ਸਵਾਂਗ ਦਾ ਮਾਮਲਾ
ਸਾਬਕਾ ਮੰਤਰੀ ਲੰਗਾਹ ਨੂੰ ਕਲੀਨ ਚਿੱਟ !
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਦੇ ਪ੍ਰਾਸੀਕਿਊਸ਼ਨ ਅਤੇ ਲਿਟੀਗੇਸ਼ਨ ਵਿਭਾਗ ਨੇ ਅੰਮ੍ਰਿਤ ਛਕਣ ਦਾ ਸਵਾਂਗ ਕਰਕੇ ਧਾਰਮਿਕ ਭਾਵਨਾਵਾਂ ਭੜਕਾਏ ਜਾਣ ਦੇ ਮਾਮਲੇ ’ਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਬਿਊਰੋ ਆਫ ਇਨਵੈਸੀਟੀਗੇਸ਼ਨ ਨੇ ਇਹ ਮਾਮਲਾ ਹੁਣ ਗ੍ਰਹਿ ਵਿਭਾਗ ਪੰਜਾਬ ਨੂੰ ਭੇਜ ਦਿੱਤਾ ਹੈ ਜਿਸ ’ਚ ਐਡਵੋਕੇਟ ਜਨਰਲ ਦਾ ਮਸ਼ਵਰਾ ਲਏ ਜਾਣ ਦੀ ਗੱਲ ਵੀ ਆਖੀ ਗਈ ਹੈ। ਚੇਤੇ ਰਹੇ ਕਿ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਹਾਲ ਹੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਮੁੜ ਅਪੀਲ ਕੀਤੀ ਹੈ ਕਿ ਜਾਣੇ ਅਨਜਾਣੇ ਵਿਚ ਹੋਈਆਂ ਭੁੱਲਾਂ ਨੂੰ ਮੁਆਫ਼ ਕੀਤਾ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ਿਕਾਇਤਾਂ ਮਿਲਣ ਮਗਰੋਂ ਇੱਕ ਮਹਿਲਾ ਦੇ ਮਾਮਲੇ ’ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ 6 ਅਗਸਤ 2017 ਨੂੰ ਸਿੱਖ ਪੰਥ ਚੋਂ ਛੇਕ ਦਿੱਤਾ ਗਿਆ ਸੀ। ਗੁਰਦਾਸਪੁਰ ਪੁਲੀਸ ਵੱਲੋਂ ਇੱਕ ਮਹਿਲਾ ਦੀ ਸ਼ਿਕਾਇਤ ’ਤੇ ਸਾਬਕਾ ਮੰਤਰੀ ਖ਼ਿਲਾਫ਼ 29 ਸਤੰਬਰ 2017 ਨੂੰ ਉਸ ਵਕਤ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ ਜਦੋਂ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਹੋ ਰਹੀ ਸੀ। ਜ਼ਿਲ੍ਹਾ ਅਦਾਲਤ ਨੇ ਜੁਲਾਈ 2018 ਵਿਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇਸ ਕੇਸ ਚੋਂ ਬਰੀ ਕਰ ਦਿੱਤਾ ਸੀ।
ਸਾਬਕਾ ਮੰਤਰੀ ਲੰਗਾਹ ਨੇ 3 ਅਗਸਤ 2020 ਨੂੰ ਗੁਰਦਾਸਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸਨੰਗਲ ਦੇ ਗੁਰਦੁਆਰਾ ਸਾਹਿਬ ’ਚ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋ ਕੇ ਅੰਮ੍ਰਿਤਪਾਨ ਕਰ ਲਿਆ ਸੀ ਅਤੇ ਇਸ ਮੌਕੇ ਲੰਗਾਹ ਨੂੰ ਸੇਵਾ ਵੀ ਲਾਈ ਗਈ ਸੀ। ਇਸ ਮਗਰੋਂ ਗੁਰਦਾਸਪੁਰ ਦੇ ਸਤਨਾਮ ਸਿੰਘ ਵਗੈਰਾ ਨੇ ਪੰਜਾਬ ਪੁਲੀਸ ਕੋਲ ਸੁੱਚਾ ਸਿੰਘ ਲੰਗਾਹ ਤੇ ਹੋਰਨਾਂ ਦੀ ਸ਼ਿਕਾਇਤ ਕਰ ਦਿੱਤੀ ਸੀ। ਇਵੇਂ ਹੀ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੁੱਜ ਗਿਆ। ਜਥੇਦਾਰ ਤਰਫ਼ੋਂ ਪੰਥ ਚੋਂ ਛੇਕੇ ਵਿਅਕਤੀ ਨਾਲ ਮਿਲਵਰਤਣ ਰੱਖੇ ਜਾਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਇੱਕ ਹੋਰ ਰਤਨ ਸਿੰਘ ਜੱਫਰਵਾਲ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਸੀ। ਦੂਸਰੀ ਤਰਫ਼ ਬਿਊਰੋ ਆਫ਼ ਇੰਨਵੈਸਟੀਗੇਸ਼ਨ ਵੱਲੋਂ ਸਤਨਾਮ ਸਿੰਘ ਵਗੈਰਾ ਦੀ ਸ਼ਿਕਾਇਤ ’ਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ। ਸਤਨਾਮ ਸਿੰਘ ਨੇ ਸ਼ਿਕਾਇਤ ’ਚ ਕਿਹਾ ਸੀ ਕਿ ਅੰਮ੍ਰਿਤ ਸੰਚਾਰ ਦੌਰਾਨ ਅੰਮ੍ਰਿਤ ਛੱਕਣ ਦਾ ਸਵਾਂਗ ਕਰਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿਚ ਸੁੱਚਾ ਸਿੰਘ ਲੰਗਾਹ ਅਤੇ ਹੋਰਨਾਂ ’ਤੇ ਧਾਰਾ 295 ਏ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ।
ਗ੍ਰਹਿ ਵਿਭਾਗ ਨੇ ਇਹ ਮਾਮਲਾ ਪ੍ਰਾਸੀਕਿਊਸ਼ਨ ਅਤੇ ਲਿਟੀਗੇਸ਼ਨ ਵਿਭਾਗ ਨੂੰ ਭੇਜ ਦਿੱਤਾ ਅਤੇ ਇਸ ਵਿਭਾਗ ਵੱਲੋਂ ਕਾਨੂੰਨੀ ਮਾਹਿਰਾਂ ਦੀ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਕੀਤੀ ਗਈ। ਸ਼ਿਕਾਇਤ ’ਚ ਕਿਹਾ ਗਿਆ ਕਿ ਪੰਥ ਚੋਂ ਛੇਕੇ ਕਿਸੇ ਵਿਅਕਤੀ ਨੂੰ ਪੰਥਕ ਪਰੰਪਰਾਵਾਂ ਅਨੁਸਾਰ ਪੰਜ ਪਿਆਰੇ ਅੰਮ੍ਰਿਤ ਨਹੀਂ ਛਕਾ ਸਕਦੇ ਜਿਨ੍ਹਾਂ ਸਮਾਂ ਪੰਜ ਸਿੰਘ ਸਾਹਿਬਾਨ ਉਸ ਵਿਅਕਤੀ ਨੂੰ ਮੁੜ ਪੰਥ ਵਿਚ ਸ਼ਾਮਿਲ ਨਹੀਂ ਕਰ ਲੈਂਦੇ। ਸ਼ਿਕਾਇਤ ਕਰਤਾ ਅਨੁਸਾਰ ਗੁਰਦਾਸਨੰਗਲ ਦੇ ਗੁਰਦੁਆਰਾ ਸਾਹਿਬ ਵਿਚ ਲੰਗਾਹ ਨੂੰ ਮੁੜ ਪੰਥ ਵਿਚ ਸ਼ਾਮਿਲ ਕਰਕੇ ਸਿੱਧੇ ਤੌਰ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਪਰੰਪਰਾ ਵਿਚ ਸਰਬ ਉੱਚਤਾ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਮਾਮਲੇ ਵਿਚ ਇੱਕ ਦਰਖਾਸਤ ਜਗਰੂਪ ਸਿੰਘ ਸਾਬਕਾ ਚੇਅਰਮੈਨ ਅਤੇ ਹੋਰ ਦਸ ਲੋਕਾਂ ਵੱਲੋਂ ਵੀ ਦਿੱਤੀ ਗਈ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦਾ ਪੜਤਾਲ ਰਿਪੋਰਟ ਅਨੁਸਾਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਵੱਲੋਂ ਸੁੱਚਾ ਸਿੰਘ ਲੰਗਾਹ ਤੇ ਹੋਰਨਾਂ ਨੂੰ ਧਾਰਾ 295-ਏ ਦੇ ਮਾਮਲੇ ’ਚ ਕਲੀਨ ਚਿੱਟ ਦਿੱਤੀ ਗਈ ਹੈ। ਵਿਭਾਗ ਨੇ ਕਿਹਾ ਹੈ ਕਿ ਅਗਰ ਸਰਕਾਰ ਚਾਹੇ ਤਾਂ ਇਸ ਬਾਰੇ ਕਾਨੂੰਨੀ ਰਾਇ ਐਡਵੋਕੇਟ ਜਨਰਲ ਤੋਂ ਵੀ ਲੈਣੀ ਉਚਿਤ ਹੋਵੇਗੀ।
ਪੜਤਾਲ ਰਿਪੋਰਟ ਅਨੁਸਾਰ ਸਾਬਕਾ ਮੰਤਰੀ ਲੰਗਾਹ ਨੇ ਗੁਰਦਾਸਨੰਗਲ ਦੇ ਗੁਰਦੁਆਰਾ ਸਾਹਿਬ ਵਿਚ ਪੰਜ ਪਿਆਰਿਆ ਦੇ ਸਨਮੁਖ ਪੇਸ਼ ਹੋ ਕੇ ਅੰਮ੍ਰਿਤਪਾਨ ਕੀਤਾ ਸੀ ਅਤੇ ਇਸ ਮੌਕੇ ਲੰਗਾਹ ਨੂੰ 21 ਦਿਨ ਗੁਰੂ ਘਰ ਵਿਚ ਝਾੜੂ ਮਾਰਨ ਦੀ ਸੇਵਾ ਵੀ ਲਗਾਈ ਗਈ ਸੀ। ਰਿਪੋਰਟ ਅਨੁਸਾਰ ਪੰਜ ਪਿਆਰਿਆਂ ਵੱਲੋਂ ਸਿੱਖ ਰਹਿਤ ਮਰਿਆਦਾ ਦੇ ਤਹਿਤ ਹੀ ਸਾਬਕਾ ਮੰਤਰੀ ਲੰਗਾਹ ਨੂੰ ਅੰਮ੍ਰਿਤਪਾਨ ਕਰਾਇਆ ਗਿਆ। ਇਸ ਬਾਬਤ ਸਿੱਖ ਰਹਿਤ ਮਰਿਆਦਾ ਦੀ ਨੱਥੀ ਪੁਸਤਿਕਾ ਵਿਚ ਕੋਈ ਅਨੁਛੇਦ ਨਹੀਂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਦੇ ਬਿਨਾਂ ਪੰਜ ਪਿਆਰਿਆਂ ਵੱਲੋਂ ਪੰਥ ਚੋਂ ਛੇਕੇ ਗਏ ਸਿੱਖ ਨੂੰ ਅੰਮ੍ਰਿਤਪਾਨ ਨਹੀਂ ਕਰਾਇਆ ਜਾ ਸਕਦਾ ਜਿਸ ਕਰਕੇ ਇੱਥੇ ਸਿੱਖ ਰਹਿਤ ਮਰਿਆਦਾ ਦੀ ਕੋਈ ਉਲੰਘਣਾ ਨਹੀਂ ਹੋਈ ਹੈ। ਵਿਭਾਗੀ ਰਿਪੋਰਟ ਅਨੁਸਾਰ ਪੰਜ ਪਿਆਰਿਆ ਵੱਲੋਂ ਲੰਗਾਹ ਨੂੰ ਕਰਾਇਆ ਗਿਆ ਅੰਮ੍ਰਿਤਪਾਨ ਸਵਾਂਗ ਨਹੀਂ ਕਿਹਾ ਜਾ ਸਕਦਾ ਹੈ। ਇਹ ਸਭ ਸਿੱਖ ਪੰਥ ਵਿਚ ਸ਼ਾਮਿਲ ਹੋਣ ਦੀ ਕੋਸ਼ਿਸ਼ ਜਾਪਦਾ ਹੈ ਅਤੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਨਹੀਂ ਕੀਤਾ ਜਾਪਦਾ। ਇਸ ਬਾਰੇ ਨਿਰਣਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਲਿਆ ਜਾ ਸਕਦਾ ਹੈ।
No comments:
Post a Comment