Showing posts with label Captain amrinder. Show all posts
Showing posts with label Captain amrinder. Show all posts

Friday, July 13, 2018

                          ਸਿਆਸੀ ਮੋਹ
 ਕੈਪਟਨ ਸਾਹਿਬ ਕੋ ਮੇਰਾ ਸਲਾਮ ਕਹਿਨਾ...
                         ਚਰਨਜੀਤ ਭੁੱਲਰ
ਬਠਿੰਡਾ : ਅਕਾਲੀ-ਭਾਜਪਾ ਗੱਠਜੋੜ ਦੀ ਮਲੋਟ ਰੈਲੀ ਵਿੱਚ ਕੱਲ੍ਹ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਦੁਆ ਸਲਾਮ ਭੇਜਣੀ ਨਹੀਂ ਭੁੱਲੇ। ਪ੍ਰਧਾਨ ਮੰਤਰੀ ਦੇ ਕੈਪਟਨ ਮੋਹ ਤੋਂ ਨਵੀਂ ਚਰਚਾ ਜਨਮੀਂ ਹੈ। ਭਿਸੀਆਣਾ ਦੇ ਹਵਾਈ ਅੱਡੇ ’ਤੇ ਸਵਾਗਤ ਲਈ ਪੁੱਜੇ ਪੰਜਾਬ ਦੇ ਦੋ ਵਜ਼ੀਰਾਂ ਹੱਥ ਨਰਿੰਦਰ ਮੋਦੀ ਨੇ ਸੁਨੇਹਾ ਦਿੱਤਾ ਕਿ ‘ ਕੈਪਟਨ ਸਾਹਿਬ ਕੋ ਮੇਰਾ ਸਲਾਮ ਕਹਿਨਾ’। ਪਹਿਲਾਂ ਚਰਚਾ ਉਦੋਂ ਛਿੜੀ ਸੀ ਜਦੋਂ ਨਰਿੰਦਰ ਮੋਦੀ ਨੇ ਤ੍ਰਿਪੁਰਾ ਚੋਣ ਨਤੀਜੇ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਆਜ਼ਾਦ ਸਿਪਾਹੀ’ ਆਖਿਆ ਸੀ। ਹੁਣ ਦੂਸਰਾ ਮੌਕਾ ਹੈ ਕਿ ਪ੍ਰਧਾਨ ਮੰਤਰੀ ਦੀ ਸੁਰ ਅਮਰਿੰਦਰ ਸਿੰਘ ਪ੍ਰਤੀ ਮੋਹ ਭਰੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਦਰੋਂ ਅੰਦਰੀਂ ਨਾਖ਼ੁਸ਼ ਹੈ ਜਦੋਂ ਕਿ ਕਾਂਗਰਸੀ ਖੇਮਾ ਆਪੋ ਆਪਣੇ ਮਾਅਨੇ ਕੱਢ ਰਿਹਾ ਹੈ।  ਵੇਰਵਿਆਂ ਅਨੁਸਾਰ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਪ੍ਰੋਟੋਕਾਲ ਨਾਤੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਭਿਸੀਆਣਾ ਹਵਾਈ ਅੱਡੇ ਤੇ ਪੁੱਜੇ। ਜਦੋਂ ਪ੍ਰਧਾਨ ਮੰਤਰੀ ਆਏ ਤਾਂ ਇਨ੍ਹਾਂ ਵਜ਼ੀਰਾਂ ਨੇ ਫੁੱਲ ਭੇਟ ਕੀਤੇ ਅਤੇ ਆਪਣੀ ਜਾਣ ਪਹਿਚਾਣ ਕਰਾਈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਵਜ਼ੀਰਾਂ ਨੂੰ ਆਖਿਆ ਕਿ ਉਹ ਕੈਪਟਨ ਸਾਹਿਬ ਨੂੰ ਮੇਰੀ ਸਲਾਮ ਕਹਿਣ।
                 ਵਜ਼ੀਰਾਂ ਨੇ ਇਸ ਨੂੰ ਸਹਿਜ ਵਿਚ ਲਿਆ ਪ੍ਰੰਤੂ ਜਦੋਂ ਮਲੋਟ ਰੈਲੀ ਦੀ ਸਮਾਪਤੀ ਮਗਰੋਂ ਭਿਸੀਆਣਾ ਹਵਾਈ ਅੱਡੇ ਤੋਂ ਵਿਦਾ ਹੋਣ ਲੱਗੇ ਤਾਂ ਪ੍ਰਧਾਨ ਮੰਤਰੀ ਨੇ ਵਜ਼ੀਰਾਂ ਕੋਲ ਮੁੜ ਗੱਲ ਦੁਹਰਾ ਦਿੱਤੀ ਤਾਂ ਵਜ਼ੀਰਾਂ ਦਾ ਮੱਥਾ ਠਣਕਿਆ। ਸੂਤਰ ਦੱਸਦੇ ਹਨ ਕਿ ਪ੍ਰਧਾਨ ਮੰਤਰੀ ਦੇ ਰੈਲੀ ਮਗਰੋਂ ਵਿਦਾ ਹੋਣ ਮੌਕੇ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਵਜ਼ੀਰਾਂ ਦੀ ਪਹਿਚਾਣ ਨਰਿੰਦਰ ਮੋਦੀ ਕੋਲ ਕਰਾਉਣ ਲੱਗੇ ਤਾਂ ਮੋਦੀ ਨੇ ਮੁੜ ਦੁਹਰਾਇਆ, ‘ਮੈਂ ਜਾਣਦਾ ਹਾਂ ਅਤੇ ਮੈਂ ਕੈਪਟਨ ਸਾਹਿਬ ਨੂੰ ਸਲਾਮ ਕਹਿਣ ਲਈ ਵੀ ਇਨ੍ਹਾਂ ਨੂੰ ਆਖਿਆ ਹੈ। ’ ਸੂਤਰ ਦੱਸਦੇ ਹਨ ਕਿ ਉਸ ਮਗਰੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੁੱਪ ਹੋ ਗਏ। ਸ਼੍ਰੋਮਣੀ ਅਕਾਲੀ ਤਰਫ਼ੋਂ ਭਿਸੀਆਣਾ ਹਵਾਈ ਅੱਡੇ ਤੇ ਮੋਦੀ ਦੇ ਸਵਾਗਤ ਲਈ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਬੀਬੀ ਜੰਗੀਰ ਕੌਰ,ਹੀਰਾ ਸਿੰਘ ਗਾਬੜੀਆ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਪੁੱਜੇ ਹੋਏ ਸਨ। ਸਰੂਪ ਸਿੰਗਲਾ ਨੇ ਦੱਸਿਆ ਕਿ ਸਭਨਾਂ ਦੀ ਹਾਜ਼ਰੀ ’ਚ ਕਾਂਗਰਸੀ ਵਜ਼ੀਰਾਂ ਨੂੰ ਕੈਪਟਨ ਅਮਰਿੰਦਰ ਨੂੰ ਉਨ੍ਹਾਂ ਤਰਫ਼ੋਂ ਫ਼ਤਿਹ ਬੁਲਾਉਣ ਲਈ ਆਖਿਆ। ਜਦੋਂ ਤ੍ਰਿਪੁਰਾ ਚੋਣਾਂ ਮੌਕੇ ਮੋਦੀ ਨੇ ਅਮਰਿੰਦਰ ਸਿੰਘ ਨੂੰ ‘ ਸੁਤੰਤਰ ਫ਼ੌਜੀ’ ਆਖਿਆ ਸੀ ਤਾਂ ਉਦੋਂ ਕਾਂਗਰਸ ’ਚ ਕਾਫ਼ੀ ਘੁਸਰ ਮੁਸਰ ਹੋਈ ਸੀ।
                ਉਦੋਂ ਹੀ ਅਮਰਿੰਦਰ ਸਿੰਘ ਨੇ ਪ੍ਰਤੀਕਰਮ ਦਿੰਦੇ ਹੋਏ ਆਖਿਆ ਸੀ ਕਿ ਉਸ ਦੇ ਅਤੇ ਹਾਈਕਮਾਨ ਦਰਮਿਆਨ ਇੱਕ ਤਰੇੜ ਪਾਉਣ ਦੀ ਇਹ ਮੋਦੀ ਦੀ ਫ਼ਜ਼ੂਲ ਦੀ ਕੋਸ਼ਿਸ਼ ਹੈ। ਉਂਜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੂੰਹੋਂ ਪਿਛਲੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਇਹ ਗੱਲ ਨਹੀਂ ਸੁਣੀ ਗਈ ਕਿ ਕੇਂਦਰ  ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਬੀਤੇ ਕੱਲ੍ਹ ਮਲੋਟ ਦੀ ‘ਕਿਸਾਨ ਕਲਿਆਣ ਰੈਲੀ’ ਦੌਰਾਨ ਇੱਕ ਦਫ਼ਾ ਵੀ ਅਮਰਿੰਦਰ ਸਿੰਘ ਦਾ ਨਾਮ ਲੈ ਕੇ ਕੋਈ ਸਿਆਸੀ ਹੱਲਾ ਨਹੀਂ ਬੋਲਿਆ। ਉਨ੍ਹਾਂ ਅਮਰਿੰਦਰ ਸਿੰਘ ਦੀ ਥਾਂ ਸਿਰਫ਼ ਪੰਜਾਬ ਦੀ ਕਾਂਗਰਸ ਸਰਕਾਰ ਲਫ਼ਜ਼ਾਂ ਦੀ ਵਰਤੋਂ ਕੀਤੀ। ਹਾਲਾਂ ਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਸਟੇਜ ਤੋਂ ਆਖਿਆ ਸੀ ਕਿ ਕੈਪਟਨ ਜਿਨਸਾਂ ਦੇ ਭਾਅ ਵਧਾਏ ਜਾਣ ਮਗਰੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਵੀ ਨਹੀਂ ਗਏ ਪ੍ਰੰਤੂ ਮੋਦੀ ਦੀ ਕੈਪਟਨ ਪ੍ਰਤੀ ਸੁਰ ਮੱਠੀ ਰਹੀ। ਸੂਤਰ ਆਖਦੇ ਹਨ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਮਸਲਿਆਂ ਤੇ ਪ੍ਰਧਾਨ ਮੰਤਰੀ ਤੋਂ ਜਦੋਂ ਵੀ ਸਮਾਂ ਮੰਗਿਆ ਤਾਂ ਉਹ ਮਿਲਿਆ ਹੈ।
                   ਗ਼ਲਤ ਮਾਅਨੇ ਨਾ ਕੱਢੇ ਜਾਣ : ਕਾਂਗੜ
ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪ੍ਰੋਟੋਕਾਲ ਨਾਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਵਿਦਾਇਗੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਏਨਾ ਜ਼ਰੂਰ ਆਖਿਆ ਸੀ ਕਿ ਕੈਪਟਨ ਸਾਹਿਬ ਨੂੰ ਉਨ੍ਹਾਂ ਦਾ ਸਲਾਮ ਕਹਿਣਾ, ਜੋ ਪ੍ਰਧਾਨ ਮੰਤਰੀ ਨੇ ਮਹਿਜ਼ ਇੱਕ ਰੁਤਬੇ ਦੀ ਨਜ਼ਰ ਅਤੇ ਪ੍ਰੋਟੋਕਾਲ ਵਜੋਂ ਆਖਿਆ ਜਿਸ ’ਚ ਕੱੁਝ ਵੀ ਗ਼ਲਤ ਨਹੀਂ ਸੀ। ਉਨ੍ਹਾਂ ਆਖਿਆ ਕਿ ਇਸ ਦਾ ਕੋਈ ਗ਼ਲਤ ਮਤਲਬ ਨਹੀਂ ਕੱਢਿਆ ਜਾਣਾ।









Wednesday, July 19, 2017

                            ਬਦਲਾਖੋਰੀ  
           ਕੈਪਟਨ ਤੋਂ ਅਕਾਲੀ ਬਾਗੋ ਬਾਗ
                          ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸੀ ਬਦਲਾਖੋਰੀ ਦੇ ਮਾਮਲੇ 'ਤੇ ਲਏ ਸਟੈਂਡ ਤੋਂ ਸਾਬਕਾ ਅਕਾਲੀ ਮੰਤਰੀ ਤਸੱਲੀ ਵਿਚ ਹਨ ਜਦੋਂ ਕਿ ਕਾਂਗਰਸੀ ਲੀਡਰ ਅੰਦਰੋਂ ਅੰਦਰੀ ਇਸ ਗੱਲ ਤੋਂ ਕਾਫ਼ੀ ਔਖੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਐਲਾਨ ਕੀਤਾ ਹੈ ਕਿ ਬਦਲੇ ਦੀ ਸਿਆਸਤ ਨਹੀਂ ਕਰਨਗੇ। ਜਦੋਂ ਚਾਰ ਮਹੀਨੇ ਦੀ ਕਾਰਗੁਜ਼ਾਰੀ 'ਤੇ ਸਾਬਕਾ ਅਕਾਲੀ ਵਜ਼ੀਰਾਂ ਨਾਲ ਗੱਲ ਕੀਤੀ ਤਾਂ ਉਨ•ਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਫਰੰਟ ਤੇ ਫੇਲ• ਹੋ ਗਈ ਹੈ ਪ੍ਰੰਤੂ ਸਿਆਸੀ ਬਦਲਾਖੋਰੀ ਨਾ ਕਰਨ ਦੇ ਮਾਮਲੇ ਤੇ ਅਮਰਿੰਦਰ ਪਹਿਰਾ ਦੇ ਰਿਹਾ ਹੈ ਜੋ ਚੰਗਾ ਕਦਮ ਹੈ। ਸਭਨਾਂ ਨੇ ਏਨਾ ਜਰੂਰ ਆਖਿਆ ਕਿ ਸਿਆਸੀ ਬਦਲਾਖੋਰੀ ਹੇਠਲੇ ਪੱਧਰ ਤੇ ਸ਼ੁਰੂ ਹੋ ਚੁੱਕੀ ਹੈ। ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਪ੍ਰਤੀਕਰਮ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸੀ ਬਦਲਾਖੋਰੀ ਕੀਤੇ ਜਾਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪ੍ਰੰਤੂ ਹੇਠਲੇ ਕਾਂਗਰਸੀ ਆਗੂ ਸਰਪੰਚਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਮੁੱਖ ਮੰਤਰੀ ਇਸ ਮਾਮਲੇ 'ਚ ਫਿਲਹਾਲ ਕੀਤੇ ਐਲਾਨ ਤੇ ਪਹਿਰਾ ਦੇ ਰਹੇ ਹਨ।
                         ਰੱਖੜਾ ਨੇ ਆਖਿਆ ਕਿ ਚਾਰ ਮਹੀਨੇ 'ਚ ਸਰਕਾਰ ਕੋਈ ਕਾਰਗੁਜ਼ਾਰੀ ਨਹੀਂ ਦਿਖਾ ਸਕੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਈ ਸਿਆਸੀ ਬਦਲਾਖੋਰੀ ਨਹੀਂ ਕੀਤੀ ਜਾ ਰਹੀ ਹੈ ਜੋ ਕਿ ਇੱਕ ਚੰਗਾ ਕਦਮ ਹੈ ਪ੍ਰੰਤੂ ਹੇਠਲੇ ਪੱਧਰ ਤੇ ਵਿਧਾਇਕ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਨਿੱਤ ਝੂਠੇ ਕੇਸ ਅਕਾਲੀ ਆਗੂਆਂ ਤੇ ਦਰਜ ਕਰਾਏ ਜਾ ਰਹੇ ਹਨ। ਮਲੂਕਾ ਨੇ ਆਖਿਆ ਕਿ ਸਰਕਾਰ ਹੋਰ ਕਿਸੇ ਖੇਤਰ ਵਿਚ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕਰ ਸਕੀ ਹੈ। ਇਸੇ ਤਰ•ਾਂ ਹੀ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਆਖਿਆ ਕਿ ਉਸ ਦੇ ਹਲਕੇ ਵਿਚ ਕੋਈ ਬਦਲਾਖੋਰੀ ਨਹੀਂ ਹੋਈ ਹੈ ਅਤੇ ਕੁਝ ਹਲਕਿਆਂ ਵਿਚ ਕਤਲ ਤੱਕ ਹੋ ਗਏ ਹਨ। ਕੈਪਟਨ ਅਮਰਿੰਦਰ ਵਲੋਂ ਬਦਲਾਖੋਰੀ ਦੇ ਮਾਮਲੇ ਤੇ ਲਏ ਸਟੈਂਡ ਦਾ ਆਉਂਦੇ ਦਿਨਾਂ ਵਿਚ ਅਸਲ ਪਤਾ ਲੱਗੇਗਾ। ਉਨ•ਾਂ ਆਖਿਆ ਕਿ ਅਸਲ ਵਿਚ ਵਿਕਾਸ ਤੇ ਲੋਕ ਭਲਾਈ ਦੀ ਗੱਲ ਕਰੀਏ ਤਾਂ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੂੰ ਠੱਗ ਕੇ ਬੈਠ ਗਈ ਹੈ। ਇਵੇਂ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਆਖਿਆ ਕਿ ਮੁੱਖ ਮੰਤਰੀ ਦੇ ਪੱਧਰ ਤੇ ਕੋਈ ਬਦਲਾਖੋਰੀ ਨਹੀਂ ਹੋ ਰਹੀ ਹੈ ਪ੍ਰੰਤੂ ਹੇਠਲੇ ਪੱਧਰ ਤੇ ਮੁਲਾਜ਼ਮਾਂ ਦੇ ਤਬਾਦਲੇ ਵੀ ਕਰਾਏ ਜਾ ਰਹੇ ਹਨ। ਵਿਰੋਧੀਆਂ ਨੂੰ ਦਬਾਇਆ ਜਾ ਰਿਹਾ ਹੈ।
                       ਜਦੋਂ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਨਾਲ ਗੱਲ ਕੀਤੀ ਤਾਂ ਉਨ•ਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਦਲਾਖੋਰੀ ਦੇ ਮਾਮਲੇ ਤੇ ਚੁੱਪ ਵੱਟੀ ਹੋਈ ਹੈ ਜਦੋਂ ਕਿ ਹੇਠਾਂ ਹਾਹਾਕਾਰ ਮੱਚੀ ਹੋਈ ਹੈ। ਕਾਂਗਰਸੀ ਆਗੂ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਚਾਰ ਮਹੀਨੇ ਦੀ ਸਮੁੱਚੀ ਕਾਰਗੁਜ਼ਾਰੀ ਜ਼ੀਰੋ ਹੈ। ਇਸ ਤੋਂ ਇਲਾਵਾ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਦਾ ਪ੍ਰਤੀਕਰਮ ਸੀ ਕਿ ਸੁਣਨ ਵਿਚ ਆਇਆ ਕਿ ਉਪਰੋਂ ਮੁੱਖ ਮੰਤਰੀ ਦੀਆਂ ਬਦਲਾਲਊ ਨੀਤੀ ਵਾਲੀਆਂ ਕੋਈ ਹਦਾਇਤਾਂ ਨਹੀਂ ਹਨ ਜੋ ਕਿ ਇੱਕ ਚੰਗਾ ਕਦਮ ਹੈ ਅਤੇ ਬਦਲਾਖੋਰੀ ਨਹੀਂ ਹੋਣੀ ਚਾਹੀਦੀ ਪ੍ਰੰਤੂ ਹੇਠਲੇ ਪੱਧਰ ਤੇ ਸਭ ਕੁਝ ਹੋ ਰਿਹਾ ਹੈ।  ਦੂਸਰੀ ਤਰਫ਼ ਜਦੋਂ ਕਾਂਗਰਸੀ ਦੇ ਕਈ ਨੇਤਾਵਾਂ ਨਾਲ ਗੱਲ ਕੀਤੀ ਤਾਂ ਉਨ•ਾਂ ਆਖਿਆ ਕਿ 'ਕੀ ਦੱਸੀਏ, ਆਪਦਾ ਹੀ ਪੇਟ ਨੰਗਾ ਹੁੰਦੈ'। ਕਾਂਗਰਸੀ ਵਿਧਾਇਕ ਕਾਫ਼ੀ ਔਖੇ ਹਨ ਕਿ ਅਕਾਲੀ ਲੀਡਰ ਉਨ•ਾਂ ਨੂੰ ਟਿੱਚਰਾਂ ਕਰਕੇ ਲੰਘਦੇ ਹਨ। ਦੱਸਣਯੋਗ ਹੈ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸਾਫ ਆਖਿਆ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਖਿਲਾਫ ਕਾਰਵਾਈ ਨਹੀਂ ਹੋਵੇਗੀ।
                       ਮਨਪ੍ਰੀਤ ਬਾਦਲ ਨੇ ਆਖਿਆ ਕਿ ਗਠਜੋੜ ਸਰਕਾਰ ਦੇ 10 ਵਰਿ•ਆਂ ਦਾ ਆਡਿਟ ਚੱਲ ਰਿਹਾ ਹੈ ਜੋ ਕਿ ਕਸੂਰਵਾਰ ਹੋਇਆ,ਉਸ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ ਅਤੇ ਬਦਲੇ ਦੀ ਭਾਵਨਾ ਨਾਲ ਕੋਈ ਫੈਸਲਾ ਨਹੀਂ ਲਿਆ ਜਾਵੇਗਾ। ਇਸੇ ਦੌਰਾਨ ਭਾਵੇਂ ਵਜ਼ੀਰ ਨਵਜੋਤ ਸਿੱਧੂ ਨੂੰ ਹੁਣ ਸਰਕਾਰ ਨੇ ਥੋੜਾ ਤੱਤਾ ਚੱਲਣ ਤੋਂ ਵਰਜਿਆ ਹੈ ਪ੍ਰੰਤੂ ਕਾਂਗਰਸੀ ਲੀਡਰਾਂ ਵਿਚ ਹੁਣ ਨਵਜੋਤ ਸਿੱਧੂ ਦੀ ਪੈਂਠ ਉਵੇਂ ਬਣਨ ਲੱਗੀ ਹੈ ਜਿਵੇਂ ਪਿਛਲੀ ਹਕੂਮਤ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਬਣੀ ਸੀ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਸੀ ਕਿ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ ਤੇ ਕਾਂਗਰਸ ਨੇ ਗੁਪਤ ਸਮਝੌਤਾ ਕਰ ਲਿਆ ਸੀ ਜਿਸ ਤਹਿਤ ਚੋਣਾਂ ਵਿਚ ਫਰੈਂਡਲੀ ਮੈਚ ਖੇਡਿਆ ਗਿਆ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀਆਂ ਨਾਲ ਕੀਤਾ ਵਾਅਦਾ ਨਿਭਾਇਆ ਜਾ ਰਿਹਾ ਹੈ। ਪੰਜਾਬ ਦੀ 10 ਵਰਿ•ਆਂ ਵਿਚ ਹੋਈ ਲੁੱਟ ਦੇ ਗੁਨਾਹ ਮੌਜੂਦਾ ਸਰਕਾਰ ਨੇ ਮੁਆਫ਼ ਕਰ ਦਿੱਤੇ ਹਨ। 

Monday, June 26, 2017

                                100 ਦਿਨ ਲੰਘੇ
                ਈਦ ਦਾ ਚੰਦ ਹੋਇਆ ਕੈਪਟਨ
                                 ਚਰਨਜੀਤ ਭੁੱਲਰ
ਬਠਿੰਡਾ  : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੀਦ ਨੂੰ ਹਕੂਮਤ ਦੇ 100 ਦਿਨਾਂ ਦੌਰਾਨ ਪੰਜਾਬ ਦੇ ਲੋਕ ਤਰਸਦੇ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਕੂਮਤ ਦੇ ਮੁਢਲੇ 100 ਦਿਨਾਂ ਚੋਂ ਪੰਜਾਬ ਦੇ ਗੇੜੇ ਲਈ ਸਿਰਫ਼ ਤਿੰਨ ਦਿਨ ਹੀ ਕੱਢੇ। ਪੰਜਾਬ ਦੇ 18 ਜ਼ਿਲਿ•ਆਂ ਨੂੰ ਇਨ•ਾਂ ਸੌ ਦਿਨਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਦਰਸ਼ਨ ਨਸੀਬ ਨਹੀਂ ਹੋ ਸਕੇ ਹਨ। ਕੈਪਟਨ ਅਮਰਿੰਦਰ ਸਿੰਘ ਨੇ 16 ਮਾਰਚ 2017 ਨੂੰ ਮੁੱਖ ਮੰਤਰੀ ਪੰਜਾਬ ਵਜੋਂ ਸਹੁੰ ਚੁੱਕੀ ਸੀ। ਮੁੱਖ ਮੰਤਰੀ ਪੰਜਾਬ ਨੇ ਰਾਜ ਭਾਗ ਸੰਭਾਲਣ ਮਗਰੋਂ ਕਰੀਬ 53 ਦਿਨਾਂ ਮਗਰੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਪਿਛਲੀ ਪਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ 27 ਫਰਵਰੀ 2002 ਨੂੰ ਸਹੁੰ ਚੁੱਕੀ ਸੀ ਅਤੇ ਉਹ ਅਗਲੇ ਦਿਨ ਹੀ 28 ਫਰਵਰੀ ਨੂੰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਚਲੇ ਗਏ ਸਨ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਪੰਜਾਬ ਦੇ ਸੌ ਦਿਨਾਂ ਦੌਰਾਨ ਚੰਡੀਗੜ• ਤੋਂ ਬਿਨ•ਾਂ ਦਿੱਲੀ, ਮੁੰਬਈ ਅਤੇ ਹਿਮਾਚਲ ਪ੍ਰਦੇਸ਼ ਦੇ ਗੇੜੇ ਰਹੇ ਹਨ। ਮੁੱਖ ਮੰਤਰੀ ਦੀ ਪੰਜਾਬ ਦੀ ਪਹਿਲੀ ਫੇਰੀ 8 ਅਪਰੈਲ ਦੀ ਜ਼ੀਰਕਪੁਰ ਦੀ ਰਹੀ ਜਿਥੇ ਉਨ•ਾਂ ਨੇ ਡੀ-ਮਾਰਟ ਸਟੋਰ ਦਾ ਉਦਘਾਟਨ ਕੀਤਾ ਸੀ। ਉਸ ਮਗਰੋਂ ਉਹ 7 ਮਈ ਨੂੰ ਜ਼ਿਲ•ਾ ਤਰਨਤਾਰਨ ਵਿਚ ਸ਼ਹੀਦ ਫੌਜੀ ਪਰਮਜੀਤ ਸਿੰਘ ਦੇ ਪਰਿਵਾਰ ਦੇ ਘਰ ਗਏ।
                         ਮੁੱਖ ਮੰਤਰੀ ਨੇ 8 ਮਈ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਮੱਥਾ ਟੇਕਿਆ ਅਤੇ ਦੁਪਹਿਰ ਮਗਰੋਂ ਹੁਸ਼ਿਆਰਪੁਰ ਵਿਚ ਸੋਨਾਲੀਕਾ ਟਰੈਕਟਰ ਦੇ ਪ੍ਰੋਜੈਕਟ ਨੂੰ ਦੇਖਣ ਗਏ। ਸਮੁੱਚਾ ਮਾਲਵਾ ਕੈਪਟਨ ਦੇ ਦੀਦਾਰ ਨੂੰ ਤਰਸ ਗਿਆ ਹੈ। ਇੱਥੋਂ ਤੱਕ ਕਿ ਮੁੱਖ ਮੰਤਰੀ ਬਣਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਸ਼ਹਿਰ ਪਟਿਆਲਾ ਵੀ ਨਹੀਂ ਪਧਾਰੇ। ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਲੰਬੀ ਤੋਂ ਵੀ ਚੋਣ ਲੜੀ ਸੀ। ਭਾਵੇਂ ਉਹ ਇੱਥੋਂ ਚੋਣ ਹਾਰ ਗਏ ਪ੍ਰੰਤੂ ਚੋਣਾਂ ਮਗਰੋਂ ਉਹ ਹਲਕਾ ਲੰਬੀ ਦਾ ਧੰਨਵਾਦੀ ਦੌਰਾ ਕਰਨ ਵਾਸਤੇ ਵੀ ਨਹੀਂ ਪੁੱਜੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਦਾ ਗੇੜਾ ਵੀ ਨਹੀਂ ਲਾਇਆ ਜਦੋਂ ਕਿ ਪੰਜਾਬ ਚੋਣਾਂ ਦੀ ਮੁਹਿੰਮ ਕੈਪਟਨ ਅਮਰਿੰਦਰ ਸਿੰਘ ਨੇ 15 ਜਨਵਰੀ ਨੂੰ ਪਿੰਡ ਮਹਿਰਾਜ ਤੋਂ ਸ਼ੁਰੂ ਕੀਤੀ ਸੀ। ਪਿੰਡ ਮਹਿਰਾਜ ਦੇ ਜਥੇਦਾਰ ਸ਼ੇਰ ਸਿੰਘ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੰਡੀਗੜ• ਮਿਲ ਕੇ ਆਏ ਹਨ ਅਤੇ ਮੁੱਖ ਮੰਤਰੀ ਨੇ ਸੈਸ਼ਨ ਮਗਰੋਂ ਪਿੰਡ ਮਹਿਰਾਜ ਆਉਣ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਐਤਕੀਂ ਤਾਂ ਡੇਰਾ ਰੂਮੀ ਭੁੱਚੋ ਵੀ ਨਹੀਂ ਆਏ ਹਨ ਜਦੋਂ ਕਿ ਪਹਿਲਾਂ ਉਹ ਮੁੱਖ ਮੰਤਰੀ ਬਣਨ ਮਗਰੋਂ ਸਾਲ 2002 ਵਿਚ ਪੁੱਜੇ ਸਨ।
                         ਲੋਕ ਆਖਦੇ  ਹਨ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਿਆਦਾ ਗੇੜੇ ਤੰਗ ਕਰਦੇ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਗੈਰਹਾਜ਼ਰੀ ਰੜਕਦੀ ਹੈ। ਪੰਜਾਬ ਚੋਣਾਂ ਦੇ ਪ੍ਰਚਾਰ ਸਮੇਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮਾਲਵੇ ਦੇ ਬਹੁਤ ਗੇੜੇ ਲਾਏ ਸਨ ਪ੍ਰੰਤੂ ਹੁਣ ਉਨ•ਾਂ ਦੇ ਚੰਡੀਗੜ• ਚੋਂ ਨਾ ਨਿਕਲਣ ਕਰਕੇ ਕਾਂਗਰਸੀ ਵਿਧਾਇਕ ਵੀ ਅੰਦਰੋਂ ਅੰਦਰੀ ਚਾਅ ਦਬਾਈ ਬੈਠੇ ਹਨ। ਐਤਕੀਂ ਵਿਸਾਖੀ ਦਿਹਾੜੀ ਤੇ ਦਮਦਮਾ ਸਾਹਿਬ ਵਿਖੇ ਕੈਪਟਨ ਅਮਰਿੰਦਰ ਸਿੰਘ ਨੇ ਆਉਣਾ ਪ੍ਰੰਤੂ ਐਨ ਮੌਕੇ ਤੇ ਉਨ•ਾਂ ਪ੍ਰੋਗਰਾਮ ਕੈਂਸਲ ਕਰ ਦਿੱਤਾ। ਸ਼ਹੀਦੇ ਆਜਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਤੇ ਵੀ ਮੁੱਖ ਮੰਤਰੀ ਗੈਰਹਾਜ਼ਰ ਰਹੇ। ਹੋਰ ਵੀ ਸਟੇਟ ਪੱਧਰੀ ਸਮਾਗਮਾਂ ਵਿਚ ਵਜ਼ੀਰ ਹੀ ਸ਼ਾਮਿਲ ਹੋ ਰਹੇ ਹਨ। ਕਾਂਗਰਸੀ ਹਕੂਮਤੀ ਦੇ ਸੌ ਦਿਨਾਂ ਦੌਰਾਨ ਮੁੱਖ ਮੰਤਰੀ ਪੰਜਾਬ ਡਾ. ਬੀ. ਆਰ. ਅੰਬੇਦਕਰ ਦੇ ਜਨਮ ਦਿਨ,ਭਗਵਾਨ ਪਰਸੂ ਰਾਮ ਜਯੰਤੀ,ਕਬੀਰ ਜਯੰਤੀ, ਮਹਾਂਵੀਰ ਜਯੰਤੀ ਅਤੇ ਰਾਮ ਨੌਮੀ ਆਦਿ ਦਿਹਾੜਿਆਂ ਤੋਂ ਵੀ ਲਗਭਗ ਗੈਰਹਾਜ਼ਰ ਰਹੇ।
                      ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਦਾ ਪ੍ਰਤੀਕਰਮ ਸੀ ਕਿ ਮੁੱਖ ਮੰਤਰੀ ਚੋਣਾਂ 'ਚ ਕੀਤੇ ਵਾਅਦੇ ਦੇ ਉਲਟ ਪਹਿਲੇ 100 ਦਿਨਾਂ ਵਿਚ ਹੀ ਲੋਕਾਂ ਦੀ ਪਹੁੰਚ ਚੋਂ ਬਾਹਰ ਹੋ ਗਏ ਹਨ ਜਦੋਂ ਕਿ ਉਨ•ਾਂ ਨੂੰ ਬਿਹਤਰ ਸਰਕਾਰ ਦੇਣ ਲਈ ਵੱਧ ਤੋਂ ਵੱਧ ਲੋਕਾਂ ਵਿਚ ਵਿਚਰ ਕੇ ਫੀਡ ਬੈਕ ਹਾਸਲ ਕਰਨੀ ਚਾਹੀਦੀ ਹੈ। ਸੂਤਰ ਦੱਸਦੇ ਹਨ ਕਿ ਬਹੁਤੇ ਵਿਧਾਇਕ ਵੀ ਆਪੋ ਆਪਣੇ ਹਲਕਿਆਂ ਵਿਚ ਮੁੱਖ ਮੰਤਰੀ ਦੇ ਪ੍ਰੋਗਰਾਮ ਰੱਖਣ ਲਈ ਕਾਹਲੇ ਹਨ ਪ੍ਰੰਤੂ ਉਨ•ਾਂ ਨੂੰ ਸਮਾਂ ਨਹੀਂ ਮਿਲ ਰਿਹਾ ਹੈ। ਮੁੱਖ ਮੰਤਰੀ ਪੰਜਾਬ ਦੇ ਨੇੜਲੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਪੰਜਾਬ ਦੇ ਪੈਰ ਨੂੰ ਪਹਿਲਾਂ ਮੋਚ ਆ ਗਈ ਸੀ ਅਤੇ ਉਸ ਮਗਰੋਂ ਵਿਧਾਨ ਸਭਾ ਦੇ ਸੈਸ਼ਨ ਕਾਰਨ ਮੁੱਖ ਮੰਤਰੀ ਰੁਝੇਵੇਂ 'ਚ ਰਹੇ। ਉਹ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਤਖਤ ਦਮਦਮਾ ਸਾਹਿਬ ਦਾ ਪ੍ਰੋਗਰਾਮ ਬਣਾ ਰਹੇ ਹਨ।

Tuesday, June 6, 2017

                            ਵੱਢੀਖੋਰ ਬਾਗੋ ਬਾਗ
      ਹੁਣ ਖੜਕਦਾ ਨਹੀਂ ਕੈਪਟਨ ਦਾ 'ਖੂੰਡਾ' !
                              ਚਰਨਜੀਤ ਭੁੱਲਰ
ਬਠਿੰਡਾ  : ਕੈਪਟਨ ਹਕੂਮਤ ਦੀ ਐਤਕੀਂ ਵੱਢੀਖੋਰਾਂ 'ਤੇ ਨਜ਼ਰ 'ਠੰਢੀ' ਜਾਪਦੀ ਹੈ। ਤਾਹੀਓਂ ਵਿਜੀਲੈਂਸ ਅਫਸਰ ਦਫਤਰਾਂ ਵਿਚ ਵਿਹਲੇ ਬੈਠੇ ਹਨ। ਰੌਂਅ ਨੂੰ ਦੇਖਦੇ ਹੋਏ ਲੋਕਾਂ ਨੇ ਵੀ ਵਿਜੀਲੈਂਸ ਕੋਲ ਵੱਢੀਖੋਰਾਂ ਖਿਲਾਫ ਪਹੁੰਚ ਕਰਨ ਤੋਂ ਪਾਸਾ ਵੱਟ ਲਿਆ ਹੈ। ਜਦੋਂ ਵਰ•ਾ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਬਣੀ ਸੀ ਤਾਂ ਉਦੋਂ ਵਿਜੀਲੈਂਸ ਦਫਤਰਾਂ ਵਿਚ ਸ਼ਿਕਾਇਤਾਂ ਦਾ ਹੜ ਆ ਗਿਆ ਸੀ। ਵਿਜੀਲੈਂਸ ਅਫਸਰਾਂ ਨੂੰ ਪੜਤਾਲਾਂ ਤੋਂ ਸਾਹ ਲੈਣ ਦੀ ਵਿਹਲ ਨਹੀਂ ਸੀ ਅਤੇ ਚਾਰੇ ਪਾਸੇ ਦਬਦਬਾ ਸੀ। ਵਿਜੀਲੈਂਸ ਥਾਣਾ ਬਠਿੰਡਾ ਵਿਚ 1 ਜਨਵਰੀ 2017 ਤੋਂ ਹੁਣ ਤੱਕ ਸਿਰਫ ਅੱਠ ਕੇਸ ਦਰਜ ਹੋਏ ਹਨ। ਕੈਪਟਨ ਸਰਕਾਰ ਬਣਨ ਮਗਰੋਂ ਬਠਿੰਡਾ ਰੇਂਜ ਦੇ ਤਿੰਨ ਜ਼ਿਲਿ•ਆਂ ਵਿਚ ਸਿਰਫ ਚਾਰ ਕੇਸ ਦਰਜ ਹੋਏ ਹਨ। ਰੇਂਜ ਵਿਚ ਪੈਂਦੇ ਬਠਿੰਡਾ ਤੇ ਫਰੀਦਕੋਟ ਜ਼ਿਲ•ੇ ਦਾ ਕੋਈ ਵੀ ਵੱਢੀਖੋਰ ਕੈਪਟਨ ਹਕੂਮਤ ਨੇ ਹਾਲੇ ਤੱਕ ਨਹੀਂ ਫੜਿਆ ਹੈ। ਜਦੋਂ ਵਰ•ਾ 2002 ਵਿਚ ਕੈਪਟਨ ਰਾਜ ਭਾਗ ਆਇਆ ਸੀ ਤਾਂ ਉਦੋਂ ਇਕੱਲੇ ਸਾਲ 2003 ਦੌਰਾਨ ਵਿਜੀਲੈਂਸ ਰੇਂਜ ਬਠਿੰਡਾ ਵਿਚ ਵੱਢੀਖੋਰਾਂ ਖਿਲਾਫ 62 ਕੇਸ ਦਰਜ ਹੋਏ ਸਨ। ਤਤਕਾਲੀ ਕੈਪਟਨ ਹਕੂਮਤ ਦੇ ਪੰਜ ਵਰਿ•ਆਂ (2002-07) ਦੌਰਾਨ ਬਠਿੰਡਾ ਰੇਂਜ ਵਿਚ 180 ਵਿਜੀਲੈਂਸ ਕੇਸ ਦਰਜ ਹੋਏ ਸਨ  ਜਦੋਂ ਕਿ ਗਠਜੋੜ ਹਕੂਮਤ ਦੇ 10 ਵਰਿ•ਆਂ ਦੌਰਾਨ 139 ਵਿਜੀਲੈਂਸ ਕੇਸ ਦਰਜ ਹੋਏ ਹਨ।
                          ਵਿਜੀਲੈਂਸ ਨੇ ਬਠਿੰਡਾ ਵਿਚ ਫਲਾਈਂਗ ਸਕੂਐਡ ਦਾ ਦਫਤਰ ਤਾਂ ਬਣਾਇਆ ਹੈ ਪ੍ਰੰਤੂ ਇਹ ਦਫਤਰ ਵੀ ਹੁਣ ਭਾਂਅ ਭਾਂਅ ਕਰ ਰਿਹਾ ਹੈ। ਇੱਥੇ ਹੁਣ ਕੋਈ ਅਧਿਕਾਰੀ ਹੀ ਨਹੀਂ ਹੈ। ਅਹਿਮ ਸੂਤਰ ਦੱਸਦੇ ਹਨ ਕਿ ਕੈਪਟਨ ਹਕੂਮਤ ਦੇ ਸਹੁੰ ਚੁੱਕਣ ਮਗਰੋਂ ਬਠਿੰਡਾ ਤੇ ਮੁਕਤਸਰ ਦੇ ਅਕਾਲੀ ਦਲ ਦੇ ਨੇੜਲੇ ਤਿੰਨ ਚਾਰ ਵੱਡੇ ਨੇਤਾ ਡਰ ਡਰ ਵਿਚ ਆਪੋ ਆਪਣੇ ਘਰ ਛੱਡ ਗਏ ਸਨ ਪ੍ਰੰਤੂ ਇੱਕ ਹਫਤੇ ਮਗਰੋਂ ਹੀ ਉਹ ਘਰਾਂ ਨੂੰ ਵਾਪਸ ਪਰਤ ਆਏ ਸਨ। ਗਠਜੋੜ ਸਰਕਾਰ ਦੌਰਾਨ ਕਈ ਵਿਭਾਗਾਂ 'ਚ ਮਲਾਈ ਖਾਣ ਵਾਲੀ ਸੰਗਰੂਰ ਦੀ ਇੱਕ ਫਰਮ ਨੇ ਕੈਪਟਨ ਸਰਕਾਰ 'ਤੇ ਵੀ ਡੋਰੇ ਪਾ ਲਏ ਹਨ। ਮਾਲ ਮਹਿਕਮੇ ਦੇ ਅਫਸਰਾਂ ਤੇ ਮੁਲਾਜ਼ਮਾਂ ਦੇ ਹੌਸਲੇ ਵੀ ਹੁਣ ਵਧ ਗਏ ਹਨ। ਮਲੋਟ ਦੇ ਸਿਰਕੱਢ ਕਾਂਗਰਸੀ ਨੇਤਾ ਉਦੋਂ ਹੌਸਲਾ ਛੱਡ ਗਏ ਜਦੋਂ ਵਿਜੀਲੈਂਸ ਨੇ ਨੌਕਰੀ ਘੁਟਾਲੇ ਵਿਚ ਇੱਕ ਵੱਡੇ ਅਕਾਲੀ ਨੇਤਾ ਨੂੰ ਕਲੀਨ ਚਿੱਟ ਦੇ ਦਿੱਤੀ। ਵਿਜੀਲੈਂਸ ਅਧਿਕਾਰੀ ਵੀ ਹੁਣ ਪਟਵਾਰੀਆਂ ਨੂੰ ਫੜ ਕੇ ਆਪਣਾ ਅੰਕੜਾ ਪੂਰਾ ਕਰ ਰਹੇ ਹਨ। ਵਿਜੀਲੈਂਸ ਨੇ ਫਾਜਿਲਕਾ ਜ਼ਿਲ•ੇ ਵਿਚ ਮਈ ਮਹੀਨੇ ਵਿਚ ਇੱਕ ਪਟਵਾਰੀ ਫੜਿਆ ਹੈ। ਬਠਿੰਡਾ ਰੇਂਜ ਵਿਚ ਗਠਜੋੜ ਸਰਕਾਰ ਸਮੇਂ ਸਾਲ 2012 ਵਿਚ 12, ਸਾਲ 2012 ਵਿਚ 13,2014 ਵਿਚ 17,2015 ਵਿਚ 23 ਅਤੇ ਸਾਲ 2016 ਵਿਚ 26 ਕੇਸ ਦਰਜ ਹੋਏ ਹਨ।
                        ਕਾਂਗਰਸ ਦੇ ਇੱਕ ਸੀਨੀਅਰ ਨੇਤਾ ਦਾ ਕਹਿਣਾ ਸੀ ਕਿ ਵਿਜੀਲੈਂਸ ਦੀ ਚੁੱਪ ਕਰਕੇ ਤਾਂ ਉਨ•ਾਂ ਨੂੰ ਵਰਕਰਾਂ ਨੂੰ ਜੁਆਬ ਦੇਣੇ ਔਖੇ ਹੋਏ ਪਏ ਹਨ। ਵਿਰੋਧੀ ਧਿਰ ਦੇ ਨੇਤਾ ਸ੍ਰੀ ਐਚ.ਐਸ.ਫੂਲਕਾ ਦਾ ਕਹਿਣਾ ਸੀ ਕਿ ਅਕਾਲੀ ਦਲ ਦੇ ਆਗੂਆਂ ਅਤੇ ਕਰੁਪਟ ਅਫਸਰਾਂ ਖਿਲਾਫ ਚੁੱਪ ਵੱਟਣ ਤੋਂ ਸਾਫ ਹੈ ਕਿ ਕਾਂਗਰਸੀ ਤੇ ਅਕਾਲੀ ਦਲ ਦੀ ਆਪਸੀ ਗੁਪਤ ਸੰਧੀ ਹੈ ਜਿਸ ਕਰਕੇ ਕਰੁਪਟ ਅਫਸਰਾਂ ਮੁੜ ਹੌਸਲਾ ਫੜ ਗਏ ਹਨ। ਉਨ•ਾਂ ਆਖਿਆ ਕਿ ਦੋਹਾਂ ਧਿਰਾਂ ਨੇ ਰਲ ਕੇ ਚੋਣਾਂ ਲੜੀਆਂ ਹਨ ਅਤੇ ਸਰਕਾਰੀ ਦਫਤਰਾਂ ਵਿਚ ਹੁਣ ਕਰੁਪਸ਼ਨ ਦਾ ਬੋਲਬਾਲਾ ਵਧ ਗਿਆ ਹੈ। ਬਠਿੰਡਾ ਰੇਂਜ ਦੇ ਐਸ.ਐਸ.ਪੀ (ਵਿਜੀਲੈਂਸ) ਸ੍ਰੀ ਜਗਜੀਤ ਸਿੰਘ ਭਗਤਾਣਾ ਦਾ ਕਹਿਣਾ ਸੀ ਕਿ ਵਿਜੀਲੈਂਸ ਤਰਫੋਂ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਹੈ ਪ੍ਰੰਤੂ ਸ਼ਿਕਾਇਤਾਂ ਹੀ ਬਹੁਤ ਘੱਟ ਆ ਰਹੀਆਂ ਹਨ। ਉਨ•ਾਂ ਆਖਿਆ ਕਿ ਜੋ ਮਾਮਲੇ ਆ ਰਹੇ ਹਨ, ਉਨ•ਾਂ ਦੀ ਪੜਤਾਲ ਡੂੰਘਾਈ ਨਾਲ ਕਰਕੇ ਕੇਸ ਦਰਜ ਕੀਤੇ ਜਾ ਰਹੇ ਹਨ। ਸਰਕਾਰ ਤਰਫੋਂ ਇਸ ਸਬੰਧੀ ਸਖਤ ਹਦਾਇਤਾਂ ਹਨ। 

Sunday, April 9, 2017

                               ਮਿਹਰ ਦਾ ' ਹੱਥ ' 
            ਬਾਦਲਾਂ ਲਈ ' ਸਪੈਸ਼ਲ ਹੈਲੀਪੈਡ ' !
                                  ਚਰਨਜੀਤ ਭੁੱਲਰ
ਬਠਿੰਡਾ : ਭਾਵੇਂ ਪੰਜਾਬ 'ਚ ਰਾਜ ਬਦਲ ਗਿਆ ਹੈ ਪ੍ਰੰਤੂ 'ਸੇਵਾ' ਬਿਨ•ਾਂ ਰੋਕ ਜਾਰੀ ਹੈ। ਕੈਪਟਨ ਹਕੂਮਤ ਦੀ ਠੰਡੀ ਨਜ਼ਰ ਦਾ ਪ੍ਰਤਾਪ ਹੈ ਕਿ ਬਾਦਲ ਪਰਿਵਾਰ ਨੂੰ 'ਸਪੈਸ਼ਲ ਹੈਲੀਪੈਡ' ਦੀ ਸਹੂਲਤ ਬੇਰੋਕ ਜਾਰੀ ਹੈ। ਬਾਦਲ ਪਰਿਵਾਰ ਨੇ ਪਿੰਡ ਬਾਦਲ ਆਉਣ ਜਾਣ ਲਈ ਹੁਣ ਔਰਬਿਟ ਹੈਲੀਕਾਪਟਰ ਦੀ ਵਰਤੋਂ ਸ਼ੁਰੂ ਕੀਤੀ ਹੈ। ਗਠਜੋੜ ਸਰਕਾਰ ਸਮੇਂ ਪਿੰਡ ਕਾਲਝਰਾਨੀ ਵਿਚ ਆਰਜੀ ਹੈਲੀਪੈਡ ਬਣਿਆ ਹੋਇਆ ਸੀ ਜਿਥੇ ਛੇ ਮੁਲਾਜ਼ਮਾਂ ਦੀ ਗਾਰਦ ਪੱਕੇ ਤੌਰ ਤੇ ਲਾਈ ਹੋਈ ਹੈ। ਹਕੂਮਤ ਬਦਲਣ ਮਗਰੋਂ ਜ਼ਿਲ•ਾ ਪੁਲੀਸ ਨੇ ਇਹ ਗਾਰਦ ਵਾਪਸ ਨਹੀਂ ਬੁਲਾਈ ਬਲਕਿ 'ਸਪੈਸ਼ਲ ਹੈਲੀਪੈਡ' ਲਈ ਗਾਰਦ ਤਾਇਨਾਤ ਕੀਤੀ ਹੈ। ਪੰਜਾਬ ਵਿਚ ਹੋਰ ਕਿਧਰੇ ਵੀ ਏਦਾ ਪ੍ਰਾਈਵੇਟ ਹੈਲੀਕਾਪਟਰ ਲਈ 'ਸਪੈਸ਼ਲ ਹੈਲੀਪੈਡ' ਦੀ ਸਹੂਲਤ ਨਹੀਂ ਦਿੱਤੀ ਹੋਈ ਹੈ। ਜਦੋਂ ਸਰਕਾਰ ਸੀ ਤਾਂ ਉਦੋਂ ਨਿਯਮ ਅਤੇ ਸੁਰੱਖਿਆ ਅਜਿਹੀ ਮੰਗ ਕਰਦੇ ਸਨ। ਵੇਰਵਿਆਂ ਅਨੁਸਾਰ ਪਿੰਡ ਕਾਲਝਰਾਨੀ ਦੀ ਦਾਣਾ ਮੰਡੀ ਵਿਚ ਕਈ ਵਰਿ•ਆਂ ਤੋਂ ਫਸਲ ਨਹੀਂ ਆ ਸਕੀ ਹੈ ਕਿਉਂਕਿ ਇਸ ਦਾਣਾ ਮੰਡੀ ਨੂੰ ਹੈਲੀਪੈਡ ਵਜੋਂ ਵਰਤਿਆ ਜਾ ਰਿਹਾ ਹੈ। ਪਿੰਡ ਦੇ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਬਦਲਣ ਮਗਰੋਂ ਉਨ•ਾਂ ਨੂੰ ਇਹ ਦਾਣੀ ਮੰਡੀ ਵੀ ਮਿਲ ਜਾਵੇਗੀ ਪ੍ਰੰਤੂ ਕੈਪਟਨ ਹਕੂਮਤ ਨੇ ਸਭ ਕੁਝ ਕਾਇਮ ਰੱਖ ਦਿੱਤਾ ਹੈ।
                         ਹਾਲਾਂਕਿ ਕਾਂਗਰਸ ਸਰਕਾਰ ਨੇ ਖੁਦ ਐਲਾਨ ਕੀਤਾ ਹੈ ਕਿ ਉਹ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨਗੇ ਪ੍ਰੰਤੂ ਮੌਜੂਦਾ ਸਰਕਾਰ ਬਾਦਲ ਪਰਿਵਾਰ ਨੂੰ ਸਪੈਸ਼ਲ ਹੈਲੀਪੈਡ ਦੀ ਸੁਵਿਧਾ ਜਾਰੀ ਰੱਖ ਰਹੀ ਹੈ। ਜਦੋਂ ਵੀ ਬਾਦਲ ਪਰਿਵਾਰ ਦਾ ਹੈਲੀਕਾਪਟਰ ਇੱਥੇ ਲੈਂਡ ਕਰਦਾ ਹੈ ਤਾਂ ਦੋ ਥਾਣਿਆਂ ਦੀ ਪੁਲੀਸ ਹਾਜ਼ਰ ਹੁੰਦੀ ਹੈ। ਐਬੂਲੈਂਸ ਤੇ ਫਾਈਰ ਬ੍ਰੀਗੇਡ ਦੀਆਂ ਗੱਡੀਆਂ ਤੋਂ ਇਲਾਵਾ ਪੁਲੀਸ ਰੂਟ ਵੀ ਲੱਗਦਾ ਹੈ। ਸੂਤਰ ਆਖਦੇ ਹਨ ਕਿ ਜੈੱਡ ਪਲੱਸ ਸੁਰੱਖਿਆ ਕਰਕੇ ਅਜਿਹਾ ਨਿਯਮਾਂ ਅਨੁਸਾਰ ਹੀ ਹੁੰਦਾ ਹੈ। ਹੈਲੀਪੈਡ ਦੀ ਗਾਰਦ ਵਿਚ ਤਿੰਨ ਪੁਲੀਸ ਮੁਲਾਜ਼ਮ ਤਾਂ ਪਿੰਡ ਬਾਦਲ ਦੇ ਹੀ ਵਸਨੀਕ ਦੱਸੇ ਜਾ ਰਹੇ ਹਨ। ਹਾਲ ਵਿਚ ਵਿਚ 5 ਅਪਰੈਲ ਨੂੰ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਹੈਲੀਕਾਪਟਰ ਇਸ ਹੈਲੀਪੈਡ ਤੇ ਲੈਂਡ ਕੀਤਾ ਸੀ। ਸੂਤਰ ਦੱਸਦੇ ਹਨ ਕਿ ਬਾਦਲ ਪਰਿਵਾਰ ਆਪਣਾ ਪ੍ਰਾਈਵੇਟ ਔਰਬਿਟ ਕੰਪਨੀ ਦਾ ਹੈਲੀਕਾਪਟਰ ਆਉਣ ਜਾਣ ਵਾਸਤੇ ਵਰਤ ਰਹੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਇਸ ਹੈਲੀਕਾਪਟਰ ਤੇ ਆਏ ਹਨ। ਹੈਲੀਪੈਡ ਦੇ ਦੋ ਕਮਰੇ ਹਨ ਜਿਨ•ਾਂ ਚੋਂ ਇੱਕ ਏ.ਸੀ ਕਮਰਾ ਬਾਦਲ ਪਰਿਵਾਰ ਲਈ ਰਾਖਵਾਂ ਹੈ ਜਦੋਂ ਕਿ ਦੂਸਰਾ ਕਮਰਾ ਗਾਰਦ ਵਰਤਦੀ ਹੈ।
                       ਹੈਲੀਪੈਡ ਤੇ ਲੱਗੇ ਬਿਜਲੀ ਦੇ ਮੀਟਰ ਦਾ ਬਿੱਲ ਮਾਰਕੀਟ ਕਮੇਟੀ ਗਿੱਦੜਬਹਾ ਵਲੋਂ ਭਰਿਆ ਜਾ ਰਿਹਾ ਹੈ। ਪਹਿਲਾਂ ਇੱਥੇ ਕੁੰਡੀ ਕੁਨੈਕਸ਼ਨ ਚੱਲਦਾ ਸੀ ਅਤੇ ਫਰਵਰੀ 2014 ਵਿਚ ਮਾਰਕੀਟ ਕਮੇਟੀ ਨੇ ਹੈਲੀਪੈਡ ਲਈ ਬਕਾਇਦਾ ਬਿਜਲੀ ਕੁਨੈਕਸ਼ਨ ਲੈ ਲਿਆ ਸੀ।          ਪਿੰਡ ਕਾਲਝਰਾਨੀ ਦੇ ਆਗੂ ਬਲਵੰਤ ਸਿੰਘ ਦਾ ਪ੍ਰਤੀਕਰਮ ਸੀ ਕਿ ਪਿੰਡ ਵਾਲਿਆਂ ਤੋਂ ਦਾਣਾ ਮੰਡੀ ਇਸ ਹੈਲੀਪੈਡ ਨੇ ਖੋਹ ਲਈ ਅਤੇ ਦਬਾਓ ਪੈਣ ਮਗਰੋਂ ਸਰਕਾਰ ਨੇ ਨਵੀਂ ਦਾਣਾ ਮੰਡੀ ਹੋਰ ਥਾਂ ਤੇ ਬਣਾ ਦਿੱਤੀ। ਉਨ•ਾਂ ਆਖਿਆ ਕਿ ਗਾਰਦ ਵੀ ਪਹਿਲਾਂ ਦੀ ਤਰ•ਾਂ ਹੀ ਲੱਗੀ ਹੋਈ ਹੈ। ਥਾਣਾ ਨੰਦਗੜ• ਦੇ ਮੁੱਖ ਥਾਣਾ ਅਫਸਰ ਸ੍ਰੀ ਬਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਹੈਲੀਪੈਡ ਤੇ ਗਾਰਦ ਜ਼ਿਲ•ਾ ਪੁਲੀਸ ਵਲੋਂ ਲਾਈ ਹੋਈ ਹੈ। ਉਨ•ਾਂ ਦੱਸਿਆ ਕਿ ਬਾਦਲ ਪਰਿਵਾਰ ਕਦੇ ਕਦਾਈ ਹੈਲੀਕਾਪਟਰ ਰਾਹੀਂ ਇੱਥੇ ਆਉਂਦਾ ਰਹਿੰਦਾ ਹੈ।
                                      ਜੈੱਡ ਪਲੱਸ ਸੁਰੱਖਿਆ ਕਰਕੇ : ਐਸ.ਐਸ.ਪੀ
ਐਸ.ਐਸ.ਪੀ ਬਠਿੰਡਾ ਸ੍ਰੀ ਨਵੀਨ ਸਿੰਗਲਾ ਦਾ ਕਹਿਣਾ ਸੀ ਕਿ ਬਾਦਲ ਪਰਿਵਾਰ ਦੀ ਮੂਵਮੈਂਟ ਪਿੰਡ ਬਾਦਲ ਆਉਣ ਜਾਣ ਦੀ ਕਾਫੀ ਜਿਆਦਾ ਹੈ ਅਤੇ ਜੈੱਡ ਪਲੱਸ ਸੁਰੱਖਿਆ ਹੋਣ ਕਰਕੇ ਇੱਕ ਦਿਨ ਗਾਰਦ ਪਹਿਲਾਂ ਲਾਈ ਜਾਣੀ ਹੁੰਦੀ ਹੈ। ਉਹ ਇਸ ਨੂੰ ਰੀਵਿਊ ਵੀ ਕਰਨਗੇ ਅਤੇ ਅਜਿਹਾ ਨਿਯਮਾਂ ਮੁਤਾਬਿਕ ਹੀ ਹੈ।