Monday, July 16, 2018

                                                           ਹਾਸ਼ੀਏ ਤੇ ਜ਼ਿੰਦਗੀ
                              ‘ਡਿਜੀਟਲ ਇੰਡੀਆ’ ਤੋਂ ਦੂਰ ਦਰਦਾਂ ਦਾ ‘ਟਾਪੂ’
                                                            ਚਰਨਜੀਤ ਭੁੱਲਰ
ਮੁਹਾਰ ਜਮਸ਼ੇਰ (ਫ਼ਾਜ਼ਿਲਕਾ) : ‘ਡਿਜੀਟਲ ਇੰਡੀਆ’ ਤੋਂ ਦੂਰ ਪਿੰਡ ਮੁਹਾਰ ਜਮਸ਼ੇਰ ਦੀ ਕੋਈ ਮੁਹਾਰ ਫੜਨ ਵਾਲਾ ਨਹੀਂ। ਪਾਕਿਸਤਾਨ ਨੇ ਤਿੰਨ ਪਾਸਿਓ ਇਸ ਪਿੰਡ ਨੂੰ ਵਲਿਆ ਹੋਇਆ। ਚੌਥੇ ਪਾਸਿਓ ਸਤਲੁਜ ਦਰਿਆ ਦੀ ਵਲਗਣ ਹੈ। ਦੋ ਵਰ੍ਹੇ ਪਹਿਲਾਂ ਤੱਕ ਇੱਕੋ ਬੇੜੀ ਦਾ ਸਹਾਰਾ ਪਿੰਡ ਨੂੰ ਸੀ। ਪੁਲ ਬਣਨ ਮਗਰੋਂ ਪਿੰਡ ਦੇ ਰਾਹ ਮੋਕਲੇ ਤਾਂ ਹੋਏ ਪ੍ਰੰਤੂ ਥੋੜਾਂ ਤੇ ਲੋੜਾਂ ਤੋਂ ਪਿੰਡ ਦਾ ਖਹਿੜਾ ਨਾ ਛੁੱਟਿਆ। ਸਰਕਾਰਾਂ ਲਈ ਇਹ ਸੱਤ ਬਿਗਾਨੇ ਹਨ। ਤਾਹੀਓ ਪਿੰਡ ਦੀ ਤਰੱਕੀ ਦੀ ਇੱਕੋ ਵੱਡੀ ਨਿਸ਼ਾਨੀ ਸਰਕਾਰੀ ਪ੍ਰਾਇਮਰੀ ਸਕੂਲ ਹੈ ਜਿਸ ਨੂੰ ਛੇ ਵਰ੍ਹਿਆਂ ਤੋਂ ਚਾਰਦੀਵਾਰੀ ਨਹੀਂ ਜੁੜ ਸਕੀ। ਇਨ੍ਹਾਂ ਲੋਕਾਂ ਨੂੰ ਬੱਸ ਜਿਊਂਦੇ ਹੋਣ ਦਾ ਭਰਮ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਡਿਜੀਟਲ ਭਾਰਤ’ ਇਨ੍ਹਾਂ ਨੂੰ ਬੇਗਾਨਗੀ ਤੇ ਅਲਹਿਦਗੀ ਦਾ ਅਹਿਸਾਸ ਕਰਾ ਰਿਹਾ ਹੈ। ਮੁਹਾਰ ਜਮਸ਼ੇਰ ਕੋਲ ਨਾ ਜਲ ਘਰ ਹੈ ਤੇ ਨਾ ਆਰ.ਓ ਪਲਾਂਟ, ਨਾ ਡਿਸਪੈਂਸਰੀ ਹੈ, ਨਾ ਕੋਈ ਪੱਕੀ ਗਲੀ ਨਾਲੀ ਹੈ ਤੇ ਨਾ ਪਿੰਡ ’ਚ ਕੋਈ ਛੱਪੜ। ਬੱਸ ਤਾਂ ਕਦੇ ਵੇਖੀ ਹੀ ਨਹੀਂ, ਸਿਰਫ਼ ਟੈਂਪੂ ਦੀ ਸੁਵਿਧਾ ਹੈ, ਟੈਂਪੂ ਲੈਣ ਲਈ ਵੀ ਲੋਕ ਪਹਿਲਾਂ ਢਾਈ ਕਿਲੋਮੀਟਰ ਪੈਦਲ ਚੱਲਦੇ ਹਨ। ਪਿੰਡ ਦਾ ਨਾ ਕੋਈ ਸਰਕਾਰੀ ਮੁਲਾਜ਼ਮ ਹੈ ਤੇ ਨਾ ਕੋਈ ਐਨ.ਆਰ.ਆਈ। ਪਖਾਨੇ ਵੀ ਹੁਣੇ ਬਣਨ ਲੱਗੇ ਹਨ। 
                 ਏਦਾ ਦਾ ਹਾਲ ਸਤਲੁਜ ਪਾਰ ਕਰੀਬ ਪੰਦਰਾਂ ਪਿੰਡਾਂ ਦਾ ਹੈ ਜੋ ਚਮਕਦੇ ਭਾਰਤ ’ਚ ਦੁੱਖਾਂ ਦਾ ਟਾਪੂ ਜਾਪਦੇ  ਹਨ। ਇਨ੍ਹਾਂ ਪਿੰਡਾਂ ’ਚ ਬਹੁਗਿਣਤੀ ਦਲਿਤ ਭਾਈਚਾਰੇ ਦੀ ਹੈ। ਬੱਸ ਸਰਵਿਸ ਕਿਸੇ ਪਿੰਡ ’ਚ ਨਹੀਂ। ਕਰੀਬ 20 ਤਿੰਨ ਪਹੀਆਂ ਟੈਂਪੂ ਹੀ ਇਨ੍ਹਾਂ ਪਿੰਡਾਂ ਨੂੰ ਸ਼ਹਿਰ ਨਾਲ ਜੋੜਦੇ ਹਨ। ਮਹਾਤਮ ਨਗਰ ’ਚ ਸਿਰਫ਼ ਇੱਕ ਸਹਿਕਾਰੀ ਬੈਂਕ ਹੈ ਜੋ ਘਾਟੇ ਵਿਚ ਹੈ। ਹੋਰ ਕੋਈ ਬੈਂਕ ਨਹੀਂ ਹੈ, ਨਾ ਕਿਸੇ ਪਿੰਡ ’ਚ ਏ.ਟੀ.ਐਮ ਹੈ। ਇੱਥੋਂ ਤੱਕ ਇਸ ਟਾਪੂ ’ਚ ਕੋਈ ਤੇਲ ਪੰਪ ਵੀ ਨਹੀਂ ਹੈ। ਕਰਿਆਨੇ ਦੀਆਂ ਦੁਕਾਨਾਂ ਤੇ ਬੋਤਲਾਂ ਵਿਚ ਪੈਟਰੋਲ ਵਿਕਦਾ ਹੈ। ਸਰਕਾਰ ਨੇ ਸ਼ਰਾਬ ਦਾ ਠੇਕਾ ਤਕਰੀਬਨ ਹਰ ਪਿੰਡ ਖੋਲ੍ਹਿਆ ਹੈ। ਸਿਰਫ਼ ਪਿੰਡ ਝੰਗੜ ਭੈਣੀ ’ਚ ਸੀਨੀਅਰ ਸੈਕੰਡਰੀ ਸਕੂਲ ਤੇ ਮੁਹਾਰ ਸੋਨਾ ’ਚ ਹਾਈ ਸਕੂਲ ਹੈ। ਬਾਕੀ ਪਿੰਡਾਂ ਵਿਚ ਪ੍ਰਾਇਮਰੀ ਸਕੂਲ ਹਨ। ਨਾ ਕੋਈ ਖੇਡ ਸਟੇਡੀਅਮ ਹੈ ਅਤੇ ਨਾ ਕਿਸੇ ਪਿੰਡ ਵਿਚ ਪੱਕੀ ਕੋਈ ਗਲੀ ਨਾਲੀ ਹੈ। ਗੁਲਾਬਾ ਭੈਣੀ ਦਾ ਨੌਜਵਾਨ ਮਨਜੀਤ ਸਿੰਘ ਆਖਦਾ ਹੈ ਕਿ ਗ਼ਰੀਬੀ ਨੇ ਲੋਕਾਂ ਨੂੰ ਗ਼ਸ਼ ਪਾ ਦਿੱਤੇ ਹਨ।
                 ਲੋਕਾਂ ਨੇ ਗਿਲਾ ਕੀਤਾ ਕਿ ਇਕੱਲੀ ਸਰਕਾਰ ਨਹੀਂ, ਉਨ੍ਹਾਂ ਦੀ ਵਾਰੀ ਤਾਂ ਰੱਬ ਵੀ ਲੰਮੀਆਂ ਤਾਣ ਕੇ ਸੌ ਗਿਆ ਜਾਪਦਾ ਹੈ। ਪਿੰਡ ਰਾਮ ਸਿੰਘ ਭੈਣੀ ਤੇ ਝੰਗੜ ਭੈਣੀ ਦੇ ਸਰਪੰਚ ਨੇ ਵਿਕਾਸ ਲਈ ਪੰਜਾਹ ਲੱਖ ਦੇ ਫ਼ੰਡਾਂ ਦੀ ਲੋੜ ਦੱਸੀ। ਦਰਿਆਈ ਪਾਣੀ ਦੀ ਮਾਰ ਤੋਂ ਕੋਈ ਸਾਲ ਮਸਾਂ ਸੁੱਕਾ ਲੱਗਦਾ ਹੈ। ਟੈਂਪੂ ਚਾਲਕ ਮਹਿੰਦਰ ਸਿੰਘ ਆਖਦਾ ਹੈ ਕਿ ਇਹ ਟਾਪੂ 20 ਸਾਲ ਪਿੱਛੇ ਹੈ। ਰਾਏ ਸਿੱਖ ਬਰਾਦਰੀ ਏਨੀ ਬਹਾਦਰ ਕੌਮ ਹੈ ਕਿ ਖ਼ੁਦਕੁਸ਼ੀ ਦੇ ਰਾਹ ਤੋਂ ਦੂਰ ਹੈ। ਉਨ੍ਹਾਂ ਦੀ ਖੁਆਹਿਸ਼ ਤੇ ਸੁਪਨੇ ਜ਼ਰੂਰ ਹਰ ਦਿਨ ਖ਼ੁਦਕੁਸ਼ੀ ਕਰਦੇ ਹਨ। ਇਨ੍ਹਾਂ ਪਿੰਡਾਂ ’ਚ ਪੰਜ ਆਂਗਣਵਾੜੀ ਸੈਂਟਰ ਹਨ। ਪਿੰਡ ਰਾਮ ਸਿੰਘ ਭੈਣੀ ’ਚ ਆਂਗਣਵਾੜੀ ਸੈਂਟਰ ਗੁਰੂ ਘਰ ਵਿਚ ਚੱਲਦਾ ਹੈ। ਨਾ ਬਿਜਲੀ ਹੈ ਤੇ ਨਾ ਕੋਈ ਪੱਖਾ। ਜਦੋਂ ਸਤਲੁਜ ’ਚ ਹੜ੍ਹ ਆਉਂਦਾ ਹੈ ਤਾਂ ਸਭ ਸਕੂਲਾਂ ’ਚ ਛੁੱਟੀ ਹੋ ਜਾਂਦੀ ਹੈ। ਦੋਨਾ ਨਾਨਕਾ ਸਮੇਤ ਹੋਰਨਾਂ ਪਿੰਡਾਂ ਦੀਆਂ ਗਲੀਆਂ ਵਿਚ ਥਾਂ ਥਾਂ ਗੋਬਰ ਕੰਧਾਂ ਤੇ ਚੜ੍ਹਿਆ ਨਜ਼ਰ ਪੈਂਦਾ ਹੈ। ਇਕਲੌਤੀ ਲਿੰਕ ਸੜਕ ’ਤੇ ਥਾਂ ਥਾਂ ਚਿੱਕੜ ਹੈ।
                ਇਨ੍ਹਾਂ ਪਿੰਡਾਂ ’ਚ ਟਾਵੇਂ ਸਰਕਾਰੀ ਮੁਲਾਜ਼ਮ ਹਨ। ਫ਼ੌਜ ਵਿਚ ਹਨ ਜਾਂ ਫਿਰ ਕੋਈ ਪੁਲੀਸ ਮੁਲਾਜ਼ਮ। ਰੇਤੇ ਵਾਲੀ ਭੈਣੀ ਦੇ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਪੰਦਰਾਂ ਪਿੰਡਾਂ ਵਿਚ ਤਾਂ ਬਾਹਰੋ ਕੋਈ ਰਿਸ਼ਤਾ ਕਰਨ ਨੂੰ ਤਿਆਰ ਨਹੀਂ ਹੁੰਦਾ। ਅਖੀਰ ਇਨ੍ਹਾਂ ਪਿੰਡਾਂ ਦੇ ਰਿਸ਼ਤੇ ਨਾਤੇ ਆਪਸ ਵਿਚ ਹੀ ਤੈਅ ਹੁੰਦੇ ਹਨ। ਮਜਬੂਰੀ ’ਚ ਕਈ ਦਫ਼ਾ ਨੇੜਲੇ ਰਿਸ਼ਤਿਆਂ ’ਚ ਵਿਆਹ ਕਰਨੇ ਪੈਂਦੇ ਹਨ। ਗੁਲਾਬਾ ਭੈਣੀ ’ਚ ਨੌਜਵਾਨ ਹਰਪ੍ਰੀਤ ਸਿੰਘ ਨੇ ਇਸ ਨੂੰ ਵੱਡੀ ਸਮੱਸਿਆ ਦੱਸਿਆ ਕਿ ਇੱਥੇ ਕਿਸੇ ਮੋਬਾਈਲ ਦੀ ਕੋਈ ਰੇਂਜ ਨਹੀਂ ਆਉਂਦੀ। ਮਨਸ਼ਾ ਪਿੰਡ ਦੇ ਲੋਕ ਦੱਸਦੇ ਹਨ ਕਿ ਮਜਬੂਰੀ ਦਾ ਅੱਕ ਚੱਬਦੇ ਚੱਬਦੇ ਬੁੱਢੇ ਹੋ ਗਏ ਹਾਂ। ਇਨ੍ਹਾਂ ਪਿੰਡਾਂ ’ਚ ਕਿਤੇ ਜ਼ਿੰਦਗੀ ਦੀ ਧੜਕਣ ਨਹੀਂ ਸੁਣੀ। ਕਿਸੇ ਦੇ ਚਿਹਰੇ ਤੇ ਕੋਈ ਉਤਸ਼ਾਹ ਨਹੀਂ ਵੇਖਣ ਨੂੰ ਮਿਲਿਆ। ਏਦਾ ਜਾਪਿਆ ਕਿ ਲੋਕ ਬੱਸ ਜੀਅ ਰਹੇ ਹਨ। ਫ਼ਿਕਰਾਂ ਦੇ ਕੌੜੇ ਘੁੱਟ ਮਿੱਠੇ ਸਮਝ ਕੇ ਪੀ ਰਹੇ ਹਨ।
       ਤੇਜਾ ਰੁਹੇਲਾ ਦੇ ਨੌਜਵਾਨ ਦੁਕਾਨਦਾਰ ਅੰਗਰੇਜ਼ ਸਿੰਘ ਨੇ ਟਿੱਚਰ ’ਚ ਆਖਿਆ ਕਿ ਇਨ੍ਹਾਂ ਪਿੰਡਾਂ ਦੀ ਪਿੱਠ ਪਾਕਿਸਤਾਨ ਨਾਲ ਲੱਗਦੀ ਹੈ, ਸ਼ਾਇਦ ਮੋਦੀ ਸਰਕਾਰ ਇਸ ਕਰਕੇ ਪਿੰਡਾਂ ਨਾਲ ਕਿੜ ਕੱਢ ਰਹੀ ਹੈ। ਉਸ ਦੇ ਸਾਥੀ ਦੱਸਦੇ ਹਨ ਕਿ ਜਦੋਂ ਹੜ੍ਹ ਆਉਂਦੇ ਹਨ ਤਾਂ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ। ਦੋ ਤਿੰਨ ਦਿਨ ਪਹਿਲਾਂ ਇਨ੍ਹਾਂ ਪਿੰਡਾਂ ਵਿਚ ਪਟਵਾਰੀ ਹੋਕਾ ਦਿਵਾ ਗਏ ਹਨ ਕਿ ਉੱਪਰੋਂ ਪਾਣੀ ਚੜ੍ਹ ਗਿਆ ਹੈ, ਹੜ੍ਹ ਦਾ ਖ਼ੌਫ਼ ਮੁੜ ਇਨ੍ਹਾਂ ਨੂੰ ਬਣ ਗਿਆ ਹੈ। ਪੁਲੀਸ ਅਧਿਕਾਰੀ ਦੱਸਦੇ ਹਨ ਕਿ ਇਨ੍ਹਾਂ ਪਿੰਡ ਦੇ ਲੋਕ ਸ਼ਰਾਬ ਕੱਢਦੇ ਹਨ ਪ੍ਰੰਤੂ ਬਾਕੀ ਨਸ਼ਿਆਂ ਤੋਂ ਬਚਾਓ ਹੈ। ਇਨ੍ਹਾਂ ਪਿੰਡਾਂ ਵਿਚ ਕੋਈ ਵੱਡਾ ਕਮਿਊਨਿਟੀ ਸੈਂਟਰ ਵੀ ਨਹੀਂ ਹੈ। 
                ਇਨ੍ਹਾਂ ਪਿੰਡਾਂ ’ਚ ਸਿਰਫ਼ ਵੋਟਾਂ ਵੇਲੇ ਲੀਡਰ ਦਿੱਖਦੇ ਹਨ। ਰਾਏ ਸਿੱਖ ਆਗੂ ਇਨ੍ਹਾਂ ਤੋਂ ਵੋਟਾਂ ਤਾਂ ਲੈਂਦੇ ਹਨ ਪਰ ਇਨ੍ਹਾਂ ਦਾ ਜੀਵਨ ਪੱਧਰ ਕਦੇ ਛਲਾਂਗ ਨਹੀਂ ਲਾ ਸਕਿਆ। ਗੱਠਜੋੜ ਸਰਕਾਰ ਸਮੇਂ ਇਨ੍ਹਾਂ ਪਿੰਡਾਂ ’ਚ ਸਤਲੁਜ ਦਰਿਆ ਤੇ ਦੋ ਪੁਲ ਬਣੇ ਹਨ ਜਿਸ ਨਾਲ ਇਨ੍ਹਾਂ ਪਿੰਡਾਂ ਦਾ ਸੰਪਰਕ ਜੁੜਿਆ ਹੈ। ਦੋਨਾ ਨਾਨਕਾ ਦੇ ਲੋਕਾਂ ਨੇ ਮੰਗ ਰੱਖੀ ਕਿ ਉਨ੍ਹਾਂ ਦੇ ਨੇੜਲਾ ਇੱਕ ਹੋਰ ਪੁਲ ਬਣ ਜਾਵੇ ਤਾਂ ਫ਼ਾਜ਼ਿਲਕਾ ਦੀ ਵਾਟ ਸਿਰਫ਼ ਛੇ ਕਿੱਲੋਮੀਟਰ ਰਹਿ ਜਾਵੇਗੀ। ਪੰਚਾਇਤਾਂ ਦੀ ਮੰਗ ਹੈ ਕਿ ਇਨ੍ਹਾਂ ਪਿੰਡਾਂ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਅਤੇ ਕੇਂਦਰ ਸਰਕਾਰ ਸਰਹੱਦੀ ਨੌਜਵਾਨਾਂ ਲਈ ਨੌਕਰੀਆਂ ਵਿਚ ਰਾਖਵਾਂਕਰਨ ਕਰੇ। ਨੈਸ਼ਨਲ ਐਵਾਰਡੀ ਅਧਿਆਪਕ ਲਵਜੀਤ ਗਰੇਵਾਲ ਦਾ ਪ੍ਰਤੀਕਰਮ ਸੀ ਕਿ ਥੋੜੇ੍ਹ ਅਰਸੇ ਤੋਂ ਹੁਣ ਨਵੀਂ ਪੀੜੀ ਉਚੇਰੀ ਵਿੱਦਿਆ ਲਈ ਫ਼ਾਜ਼ਿਲਕਾ ਦੇ ਕਾਲਜਾਂ ਵਿਚ ਜਾਣ ਲੱਗੀ ਹੈ।
               ਮਹਾਤਮ ਨਗਰ ਦੀ ਸਹਿਕਾਰੀ ਬੈਂਕ ਦੇ ਅਧਿਕਾਰੀ ਆਖਦੇ ਹਨ ਕਿ ਬੈਂਕ ਤਾਂ ਘਾਟੇ ਵਿਚ ਹੈ ਪ੍ਰੰਤੂ ਲੋਕ ਸੇਵਾ ਲਈ ਚਲਾ ਰਹੇ ਹਨ। ਬੈਂਕ ਵਿਚ ਸਿਰਫ਼ ਮਗਨਰੇਗਾ ਵਰਕਰਾਂ ਅਤੇ ਬੁਢਾਪਾ ਪੈਨਸ਼ਨਾਂ ਦੇ ਖਾਤੇ ਹਨ। ਸਭਨਾਂ ਦੇ ਖਾਤੇ ਖ਼ਾਲੀ ਖੜਕ ਰਹੇ ਹਨ। ਇਹ ਚਾਰ ਪਿੰਡਾਂ ਦਾ ਬੈਂਕ ਹੈ ਜਿਸ ’ਚ ਹੋਰ ਕੋਈ ਲੈਣ ਦੇਣ ਹੀ ਨਹੀਂ ਹੁੰਦਾ ਹੈ। ਦੋ ਪਹੀਆ ਵਾਹਨ ਕੱੁਝ ਲੋਕਾਂ ਕੋਲ ਹਨ ਪਰ ਇਨ੍ਹਾਂ ਪਿੰਡਾਂ ਦੀ ਜ਼ਿੰਦਗੀ ਫਿਰ ਵੀ ਲੀਹ ’ਤੇ ਨਹੀਂ ਪੈ ਸਕੀ ਹੈ। ਵੱਡੇ ਲੀਡਰਾਂ ਚੋਂ ਸਾਬਕਾ ਮੱੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਪਿੰਡਾਂ ਵਿਚ ਆ ਚੁੱਕੇ ਹਨ। ਸੰਸਦ ਮੈਂਬਰ ਭਗਵੰਤ ਮਾਨ ਤਾਂ ਪੰਜ ਗੇੜੇ ਲਾ ਚੁੱਕਾ ਹੈ ਅਤੇ ਤੇਜਾ ਰੁਹੇਲਾ ਵਿਚ ਅਰਵਿੰਦ ਕੇਜਰੀਵਾਲ ਵੀ ਚੋਣਾਂ ਵੇਲੇ ਆਇਆ ਸੀ।
                             ਵਿਕਾਸ ਦਾ ਖਾਕਾ ਵਾਹਿਆ ਹੈ : ਘੁਬਾਇਆ
ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਪ੍ਰਤੀਕਰਮ ਸੀ ਕਿ ਦਸ ਵਰ੍ਹਿਆਂ ’ਚ ਐਮ.ਪੀ ਘੁਬਾਇਆ ਵਲੋਂ ਦਿੱਤੇ ਫੰਡਾਂ ਨਾਲ ਕੁਝ ਮੂੰਹ ਮੱਥਾ ਇਨ੍ਹਾਂ ਪਿੰਡਾਂ ਦਾ ਬਣਿਆ ਹੈ ਪ੍ਰੰਤੂ ਹੁਣ ਇਨ੍ਹਾਂ ਪਿੰਡਾਂ ਦੇ ਵਿਕਾਸ ਦਾ ਖਾਕਾ ਵਾਹਿਆ ਹੈ ਜਿਸ ਤਹਿਤ ਦੋ ਪੁੱਲ ,ਸਕੂਲ ,ਪੀਣ ਵਾਲੇ ਪਾਣੀ, ਸਿਹਤ ਸਹੂਲਤਾਂ ਤੇ ਗਲੀਆਂ ਨਾਲੀਆਂ ਬਣਾਈਆਂ ਜਾਣਗੀਆਂ। ਸੜਕੀਂ ਸੰਪਰਕ ’ਚ ਸੁਧਾਰ ਕੀਤਾ ਜਾਵੇਗਾ।


No comments:

Post a Comment