Sunday, October 13, 2019

                        ਵਿਚਲੀ ਗੱਲ
             ਬਿਨ ਮਾਂਗੇ ਮੋਤੀ ਮਿਲੇ..! 
                       ਚਰਨਜੀਤ ਭੁੱਲਰ
ਬਠਿੰਡਾ : ਲਾਟ ਸਾਹਬ ਦੀ ਸਾਲੀ, ਸਭ ਤੋਂ ਪਿਆਰੀ। ਬਾਬੇ ਦਾ ਪੋਤਾ, ਕਿਸੇ ਦਾ ਦੋਹਤਾ। ਨਾਲੇ ਭੈਣ ਦੀ ਕੁੜੀ ਨਿਆਰੀ। ਸਰਕਾਰ ਮੋਤੀਆਂ ਵਾਲੀ, ਏਨਾ ਕੁ ਤਾਂ ਦੱਸ, ਕਦੋਂ ਆਊ ਮਹਾਤੜ ਦੀ ਵਾਰੀ। ਅੱਖਾਂ ’ਚ ਕਾਲਾ ਮੋਤੀਆ ਉਤਰਿਐ। ਨਹੀਂ ਦੱਸਣਾ ਇਨ੍ਹਾਂ ਨੇ। ਗਰਾਰੀ ਚੇਤਿਆਂ ਦੀ ਘੁਮਾਓ। ਨਿੱਕੇ ਹੁੰਦੇ ਸੁਣਿਆ ਹੋਊ, ਰਾਜੇ-ਰਾਜੇ ਲੱਡੂ ਖਾਂਦੇ..! ਬਿੱਲੀਆਂ ਵਾਂਗ ਪਾੜ੍ਹੇ ਝਾਕ ਰਹੇ ਨੇ। ਊਠ ਦਾ ਬੁੱਲ੍ਹ ਕਦੋਂ ਡਿੱਗੂ। ਲੱਛੀ ਨੂੰ ਭਾਗਾਂ ’ਤੇ ਛੱਡ ਦਿੱਤੈ। ਜਵਾਨੀ ਨੂੰ ਸੜਕਾਂ ’ਤੇ। ਦੋ ਟਕਿਆਂ ਦੀ ਨੌਕਰੀ ਵੀ ਹੱਥੋਂ ਨਿਕਲੀ ਐ। ਪੜ੍ਹੇ ਲਿਖੇ ਹੱਥਾਂ ਦੀ ਕਮੀ ਨਹੀਂ। ਪੰਜਾਬ ਦੇ ਭਵਿੱਖ ਦੀ ਬਾਂਹ ਵੇਲਣੇ ’ਚ ਹੈ। ਆਓ ਪੰਜਾਬ ‘ਚ ‘ਘਰ-ਘਰ ਰੁਜ਼ਗਾਰ’ ਦਾ ਸੱਚ ਵੇਖੀਏ। ਬੋਲਣਾ ਨਹੀਂ, ਤੁਸੀਂ ਸਿਰਫ਼ ਸੁਣਨਾ, ‘ਉੱਡਦੇ ਪੰਛੀ’ ਨੂੰ ਜੋ ਵਿਧਾਨ ਸਭਾ ਤੋਂ ਉੱਡਿਐ। ਏਹ ਪੰਛੀ ਦੱਸ ਰਿਹੈ। ਵੱਡਿਆਂ ਦੇ ਸਕਿਆਂ ਦੇ ਕਿੰਨੇ ਚੰਗੇ ਭਾਗ ਨੇ। ਡਿਗਰੀਆਂ ਚੁੱਕ ਦਾਸ ਵੀ ਆਏ, ਗੱਲ ਨਹੀਂ ਬਣੀ। ‘ਜਿਸ ਦਾ ਰਾਜ, ਉਸੇ ਦਾ ਤੇਜ’। ਤਾਹੀਂ ਤਪ ਤੇਜ ਭਾਣਜੇ ਦਾ ਨਿਕਲਿਐ। ਸਿਆਸੀ ਮਾਮੇ ਦੀ ਹੋਈ ਫੁੱਲ ਕਿਰਪਾ। ਭਾਣਜਾ ਹੁਣ ਵੱਡਾ ਅਫ਼ਸਰ ਲੱਗ ਗਿਆ। ਛੋਟੇ ਸਿਆਸੀ ਮਾਸੜ ਦੀ ਜੈ ਹੋਵੇ। ਪਹਿਲਾਂ ਭਾਣਜੀ ਨੂੰ ਘਰੇ ਕੁੱਕ ਲਾਇਆ। ਤਨਖਾਹ ਖ਼ਜ਼ਾਨੇ ਨੇ ਝੱਲੀ। ਹੁਣ ਭਤੀਜੀ ਨੂੰ ਕਲਰਕੀ ਦਾ ਮੇਵਾ ਦਿੱਤੈ। ਇਵੇਂ ਲਾਟ ਸਾਹਿਬ ਵੀ ਸਾਲੀ ਪਿਛੇ ਨਹੀਂ ਰਹੀ। ਨੌਕਰੀ ਮਿਲਣ ਮਗਰੋਂ ਬੋਲੀ… ਜਿਊਂਦੇ ਰਹੋ ਜੀਜਾ ਜੀ।
                ਅੱਗੇ ਵੀ ਸੁਣੋ। ਜਦੋਂ ਮਾਸੀ ਅਫ਼ਸਰ ਹੋਵੇ, ਵੱਡੇ ਘਰ ਦੇ ਨੇੜੇ ਹੋਵੇ, ਭਾਣਜੀ ਨੂੰ ਫਿਰ ਕਾਹਦਾ ਡਰ। ਹੱਥੋਂ ਹੱਥ ਨੌਕਰੀ ਮਿਲ ਗਈ। ਕਿਸਮਤ ਪੁੜੀ ਸਾਬਕਾ ਐੱਮਐੱਲਏ ਦੇ ਕਾਕੇ ਦੀ ਵੀ ਖੁੱਲ੍ਹੀ ਹੈ, ਜੋ ਲੁਧਿਆਣੇ ਵੱਲ ਦਾ ਹੈ। ਬਿਨ ਮਾਂਗੇ ਮੋਤੀ ਮਿਲੇ..! ਵੀਆਈਪੀ ਡਰਾਈਵਰ ਦੀ ਬੀਵੀ ਵੀ ਸਰਕਾਰੀ ਨੌਕਰ ਬਣ ਗਈ। ਮਹਿਲਾ ਐੱਮਪੀ ਨੇ ਡਰਾਈਵਰੀ ਦਾ ਮੁੱਲ ਪਾਇਆ, ਨੌਕਰੀ ਦਿਵਾ ਦਿੱਤੀ। ਇਸੇ ਵਰ੍ਹੇ ਸਫਾਈ ਸੇਵਕ ਵੀ ਰੱਖੇ ਨੇ। ਬੀਐੱਸਸੀ ਮੁੰਡਾ ਪਿਛੇ ਰਹਿ ਗਿਆ, ਮੈਟ੍ਰਿਕ ਪਾਸ ਬਾਜ਼ੀ ਮਾਰ ਗਈ। ਚਪੜਾਸੀ ਵੀ ਰੱਖੇ ਨੇ। ਐੱਮਏ ਪਾਸ ਪਿਛੇ ਰਹਿ ਗਿਆ, ਦਾਅ ਬਾਰ੍ਹਵੀਂ ਪਾਸ ਦਾ ਲੱਗਿਐ। ਜਦੋਂ ਗੱਠਜੋੜ ਵਾਲੇ ਸਨ, ਬਾਦਲਾਂ ਦੇ ਕੁੱਕ ਵੀ ਮੇਲਾ ਲੁੱਟ ਗਏ। ਬਾਦਲ ਦੇ ਗੁਆਂਢੀ ਪਿੰਡ ਤੋਂ ਪੰਛੀ ਉੱਡਿਐ। ਦੱਸਦੇ ਨੇ ਕਿ ਮੰਤਰੀ ਦੇ ਦੋ ਚਹੇਤੇ ਹੁਣੇ ਨੌਕਰੀ ਲੱਗੇ ਨੇ। ਦੱਸਦੇ ਨੇ, ਵਿਧਾਨ ਸਭਾ ਨੂੰ 70 ਨਵੀਆਂ ਪੋਸਟਾਂ ਦਿੱਤੀਆਂ ਨੇ। ‘ਘਰ-ਘਰ ਰੁਜ਼ਗਾਰ’ ਘਰੋਂ ਹੀ ਤਾਂ ਸ਼ੁਰੂ ਹੁੰਦੈ। ਮਰਹੂਮ ਬਾਬੇ ਦੇ ਪੋਤੇ ਦੀ ਧੰਨ ਧੰਨ ਹੋ ਗਈ। ਖਸਮਾਂ ਨੂੰ ਖਾਵੇ ਕਾਨੂੰਨ, ਡੀਐੱਸਪੀ ਦੀ ਨੌਕਰੀ ’ਤੇ ਕੈਬਨਿਟੀ ਮੋਹਰ ਅੱਖ ਦੇ ਫੋਰੇ ਲੱਗੀ।
                ਪੰਜਾਬੀਓ, ਸਭ ਨਛੱਤਰਾਂ ਦੀ ਖੇਡ ਹੈ। ਖ਼ਜ਼ਾਨਾ ਮੰਤਰੀ ਦਾ ਨੇੜਲਾ ਖ਼ਜ਼ਾਨੇ ਦਾ ‘ਕੋਹਿਨੂਰ ਹੀਰਾ’ ਨਿਕਲਿਆ। ਬਠਿੰਡਾ ਦੀ ਟੈਕਨੀਕਲ ’ਵਰਸਿਟੀ ਤੋਂ ਪੰਛੀ ਉਡਿਐ। ਦੱਸਦੇ ਨੇ ਕਿ ’ਵਰਸਿਟੀ ਨੇ ਇਸ ਹੀਰੇ ਨੂੰ ਰੈਗੂਲਰ ਕਰਨਾ ਹੈ। ਪਹਿਲਾਂ ਨਿਯਮਾਂ ’ਚ ਛੋਟਾਂ ਦਿੱਤੀਆਂ। ਲੱਖ ਰੁਪਏ ਤਨਖਾਹ ’ਤੇ ਤਿੰਨ ਸਾਲ ਲਈ ਡਾਇਰੈਕਟਰ ਲਾਇਆ। ਸਾਲ ਤੋਂ ਪਹਿਲਾਂ ਹੀ ਰੈਗੂਲਰ ਹੋਣ ਦੀ ਫਾਈਲ ਤੁਰ ਪਈ। ਪੰਜਾਬ ’ਚ ਠੇਕਾ ਪ੍ਰਣਾਲੀ ਵਾਲੇ 3.50 ਲੱਖ ਨੌਜਵਾਨ ਹਨ। ਤਨਖਾਹ ਛੇ ਤੋਂ 9 ਹਜ਼ਾਰ ਹੈ। 12 ਵਰ੍ਹਿਆਂ ਤੋਂ ਪੱਕੇ ਨਹੀਂ ਹੋ ਸਕੇ। ਸੜਕਾਂ ’ਤੇ ਪਿੱਟ ਸਿਆਪੇ ਕਰ ਰਹੇ ਨੇ। ਲੱਖਾਂ ਮੁੰਡਿਆਂ ਦੇ ਭਾਗ ਮੰਤਰੀ ਦੇ ਹੀਰੇ ਵਰਗੇ ਨਹੀਂ।ਸਾਬਕਾ ਡੀਜੀਪੀ ਵੀ ਕਿਸਮਤ ਦੇ ਧਨੀ ਨਿਕਲੇ। ਬਾਦਲਾਂ ਦੇ ਨੇੜਲੇ ਰਹੇ। ਹੁਣੇ ਸੇਵਾਮੁਕਤ ਹੋਏ। ਹੁਣੇ ਮੁੱਖ ਸੂਚਨਾ ਕਮਿਸ਼ਨਰ ਲੱਗ ਗਏ। ਚਿੱਟੇ ਚੌਲ ਪੁੰਨ ਕੀਤੇ ਹੋਣਗੇ। ਖ਼ਜ਼ਾਨੇ ’ਚੋਂ ਹੁਣ 2.50 ਲੱਖ ਹਰ ਮਹੀਨੇ ਤਨਖਾਹ ਮਿਲੇਗੀ। ਜੋ ਲੱਖਾਂ ਰੁਪਏ ਡੀਜੀਪੀ ਵਾਲੀ ਪੈਨਸ਼ਨ ਦੇ ਮਿਲਣੇ ਨੇ, ਉਹ ਵੱਖਰੇ। ਭਲੇਮਾਣਸੋ! ਟੈਂਕੀਆਂ ਤੋਂ ਹੇਠਾਂ ਉੱਤਰੋ, ਆਹ ਨੇੜਿਓਂ ਦੇਖੋ, ਸਾਬਕਾ ਆਈਏਐੱਸ/ਆਈਪੀਐੱਸ ਅਫ਼ਸਰਾਂ ਦੇ ਹੱਥਾਂ ਦੀਆਂ ਲਕੀਰਾਂ। ਸੇਵਾਮੁਕਤੀ ਪਿਛੋਂ, ਪਹਿਲਾਂ ਅਗਲੀ ਨੌਕਰੀ ਤਿਆਰ। ਉਹ ਵੀ ਸਭ ਕੁਝ ਚੁੱਪ-ਚੁਪੀਤੇ।
              ਹਨੇਰ ਸਾਈਂ ਦਾ, ਜੋ ‘ਤਰਸ ਦੇ ਆਧਾਰ’ ’ਤੇ ਨੌਕਰੀ ਲੈਂਦੇ ਹਨ। ਉਨ੍ਹਾਂ ਦੇ ਢੋਲ ਵਜਾ ਦਿੱਤੇ ਜਾਂਦੇ ਨੇ। ਮੰਤਰੀ ਸਮਾਰੋਹਾਂ ’ਚ ਨਿਯੁਕਤੀ ਪੱਤਰ ਵੰਡਦੇ ਨੇ। ਅਖਾਣ ਤਾਂ ਸੁਣਿਆ ਹੋਊ, ਸਾਰਾ ਪਿੰਡ ਮਰ ਜਾਏ, ਪੁੱਤ ਤੈਨੂੰ ਲੰਬੜਦਾਰੀ ਨਹੀਂ ਮਿਲਣੀ। ਮਹਾਤੜੋ! ਥੋਡੇ ਹਿੱਸੇ ਹੁਣ ਦਰਜਾ ਚਾਰ ਦੀ ਨੌਕਰੀ ਵੀ ਨਹੀਂ ਆਉਣੀ। ਗੇੜਾ ਰਾਜਸਥਾਨ ਦਾ ਵੀ ਲਾਈਏ। ਉਥੋਂ ਦੀ ਵਿਧਾਨ ਸਭਾ ’ਚ ਚਪੜਾਸੀ ਰੱਖਣਾ ਸੀ। 129 ਇੰਜਨੀਅਰਾਂ ਨੇ ਇੰਟਰਵਿਊ ਦਿੱਤੀ। ਭਾਜਪਾ ਐੱਮਐੱਲਏ ਦਾ ਦਸਵੀਂ ਪਾਸ ਮੁੰਡਾ ਝੰਡੀ ਲੈ ਗਿਆ। ਰੌਲਾ ਕਾਂਗਰਸੀ ਪਾਉਂਦੇ ਰਹਿ ਗਏ। ਰੌਲਾ ਯੂਪੀ ’ਚ ਵੀ ਪਿਆ ਸੀ। ਯੂਪੀ ਪੁਲੀਸ ਨੇ ਪੰਜਵੀਂ ਪਾਸ 62 ਚਪੜਾਸੀ ਰੱਖਣੇ ਸੀ। 3700 ਪੀਐੱਚਡੀ ਡਿਗਰੀ ਹੋਲਡਰ ਪੁੱਜ ਗਏ। ਨਜ਼ਰ ਘੁਮਾਓ, ਕੇਂਦਰ ਤੇ ਸੂਬਿਆਂ ‘ਚ 24 ਲੱਖ ਅਸਾਮੀਆਂ ਖਾਲੀ ਹਨ। ਫਿਕਰ ਨਾ ਕਰਿਓ, ਮੋਦੀ ਹੈ ਤਾਂ ਮੁਮਕਿਨ ਹੈ।ਪੰਜਾਬ ਦੇ ਐੱਸਐੱਸਐੱਸ ਬੋਰਡ ਨੇ ਕੋਈ ਨੌਕਰੀ ਵੰਡੀ ਹੋਵੇ, ਜ਼ਰੂਰ ਦੱਸਣਾ। ਸਰਕਾਰੀ ਕਾਲਜਾਂ ਦੀ ਕੌਣ ਸੁਣਦੈ। 23 ਵਰ੍ਹਿਆਂ ਤੋਂ ਲੈਕਚਰਾਰਾਂ ਦੀ ਭਰਤੀ ਨਹੀਂ ਹੋਈ। ਕੇਂਦਰੀ ਏਜੰਸੀ ਦੀ ਤਾਜ਼ਾ ਰਿਪੋਰਟ ਹੈ। ਦੇਸ਼ ’ਚ ਦੋ ਸਾਲ ਪਹਿਲਾਂ 2.4 ਕਰੋੜ ਬੇਰੁਜ਼ਗਾਰ ਸਨ। ਹੁਣ 4.50 ਕਰੋੜ ਹਨ।
              ਨੌਕਰੀ ਵਿਹੂਣੇ ਨੌਜਵਾਨ ਦੋ ਵਰ੍ਹਿਆਂ ’ਚ 73 ਫ਼ੀਸਦੀ ਵਧੇ ਨੇ। ਕਸ਼ਮੀਰ ਵਾਲੇ ਸਤਿਆਪਾਲ ਮਲਿਕ ਜੀ ਕੀ ਬੋਲੇ ਨੇ, ਉਹ ਵੀ ਸੁਣੋ। ਜੰਮੂ ਕਸ਼ਮੀਰ ’ਚ 50 ਹਜ਼ਾਰ ਨੌਕਰੀਆਂ ਲੱਭੀਆਂ ਨੇ। ਦੇਖਦੇ ਜਾਓ, ਹੁਣ ਕਿਵੇਂ ਭਰਾਂਗੇ। ਸ਼ੇਰਪੁਰ (ਸੰਗਰੂਰ) ਦਾ ਗੁਰਮੀਤ ਸਿੰਘ ਆਖਦੈ, ਬਾਦਲ ਵੀ ਦੇਖੇ ਨੇ ਤੇ ਅਮਰਿੰਦਰ ਵੀ। ਕੋਈ ਦੇਖ ਨਾ ਲਏ, ਤਾਹੀਓਂ ਗੁਰਮੀਤ ਰਾਤਾਂ ਨੂੰ ਵਿਆਹਾਂ ’ਚ ਵੇਟਰ ਬਣਿਆ। ਬਜ਼ੁਰਗ ਮਾਪੇ ਦਿਹਾੜੀ ਕਰਦੇ ਨੇ। ਗੁਰਮੀਤ ਦੀ ਡਿਗਰੀ ਕੋਈ ਤਾਂ ਦੇਖੋ। ਐੱਮਏ, ਬੀਐੱਡ, ਟੈੱਟ ਪਾਸ ਤੇ ਯੋਗ ’ਚ ਨੈਸ਼ਨਲ ਗੋਲਡ ਮੈਡਲਿਸਟ। ਸੁਫ਼ਨਾ ਅਧਿਆਪਕ ਬਣਨ ਦਾ ਲਿਆ, ਬਣ ਗਿਆ ਵੇਟਰ। ਮਹੀਨਾ ਪਹਿਲਾਂ ਉਹ ਮੱਧ ਪ੍ਰਦੇਸ਼ ਚਲਾ ਗਿਆ, ਉਥੇ ਠੇਕੇ ਵਾਲੀ ਨੌਕਰੀ ਕਰਦੈ। ਰਿਉਂਦ ਕਲਾਂ (ਮਾਨਸਾ) ਦਾ ਬਚਿੱਤਰ ਸਿੰਘ। ਪੰਜਾਬ ’ਚ ਨੌਕਰੀ ਨਹੀਂ ਮਿਲੀ। ਟੈੱਟ ਪਾਸ ਹੁਣ ਹਰਿਆਣੇ ਦੇ ਪ੍ਰਾਈਵੇਟ ਸਕੂਲ ’ਚ ਹੈ। ਟੈੱਟ ਪਾਸ ਇੱਕ ਕੁੜੀ ਦੋਧੀ ਬਣੀ ਹੈ।
              ਆਲੀਕੇ (ਬਠਿੰਡਾ) ਦਾ ਕੰਪਿਊਟਰ ਇੰਜਨੀਅਰ ਦਲਬੀਰ ਕਿਸਮਤ ਦੀ ਬਾਜ਼ੀ ਹਾਰ ਗਿਆ। ਚਾਰ ਮਹੀਨੇ ਪਹਿਲਾਂ ਪੱਖੇ ਨਾਲ ਲਟਕ ਗਿਆ। ਪਹਿਲਾਂ ਥੋੜ੍ਹੀ ਜ਼ਮੀਨ ਵਿਕੀ, ਮਾਪਿਆਂ ਦੇ ਇਲਾਜ ’ਚ ਪੰਜ ਲੱਖ ਦਾ ਕਰਜ਼ ਚੜ੍ਹਿਆ। ਰੁਜ਼ਗਾਰ ਮਿਲਿਆ ਨਹੀਂ, ਮੌਤ ਟੱਕਰ ਗਈ। ਬੇਕਾਰੀ ਦਾ ਭੰਨਿਆ ਮੋਗਾ ਦੇ ਪਿੰਡ ਰੋਡੇ ਦਾ ਪ੍ਰਗਟ ਸਿੰਘ ਵੀ ਇਸੇ ਰਾਹ ਚਲਾ ਗਿਆ। ਮੁੱਖ ਮੰਤਰੀ ਆਖਦੇ ਹਨ ਕਿ 10 ਲੱਖ ਤੋਂ ਵੱਧ ਨੂੰ ਰੁਜ਼ਗਾਰ ਦੇ ਦਿੱਤਾ ਹੈ। ਹੁਣ ਸਮਾਰਟ ਫੋਨ ਵੀ ਦਿਆਂਗੇ। ‘ਦਰਸ਼ਨ ਕਦੋਂ ਦਿਓਗੇ’, ਜਵਾਨੀ ਕੂਕ ਕੂਕ ਕੇ ਪੁੱਛ ਰਹੀ ਹੈ। ਜਵਾਨੀ ਦਾ ਹੱਥ ਸ਼ਿਕੰਜੇ ’ਚ ਹੈ, ਵਿਚਾਰੀ ਕਰੇ ਵੀ ਕੀ। ਮਾਪਿਆਂ ਦੇ ਅਰਮਾਨ ‘ਨਜ਼ਰਬੰਦ’ ਹਨ। ਸੜਕਾਂ ਉਦਾਸ ਨੇ, ਸੱਥਾਂ ਪ੍ਰੇਸ਼ਾਨ ਨੇ, ਸੱਥਰ ਵਿਛੇ ਨੇ, ਕੋਈ ਢਾਰਸ ਦੇਣ ਵਾਲਾ ਨਹੀਂ।
                ਪੰਜਾਬ ਦੇ ਪੌਣੇ ਦੋ ਲੱਖ ਘਾਹੀ ਵਿਦੇਸ਼ ਗਏ ਨੇ ਪੜ੍ਹਨ, ਉਥੇ ਘਾਹ ਵੀ ਖੋਤਣਗੇ। ਅੌਲਾਦ ਅੱਖੋਂ ਓਹਲੇ ਕਰਨੀ ਸੌਖੀ ਨਹੀਂ। ਵਿਦੇਸ਼ ਮੰਤਰਾਲਾ ਦੱਸਦਾ ਹੈ ਕਿ ਲੰਘੇ ਸਾਢੇ ਚਾਰ ਸਾਲਾਂ ’ਚ ਵਿਦੇਸ਼ਾਂ ’ਚੋਂ 19,305 ਮ੍ਰਿਤਕ ਦੇਹਾਂ ਕਲਬੂਤਾਂ ’ਚ ਆਈਆਂ ਨੇ। ਹਾਕਮ ਇਹ ਨਾ ਭੁੱਲਣ ਕਿ ਖੁਦਾ ਲਾਠੀ ਨਾਲ ਨਹੀਂ ਮਾਰਦਾ। ਯਕੀਨ ਨਹੀਂ ਤਾਂ ਪਿੰਡ ਬਾਦਲ ਚਲੇ ਜਾਓ। ਤਖ਼ਤ ਤੋਂ ਬਖ਼ਤ ਹੁੰਦੇ ਬਹੁਤੀ ਦੇਰ ਨਹੀਂ ਲੱਗਦੀ। ਪੰਜਾਬੀ ਅੱਕ ਚੱਬਣਾ ਵੀ ਜਾਣਦੇ ਨੇ, ਭੁੱਲੇ ਘੋਟਣਾ ਚੁੱਕਣਾ ਵੀ ਨਹੀਂ। ਹੱਥ ਜੋੜਿਆਂ ਕਿਤੇ ਹੱਕ ਮਿਲੇ ਨੇ। ਪਾਣੀ ਤਾਂ ਪੁਲਾਂ ਹੇਠ ਦੀ ਲੰਘਣਾ, ਪੁਲ ’ਤੇ ਛੱਜੂ ਰਾਮ ਬੈਠਾ, ਮੂੰਹ ਬੰਨ੍ਹਿਐ, ਹੱਥ ’ਚ ਡਾਂਗ ਐ। ਹੁਣ ਅੱਲਾ ਖੈਰ ਕਰੇ..!




1 comment:

  1. ਬਹੁਤ ਤਿੱਖਾ ਲਿਖਿਆ ਹੈ। ਤੰਜ ਵਧੀਆ ਮਾਰਿਆ ਹੈ। ਪਰ ਮਜਾਲ ਹੈ ਕੰਨ ਤੇ ਜੂੰ ਰੇਨਗਜੇ। ਅੰਨ੍ਹੇ ਬੋਲੇ ਹੁਕਮਰਾਨ।

    ReplyDelete