Sunday, July 15, 2018

                                                         ਹਾਸ਼ੀਏ ਤੇ ਜ਼ਿੰਦਗੀ
                          ਪਿੱਪਲ ਦਿਆ ਪੱਤਿਆ ਵੇ, ਸਾਡੇ ਕਰਮੀਂ ਦਰਦ ਬੜਾ...
                                                           ਚਰਨਜੀਤ ਭੁੱਲਰ
ਤੇਜਾ ਰੁਹੇਲਾ (ਫ਼ਾਜ਼ਿਲਕਾ) : ਭਾਰਤ-ਪਾਕਿ ਸੀਮਾ ’ਤੇ ਪੈਂਦੇ ਇਸ ਪਿੰਡ ਦੇ ਨਿਆਣੇ ਤੇ ਸਿਆਣੇ ਬਿਨਾਂ ਕਸੂਰੋਂ ਸਜ਼ਾ ਭੁਗਤ ਰਹੇ ਹਨ। ਬੱਚਿਆਂ ਦੇ ਚਿੱਟੇ ਸਿਰਾਂ ਤੋਂ ਬੁਢਾਪੇ ਦਾ ਝਉਲਾ ਪੈਂਦਾ ਹੈ। ਜਵਾਨ ਕੁੜੀਆਂ ਉਮਰੋਂ ਪਹਿਲਾਂ ਹੀ ਢਲ ਰਹੀਆਂ ਹਨ। ਕੋਈ ਚਮੜੀ ਦੇ ਰੋਗ ਦਾ ਭੰਨਿਆ ਪਿਆ ਹੈ ਤੇ ਕਿਸੇ ਤੋਂ ਪਥਰੀ ਦੀ ਪੀੜ ਝੱਲੀ ਨਹੀਂ ਜਾ ਰਹੀ। ਕੋਈ ਸਤਲੁਜ ਨੂੰ ਕੋਸਦਾ ਹੈ ਤੇ ਕੋਈ ਸਰਕਾਰਾਂ ਨੂੰ ਉਲਾਂਭੇ ਦਿੰਦਾ ਹੈ ਜਿਨ੍ਹਾਂ ਨੇ ਪਿੰਡ ਨੂੰ ਪੰਜੀ ਦਾ ਭੌਣ ਦਿਖਾ ਦਿੱਤਾ ਹੈ। ਚੰਡੀਗੜ੍ਹੋਂ ਕਦੇ ਕੋਈ ਠੰਢਾ ਬੁੱਲ੍ਹਾ ਇਸ ਪਿੰਡ ਨਹੀਂ ਪੁੱਜਾ। 45 ਵਰ੍ਹਿਆਂ ਦਾ ਚਿਮਨ ਸਿੰਘ ਚਮੜੀ ਰੋਗ ਤੋਂ ਪੀੜਤ ਹੈ। ਦਰਜਨਾਂ ਹੋਰ ਚਮੜੀ ਰੋਗ ਦੀ ਦਵਾਈ ਖਾ ਰਹੇ ਹਨ। ਵੀਹ ਕੁ ਬੱਚਿਆਂ ਦੇ ਸਿਰਾਂ ਦੇ ਵਾਲ ਚਿੱਟੇ ਹੋ ਗਏ ਹਨ।  ਕੌਮਾਂਤਰੀ ਸੀਮਾ ਤੇ ਕਰੀਬ ਪੰਦਰਾਂ ਕੁ ਪਿੰਡ ਦਾ ਕਲਸਟਰ ਹੈ ਜਿਨ੍ਹਾਂ ਨੂੰ ਵਰ੍ਹਿਆਂ ਤੋਂ ਜ਼ਿੰਦਗੀ ਦੇ ਝੱਖੜ ਝੱਲਣੇ ਪੈ ਰਹੇ ਹਨ। ਇੱਕ ਬੰਨ੍ਹੇ ਕੌਮਾਂਤਰੀ ਸੀਮਾ ਦੀ ਕੰਡਿਆਲੀ ਤਾਰ ਦੀ ਵਲਗਣ ਹੈ ਤੇ ਦੂਸਰੇ ਪਾਸੇ ਸਤਲੁਜ ਦਰਿਆ ਸ਼ੂਕਦਾ ਹੈ। ਅੱਧ ਵਿਚਾਲੇ ਰਾਏ ਸਿੱਖ ਬਰਾਦਰੀ ਦੇ ਲੱਖਾਂ ਲੋਕਾਂ ਦੀ ਬੇੜੀ ਫਸੀ ਹੋਈ ਹੈ ਜਿਨ੍ਹਾਂ ਨੂੰ ਲੰਮੇ ਅਰਸੇ ਤੋਂ ਸਿਆਸੀ ਮਲਾਹ ਦੀ ਉਡੀਕ ਹੈ।
                 ਪੰਜਾਬ ਦੀ ਟੇਲ ਤੇ ਪੈਂਦੇ ਪਿੰਡ ਤੇਜਾ ਰੁਹੇਲਾ ’ਚ ਪੂਰੀ ਆਬਾਦੀ ਦਲਿਤ ਭਾਈਚਾਰੇ ਦੀ ਹੈ। ਪਿੰਡ ’ਚ 169 ਘਰ ਤੇ 971 ਦੀ ਆਬਾਦੀ ਹੈ। ਜਲ ਸਪਲਾਈ ਮਹਿਕਮੇ ਨੇ ਪਾਣੀ ਟੈੱਸਟ ਕੀਤਾ ਤਾਂ ਪਾਣੀ ’ਚ ਪ੍ਰਤੀ ਲੀਟਰ 82.2 ਐਮ.ਜੀ ਯੂਰੇਨੀਅਮ ਨਿਕਲਿਆ। ਯੂਰੇਨੀਅਮ ਨੂੰ ਬੰਬ ਦੱਸਣ ਵਾਲੇ ਘਰਾਂ ਦੀ ਕੋਈ ਕਮੀ ਨਹੀਂ। ਤੇਜਾ ਰੁਹੇਲਾ ਦੇ 12-13 ਬੱਚੇ ਪਹਿਲਾਂ ਹੀ ਅਪੰਗਤਾ ਦਾ ਸ਼ਿਕਾਰ ਹਨ ਜਿਨ੍ਹਾਂ ਲਈ ਅਪੰਗਤਾ ਕੇਂਦਰ ਚੱਲ ਰਿਹਾ ਹੈ। ਪੰਜਵੀਂ ’ਚ ਪੜ੍ਹਦੀ ਸਿਮਰਨ ਅੱਖਾਂ ਦੀ ਜੋਤ ਗੁਆ ਚੁੱਕੀ ਹੈ। ਨੈਣਾਂ ਨੂੰ ਤਰਸਦੀ ਇੱਕ ਬੱਚੀ ਮੌਤ ਦੇ ਮੂੰਹ ਜਾ ਪਈ ਹੈ। ਦੋ ਬੱਚੀਆਂ ਦੇ ਇਲਾਜ ਲਈ ਜਸਮੀਰ ਸਿੰਘ ਹਰ ਕੋਨੇ ’ਤੇ ਗਿਆ। ਤਿੰਨ ਵਰ੍ਹਿਆਂ ਦੇ ਬੱਚੇ ਪ੍ਰਿੰਸ ਅਤੇ19 ਵਰ੍ਹਿਆਂ ਦੇ ਨੌਜਵਾਨ ਦਾਰਾ ਸਿੰਘ ਵੀ ਸਿਰ ਚਿੱਟਾ ਹੋਣ ਲੱਗਾ ਹੈ। ਸਤਲੁਜ ਤੋਂ ਪਾਰ ਪੈਂਦੇ ਹਰ ਪਿੰਡ ਦੀ ਇੱਕੋ ਕਹਾਣੀ ਹੈ। ਪਿੰਡ ਦੋਦਾ ਨਾਨਕਾ ਦੇ ਪ੍ਰਾਇਮਰੀ ਸਕੂਲ ’ਚ ਪੜ੍ਹਦੇ ਕਰੀਬ 25 ਬੱਚਿਆਂ ਦੇ ਸਿਰ ਚਿੱਟੇ ਹੋਣ ਲੱਗੇ ਹਨ। ਬੱਚੀ ਪੂਨਮ ਰਾਣੀ ਸਿਰ ਢੱਕ ਕੇ ਰੱਖਦੀ ਹੈ। ਮੁੱਖ ਅਧਿਆਪਕ ਲਵਜੀਤ ਗਰੇਵਾਲ ਦੱਸਦੇ ਹਨ ਕਿ ਅੱਠ ਦਸ ਬੱਚੇ ਤਾਂ ਵਾਲਾਂ ਨੂੰ ਰੰਗ ਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਚਮੜੀ ਰੋਗ ਤੇ ਦੰਦਾਂ ਦੀ ਖ਼ਰਾਬੀ ਉਸ ਤੋਂ ਵੀ ਮਾੜੀ ਹੈ।
         ਪੰਜਾਬੀ ਟ੍ਰਿਬਿਊਨ ਦੀ ਟੀਮ ਨੇ ਇਨ੍ਹਾਂ ਪਿੰਡਾਂ ਦੇ ਦੁੱਖਾਂ ਤੇ ਭੁੱਖਾਂ ਨੂੰ ਨੇੜਿਓ ਵੇਖਣ ਦੀ ਕੋਸ਼ਿਸ਼ ਕੀਤੀ। ਦੋਨਾ ਨਾਨਕਾ ਦੇ ਖੇਤਾਂ ’ਚ ਝੋਨਾ ਲਾਉਂਦੀ ਰਾਜੋ ਸ਼ਕਲੋਂ ਵੇਖਣ ਨੂੰ ਵੱਡੀ ਉਮਰੇ ਦੀ ਜਾਪਦੀ ਸੀ। ਉਸ ਨੇ ਆਪਣੀ ਉਮਰ 18 ਸਾਲ ਦੱਸੀ ਪ੍ਰੰਤੂ ਬਜ਼ੁਰਗੀ ਝਉਲਾ ਉਸ ਦੇ ਚਿਹਰੇ ਤੋਂ ਨਜ਼ਰ ਪੈਂਦਾ ਸੀ। ਮਹਿਲਾ ਸੁਰਜੀਤ ਕੌਰ ਤੇ ਕਸ਼ਮੀਰ ਕੌਰ ਨੇ ਆਖਿਆ ਕਿ ‘ਜ਼ਿੰਦਾ ਰੂਹਾਂ ਭਟਕ ਰਹੀਆਂ ਹਾਂ, ਹੁਣ ਤਾਂ ਮੌਤ ਹੀ ਮਿਲ ਜਾਏ।’ ਮਦਨ ਸਿੰਘ ਦੱਸਦਾ ਹੈ ਕਿ ਦਸ ਮਹੀਨੇ ਸਤਲੁਜ ਦਾ ਜ਼ਹਿਰੀਲਾ ਪਾਣੀ ਰੰਜ ਕੱਢਣਾ ਹੈ ਤੇ ਦੋ ਮਹੀਨੇ ਹੜ੍ਹ ਖੇਤ ਵਿਛਾਉਂਦੇ ਹਨ। ਅੌਰਤਾਂ ਨੇ ਆਖਿਆ ਕਿ ਉਨ੍ਹਾਂ ਦੇ ਹਿੱਸੇ ਤਾਂ ਕੋਈ ਦਵਾਖ਼ਾਨਾ ਨਹੀਂ ਆਇਆ। ਆਰ.ਐਮ.ਪੀ ਡਾ. ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿੰਡ ’ਚ ਕਰੀਬ 30 ਚਮੜੀ ਰੋਗਾਂ ਦੇ ਕੇਸ ਹਨ। ਕੈਲਾਸ਼ ਰਾਣੀ ਨੇ ਪਿੱਤੇ ’ਚ ਪਥਰੀ ਹੋਣ ਦੀ ਗੱਲ ਦੱਸੀ। ਇਨ੍ਹਾਂ 15 ਪਿੰਡਾਂ ਵਿਚ ਸਿਰਫ਼ ਮਹਾਤਮ ਨਗਰ ’ਚ ਇੱਕੋ ਇੱਕ ਡਿਸਪੈਂਸਰੀ ਹੈ ਜੋ ਬੰਦ ਪਈ ਹੈ। ਇਨ੍ਹਾਂ ਲੋਕਾਂ ਦੀ ਜ਼ਿੰਦਗੀ ਆਰ.ਐਮ.ਪੀ ਡਾਕਟਰਾਂ ਸਹਾਰੇ ਹੈ। ਜਦੋਂ ਕੋਈ ਐਮਰਜੈਂਸੀ ਪੈਂਦੀ ਹੈ ਤਾਂ ਫ਼ਾਜ਼ਿਲਕਾ ਜਾਣਾ ਪੈਂਦਾ ਹੈ।
                ਐਮਰਜੈਂਸੀ ਕੇਸਾਂ ਮੌਕੇ ਫ਼ਾਜ਼ਿਲਕਾ ਦਾ ਰੇਲ ਫਾਟਕ ਵੀ ਪ੍ਰੀਖਿਆ ਲੈਂਦਾ ਹੈ। ਗੱਠਜੋੜ ਸਰਕਾਰ ਸਮੇਂ ਫ਼ਾਜ਼ਿਲਕਾ ਹਲਕੇ ਦਾ ਵਿਧਾਇਕ ਹੀ ਸਿਹਤ ਮੰਤਰੀ ਦੀ ਕੁਰਸੀ ਤੇ ਬੈਠਾ ਸੀ ਜਿਸ ਨੂੰ ਇਹ ਪਿੰਡ ਨਜ਼ਰ ਨਹੀਂ ਪਏ। ਪਿੰਡ ਮੁਹਾਰ ਸੋਨਾ ਦੇ ਪਾਣੀ ਦੀ ਟੈਸਟਿੰਗ ਮੌਕੇ ਯੂਰੇਨੀਅਮ ਸਾਹਮਣੇ ਆਇਆ। ਇਹੋ ਪਾਣੀ ਲੋਕ ਪੀਂਦੇ ਹਨ। ਇਨ੍ਹਾਂ ਪਿੰਡਾਂ ’ਚ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੇ ਵੱਡੇ ਵੱਡੇ ਪੋਸਟਰ ਥਾਂ ਥਾਂ ਲੱਗੇ ਹੋਏ ਹਨ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਫ਼ਾਜ਼ਿਲਕਾ2) ਸ਼ਾਮ ਸ਼ੁੰਦਰ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਬਲਾਕ ਦੇ 22 ਸਕੂਲਾਂ ਦੇ ਪਾਣੀ ਦੇ ਨਮੂਨੇ ਫ਼ੇਲ੍ਹ ਆਏ ਹਨ ਜਿਨ੍ਹਾਂ ਚੋਂ ਜ਼ਿਆਦਾ ਸਤਲੁਜ ਤੋਂ ਪਾਰ ਪੈਂਦੇ ਸਕੂਲਾਂ ਦੇ ਨਮੂਨੇ ਹਨ। ਪਿੰਡ ਮੁਹਾਰ ਜਮਸ਼ੇਰ ਸਿੰਘ ਨਾ ਜਲ ਘਰ ਹੈ ਅਤੇ ਨਾ ਹੀ ਕੋਈ ਆਰ.ਓ ਪਲਾਂਟ। ਸਰਪੰਚ ਛੀਨਾ ਸਿੰਘ ਦੱਸਦਾ ਹੈ ਕਿ ਕੱੁਝ ਘਰ ਲਾਗਲੇ ਪਿੰਡ ਦੇ ਆਰ.ਓ ਤੋਂ ਚਾਰ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪਾਣੀ ਲੈ ਆਉਂਦੇ ਹਨ,ਬਾਕੀ ਲਈ ਨਲਕਿਆਂ ਦਾ ਪਾਣੀ ਪੀਣਾ ਮਜਬੂਰੀ ਹੈ। ਸਕੂਲ ਅਧਿਆਪਕ ਸਵੀਕਾਰ ਗਾਂਧੀ ਨੇ ਦੱਸਿਆ ਕਿ ਅਕਸਰ ਬੱਚੇ ਪੇਟ ਦਰਦ ਤੇ ਚੱਕਰ ਆਉਣ ਦੀ ਸ਼ਿਕਾਇਤ ਰੱਖਦੇ ਹਨ ਤੇ ਮੀਂਹਾਂ ਦੇ ਸਮੇਂ ਖ਼ਾਰਸ਼ ਦੀ ਸਮੱਸਿਆ ਆਉਂਦੀ ਹੈ।
                  ਤੀਸਰੀ ਕਲਾਸ ਦੀ ਬੱਚੀ ਮਨੀਸ਼ਾ ਰਾਣੀ ਦੇ ਪੰਜਾਹ ਫ਼ੀਸਦੀ ਸਿਰ ਚਿੱਟਾ ਹੈ। ਸਕੂਲ ਦੇ ਕਰੀਬ 12 ਬੱਚਿਆਂ ਦੇ ਵਾਲ ਚਿੱਟੇ ਹਨ। ਪਿੰਡ ਗੁਲਾਬਾ ਭੈਣੀ ਦੇ ਇੱਕ ਹੇਅਰ ਡਰੈਸਰ ਕੋਲ ਦਸਵੀਂ ਕਲਾਸ ਦਾ ਬੱਚਾ ਲਵਪ੍ਰੀਤ ਆਪਣੇ ਚਿੱਟੇ ਵਾਲਾਂ ਨੂੰ ਰੰਗਾ ਰਿਹਾ ਸੀ। ਹੇਅਰ ਡਰੈਸਰ ਮਲਕੀਤ ਸਿੰਘ ਨੇ ਦੱਸਿਆ ਕਿ ਛੋਟੇ ਬੱਚਿਆਂ ਦੇ ਵਾਲ ਤੇ ਦੰਦ ਜਲਦੀ ਖ਼ਰਾਬ ਹੋ ਜਾਂਦੇ ਹਨ। ਪਿੰਡ ਮਹਾਤਮ ਨਗਰ ਦੇ ਪੰਜਵੀਂ ਕਲਾਸ ਦੇ ਬੱਚੇ ਇੰਜਨੀਤ ਨੇ ਗੁਰਦੇ ਵਿਚ ਪਥਰੀ ਹੋਣ ਦੀ ਗੱਲ ਦੱਸੀ। ਪਿੰਡ ਝੰਗੜ ਭੈਣੀ ਦੀ ਆਂਗਣਵਾੜੀ ਮੁਲਾਜ਼ਮ ਸਮਿੱਤਰਾ ਦੇਵੀ ਨੇ ਦੱਸਿਆ ਕਿ ਸੁਰਤ ਸੰਭਲਣ ਤੋਂ ਪਹਿਲਾਂ ਬੱਚਿਆਂ ਦੇ ਵਾਲ ਭੂਰੇ ਹੋਣੇ ਸ਼ੁਰੂ ਹੋ ਜਾਂਦੇ ਹਨ। ਕੈਂਸਰ ਤੇ ਟੀ.ਬੀ ਦੇ ਮਰੀਜ਼ ਵੀ ਇਨ੍ਹਾਂ ਪਿੰਡਾਂ ਵਿਚ ਹਨ।  ਪਿੰਡ ਰਾਮ ਸਿੰਘ ਭੈਣੀ ਦੇ ਲੋਕਾਂ ਨੇ ਦੱਸਿਆ ਕਿ ਸਤਲੁਜ ਤੋਂ ਪਾਰ ਦੇ ਪਿੰਡਾਂ ਲਈ ਸਰਕਾਰ ਵੱਖਰਾ ਹਸਪਤਾਲ ਬਣਾਏ। ਸਭਨਾਂ ਪਿੰਡਾਂ ਨੂੰ ਇੱਕੋ ਉਡੀਕ ਹੈ ਕਿ ਕੋਈ ਸਿਆਸੀ ਮਲਾਹ ਆਏਗਾ ?
                                ਖੁਰਾਕੀ ਤੱਤਾਂ ਦੀ ਕਮੀ : ਸਿਵਲ ਸਰਜਨ
ਸਿਵਲ ਸਰਜਨ ਫ਼ਾਜ਼ਿਲਕਾ ਡਾ.ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਾਬੰਦੀ ਦੇ ਬਾਵਜੂਦ ਇਨ੍ਹਾਂ ਪਿੰਡਾਂ ਦੇ ਲੋਕ ਧਰਤੀ ਹੇਠਲਾ ਪਾਣੀ ਵਰਤ ਲੈਂਦੇ ਹਨ ਜਿਸ ਕਰਕੇ ਸਮੱਸਿਆ ਆਉਂਦੀ ਹੈ। ਹਾਲਾਂਕਿ ਇਨ੍ਹਾਂ ਪਿੰਡਾਂ ਵਿਚ ਆਰ.ਓ ਪਲਾਂਟ ਅਤੇ ਜਲ ਘਰ ਹਨ ਅਤੇ ਮਹਿਕਮੇ ਤਰਫ਼ੋਂ ਮੈਡੀਕਲ ਕੈਂਪ ਵੀ ਲਾਏ ਜਾਂਦੇ ਹਨ। ਖੁਰਾਕੀ ਤੱਤਾ ਦੀ ਕਮੀ ਕਰਕੇ ਵਾਲ ਚਿੱਟੇ ਹੋਣ ਦੀ ਸਮੱਸਿਆ ਹੈ। ਡਿਸਪੈਂਸਰੀਆਂ ਹੁਣ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਹਨ ਜਿਸ ’ਤੇ ਉਹ ਕੋਈ ਟਿੱਪਣੀ ਨਹੀਂ ਸਕਦੇ।


No comments:

Post a Comment