Tuesday, July 17, 2018

                                                          ਹਾਸ਼ੀਏ ਤੇ ਜ਼ਿੰਦਗੀ
                                       ਜ਼ੀਰੋ ਲਾਈਨ ਨੇ ਕਿਸਾਨ ਕੀਤੇ ‘ਜ਼ੀਰੋ’
                                                            ਚਰਨਜੀਤ ਭੁੱਲਰ
ਗੁਲਾਬਾ ਭੈਣੀ (ਫ਼ਾਜ਼ਿਲਕਾ) : ਕੌਮਾਂਤਰੀ ਸਰਹੱਦ ’ਤੇ ਪੈਂਦੇ ਇਸ ਪਿੰਡ ਦੇ ਕਿਸਾਨ ਹਰਦੀਪ ਸਿੰਘ ਲਈ ਜ਼ੀਰੋ ਲਾਈਨ ਕੋਲ ਖੇਤੀ ਕਰਨਾ ਜੰਗ ਤੋਂ ਘੱਟ ਨਹੀਂ। ‘ਜੈ ਕਿਸਾਨ’ ਦਾ ਨਾਅਰਾ ਉਸ ਨੂੰ ਚੁੱਭਦਾ ਹੈ। ਆਪਣੇ ਖੇਤ ਹੀ ਉਸ ਲਈ ਬਿਗਾਨੇ ਹਨ। ਜ਼ਿੰਦਗੀ ਦੇ ਇਸ ਜਾਏ ਦੀ ਆਸਾਂ ਦੀ ਤੰਦ ਕੰਡਿਆਲੀ ਤਾਰ ’ਚ ਉਲਝ ਗਈ ਹੈ। ਤਾਰ ਤੋਂ ਪਾਰ ਖਾਮੋਸ ਖੇਤ ਹਨ ਜਿਨ੍ਹਾਂ ’ਚ ਫਸਲਾਂ ਨੂੰ ਕਦੇ ਕਦੇ ਜੋਬਨ ਰੁੱਤੇ ਮਰਨਾ ਪੈਂਦਾ ਹੈ। ਕਿਸਾਨ ਹਰਦੀਪ ਸਿੰਘ ਨੂੰ ਤਾਰ ਤੋਂ ਪਾਰ ਆਪਣੇ ਹੀ ਖੇਤ ’ਚ ਸਿਰਫ ਅੱਠ ਘੰਟੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਪਾਕਿਸਤਾਨ ਦੇ ਜੰਗਲੀ ਸੂਰ ਤੇ ਪਸ਼ੂ ਇਨ੍ਹਾਂ ਕਿਸਾਨਾਂ ਦੇ ਖੇਤ ਚਰ ਜਾਂਦੇ ਹਨ। ਸੁੰਨੇ ਖੇਤਾਂ ਦੇ ‘ਰਾਜੇ’ ਦੇਖਦੇ ਰਹਿ ਜਾਂਦੇ ਹਨ। ਗੁਲਾਬਾ ਭੈਣੀ ਦੇ ਐਨ ਨਾਲ ਕੰਡਿਆਲੀ ਤਾਰ ਹੈ ਜਿਸ ਦੇ ਇੱਕ ਗੇਟ ਤੇ ਬੀ.ਐਸ.ਐਫ ਦਾ ਪਹਿਰਾ ਹੈ। ਸਵਰੇ 9 ਵਜੇ ਤੋਂ ਸ਼ਾਮ ਦੇ ਪੰਜ ਵਜੇ ਤੱਕ ਕਿਸਾਨ ਤਾਰ ਤੋਂ ਪਾਰ ਪਾਸ ਦਿਖਾ ਕੇ ਖੇਤੀ ਲਈ ਜਾਂਦੇ ਹਨ। ਕਿਸਾਨ ਸੁਖਦੇਵ ਸਿੰਘ ਨੇ ਬੇਵਸੀ ਬਿਆਨੀ ਕਿ ‘ਅੌਹ ਸਾਹਮਣੇ ਖੇਤਾਂ ’ਚ ਪਾਕਿਸਤਾਨ ਬੰਨਿਓ ਪਸ਼ੂ ਆ ਕੇ ਖੇਤ ਖਾਲੀ ਕਰ ਜਾਂਦੇ ਹਨ, ਉਨ੍ਹਾਂ ਕੋਲ ਕੋਈ ਚਾਰਾ ਨਹੀਂ ਬਚਦਾ।’ ਇਸ ਪੱਤਰਕਾਰ ਨੇ ਦੇਖਿਆ ਕਿ ਬੀ.ਐਸ.ਐਫ ਜਵਾਨਾਂ ਨੇ ਇੱਕ ਕਿਸਾਨ ਦੀ ਪੰਡ ਖੋਲ ਕੇ ਝੋਨੇ ਦੀ ਪਨੀਰੀ ਦੀ ਤਲਾਸ਼ੀ ਲਈ ,ਫਿਰ ਉਸ ਨੂੰ ਤਾਰ ਤੋਂ ਪਾਰ ਜਾਣ ਦਿੱਤਾ। ਦੂਸਰੇ ਕਿਸਾਨ ਦਾ ਚਾਹ ਵਾਲਾ ਡੋਲੂ ਖੁਲਵਾ ਕੇ ਚੈੱਕ ਕੀਤਾ। ਇਹ ਕਿਸਾਨ ਤਾਂ ਆਪਣਿਆਂ ਹੱਥੋਂ ਖੱਜਲ ਹੋ ਰਹੇ ਹਨ।
          ਜ਼ਿੰਦਗੀ ਦੀ ਮੌਜ ਪਿੰਡ ਮੌਜ਼ਮ ਦੇ ਕਿਸਾਨਾਂ ਦੇ ਹਿੱਸੇ ਨਹੀਂ ਆਈ। ਜਦੋਂ ਸਤਲੁਜ ਵਗਦਾ ਹੈ ਤਾਂ ਇਨ੍ਹਾਂ ਕਿਸਾਨਾਂ ਨੂੰ ਬੇੜੇ ਵਿਚ ਖੇਤਾਂ ਨੂੰ ਜਾਣਾ ਪੈਂਦਾ ਹੈ। ਜਦੋਂ ਪਾਣੀ ਘਟ ਜਾਂਦਾ ਹੈ ਤਾਂ ਉਹ ਦਰਿਆ ਵਿਚੋਂ ਦੀ ਲੰਘਦੇ ਹਨ। ਬਹੁਤੇ ਵਾਰ ਤਾਂ ਦਰਿਆ ਦੀ ਸ਼ੂਕ ਇਨ੍ਹਾਂ ਕਿਸਾਨਾਂ ਦੀ ਚੀਕ ਕਢਾ ਦਿੰਦੀ ਹੈ ਜੋ ਸਰਕਾਰਾਂ ਦੇ ਕੰਨੀਂ ਨਹੀਂ ਪੈਂਦੀ। ਪੰਜਾਬ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ਦੇ 220 ਪਿੰਡਾਂ ਦੀ 21 ਹਜ਼ਾਰ ਏਕੜ ਜ਼ਮੀਨ ਜ਼ੀਰੋ ਲਾਈਨ ਤੇ ਕੰਡਿਆਲੀ ਤਾਰ ਵਿਚਾਲੇ ਹੈ। ਫਾਜ਼ਿਲਕਾ ਦੇ 43 ਪਿੰਡਾਂ ਦੀ 4477 ਏਕੜ ਜ਼ਮੀਨ ਤਾਰ ਤੋਂ ਪਾਰ ਹੈ। ਸਤਲੁਜ ਤੋਂ ਪਾਰ ਦੇ ਪਿੰਡ ਝੰਗੜ ਭੈਣੀ ਦੇ ਕਿਸਾਨ ਜੰਗੀਰ ਸਿੰਘ ਦੀ ਛੇ ਏਕੜ ਜ਼ਮੀਨ ਤਾਰ ਤੋਂ ਪਾਰ ਹੈ। ਉਹ ਦੱਸਦਾ ਹੈ ਕਿ ਸਰਹੱਦੀ ਕਿਸਾਨਾਂ ਦੇ ਆਲ੍ਹਣੇ ਤਾਂ ਨਿੱਤ ਖਿਲਰਦੇ ਹਨ। ਇਸ ਪਿੰਡ ਦੇ 35 ਕਿਸਾਨਾਂ ਦੀ ਜ਼ਮੀਨ ਤਾਰ ਤੋਂ ਪਾਰ ਹੈ। ਨਹਿਰੀ ਪਾਣੀ ਦੀ ਮੁਸ਼ਕਲ ਵੱਡੀ ਹੈ। ਬੀ.ਐਸ.ਐਫ ਦੇ ਜਵਾਨਾਂ ਦੇ ਦਬਕੇ ਕਿਸਾਨਾਂ ਨੂੰ ਅੌਕਾਤ ਦੱਸਦੇ ਹਨ। ਫਾਜਿਲਕਾ ਦੇ ਖੇਤੀ ਵਿਕਾਸ ਅਫਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਤਾਰ ਤੋਂ ਪਾਰ ਖੇਤਾਂ ਵਿਚ ਤਿੰਨ ਚਾਰ ਫੁੱਟ ਤੋਂ ਉੱਚੀ ਫਸਲ ਤੇ ਪਾਬੰਦੀ ਹੈ। ਮਜਬੂਰੀ ’ਚ ਕਿਸਾਨਾਂ ਨੂੰ ਝੋਨੇ ਤੇ ਕਣਕ ਦੇ ਗੇੜ ਵਿਚ ਉਲਝਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਤਾਰ ਤੋਂ ਪਾਰ ਜ਼ਮੀਨਾਂ ਦੇ ਬਹੁਤੇ ਝਾੜ ਨਹੀਂ ਨਿਕਲਦੇ। ਤੇਜਾ ਰੁਹੇਲਾ ਦੇ ਅੱਧੇ ਕਿਸਾਨਾਂ ਦੀ ਜ਼ਮੀਨ ਤਾਰ ਤੋਂ ਪਾਰ ਹੈ।
                   ਕਿਸਾਨ ਜੋਗਿੰਦਰ ਸਿੰਘ ਦੱਸਦਾ ਹੈ ਕਿ ਤਾਰ ਤੋਂ ਪਾਰ ਜ਼ਮੀਨ ਕੋਈ ਠੇਕਾ ਤੇ ਲੈਣ ਨੂੰ ਤਿਆਰ ਨਹੀਂ ਹੁੰਦਾ। ਜਾਇਜ਼ਾ ਲਿਆ ਤਾਂ ਪਤਾ ਲੱਗਾ ਹੈ ਕਿ ਸਤਲੁਜ ਪਾਰ ਪਿੰਡਾਂ ’ਚ ਛੋਟੀ ਕਿਸਾਨੀ ਬਹੁਗਿਣਤੀ ’ਚ ਹੈ ਜਿਨ੍ਹਾਂ ਕੋਲ ਇੱਕ ਤੋਂ ਤਿੰਨ ਏਕੜ ਤੱਕ ਜ਼ਮੀਨ ਹੈ। ਇਨ੍ਹਾਂ ਜ਼ਮੀਨਾਂ ਦਾ ਕੋਈ ਖਰੀਦਦਾਰ ਨਹੀਂ ਕਿਉਂਕਿ ਦਰਿਆਈ ਪਾਣੀ ਮਾਰ ਕਰਦਾ ਹੈ ਤੇ ਉਪਰੋਂ ਕੰਡਿਆਲੀ ਤਾਰ ਦੇ ਨੇੜੇ ਹਨ। ਬੈਂਕਾਂ ਵਾਲੇ ਛੇਤੀ ਕਿਤੇ ਕਰਜ਼ਾ ਨਹੀਂ ਦਿੰਦੇ ਹਨ। ਮੁਹਾਰ ਜਮਸ਼ੇਰ ਦਾ ਕਿਸਾਨ ਗੁਰਦਾਸ ਸਿੰਘ ਆਖਦਾ ਹੈ ਹਰ ਕਿਸਾਨ ਹਨੇਰੀ ਗੁਫਾ ਵਿਚ ਭਟਕਦਾ ਹੈ, ਕਿਸੇ ਨੂੰ ਕੋਈ ਰਾਹ ਨਹੀਂ ਲੱਭਦਾ। ਦਰਿਆ ਪਾਰ ਦੇ ਸਿਰਫ ਤਿੰਨ ਚਾਰ ਪਿੰਡਾਂ ਲਈ ਪਿੰਡ ਮਹਾਤਮ ਨਗਰ ਵਿਚ ਖਰੀਦ ਕੇਂਦਰ ਬਣਦਾ ਹੈ। ਬਾਕੀ ਸਾਰੇ ਪਿੰਡਾਂ ਨੂੰ ਜਿਨਸ ਫਾਜ਼ਿਲਕਾ ਲਿਜਾਣੀ ਪੈਂਦੀ ਹੈ। ਇਨ੍ਹਾਂ ਸਾਰੇ ਪਿੰਡਾਂ ਲਈ ਪਿੰਡ ਮਹਾਤਮ ਨਗਰ ਇੱਕ ਸੇਵਾ ਕੇਂਦਰ ਖੋਲ੍ਹਿਆ ਗਿਆ ਸੀ ਜੋ ਹੁਣ ਬੰਦ ਹੋ ਗਿਆ ਹੈ।  ਕੇਂਦਰ ’ਚ ਜਦੋਂ ਵਾਜਪਾਈ ਸਰਕਾਰ ਸੀ ਤਾਂ ਉਦੋਂ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਸ਼ੁਰੂ ਕੀਤਾ ਜੋ ਫਿਰ ਵਧਾ ਕੇ 3300 ਰੁਪਏ ਪ੍ਰਤੀ ਏਕੜ ਕਰ ਦਿੱਤਾ।
                ਜਨਵਰੀ 2015 ਵਿਚ ਇਹ ਮੁਆਵਜ਼ਾ ਰਾਸ਼ੀ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਏਕੜ ਕਰ ਦਿੱਤੀ ਜਿਸ ਵਿਚ ਪੰਜਾਹ ਪੰਜਾਹ ਫੀਸਦੀ ਹਿੱਸੇਦਾਰੀ ਕੇਂਦਰ ਤੇ ਰਾਜ ਸਰਕਾਰ ਨੇ ਪਾਉਣੀ ਹੁੰਦੀ ਹੈ। ਪੱਕਾ ਚਿਸ਼ਤੀ ਦੇ ਕਿਸਾਨ ਕਾਰਜ ਸਿੰਘ ਨੇ ਦੱਸਿਆ ਕਿ ਕਦੇ ਵੇਲੇ ਸਿਰ ਕੋਈ ਮੁਆਵਜ਼ਾ ਰਾਸ਼ੀ ਨਹੀਂ ਮਿਲੀ। ਪਿੰਡ ਮਹਾਤਮ ਨਗਰ ਦੀ ਸਹਿਕਾਰੀ ਸਭਾ ਦੇ ਮੁਲਾਜ਼ਮ ਹੰਸ ਰਾਜ ਨੇ ਦੱਸਿਆ ਕਿ ਤਿੰਨ ਚਾਰ ਪਿੰਡਾਂ ਦੇ ਕਿਸਾਨਾਂ ਨੂੰ ਹੁਣ 90 ਲੱਖ ਦੀ ਕਰਜ਼ਾ ਮੁਆਫੀ ਆਈ ਹੈ। ਉਹ ਦੱਸਦਾ ਹੈ ਕਿ ਦਰਿਆਈ ਪਾਣੀ ਨੇ ਖੇਤ ਦਮੋਂ ਕੱਢ ਰੱਖੇ  ਹਨ। ਕੋਈ ਵਰ੍ਹਾ ਹੀ ਸੁੱਕਾ ਲੰਘਦਾ ਹੈ। ਇਨ੍ਹਾਂ ਕਿਸਾਨਾਂ ਦੀ ਜੰਗ ਦਿਨ ਰਾਤ ਜਾਰੀ ਰਹਿੰਦੀ ਹੈ। ਪੰਜਾਬ ਦੇ ਛੇ ਸਰਹੱਦੀ ਜ਼ਿਲ੍ਹਿਆਂ ਦੇ 5.59 ਲੱਖ ਕਿਸਾਨਾਂ ਨੂੰ 22168 ਕਰੋੜ ਦਾ ਫਸਲੀ ਕਰਜ਼ਾ ਵੰਡਿਆ ਗਿਆ ਹੈ ਜਿਨ੍ਹਾਂ ਚੋਂ ਫਾਜ਼ਿਲਕਾ ਜ਼ਿਲ੍ਹੇ ਦੇ ਕਰੀਬ 1.24 ਲੱਖ ਕਿਸਾਨਾਂ ਨੂੰ ਫਸਲੀ ਕਰਜ਼ਾ ਦਿੱਤਾ ਗਿਆ ਹੈ। ਸਰਹੱਦੀ ਕਿਸਾਨ ਕਰਜ਼ਾਈ ਜਰੂਰ ਹੈ ਪ੍ਰੰਤੂ ਖੁਦਕੁਸ਼ੀ ਦੇ ਰਾਹ ਤੋਂ ਦੂਰ ਹੈ। ਕਿਸਾਨ ਆਖਦੇ ਹਨ ਕਿ ਹਕੂਮਤਾਂ ਦੇ ਚੀੜ੍ਹੇਪਣ ਨੇ ਉਨ੍ਹਾਂ ਨੂੰ ਕੁਦਰਤ ਦੀ ਰਜ਼ਾ ’ਚ ਰਹਿਣਾ ਸਿਖਾ ਦਿੱਤਾ ਹੈ। ਰਾਏ ਸਿੱਖ ਬਰਾਦਰੀ ਖੇਤੀ ਵੀ ਕਰਦੀ ਹੈ ਤੇ ਮਜ਼ਦੂਰੀ ਵੀ। ਟਿਊਬਵੈਲ ਕੁਨੈਕਸ਼ਨਾਂ ਦੀ ਕੋਈ ਘਾਟ ਨਹੀਂ।
                    ਕੇਂਦਰ ਕੋਲ ਮਾਮਲਾ ਚੁੱਕਾਂਗੇ : ਐਮ.ਪੀ
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਸੀ ਕਿ ਕਿਸਾਨਾਂ ਦੀ ਸਹੂਲਤ ਲਈ ਮਹਾਤਮ ਨਗਰ ਵਿਚ ਫੋਕਲ ਪੁਆਇੰਟ ਬਣਾਇਆ ਗਿਆ ਸੀ ਅਤੇ ਉਸ ਮਗਰੋਂ ਸੜਕੀ ਸੰਪਰਕ ਬਣਾਇਆ ਗਿਆ। ਦਰਿਆ ਉਪਰ ਪੁਲ ਉਸਾਰੇ ਗਏ। ਕਿਸਾਨਾਂ ਦੇ ਬਾਕੀ ਮਸਲਿਆਂ ਦਾ ਹੱਲ ਵੀ ਕੀਤਾ ਜਾਵੇਗਾ। ਜੋ ਤਾਰ ਪਾਰਲੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਮਿਲਦੀ ਹੈ, ਉਹ ਸਮੇਂ ਸਿਰ ਨਹੀਂ ਮਿਲਦੀ ਜਿਸ ਕਰਕੇ ਉਹ ਮਾਮਲਾ ਵੀ ਕੇਂਦਰ ਸਰਕਾਰ ਕੋਲ ਉਠਾਉਣਗੇ।

       

No comments:

Post a Comment