Sunday, November 10, 2019

                           ਵਿਚਲੀ ਗੱਲ
      ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ..!
                          ਚਰਨਜੀਤ ਭੁੱਲਰ
ਬਠਿੰਡਾ : ਫ਼ਕੀਰਾ! ਨਾਨਕੀ ਦੇ ਵੀਰਾ। ਏਦਾਂ ਜਾਣ ਨਹੀਂ ਦੇਣਾ। ਆ ਚੜ੍ਹ ਮਿੱਟੀ ਦੇ ਟਿੱਲੇ ‘ਤੇ। ਗੁਟਕੇ ਦੀ ਸਹੁੰ ਤਾਂ ਨਹੀਂ ਖਾਵਾਂਗਾ। ਬੱਸ ਮੌਨ ਹੀ ਰਹਾਂਗਾ, ਨਾ ਬੋਲਾਂਗਾ, ਨਾ ਡੋਲਾਂਗਾ। ਏਹ ਤਾਂ ਭਾਗਾਂ ਵਾਲਾ ਟਿੱਲੈ, ਜਿਨ੍ਹਾਂ ਦਰਸ਼ਨ ਦੀਦਾਰੇ ਕੀਤੇ, ਵਡਭਾਗੇ ਬਣ ਗਏ। ਟਿੱਲਾ ਵੀ ਪੁਰਾਣਾ ਤੇ ਦੂਰਬੀਨ ਵੀ। ਜ਼ੀਰੋ ਲਾਈਨ ਉਸ ਤੋਂ ਵੀ ਪੁਰਾਣੀ। ਡੇਰਾ ਬਾਬਾ ਨਾਨਕ ਜਿਥੋਂ ਨਾਨਕ ਦੇ ਖੇਤ ਦੂਰ ਨਹੀਂ। ਦੂਰਬੀਨ ’ਚੋਂ ਹੀ ਦੇਖਦੇ ਰਹੇ। ਲਾਂਘਾ ਤਾਂ ਹੁਣ ਖੁੱਲ੍ਹਿਐ। ਦਿਲਾਂ ਦਾ ਪਤਾ ਨਹੀਂ। ਮਾਲਕਾ ਸ਼ੁਕਰ ਐ, ਅਰਦਾਸ ਪੂਰੀ ਹੋ ਗਈ। ਗੈਲੀਲੀਓ, ਤੇਰਾ ਕਿਵੇਂ ਧੰਨਵਾਦ ਕਰਾਂ। ਧੰਨ ਕਰ ਦਿੱਤਾ, ਦੂਰਬੀਨ ਜੋ ਬਣਾਈ। ਅੱਖੀਆਂ ਨੂੰ ਰੱਜ ਆ ਗਿਆ। ਹੁਣ ਚੁੱਪ ਦਾ ਦਾਨ ਵੀ ਬਖਸ਼ੋ। ਪ੍ਰਾਹੁਣੇ ਮੁੱਦਤਾਂ ਬਾਅਦ ਆਏ ਨੇ। ਫਕੀਰਾ, ਦੇਖ ਕਿੰਨਾ ਉੱਚਾ ਟਿੱਲੈ। ਦੂਰਬੀਨ ਆਪਣੇ ਖੇਤਾਂ ਤੋਂ ਹਟਾ। ਫੜ ਲੈ ਮੁੱਠਾ, ਰੱਖ ਲੈ ਅੱਖ, ਹੁਣ ਥੋੜ੍ਹੀ ਜੇਹੀ ਘੁੰਮਾ। ਤੈਨੂੰ ਵਚਨ ਦਿੱਤੈ।ਅੱਜ ਮੂੰਹ ਨਹੀਂ ਖੋਲਾਂਗਾ। ਆ ਤੈਨੂੰ ਦੂਰਬੀਨ ’ਚੋਂ ਦਿਖਾਵਾਂ। ਸੱਜਣ ਨਾਲੋਂ ਵੱਡੇ ਠੱਗ। ਕੌਡੇ ਰਾਖ਼ਸ਼ਾਂ ਦੇ ਵੱਗ। ਠਰ੍ਹੰਮੇ ਨਾਲ ਵੇਖੀ, ਵਲੀ ਕੰਧਾਰੀ ਕਰਦੇ ਜੱਗ। ਕੱਤਕ ਮਹੀਨਾ, ਤਾਂਹੀ ਠਰੀ ਏ, ਉਂਝ ਦੂਰਬੀਨ ਦੀ ਰੇਂਜ ਬੜੀ ਏ। ਅੌਹ ਦੇਖ, ਬਠਿੰਡੇ ਵਾਲਾ ਕਿਲਾ। ਥੋੜੀ ਕੁ ਘੁੰਮਾ, ਅੌਹ ਐ ਪਿੰਡ ਬਾਦਲ। ਵੀਆਈਪੀ ਸ਼ਮਸ਼ਾਨਘਾਟ ਦੇਖ ਕਿੰਨਾ ਸੋਹਣੈ।। ਵੱਡੇ ਸਰਦਾਰਾਂ ਲਈ ਰਾਖਵਾਂ ਹੈ।
               ਭਾਗਾਂ ਵਾਲੈ ਪਿੰਡ ਬਾਦਲ। ਕੌਣ ਕਹਿੰਦੈ, ਵੀਆਈਪੀ ਯੁੱਗ ਨਹੀਂ ਰਿਹਾ। ਪਿੰਡ ਬਾਦਲ ’ਚ ਇੱਕ ਹੋਰ ਸ਼ਮਸ਼ਾਨਘਾਟ ਹੈ।। 24 ਘੰਟੇ ਖੁੱਲ੍ਹੇ ਰਹਿੰਦਾ ਹੈ। ਉਹ ਆਮ ਲੋਕਾਂ ਦਾ ਹੈ। ਚਾਰ ਗੁਰਦੁਆਰੇ, ਦੋ ਮੰਦਰ ਤੇ ਇੱਕ ਮਸੀਤ ਵੀ ਹੈ। ਕੋਈ ਵਾਲ ਵਿੰਗਾ ਨਹੀਂ ਕਰ ਸਕਿਆ, ਕੁਣੱਖੀ ਸੋਚ ਦਾ। ਹੁਣ ਦੂਜੇ ਪਾਸੇ ਘੁੰਮਾ। ਪਟਿਆਲਾ ਸ਼ਾਹੀ ਸ਼ਹਿਰ। ਸ਼ਾਹੀ ਸਮਾਧਾਂ ਵੀ ਵੇਖ।। ਫਕੀਰਾ ਬੋਲੀ ਨਾ, ਬੱਸ ਵੇਖੀ ਜਾ। ਅੌਹ ਤਾਂ ਪਿੰਡ ਲੌਂਗੋਵਾਲ ਐ। ਆਪਣੇ ਸ਼੍ਰੋਮਣੀ ਕਮੇਟੀ ਵਾਲੇ ਪ੍ਰਧਾਨ ਸਾਹਿਬ ਦਾ। ਸੱਤ ਸ਼ਮਸ਼ਾਨਘਾਟ ਨੇ, ਗੁਰਦੁਆਰੇ ਛੇ। ਅੌਹ ਬੇਗੋਵਾਲ ਵੀ ਵੇਖ, 10 ਗੁਰਦੁਆਰੇ ਨੇ, ਤਿੰਨ ਸ਼ਮਸ਼ਾਨਘਾਟ। ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਰਹੇ ਨੇ। ਤੇਰੇ ਜ਼ਮਾਨੇ ਲੱਦ ਗਏ। ਜਾਤ ਪਾਤ, ਊਚ ਨੀਚ। ਨਹੁੰਆਂ ’ਚੋਂ ਕਿਵੇਂ ਕੱਢੀਏ। ਦੂਰਬੀਨ ਥੋੜ੍ਹੀ ਨੀਵੀਂ ਕਰ। ਅੌਹ ਦੇਖ, ਪਿੰਡ ਮਾਝਾ (ਸੰਗਰੂਰ) ਵਾਲੇ, ਪਟਿਆਲਾ ਦੇ ਅਬਲੋਵਾਲ ਤੇ ਗੋਬਿੰਦਪੁਰ ਵਾਲੇ ਵੀ। ਤੈਨੂੰ ਧਿਆਇਆ, ਫਰਕ ਮਿਟਾਇਆ, ਸ਼ਮਸ਼ਾਨਘਾਟ ਇੱਕ ਕਰ ਲਏ। ਕਿਤੇ ਫਕੀਰਾ, ਪਹਿਲਾਂ ਆਉਂਦਾ, ਤੈਨੂੰ ਦਿਖਾਉਂਦਾ, ਡਾ. ਧਰਮਵੀਰ ਗਾਂਧੀ ਰੌਲਾ ਪਾਉਂਦਾ। ਸ਼ਮਸ਼ਾਨਘਾਟ ਇੱਕ ਬਣਾਓ, ਫੰਡ ਲੈ ਜਾਓ। 140 ਪਿੰਡ ਜਾਗ ਪਏ। ਜਿਉਂਦੇ ਜੀਅ ਇਕੱਠੇ ਹੋ ਗਏ। ਫਫੜੇ ਭਾਈਕੇ (ਮਾਨਸਾ) ਦੇ ਖਾਨੇ ਫਿਰ ਨਹੀਂ ਪਈ।
              ਮਾਪੇ ਬਿਮਾਰ ਪੈ ਗਏ, ਦਲਿਤ ਕੁੜੀ ਗੁਰੂ ਘਰ ਗਈ।  ਡੋਲੂ ’ਚ ਲੰਗਰ ਲੈ ਕੇ ਮੁੜੀ, ਭਾਈ ਜੀ, ਪੈ ਨਿਕਲਿਐ। ਥਾਏਂ ਢੇਰੀ ਕਰਾ ਲਿਆ। ‘ਸਾਡਾ ਵੀ ਕੋਈ ਜੀਣਾ ਏ’ ਇਹ ਸੋਚ ਕੁੜੀ ਜ਼ਿੰਦਗੀ ਤੋਂ ਖ਼ਫਾ ਹੋ ਗਈ। ਡਾਕਟਰਾਂ ਨੇ ਮਸਾਂ ਬਚਾਈ। ਹੁਣ ਮਾਪੇ ਪਿੰਡ ਹੀ ਛੱਡ ਗਏ। ਫਕੀਰਾ, ਤੇਰਾ ਕਿਹਾ ਸਿਰ ਮੱਥੇ। ਗੁਰੂ ਦੀ ਗੋਲਕ ਤਾਂ ਹੈ। ਅੰਤਰਯਾਮੀ ਐਂ, ਤੂੰ ਦੱਸ ਮੂੰਹ ਕਿਸਦੈ। ਚੁੱਪ ’ਚ ਭਲੀ ਐ। ਯਮਲੇ ਜੱਟ ਦੀ ਤੂੰਬੀ ਅਖੀਰ ਤੱਕ ਤੁਣਕੀ ‘ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ’। ਕਿੱਥੇ ਕਿੱਥੇ ਚਾਨਣ ਵੰਡੇਗਾ। ਏਹ ਤਾਂ ਜਵਾਰਭਾਟੇ ਨੇ। ਸੁਲਤਾਨਪੁਰ ਵੱਲ ਘੁੰਮਾਈ ਦੂਰਬੀਨ। ਦੋ ਦਿਨਾਂ ਮਗਰੋਂ, ਸਟੇਜਾਂ ’ਤੇ ਸਜ ਧੱਜ ਕੇ ਬੈਠੇ ਹੋਣਗੇ। ਰੌਲਾ ਮੇਲਾ ਲੁੱਟਣ ਦਾ ਹੈ। ਪੂਰੀ ਵਾਹ ਤਾਂ ਲਾਉਣਗੇ ਪਰ ਥਾਹ ਨਹੀਂ ਪਾਉਣਗੇ, ਤੇਰੀ ਸੋਚ ਦਾ। ਅੌਹ ਦੇਖ ਫਕੀਰਾ, ਪੂਰੇ ਪੰਜਾਬ ’ਚ ਥਾਂ ਥਾਂ ਫਲੈਕਸ ਲਾ ਦਿੱਤੇ ਨੇ, ‘ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ।’‘ਉੱਡਦੇ ਪੰਛੀ‘ ਨੇ ਮੱਤ ਦਿੱਤੀ ਐ। ਏਨਾ ਖਰਚਾ ਕਰਨ ਦੀ ਕੀ ਲੋੜ ਸੀ। ਇਕੱਲੇ ਹਾਕਮਾਂ ਦੇ ਘਰਾਂ ਅੱਗੇ ਫਲੈਕਸ ਸਜਾ ਦਿੰਦੇ। ਆਮ ਲੋਕਾਂ ਨੂੰ ਪਤਾ ਹੀ ਹੈ ਗੰਢਿਆਂ ਦਾ ਭਾਅ। ਗੁਰਬਤ ਨਿੱਤ ਹੁੱਜਾਂ ਮਾਰਦੀ ਹੈ। ਭੁੱਖਿਆਂ ਨੀਂਦ ਨਾ ਆਂਵਦੀ, ਜੇ ਕੋਈ ਆਖੇ ਸੌਂ, ਨੀਂਦਾਂ ਫਿਰ ਕਿਥੇ। ਅੱਕੀਂ ਪਲਾਹੀ ਹੱਥ ਨਿਰਮਲਾ ਸੀਤਾਰਾਮਨ ਮਾਰ ਰਹੀ ਹੈ। ਮਹਿੰਗਾਈ ਕੋਠੇ ਚੜ੍ਹੀ ਐ। ਢਿੱਡਾਂ ਵਿਚ ਚੂਹੇ ਨੱਚ ਰਹੇ ਨੇ।
                ਸੰਤ ਰਾਮ ਉਦਾਸੀ ਵੀ ਖ਼ਬਰਦਾਰ ਕਰ ਰਿਹੈ ‘ਇੱਥੇ ਕਲਾ ਤੇ ਕਿਰਤ ’ਤੇ ਪਏ ਲੋਟੀ, ਬਾਣੀ ਸੁਣਨ ਤੋਂ ਲੋਕਾਂ ਜਵਾਬ ਦੇਣੈ, ਤੂੰ ਵੀ ਮਹਿੰਗਾਈ ਦੀ ਤੰਗੀ ਤੋਂ ਤੰਗ ਆ ਕੇ, ਰੋਟੀ ਲਈ ਅੱਜ ਵੇਚ ਰਬਾਬ ਦੇਣੈ।’ ਅੌਹ ਤਾਂ ਹਵਾਈ ਅੱਡੈ ਫਕੀਰਾ। ਦੇਖ ਕਿੰਨੇ ਢਾਡੀ, ਕਥਾ ਵਾਚਕ ਤੇ ਕਿੰਨੇ ਗੁਰੂ ਘਰਾਂ ਦੇ ਸੇਵਕ ਬੈਠੇ ਨੇ। ਥੋੜ੍ਹਾ ਜ਼ੂਮ ਕਰਕੇ ਦੇਖ। ਮਾਇਆ ਛਾਇਆ ਹੋ ਗਈ, ਲੱਭਣ ਵਿਦੇਸ਼ ਚੱਲੇ ਨੇ। ਸੁਆਸਾਂ ਦੀ ਪੂੰਜੀ ਨਾਲ ਗੱਲ ਨਹੀਂ ਬਣ ਰਹੀ। ਕਾਂਗਰਸੀ ਆਖਦੇ ਨੇ, ਦਸ ਸਾਲ ਸੁੱਕੇ ਲੰਘੇ, ਸਾਡੀ ਗੱਲ ਹੁਣ ਬਣੀ ਐ। ਦੂਰਬੀਨ ਦਾ ਮੁੱਠਾ ਜ਼ਰਾ ਇਨ੍ਹਾਂ ਦੇ ਦੌਲਤਖਾਨੇ ਵੱਲ ਘੁੰਮਾ। ਪੰਜਾਬ ਦੇ 117 ਦਾਸ ਹਨ। ਇਨ੍ਹਾਂ ਦੀ ਕੁੱਲ ਸੰਪਤੀ ਵੇਖੋ। 1359.62 ਕਰੋੜ ਰੁਪਏ ਬਣਦੀ ਹੈ। ਏਹ ਸਿਰਫ ਇੱਕ ਨੰਬਰ ਵਾਲੀ ਕਮਾਈ ਹੈ। ਕਮਾਈ ਤਾਂ ਅਮਿਤ ਸ਼ਾਹ ਦੇ ਮੁੰਡੇ ਦੀ ਵੀ ਵਧੀ ਐ ਅਮਰਵੇਲ ਵਾਂਗੂ।  25 ਕਰੋੜ ਲੋਕਾਂ ਦਾ ਗਰੀਬੀ ਰੇਖਾ ਨੂੰ ਹੱਥ ਨਹੀਂ ਪੈ ਰਿਹਾ। ਦਿਨ ਦੀ ਆਮਦਨ 120 ਰੁਪਏ ਤੋਂ ਘੱਟ ਹੈ. ਫਕੀਰਾ, ਇਹ ਕਿਥੋਂ ਦਾ ਨਿਆਂ ਐ। ਦੁੱਧ ਨੂੰ ਮੱਝੀਆਂ ਦੇ ਪਾਲੀ ਤਰਸਦੇ ਨੇ। ਮਲਾਈਆਂ ਕੋਈ ਹੋਰ ਛਕ ਰਹੇ ਨੇ।
               ਮੱਝਾਂ ਦੀ ਗੱਲ ਛੱਡੋ, ਦੇਸੀ ਗਾਂ ਤਾਂ ਨਿਰਾ ਸੋਨਾ ਐ। ਕੋਈ ਭੁਲੇਖਾ ਹੈ ਤਾਂ ਦਲੀਪ ਘੋਸ਼ ਨੂੰ ਪੁੱਛ ਲਓ। ਪੱਛਮੀ ਬੰਗਾਲ ਦਾ ਭਾਜਪਾ ਪ੍ਰਧਾਨ।  ਘੋਸ਼ ਸਾਹਿਬ ਆਖਦੇ ਨੇ, ਦੇਸੀ ਗਾਂ ਮਾਂ ਹੈ, ਵਲੈਤੀ ਗਾਂ ਆਂਟੀ। ਦੇਸੀ ਗਾਂ ਸੋਨਾ ਹੈ। ਦੁੱਧ ਦਾ ਰੰਗ ਜੋ ਪੀਲੀ ਮਹਿਕ ਵਾਲਾ। ਬੰਗਾਲ ਦਾ ਇੱਕ ਕਿਰਤੀ ਗੋਲਡ ਲੋਨ ਕੰਪਨੀ ਕੋਲ ਪਹੁੰਚ ਗਿਆ। ਗਾਵਾਂ ਬਦਲੇ ਸੋਨਾ ਮੰਗਣ ਲੱਗਾ। ਫਕੀਰਾ ਤੂੰ ਹੀ ਦੱਸ, ਸੋਚ ਖ਼ਰੀ ਹੋਵੇ, ਫਿਰ ਸੋਨੇ ਦੀ ਕੀ ਲੋੜ। ਲੀਡਰਾਂ ਦੇ ਹੱਥਾਂ ਵਿਚ ਪਾਏ ਨਗ਼ ਨਾ ਦੇਖ। ਇਨ੍ਹਾਂ ਦੇ ਡੰਗ ਵੇਖ, ਕੋਬਰਾ ਰਾਹ ਛੱਡ ਦਿੰਦੈ।ਨਸ਼ੇ ਦੇ ਸੌਦਾਗਰ ਰਾਹ ਨਹੀਂ ਛੱਡ ਰਹੇ। ਅੌਰਤਾਂ ਨੂੰ ਵੀ ਕਿਸ ਰਾਹ ਪਾ ਦਿੱਤਾ ਹੈ। ਸੋਚਿਆ ਸੀ ਕਦੇ, ਸ਼ਰਾਬ ਦੇ ਠੇਕਿਆਂ ਦੀ ਮਾਲਕੀ ਅੌਰਤਾਂ ਹੱਥ ਹੋਵੇਗੀ। ‘ਚਿੱਟਾ’ ਅੌਰਤਾਂ ਨੂੰ ਵੀ ਡੰਗੇਗਾ। ਮੁਨਾਫੇ ਖਾਤਰ ਜਗ ਜਨਣੀ ਨੂੰ ਵੀ ਨਹੀਂ ਬਖਸ਼ਿਆ। ਬਾਬੇ ਦੇ ਫਲਸਫੇ ਤੋਂ ਸਭ ਦੂਰ ਨੇ। ਭਾਸ਼ਨ ਕਰਨ ਵਾਲੇ ਦੇਖੋ, ਕਿੰਨਾ ਸਵੈ-ਭਰੋਸੇ। ਸਟੇਜਾਂ ਤੋਂ ਗੱਜ ਰਹੇ ਨੇ, ਮੋਹ ਮਾਇਆ ਦੇ ਉਪਦੇਸ਼ ਦੇ ਰਹੇ ਹਨ। ਹੁਣ ਕੌਣ ਸਾਹਿਬ ਨੂੰ ਆਖੇ..! ਜਵਾਹਰ ਲਾਲ ਨਹਿਰੂ ’ਵਰਸਿਟੀ ਦੇ ਸਮਾਜ ਵਿਗਿਆਨੀ ਪ੍ਰੋ. ਸੁਰਿੰਦਰ ਸਿੰਘ ਜੋਧਕਾ ਨੇ ਕੀ ਆਖਿਆ, ਉਹ ਵੀ ਸੁਣੋ। ਹੁਣ ਬਿਮਾਰੀ ਦੇ ਇਲਾਜ ਲਈ ਬਾਬੇ ਨੂੰ ਹੀ ਮੁੜ ਆਉਣਾ ਪਊ, ਕੋਈ ਹਉਮੈ ਛੱਡਣ ਨੂੰ ਤਿਆਰ ਹੀ ਨਹੀਂ।
               ਸੰਤ ਰਾਮ ਉਦਾਸੀ ਮੁੜ ਚੇਤੇ ਆਏ ਨੇ ‘ਤੰਗ ਆਏ ਮਜ਼ਦੂਰ ਲੋਟੂਆਂ ਤੋਂ, ਤੇਰੇ ਵਰਗੇ ਦੀ ਅਗਵਾਈ ਉਡੀਕਦੇ ਨੇ, ਕੇਰਾਂ ਕੱਢੀਂ ਉਦਾਸੀ ਤੂੰ ਪੰਜਵੀਂ ਨੂੰ, ਤੇਰੇ ਲਾਲੋ ਦੇ ਭਾਈ ਉਡੀਕਦੇ ਨੇ।’ ਫਕੀਰਾ, ਉਦਾਸ ਨਾ ਹੋ, ਦੂਰਬੀਨ ਸਮੁੱਚੇ ਜਗਤ ਦੇ ਕਿਰਤੀਆਂ ਵੱਲ ਕਰ, ਸੋਚ ਦੇ ਅਸਲ ਵਾਰਸਾਂ ਨੂੰ ਵੇਖ। ਗੁਰਦਾਸਪੁਰ ਜ਼ਿਲ੍ਹੇ ਵਾਲੇ ਡਾ. ਸ਼ਿਵ ਸਿੰਘ ਨੂੰ ਸਲਾਮ। ਮੋਦੀਖਾਨਾ ਚਲਾ ਰਿਹੈ, ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਵੰਡ ਰਿਹੈ। ਉਹ ਵੀ ਕਈ ਵਰ੍ਹਿਆਂ ਤੋਂ। ਅਸਲ ਵਾਰਸ ਕਿੰਨੇ ਬਾਗੋ ਬਾਗ ਨੇ, ਲਾਘਾਂ ਖੁੱਲ੍ਹ ਗਿਐ । ਕੋਈ ਦੀਵਾ ਜਗਾ ਰਿਹਾ, ਕੋਈ ਦੀਪਮਾਲਾ ਕਰ ਰਿਹੈ। ਸਾਂਝ ਦਾ ਬੂਹਾ ਖੁੱਲ੍ਹਾ ਹੈ, ਦਿਲ ਜੁੜੇ ਨੇ। ਹੁਣ ਸਭ ਦੇਖ ਸਕਣਗੇ ਤੇਰੇ ਖੇਤਾਂ ਦੀ ਜੂਹ। ਅੱਖਾਂ ਦਾ ਤਰਸੇਂਵਾ ਮੁੱਕਿਐ। ਦੂਰਬੀਨ ਦੀ ਵੀ ਹੁਣ ਲੋੜ ਨਹੀਂ ਪੈਣੀ। ਅੱਖੀਂ ਵੇਖ ਲਿਆ ਤੂੰ ਜਗਤ ਤਮਾਸ਼ਾ। ਕਦੇ ਫੇਰਾ ਵੀ ਪਾਵੀਂ।  ਛੱਜੂ ਰਾਮ ਲਾਂਘੇ ਦੇ ਪਹਿਲੇ ਜਥੇ ਨਾਲ ਤੁਰ ਚੱਲਿਐ। ਆਖਦਾ ਹੈ ਕਿ ਬਾਬੇ ਨੂੰ ਵਚਨ ਦਿੱਤਾ, ਅੱਜ ਨਹੀਂ ਕੁਝ ਬੋਲਣਾ, ਭਾਗਾਂ ਵਾਲਾ ਦਿਨ ਐ।

No comments:

Post a Comment