Wednesday, July 19, 2017

                            ਬਦਲਾਖੋਰੀ  
           ਕੈਪਟਨ ਤੋਂ ਅਕਾਲੀ ਬਾਗੋ ਬਾਗ
                          ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸੀ ਬਦਲਾਖੋਰੀ ਦੇ ਮਾਮਲੇ 'ਤੇ ਲਏ ਸਟੈਂਡ ਤੋਂ ਸਾਬਕਾ ਅਕਾਲੀ ਮੰਤਰੀ ਤਸੱਲੀ ਵਿਚ ਹਨ ਜਦੋਂ ਕਿ ਕਾਂਗਰਸੀ ਲੀਡਰ ਅੰਦਰੋਂ ਅੰਦਰੀ ਇਸ ਗੱਲ ਤੋਂ ਕਾਫ਼ੀ ਔਖੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਐਲਾਨ ਕੀਤਾ ਹੈ ਕਿ ਬਦਲੇ ਦੀ ਸਿਆਸਤ ਨਹੀਂ ਕਰਨਗੇ। ਜਦੋਂ ਚਾਰ ਮਹੀਨੇ ਦੀ ਕਾਰਗੁਜ਼ਾਰੀ 'ਤੇ ਸਾਬਕਾ ਅਕਾਲੀ ਵਜ਼ੀਰਾਂ ਨਾਲ ਗੱਲ ਕੀਤੀ ਤਾਂ ਉਨ•ਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਫਰੰਟ ਤੇ ਫੇਲ• ਹੋ ਗਈ ਹੈ ਪ੍ਰੰਤੂ ਸਿਆਸੀ ਬਦਲਾਖੋਰੀ ਨਾ ਕਰਨ ਦੇ ਮਾਮਲੇ ਤੇ ਅਮਰਿੰਦਰ ਪਹਿਰਾ ਦੇ ਰਿਹਾ ਹੈ ਜੋ ਚੰਗਾ ਕਦਮ ਹੈ। ਸਭਨਾਂ ਨੇ ਏਨਾ ਜਰੂਰ ਆਖਿਆ ਕਿ ਸਿਆਸੀ ਬਦਲਾਖੋਰੀ ਹੇਠਲੇ ਪੱਧਰ ਤੇ ਸ਼ੁਰੂ ਹੋ ਚੁੱਕੀ ਹੈ। ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਪ੍ਰਤੀਕਰਮ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸੀ ਬਦਲਾਖੋਰੀ ਕੀਤੇ ਜਾਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪ੍ਰੰਤੂ ਹੇਠਲੇ ਕਾਂਗਰਸੀ ਆਗੂ ਸਰਪੰਚਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ। ਮੁੱਖ ਮੰਤਰੀ ਇਸ ਮਾਮਲੇ 'ਚ ਫਿਲਹਾਲ ਕੀਤੇ ਐਲਾਨ ਤੇ ਪਹਿਰਾ ਦੇ ਰਹੇ ਹਨ।
                         ਰੱਖੜਾ ਨੇ ਆਖਿਆ ਕਿ ਚਾਰ ਮਹੀਨੇ 'ਚ ਸਰਕਾਰ ਕੋਈ ਕਾਰਗੁਜ਼ਾਰੀ ਨਹੀਂ ਦਿਖਾ ਸਕੀ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਈ ਸਿਆਸੀ ਬਦਲਾਖੋਰੀ ਨਹੀਂ ਕੀਤੀ ਜਾ ਰਹੀ ਹੈ ਜੋ ਕਿ ਇੱਕ ਚੰਗਾ ਕਦਮ ਹੈ ਪ੍ਰੰਤੂ ਹੇਠਲੇ ਪੱਧਰ ਤੇ ਵਿਧਾਇਕ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਨਿੱਤ ਝੂਠੇ ਕੇਸ ਅਕਾਲੀ ਆਗੂਆਂ ਤੇ ਦਰਜ ਕਰਾਏ ਜਾ ਰਹੇ ਹਨ। ਮਲੂਕਾ ਨੇ ਆਖਿਆ ਕਿ ਸਰਕਾਰ ਹੋਰ ਕਿਸੇ ਖੇਤਰ ਵਿਚ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕਰ ਸਕੀ ਹੈ। ਇਸੇ ਤਰ•ਾਂ ਹੀ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਆਖਿਆ ਕਿ ਉਸ ਦੇ ਹਲਕੇ ਵਿਚ ਕੋਈ ਬਦਲਾਖੋਰੀ ਨਹੀਂ ਹੋਈ ਹੈ ਅਤੇ ਕੁਝ ਹਲਕਿਆਂ ਵਿਚ ਕਤਲ ਤੱਕ ਹੋ ਗਏ ਹਨ। ਕੈਪਟਨ ਅਮਰਿੰਦਰ ਵਲੋਂ ਬਦਲਾਖੋਰੀ ਦੇ ਮਾਮਲੇ ਤੇ ਲਏ ਸਟੈਂਡ ਦਾ ਆਉਂਦੇ ਦਿਨਾਂ ਵਿਚ ਅਸਲ ਪਤਾ ਲੱਗੇਗਾ। ਉਨ•ਾਂ ਆਖਿਆ ਕਿ ਅਸਲ ਵਿਚ ਵਿਕਾਸ ਤੇ ਲੋਕ ਭਲਾਈ ਦੀ ਗੱਲ ਕਰੀਏ ਤਾਂ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੂੰ ਠੱਗ ਕੇ ਬੈਠ ਗਈ ਹੈ। ਇਵੇਂ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਆਖਿਆ ਕਿ ਮੁੱਖ ਮੰਤਰੀ ਦੇ ਪੱਧਰ ਤੇ ਕੋਈ ਬਦਲਾਖੋਰੀ ਨਹੀਂ ਹੋ ਰਹੀ ਹੈ ਪ੍ਰੰਤੂ ਹੇਠਲੇ ਪੱਧਰ ਤੇ ਮੁਲਾਜ਼ਮਾਂ ਦੇ ਤਬਾਦਲੇ ਵੀ ਕਰਾਏ ਜਾ ਰਹੇ ਹਨ। ਵਿਰੋਧੀਆਂ ਨੂੰ ਦਬਾਇਆ ਜਾ ਰਿਹਾ ਹੈ।
                       ਜਦੋਂ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਨਾਲ ਗੱਲ ਕੀਤੀ ਤਾਂ ਉਨ•ਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਦਲਾਖੋਰੀ ਦੇ ਮਾਮਲੇ ਤੇ ਚੁੱਪ ਵੱਟੀ ਹੋਈ ਹੈ ਜਦੋਂ ਕਿ ਹੇਠਾਂ ਹਾਹਾਕਾਰ ਮੱਚੀ ਹੋਈ ਹੈ। ਕਾਂਗਰਸੀ ਆਗੂ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਚਾਰ ਮਹੀਨੇ ਦੀ ਸਮੁੱਚੀ ਕਾਰਗੁਜ਼ਾਰੀ ਜ਼ੀਰੋ ਹੈ। ਇਸ ਤੋਂ ਇਲਾਵਾ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਦਾ ਪ੍ਰਤੀਕਰਮ ਸੀ ਕਿ ਸੁਣਨ ਵਿਚ ਆਇਆ ਕਿ ਉਪਰੋਂ ਮੁੱਖ ਮੰਤਰੀ ਦੀਆਂ ਬਦਲਾਲਊ ਨੀਤੀ ਵਾਲੀਆਂ ਕੋਈ ਹਦਾਇਤਾਂ ਨਹੀਂ ਹਨ ਜੋ ਕਿ ਇੱਕ ਚੰਗਾ ਕਦਮ ਹੈ ਅਤੇ ਬਦਲਾਖੋਰੀ ਨਹੀਂ ਹੋਣੀ ਚਾਹੀਦੀ ਪ੍ਰੰਤੂ ਹੇਠਲੇ ਪੱਧਰ ਤੇ ਸਭ ਕੁਝ ਹੋ ਰਿਹਾ ਹੈ।  ਦੂਸਰੀ ਤਰਫ਼ ਜਦੋਂ ਕਾਂਗਰਸੀ ਦੇ ਕਈ ਨੇਤਾਵਾਂ ਨਾਲ ਗੱਲ ਕੀਤੀ ਤਾਂ ਉਨ•ਾਂ ਆਖਿਆ ਕਿ 'ਕੀ ਦੱਸੀਏ, ਆਪਦਾ ਹੀ ਪੇਟ ਨੰਗਾ ਹੁੰਦੈ'। ਕਾਂਗਰਸੀ ਵਿਧਾਇਕ ਕਾਫ਼ੀ ਔਖੇ ਹਨ ਕਿ ਅਕਾਲੀ ਲੀਡਰ ਉਨ•ਾਂ ਨੂੰ ਟਿੱਚਰਾਂ ਕਰਕੇ ਲੰਘਦੇ ਹਨ। ਦੱਸਣਯੋਗ ਹੈ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸਾਫ ਆਖਿਆ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਖਿਲਾਫ ਕਾਰਵਾਈ ਨਹੀਂ ਹੋਵੇਗੀ।
                       ਮਨਪ੍ਰੀਤ ਬਾਦਲ ਨੇ ਆਖਿਆ ਕਿ ਗਠਜੋੜ ਸਰਕਾਰ ਦੇ 10 ਵਰਿ•ਆਂ ਦਾ ਆਡਿਟ ਚੱਲ ਰਿਹਾ ਹੈ ਜੋ ਕਿ ਕਸੂਰਵਾਰ ਹੋਇਆ,ਉਸ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ ਅਤੇ ਬਦਲੇ ਦੀ ਭਾਵਨਾ ਨਾਲ ਕੋਈ ਫੈਸਲਾ ਨਹੀਂ ਲਿਆ ਜਾਵੇਗਾ। ਇਸੇ ਦੌਰਾਨ ਭਾਵੇਂ ਵਜ਼ੀਰ ਨਵਜੋਤ ਸਿੱਧੂ ਨੂੰ ਹੁਣ ਸਰਕਾਰ ਨੇ ਥੋੜਾ ਤੱਤਾ ਚੱਲਣ ਤੋਂ ਵਰਜਿਆ ਹੈ ਪ੍ਰੰਤੂ ਕਾਂਗਰਸੀ ਲੀਡਰਾਂ ਵਿਚ ਹੁਣ ਨਵਜੋਤ ਸਿੱਧੂ ਦੀ ਪੈਂਠ ਉਵੇਂ ਬਣਨ ਲੱਗੀ ਹੈ ਜਿਵੇਂ ਪਿਛਲੀ ਹਕੂਮਤ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਬਣੀ ਸੀ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਸੀ ਕਿ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ ਤੇ ਕਾਂਗਰਸ ਨੇ ਗੁਪਤ ਸਮਝੌਤਾ ਕਰ ਲਿਆ ਸੀ ਜਿਸ ਤਹਿਤ ਚੋਣਾਂ ਵਿਚ ਫਰੈਂਡਲੀ ਮੈਚ ਖੇਡਿਆ ਗਿਆ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀਆਂ ਨਾਲ ਕੀਤਾ ਵਾਅਦਾ ਨਿਭਾਇਆ ਜਾ ਰਿਹਾ ਹੈ। ਪੰਜਾਬ ਦੀ 10 ਵਰਿ•ਆਂ ਵਿਚ ਹੋਈ ਲੁੱਟ ਦੇ ਗੁਨਾਹ ਮੌਜੂਦਾ ਸਰਕਾਰ ਨੇ ਮੁਆਫ਼ ਕਰ ਦਿੱਤੇ ਹਨ। 

1 comment:

  1. ਇਹ leeches ਆਵਦੇ ਹੀ ਲੋਕਾਂ ਦਾ ਖੂਨ ਚੂਸਦੇ ਹਨ. ਇੱਕ ਤਾ ਆਮ ਆਦਮੀ ਕੇਂਦਰ ਦੀਆਂ policies ਤੋ ਤੰਗ ਹੈ ਤੇ ਇੱਕ ਇਹ ਤਬਕਾ ਜੋ ਆਵਦੇ ਹੀ ਲੋਕਾ ਤੇ ਇੱਕ ਤਰਾ ਦਾ ਜਜੀਆ ਹੈ ਜੋ ਇਹ ਮਾਫੀਆ ਗੈੰਗ ਕਾਲੀਆ ਨੇ ਤਾ SGPC ਰਹੀ ਸਿਖ ਧਰਮ ਵੀ ਖਾ ਲਿਆ. ਪਟਵਾਰੀ ਤੇ ਅਦਾਲਤਾ ਨਾਲ ਰਲ ਕੇ NRIs ਦੀਆਂ ਪ੍ਰੋਪੇਰਟੀ ਲੁਟ ਲਈਆ. ਇਨਾ ਨੂ ਥੋੜੀ ਬਹੁਤੀ ਸ਼ਰਮ ਚਾਹੀਦੀ ਹੈ.

    ReplyDelete