇ ਹਾਈ ਕੋਰਟ ਨੇ ਪੰਜਾਬ ਪੁਲੀਸ ਨੂੰ ਕਾਂਗੜ ਦੀ ਸਕਿਊਰਿਟੀ ਰੀਵਿਊ ਕਰਨ ਲਈ ਆਖਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਸ ਦੇ ਸਾਥੀ ਦਾ ਕਤਲ ਕਰਾਇਆ ਜਾ ਚੁੱਕਾ ਹੈ ਤੇ ਉਸ ਕੋਲ ਜੋ ਇਕੱਲਾ ਗੰਨਮੈਨ ਹੈ, ਉਸ ਲਈ ਸੰਭਵ ਨਹੀਂ ਕਿ ਉਹ ਬਿਨਾਂ ਛੁੱਟੀ ਤੋ ਲਗਾਤਾਰ 30 ਦਿਨ ਡਿਊਟੀ ਕਰ ਸਕੇ। ਸੂਤਰ ਅਨੁਸਾਰ ਪੰਜਾਬ ਪੁਲੀਸ ਵੱਲੋਂ ਹਲਕਾ ਭਦੌੜ ਤੋਂ ਹਾਰੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਅਸਕੌਰਟ ਦਿੱਤੀ ਹੋਈ ਹੈ। ਕਰੀਬ ਅੱਧੀ ਦਰਜਨ ਗੰਨਮੈਨ ਉਨ੍ਹਾਂ ਨਾਲ ਤੈਨਾਤ ਹਨ। ਸਰਕਾਰੀ ਸੂਚਨਾ ਅਨੁਸਾਰ ਪੰਜਾਬ ਪੁਲੀਸ ਨੇ ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਮਾਨ ਨੂੰ 6 ਗੰਨਮੈਨ ਦਿੱਤੇ ਹੋਏ ਹਨ ਜਦੋਂਕਿ ਸ਼੍ਰੋਮਣੀ ਕਮੇਟੀ ਮੈਂਬਰ ਮੱਖਣ ਸਿੰਘ ਨੰਗਲ ਨਾਲ ਇੱਕ ਗੰਨਮੈਨ  ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਅਕਾਲੀ ਨੇਤਾ ਰਾਂਝਾ ਸਿੰਘ ਨੂੰ ਇੱਕ ਗੰਨਮੈਨ ਤੇ ਭਾਜਪਾ ਦੇ ਯੂਥ ਪ੍ਰਧਾਨ ਸੰਦੀਪ ਰਿਣਵਾ ਨੂੰ ਦੋ ਗੰਨਮੈਨ ਦਿੱਤੇ ਹੋਏ ਹਨ। ਦੂਸਰੀ ਤਰਫ਼ ਕਾਂਗਰਸ ਦੇ ਸਾਬਕਾ ਵਿਧਾਇਕ ਮਹਿੰਦਰ ਕੁਮਾਰ ਰਿਣਵਾ ਕੋਲ ਇੱਕ ਗੰਨਮੈਨ ਹੈ। ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਕੋਲ ਇੱਕ ਦਰਜਨ ਗੰਨਮੈਨ ਹਨ। ਵਿਧਾਇਕ ਸੁਨੀਲ ਕੁਮਾਰ ਜਾਖੜ ਕੋਲ ਪਹਿਲਾਂ ਤਿੰਨ ਗੰਨਮੈਨ ਸਨ ਜਦੋਂ ਉਹ ਵਿਰੋਧੀ ਧਿਰ ਦੇ ਨੇਤਾ ਬਣ ਗਏ ਤਾਂ ਉਨ੍ਹਾਂ ਨੂੰ 6 ਗੰਨਮੈਨ ਹੋਰ ਦੇ ਦਿੱਤੇ ਗਏ ਹਨ। ਤਲਵੰਡੀ ਸਾਬੋ ਅਸੈਂਬਲੀ ਹਲਕੇ ਤੋਂ ਅਕਾਲੀ ਦਲ ਦੇ ਹਾਰੇ ਉਮੀਦਵਾਰ ਕੋਲ ਵੀ ਕਾਂਗਰਸ ਦੇ ਸਾਬਕਾ ਵਿਧਾਇਕਾਂ ਨਾਲੋਂ ਜ਼ਿਆਦਾ ਗੰਨਮੈਨ ਹਨ।
          ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਤੋਂ 8 ਗੰਨਮੈਨ ਵਾਪਸ ਲਏ ਗਏ ਹਨ ਜਦੋਂਕਿ ਅਕਾਲੀ ਨੇਤਾ ਕੰਵਲਜੀਤ ਸਿੰਘ ਉਰਫ ਰੋਜ਼ੀ ਬਰਕੰਦੀ ਤੋਂ 4 ਗੰਨਮੈਨ ਵਾਪਸ ਲਏ ਗਏ ਹਨ। ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ੍ਹ ਤੋਂ ਤਿੰਨ ਗੰਨਮੈਨ ਵਾਪਸ ਲਏ ਗਏ ਹਨ। ਪਿਛਲੇ ਸਮੇਂ ਵਿੱਚ ਜਦੋਂ ਸੁਰੱਖਿਆ ਰੀਵਿਊ ਹੋਈ ਤਾਂ ਜ਼ਿਲ੍ਹਾ ਮੋਗਾ 'ਚ ਵੀ ਆਈ ਪੀਜ਼ ਤੋਂ 8 ਗੰਨਮੈਨ ਵਾਪਸ ਲੈ ਗਏ। ਦਿਲਚਸਪ ਗੱਲ ਇਹ ਹੈ ਕਿ ਇਸੇ ਸਮੇਂ ਦੌਰਾਨ ਵੀ ਆਈ ਪੀਜ਼ ਨਾਲ ਇੱਕ ਦਰਜਨ ਗੰਨਮੈਨ ਹੋਰ ਤਾਇਨਾਤ ਕਰ ਦਿੱਤੇ ਗਏ ਹਨ। ਜ਼ਿਲ੍ਹਾ ਫਿਰੋਜ਼ਪੁਰ ਵਿੱਚ 14 ਗੰਨਮੈਨ ਵਾਪਸ ਲਏ ਗਏ ਸਨ।  ਜ਼ਿਲ੍ਹਾ ਮਾਨਸਾ ਵਿੱਚ ਸੁਰੱਖਿਆ ਰੀਵਿਊ ਕਰਨ ਮਗਰੋਂ ਵੀ ਆਈ ਪੀਜ਼ ਤੋਂ 9 ਗੰਨਮੈਨ ਵਾਪਸ ਲਏ ਸਨ ਜਦੋਂਕਿ ਨਵੇਂ ਵੀ ਆਈ ਪੀਜ਼ ਨੂੰ ਇਸੇ ਦੌਰਾਨ 8 ਗੰਨਮੈਨ ਦੇ ਦਿੱਤੇ ਗਏ ਹਨ। ਜ਼ਿਲ੍ਹਾ ਫਰੀਦਕੋਟ ਵਿੱਚ ਤਾਂ ਪੁਲੀਸ ਵੱਲੋਂ ਆਰਜ਼ੀ ਤੌਰ 'ਤੇ ਵੀ ਗੰਨਮੈਨ ਤਾਇਨਾਤ ਕੀਤੇ ਹੋਏ ਹਨ। ਇਸ ਜ਼ਿਲ੍ਹੇ ਵਿੱਚ ਰੋਜ਼ਨਾਮਚੇ ਵਿੱਚ ਰਪਟ ਪਾ ਕੇ ਵੀ ਆਈ ਪੀਜ਼ ਨਾਲ ਗੰਨਮੈਨ ਤਾਇਨਾਤ ਕਰ ਦਿੱਤੇ ਜਾਂਦੇ ਹਨ। ਇਸ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਬਲਵੀਰ ਸਿੰਘ ਨੰਗਲ ਨੂੰ 11 ਫਰਵਰੀ 2010 ਤੋਂ ਇੱਕ ਗੰਨਮੈਨ ਦਿੱਤਾ ਹੋਇਆ ਹੈ। ਜ਼ਿਲ੍ਹਾ ਫਾਜ਼ਿਲਕਾ ਵਿੱਚ ਸੁਰੱਖਿਆ ਰੀਵਿਊ ਕਰਨ ਮਗਰੋਂ ਪਿਛਲੇ ਸਮੇਂ ਵਿੱਚ 26 ਗੰਨਮੈਨ ਵਾਪਸ ਲਏ ਗਏ ਸਨ ਤੇ ਕੁਝ ਸਮੇਂ ਮਗਰੋਂ ਇੱਕ ਦਰਜਨ ਸੁਰੱਖਿਆ ਗਾਰਦ ਮੁੜ ਵੀ ਆਈ ਪੀਜ਼ ਨਾਲ ਤਾਇਨਾਤ ਕਰ ਦਿੱਤੇ ਗਏ ਹਨ।
            ਜ਼ਿਲ੍ਹਾ ਬਠਿੰਡਾ ਵਿੱਚ ਇੱਕ ਦੋ ਸਧਾਰਨ ਕਾਂਗਰਸੀ ਲੀਡਰਾਂ ਕੋਲ ਦੋ ਦੋ ਗੰਨਮੈਨ ਹਨ ਜਦੋਂਕਿ ਸਾਬਕਾ ਵਿਧਾਇਕਾਂ ਕੋਲ ਇੱਕ ਇੱਕ ਗੰਨਮੈਨ ਹੈ। ਇਸ ਜ਼ਿਲ੍ਹੇ ਵਿੱਚ ਇੱਕ ਦੋ ਨੇਤਾਵਾਂ ਨੂੰ ਪੁਲੀਸ ਲਾਈਨ ਦੇ ਰੋਜ਼ਨਾਮਚੇ ਵਿੱਚ ਵੀ ਰਪਟ ਪਾ ਕੇ ਵੀ ਸੁਰੱਖਿਆ ਗਾਰਦ ਦਿੱਤੇ ਹੋਏ ਹਨ। ਇਸ ਤੋਂ ਇਲਾਵਾ ਜੋ ਮੌਜੂਦਾ ਵਿਧਾਇਕ ਹਨ,ਉਨ੍ਹਾਂ ਨੂੰ ਗੰਨਮੈਨ ਵੀ ਸਿਆਸੀ ਆਧਾਰ 'ਤੇ ਹੀ ਦਿੱਤੇ ਹੋਏ ਹਨ। ਨਾਰਮਜ਼ ਅਨੁਸਾਰ ਇੱਕ ਵਿਧਾਇਕ ਨੂੰ ਚਾਰ ਗੰਨਮੈਨ ਦਿੱਤੇ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ਕਾਂਗਰਸੀ ਵਿਧਾਇਕ ਅਜਾਇਬ ਸਿੰਘ ਭੱਟੀ ਨੂੰ ਚਾਰ ਗੰਨਮੈਨ ਦਿੱਤੇ ਹੋਏ ਹਨ ਜਦੋਂਕਿ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਵਿਧਾਇਕ ਗੁਰਤੇਜ ਸਿੰਘ ਘੜਿਆਣਾ ਨੂੰ 6 ਗੰਨਮੈਨ ਦਿੱਤੇ ਹੋਏ ਹਨ। ਮਾਨਸਾ ਜਿਲ੍ਹੇ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਦੋ ਗੰਨਮੈਨ ਦਿੱਤੇ ਹੋਏ ਹਨ ਜੋ ਕਿ ਹੁਣ ਅਕਾਲੀ ਦਲ ਵਿੱਚ ਸਾਮਲ ਹੋ ਗਏ ਹਨ। ਹਲਕਾ ਨਥਾਣਾ ਤੋਂ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਕੋਲ ਪਹਿਲਾਂ ਦੋ ਗੰਨਮੈਨ ਸਨ ਜਦੋਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਤਾਂ ਉਨ੍ਹਾਂ ਤੋਂ ਦੋਵੇਂ ਗੰਨਮੈਨ ਵਾਪਸ ਲੈ ਲਏ।