Sunday, February 24, 2019

                                                            ਵਿਚਲੀ ਗੱਲ 
                        ਤੇਰਾ ਇਮਾਨ, ਕਰੇ ਪ੍ਰੇਸ਼ਾਨ, ਆ ਮਿਲ ਸੱਜਣ ਪਿਆਰੇ !
                                                           ਚਰਨਜੀਤ ਭੁੱਲਰ
ਬਠਿੰਡਾ : ਏਸ ਮੰਤਰੀ ਦੇ ਤਾਂ ਵਾਰੇ ਵਾਰੇ ਜਾਣ ਨੂੰ ਦਿਲ ਕਰਦੈ। ਮੰਤਰੀ ਨੇ ਨਵੇਂ ਮੁਲਾਜ਼ਮਾਂ ਨੂੰ ਨੌਕਰੀ ਦੇ ਗੁਰ ਏਨੀ ਪ੍ਰੀਤ ਨਾਲ ਦੱਸੇ ਕਿ ਉਹ ਬਾਗੋ ਬਾਗ ਹੋ ਗਏ। ਆਖਣ ਲੱਗੇ, ਸੁਣੋ ਇੱਕ ਇਮਾਨਦਾਰ ਅਫ਼ਸਰ ਦੀ ਗੱਲ। ਉਸ ’ਤੇ ਈਮਾਨ ਦਾ ਏਡਾ ਭੂਤ ਸਵਾਰ ਕਿ ਕਿਸੇ ਲੀਡਰ ਦੀ ਗੱਲ ਹੀ ਨਾ ਸੁਣੇ। ਜਦੋਂ ਪੰਜਾਬ ਦੀ ਹੱਦ ਟਪਾ ’ਤਾ, ਉਦੋਂ ਆਈ ਨਾਨੀ ਚੇਤੇ। ਫਿਰ ਕੱਢੇ ਲੇਲ੍ਹੜੀਆਂ ‘ਸਾਹਬ, ਬਦਲੀ ਨੇੜੇ ਦੀ ਕਰ ਦਿਓ।’ ਵਜ਼ੀਰ ਨੇ ਚੋਭ ਲਾਈ, ‘ਥੋਨੂੰ ਇਮਾਨਦਾਰਾਂ ਨੂੰ ਕੀ ਫਰਕ ਪੈਂਦੇ ਦੂਰ ਨੇੜੇ ਦਾ।’ ਮੰਤਰੀ ਨੇ ‘ਰੱਖੋ ਇਮਾਨਦਾਰੀ, ਸਾਡੇ ਕੰਮ ਤਾਂ ਕਰੋ’ ਆਖ ਕੇ ਸਮਾਗਮੀ ਭਾਸ਼ਨ ਖ਼ਤਮ ਕਰ ਦਿੱਤਾ। ਤੁਸੀਂ ਦੱਸੋ, ਮੰਤਰੀ ਦਾ ਇਸ ‘ਚ ਕੀ ਗੁਨਾਹ। ‘ਧੀਏ ਗੱਲ ਸੁਣ, ਨੂੰਹੇ ਕੰਨ ਕਰ’, ਮੰਤਰੀ ਦਾ ਇਸ਼ਾਰਾ ਕਿਤੇ ਹੋਰ ਸੀ। ਜਦੋਂ ਆਵਾ ਊਤਦੈ, ਫਿਰ ਹਰ ਮੰਤਰੀ ਸੰਤਰੀ ਲਈ ਈਮਾਨ ਕੰਡਾ ਬਣਦਾ ਹੈ। ਇਕੱਲਾ ਚੌਕੀਦਾਰ ਹੀ ਚੋਰ ਨਹੀਂ, ਚੁੱਪ ਹੀ ਭਲੀ ਹੈ। ਭਾਰਤ ਨੂੰ ਹੁਣ ਬੇਈਮਾਨੀ ਦਾ ਕੰਬਲ ਨਹੀਂ ਛੱਡਦਾ। ਗੱਲ ਇੰਗਲੈਂਡ ਤੋਂ 1948 ‘ਚ ਖ਼ਰੀਦੀਆਂ ਜੀਪਾਂ ਦੇ ਘਪਲੇ ਤੋਂ ਸ਼ੁਰੂ ਹੋਈ, ਰਾਫਾਲ ਤੱਕ ਐਵੇਂ ਨਹੀਂ ਪੁੱਜੀ। ਹੁਣ ਤਾਂ ਲੀਡਰਾਂ ‘ਚੋਂ ਪਾਰਖੂ ਲੋਕਾਂ ਨੂੰ ਗ਼ਜ਼ਨੀ ਤੇ ਅਬਦਾਲੀ ਦੀ ਰੂਹ ਦਿੱਖਦੀ ਹੈ। ਹਰਦੇਵ ਅਰਸ਼ੀ ਨੇ ਗੱਲ ਸੋਲ੍ਹਾਂ ਆਨੇ ਸੱਚ ਆਖੀ ‘ਕਾਮਰੇਡ ਕੀ ਕਰਨ, ਸਿਆਸਤ ‘ਚ ਤਾਂ ਵਪਾਰੀ ਆ ਵੜੇ।’ ਕਾਂਗਰਸੀ ਦਸ ਵਰ੍ਹਿਆਂ ਮਗਰੋਂ ਆਏ ਨੇ। ਬੜਾ ਲੰਮਾ ਸੋਕਾ ਝੱਲਿਆ। ਕਈ ਬਾਹਰੋਂ ਬੀਬੇ ਰਾਣੇ ਨੇ, ਅੰਦਰੋਂ ਮਾਇਆ ਨੂੰ ਜ਼ਰਬਾਂ ਦੇ ਰਹੇ ਹਨ। ਇੱਕ ਕਾਹਲੇ ਦੀ ਕੁਰਸੀ ਤਾਂ ਇੱਕ ਖ਼ਾਨਸਾਮਾ ਹੀ ਲੈ ਬੈਠਾ।
                  ਕੈਪਟਨ ਦਾ ਐਤਕੀਂ ਖੂੰਡਾ ਗੁਆਚਿਆ ਲੱਗਦੈ। ਸਿੰਜਾਈ ਘਪਲੇ ਵਾਲਾ ਭਾਪਾ ਤਾਂ ਅੰਦਰ ਕਰਤਾ, ‘ਪਿਉ ਦਾਦੇ‘ ਬਚੇ ਹੋਏ ਨੇ। ਇਵੇਂ ‘ਭਲਵਾਨ‘ ਨੂੰ ਤਾਂ ਲੋਟਣੀ ਲਵਾਤੀ, ਉਸਤਾਦਾਂ ਨੂੰ ਹੱਥ ਨਹੀਂ ਦਿਖਾਏ। ਸਰਕਾਰ ਬਣਨ ਮਗਰੋਂ ਇੱਕ ਅੱਧਾ ਕੋਲਾ ਤਪਾ ਕੇ ਹੀ ਸਾਰ ਦਿੱਤਾ। ਸਾਬਕਾ ਮੰਤਰੀ ਨੂੰ ਹੱਥ ਪਾਉਣ ਦਾ ਇਰਾਦਾ ਵੀ ਬਦਲ ਗਿਆ। ਇੱਕ ਸਾਬਕਾ ਮੰਤਰੀ ਦੇ ਭੇਤੀ ਨੇ ਦੱਸਿਆ ਕਿ ‘ਸਾਹਿਬ ਦੀ ਜਾਇਦਾਦ ਦਾ ਪਤਾ ਨਹੀਂ ਪਰ ਰਜਿਸਟਰੀਆਂ ਦੀਆਂ ਤਿੰਨ ਬੋਰੀਆਂ ਭਰੀਆਂ ਪਈਆਂ ਨੇ।‘ ਚੋਣ ਕਮਿਸ਼ਨ ਨੇ ਚੰਗਾ ਕੀਤਾ ਕਿ ਚਿੱਟੇ ਧੰਨ ਦਾ ਚੋਣਾਂ ਵੇਲੇ ਖੁਲਾਸਾ ਕਰਨਾ ਪੈਂਦੇ। ਸਵਿੱਸ ਬੈਂਕਾਂ ਨਾਲ ਗੱਲ ਹੋ ਗਈ, ਚੌਕੀਦਾਰ ਨੂੰ ਇੱਕ ਮੌਕਾ ਹੋਰ ਦਿਓਗੇ ਤਾਂ ‘ਕਾਲਾ ਧੰਨ‘ ਵੀ ਆ ਜਾਊ। ਹੁਣ ਵੋਟਾਂ ਦੀ ਨਹੀਂ, ਨੋਟਾਂ ਦੀ ਤਾਕਤ ਦੇਖਿਓ। ਘਾਹੀ ਵੇਲੇ ਸਿਰ ਚਲੇ ਜਾਣ ਕਿਤੇ ਉਨ੍ਹਾਂ ਦੀ ਵੋਟ ਕੋਈ ਹੋਰ ਹੀ ਨਾ ਪਾ ਜਾਏ। ਅਗਲਿਆਂ ਨੇ ਤਾਂ ਤਾਬੂਤ ਨਹੀਂ ਬਖ਼ਸ਼ੇ, ਅੰਨਾ ਹਜ਼ਾਰੇ ਕੀ ਭਾਲਦੈ। ਯੂਪੀ ਸਰਕਾਰ ਨੇ ਹੁਣੇ ਸਿਵਿਆਂ ਦੀ ਪੜਤਾਲ ਕਰਾਈ। ਕਿਤੇ ਸਿਵਿਆਂ ਦੀਆਂ ਕੰੰਧਾਂ ‘ਚ ਘਪਲਾ ਤੇ ਕਿਤੇ ਅੰਗੀਠਿਆਂ ‘ਚ। ਕਮਾਲ ਦੇਖੋ, ਮਾਇਆਵਤੀ ਦੇ ਹਾਥੀ ਦਾ ਮੁੱਲ 5 ਲੱਖ, ਲਵਾਈ 47 ਲੱਖ। ਚੌਟਾਲਾ ਸਾਹਿਬ, ਵੀ ਅਪੀਲਾਂ ਕਰ ਰਹੇ ਨੇ ਕਿ ਹੁਣ ਤਾਂ ਬਹੁਤ ਹੋਗੀ। ਤਿਹਾੜ ਜੇਲ੍ਹ ‘ਚ ਟੂ-ਜੀ ਵਾਲਾ ਏ.ਰਾਜਾ, ਕਰੁਨਾਨਿਧੀ ਦੀ ਧੀ ਕੰਨੀਮੋਜ਼ੀ, ਸੁਰੇਸ਼ ਕਲਮਾਡੀ ਨੇ ਵੀ ਗੇੜਾ ਕੱਢਿਆ। ਦੱਖਣ ਵਾਲਾ ਬੀ.ਐਸ. ਯੇਦੀਯੁਰੱਪਾ, ਸੁਖਰਾਮ ਪਹਿਲਾਂ, ਹੁਣ ਸ਼ਸ਼ੀ ਕਲਾ ਤੇ ਲਾਲੂ ਯਾਦਵ ਜੇਲ੍ਹਾ ’ਚ ਨੇ।
                 ਟਰਾਂਸਪਰੈਂਸੀ ਇੰਟਰਨੈਸ਼ਨਲ ਨੇ ਕੁਰੱਪਸ਼ਨ ਇੰਡੈਕਸ ‘ਚ ਭਾਰਤ ਨੂੰ 180 ਚੋਂ 78 ਵਾਂ ਰੈਂਕ ਦਿੱਤਾ ਹੈ। ਵਿੱਤ ਮੰਤਰਾਲੇ ਅਨੁਸਾਰ ਚਾਰ ਸਾਲਾਂ ‘ਚ ਭਾਰਤ 100 ਕਰੋੜ ਤੋਂ ਜ਼ਿਆਦਾ ਆਮਦਨ ਵਾਲੇ ਵਿਅਕਤੀ (ਕੰਪਨੀ ਨਹੀਂ) 24 ਤੋਂ ਹੁਣ 61 ਹੋ ਗਏ ਹਨ। ਤਾਹੀਓਂ ਕਾਮਰੇਡ ਆਖਦੇ ਨੇ ‘ਸਾਥੀਓ, ਇੱਕ ਆਦਮੀ ਦੀ ਅਮੀਰੀ ਪਿਛੇ ਲੱਖਾਂ ਲੋਕਾਂ ਦੀ ਗਰੀਬੀ ਹੁੰਦੀ ਐ, ਹੋਰਾਂ ਦਾ ਹੱਕ ਮਾਰ ਕੇ ਹੀ ਕੋਈ ਅਮੀਰ ਬਣਦਾ।‘ਮਾਇਆ ਕੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ।’ ਤੁਹਾਡੀ ਪਛਾਣ ਤੁਹਾਡੇ ਕੱਪੜੇ ਹਨ। ਬਠਿੰਡਾ ਦਾ ਇੱਕ ਪੁਰਾਣਾ ਡੀਸੀ ਜਿਥੇ ਵੀ ਤਾਇਨਾਤ ਰਿਹਾ, ਦੌਲਤ ਸਾਂਭਣ ਵਾਲਾ ਬੰਦਾ ਨਾਲ ਜਾਂਦਾ ਸੀ। ਇਹ ਡੀ.ਸੀ ਆਪਣੀ ਅਦਾਲਤ ਵਿਚ ‘ਰੱਬ ਦੀ ਸਹੁੰ’ ਖੁਆ ਕੇ ਫੈਸਲਾ ਕਰਦਾ ਸੀ। ਫੈਲੇ ਚਿੱਕੜ ‘ਚੋਂ ਰੱਬ ਵੀ ਨਹੀਂ ਬਚਦਾ। ਸ਼੍ਰੋਮਣੀ ਕਮੇਟੀ ਦੇ ਗੁਰੂ ਘਰਾਂ ਵਿਚ ਗੋਲਕ ਗਿਣਨ ਲਈ ਇੰਸਪੈਕਟਰ ਸਿਫਾਰਸ਼ੀ ਲੱਗਦੇ ਨੇ। ਅਰਸਾ ਪਹਿਲਾਂ ਮਾਝੇ ਦੇ ਗੁਰੂ ਘਰ ਵਿਚ ਇੱਕ ਮੁਲਾਜ਼ਮ ਦੇ ਕਛਹਿਰੇ ‘ਚੋਂ ਮਾਇਆ ਫੜੀ ਗਈ ਸੀ। ਉਹ ਭੁੱਲ ਬੈਠਾ ਸੀ ਕਿ ‘ਮਾਇਆ ਛਾਇਆ ਹੈ।‘ ਹਰਿਆਣੇ ਵਾਲੇ ਅਸ਼ੋਕ ਖੇਮਕਾ ਨੂੰ ਕੌਣ ਭੁੱਲਿਆ, ਜਿਸ ਦੀ ਬਦਲੀ ਸਰਕਾਰਾਂ ਨੇ 51 ਵਾਰ ਕੀਤੀ। ਯੂਪੀ ‘ਚ ਰੇਤ ਮਾਫੀਏ ਨੂੰ ਹੱਥ ਪਾਇਆ ਤਾਂ ਦੁਰਗਾ ਸ਼ਕਤੀ ਤੇ ਉਸ ਦੇ ਪਤੀ ਨੂੰ ਮੁਅੱਤਲ ਹੋਣਾ ਪਿਆ। ਕਰਨਾਟਕਾ ਦੇ ਕੋਲਾਰ ‘ਚ ਸੋਨੇ ਵਰਗੇ ਅਫਸਰ ਡੀ.ਕੇ. ਰਵੀ ਨੇ ਮਾਫੀਏ ਨੂੰ ਤਾਂ ਨੱਥ ਪਾਈ, ਸਰਕਾਰਾਂ ਨੇ ਮੁੱਲ ਨਾ ਪਾਇਆ। ਆਖਰ ਖੁਦਕੁਸ਼ੀ ਕਰ ਗਿਆ। ਲੋਕ ਮੁੱਲ ਨਾ ਪਾਉਂਦੇ ਤਾਂ ਰਾਜਸਥਾਨ ਦੇ ਜ਼ਿਲ੍ਹੇ ਕਲੈੱਕਟਰ ਸੁਮਿਤ ਸ਼ਰਮਾ ਦੀ ਬਦਲੀ ਰੁਕਵਾਉਣ ਲਈ 12 ਹਜ਼ਾਰ ਮੁਲਾਜ਼ਮ ਸਮੂਹਿਕ ਛੁੱਟੀ ‘ਤੇ ਨਾ ਜਾਂਦੇ।
                 ਫਰੀਦਕੋਟ ਵਾਲੇ ਨਿਰਮਲ ਤੇ ਸੇਖਾ ਕਲਾਂ (ਮੋਗਾ) ਵਾਲੇ ਗੁਰਚਰਨ ਚੀਦਾ ਪਟਵਾਰੀ ਨੂੰ ਸਲਾਮ, ਜਿਨ੍ਹਾਂ ਤੋਂ ਲੋਕ ਜਾਨ ਵਾਰਦੇ ਨੇ। ਕਈ ਵਾਰੀ ਈਮਾਨ ਦੀ ਲਾਈਨ ‘ਚ ਖੜ੍ਹਨ ਵਾਲਿਆਂ ਨੂੰ ਖੁੱਡੇ ਲਾਈਨ ਵੀ ਲੱਗਣਾ ਪੈਂਦਾ। 1997 ‘ਚ ਤਤਕਾਲੀ ਮੁੱਖ ਮੰਤਰੀ ਬਾਦਲ ਨੇ ਇਮਾਨਦਾਰ ਅਫ਼ਸਰਾਂ ਨੂੰ ਇੱਕ ਲੱਖ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਦਾ ਐਲਾਨ ਕੀਤਾ। ਭ੍ਰਿਸ਼ਟਾਂ ਨੂੰ ਫੜਾਉਣ ਵਾਲਿਆਂ ਨੂੰ ਇਨਾਮ ਵੱਖਰਾ। ਸਾਲ 2002 ਵਿੱਚ ਕੈਪਟਨ ਸਰਕਾਰ ਦੇ ਇੱਕ ਮੰਤਰੀ ਨੇ ਗੱਲ ਸੁਣਾਈ ‘ਜਦੋਂ ਅਮਰਿੰਦਰ ਆਪਣੇ ਦਫ਼ਤਰ ਪਹਿਲੇ ਦਿਨ ਗਏ, ਉਥੇ ਇੱਕ ਧੂੜ ਜੰਮੀ ਟਰਾਫੀ ਪਈ, ਜਦੋਂ ਧੋਤੀ ਤਾਂ ਵਿੱਚੋਂ ਉਹੀ ਟਰਾਫੀ ਨਿਕਲੀ, ਜੋ ਬਾਦਲ ਸਰਕਾਰ ਨੇ ਇਮਾਨਦਾਰ ਅਫਸਰਾਂ ਨੂੰ ਦੇਣੀ ਸੀ। ਬਾਦਲਾਂ ਨੂੰ ਕੋਈ ਇਮਾਨਦਾਰ ਅਫ਼ਸਰ ਹੀ ਨਹੀਂ ਲੱਭਿਆ’। ਮੰਤਰੀ ਜੀ, ਕਈਆਂ ਦਾ ਈਮਾਨ ਡੋਲਿਆ ਵੀ ਹੈ। ਚਿੱਕੜ ਦੇ ਗਲੇ ਲੱਗ ਗਏ। ਬਚੇ ਹੋਏ ਵਜ਼ੀਰਾਂ ਦੀ ਅੱਖ ਵਿਚ ਰੜਕਦੇ ਨੇ। ਵਿਜੀਲੈਂਸ ਨੇ ਪੰਜ ਵਰ੍ਹਿਆਂ ਵਿੱਚ ਭ੍ਰਿਸ਼ਟਾਚਾਰ ਵਾਲੇ 1404 ਕੇਸ ਦਰਜ ਕੀਤੇ। ਸਿਰਫ਼ 11.53 ਫੀਸਦੀ ਹੀ ਗਜ਼ਟਿਡ ਅਫਸਰਾਂ ‘ਤੇ ਦਰਜ ਹੋਏ। ਦੌਲਤ ਦੇ ਪੁੱਤ ਬਾਬੇ ਨਾਨਕ ਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਵਚਨਾਂ ਨੂੰ ਭੁੱਲ ਬੈਠੇ ਹਨ। ਚੰਗਾ ਹੋਵੇ, ਬਾਬੇ ਨਾਨਕ ਦੇ 550 ਸਾਲਾਂ ਸ਼ਤਾਬਦੀ ਮੌਕੇ ਹੱਕ ਦੀ ਰੋਟੀ ਖਾਣ ਦੀ ਸਹੁੰ ਚੁੱਕ ਲੈਣ, ਦੇਖਿਓ ਫਿਰ ਨਨਕਾਣਾ ਵੀ ਦੂਰ ਨਹੀਂ ਰਹਿਣਾ।


3 comments:

  1. ਬਾਈ ਜਦੋ ਵਾੜ ਹੀ ਖੇਤ ਨੂ ਖਾਣ ਲਗ ਪਏ..ਫਿਰ ਉਥੇ ਕੀ ਬਚਨਾ ਹੈ - ਅਗੇ ਧਾੜਵੀ ਬਾਹਰੋ ਆਓਦੇ ਸੀ ਤੇ ਮੁਠੀ ਭਰ ਆਏ ਇਨਾ ਲੋਕਾ ਨੂ ਲੁਟ ਕੇ ਲੈ ਜਾਂਦੇ ਸੀ - ਪੰਡਤ ਨੇ ਨਾਮਰਦ ਕੀਤੇ ਹੋਏ ਸੀ ਲੋਕ - ਆਵਦੇ ਖਾਣ ਵਾਸਤੇ ਕਿ ਉਸ ਦੇ ਮੂਹਰੇ ਲੋਕ ਨਾ ਬੋਲਣ - ਹੁਣ ਅਸੂ ਵਰਗੇ ਵਿਚੋ ਹੀ ਖਾਈ ਜਾਂਦੇ ਹਨ
    bjp richest ਪਾਰਟੀ ਬਣ ਗਈ ਤੇ wilful defaulter 4 ਗੁਣਾ ਵਧ ਗਏ!!!
    ਸਭ ਮਲਾਈ ਖਾਂਦੇ ਹਨ - ਹੋਰ ਮੋਦੀ ਨੂ ਪੈਰ ਧੋਣ ਦਾ ਜੁਗਾੜ ਕਰਨ ਦੀ ਲੋੜ ਪਈ

    ReplyDelete
  2. ਅਖੋਤੀ ਚੌਂਕੀਦਾਰ ਹੀ ਚੋਰ ਹੈ!!!!

    ਭੋਲੀ ਭਾਲੀ ਜਨਤਾ ਨੂ ਲੁਟਣ ਵਾਸਤੇ ਚੋਰ ਨੇ ਚੌਂਕੀਦਰ ਦੀ ਚੋਰੀ ਕਰ ਕੇ ਪਾ ਲਈ

    ReplyDelete
  3. ਚੌਕੀਦਾਰ ਕੇਵਲ ਚੋਰ ਹੀ ਨਹੀਂ ਬਲਕਿ ਡਰਪੋਕ ਵੀ ਹੈ ਤਾਹੀਂ ਤਾਂ ਸਰਜੀਕਲ ਅਪ੍ਰੇਸ਼ਨ ਕਰ ਕੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਪਿੰਡ ਵਿਹਲੇ ਕਰਵਾ ਕੇ ਪਹਿਲਾਂ ਤੋਂ ਬਿਪਤਾ ਦੀ ਮਾਰ ਝੱਲ ਰਹੇ ਵਿਚਾਰਿਆਂ ਦੀ ਬਿਪਤਾ ਵਿੱਚ ਹੋਰ ਵਾਧਾ ਕਰ ਦਿੱਤਾ ਤੇ ਹਣ 350 ਅਤਵਾਦੀ ਮਾਰ ਕੇ ਇੰਟਰਨੈਸ਼ਨਲ ਫਲਾਇਟਾਂ ਬੰਦ ਕਰਵਾ ਕੇ ਹਜਾਰਾਂ ਮੁਸਾਫਰਾਂ ਨੂੰ ਬਿਪਤਾ ਵਿੱਚ ਪਸਾ ਦਿੱਤਾ। ਪਰ ਹੁਸ਼ਿਆਰ ਇੰਨਾ ਹੈ ਕਿ 17 ਮਿੰਟਾਂ ਵਿਚ 350 ਅਤਵਾਦੀ ਮਾਰ ਕੇ ਉਨ੍ਹਾਂ ਦੀ ਗਿਣਤੀ ਅਤੇ ਪਹਿਚਾਣ ਵੀ ਕਰ ਆਇਆ। ਹੈ ਨਾ ਕਮਾਲ ਦਾ ਚੌਕੀਦਾਰ?

    ReplyDelete