Monday, July 5, 2021

                                                            ਵਿਚਲੀ ਗੱਲ
                                      ਐਡਾ ਮੇਰਾ ਕਿਹੜਾ ਦਰਦੀ..!
                                               ਚਰਨਜੀਤ ਭੁੱਲਰ   

ਚੰਡੀਗੜ੍ਹ : ਪ੍ਰਸ਼ਾਤ ਕਿਸ਼ੋਰ ਤਾਂ ਕੱਲ੍ਹ ਦਾ ਜੁਆਕ ਐ। ਚਾਣਕਿਆ, ਸਿਆਸਤ ਦਾ ਲੱਕੜਦਾਦੈ, ਜਿਨ੍ਹਾਂ ਠੀਕ ਟੇਵਾ ਲਾਇਐ, ‘ਪਰਜਾ ਦਾ ਗੁੱਸਾ ਸਭ ਤੋਂ ਭਿਅੰਕਰ ਹੁੰਦਾ ਹੈ।ਬਿਜਲੀ ਦੇ ਤਪਾਏ, ਲੋਕ ਜਿਉਂ ਸੜਕਾਂ ਤੇ ਆਏ, ਬਿਨਾਂ ਕੋਈ ਦੇਰ ਲਾਏ, ਅਕਾਲੀ ਪੱਖੀਆਂ ਚੁੱਕ ਲਿਆਏ। ਕਿਸਾਨਾਂ ਦੇ ਖ਼ਾਨਿਓਂ ਗਈ, ਕਿਧਰੋਂ ਗੂੰਜ ਪਈ, ‘ਐਡਾ ਮੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।ਗਰਮੀ ਦਾ ਵੱਟ, ਵੋਟਾਂ ਚ ਵਟ ਜਾਏ, ਪੰਥ ਇੰਜ ਹੀ ਸੋਚਦਾ ਹੋਣੈ। ਅਕਾਲੀ ਪੱਖੀ ਵੰਡ’ ’ਚ ਤੇਜ਼ ਨਿਕਲੇ। ਰੋਪੜ ਚ ਨਜ਼ਾਰਾ ਡਾ. ਦਲਜੀਤ ਚੀਮਾ ਨੇ ਬੰਨ੍ਹਿਆ, ਸੱਜੇ ਹੱਥ ਚ ਨੀਲੇ ਰੰਗ ਦੀ ਪੱਖੀ, ਖੱਬੇ ਹੱਥ ਚ ਲਾਲ। ਕੋਈ ਟਿੱਚਰੀ ਬੋਲਿਐ, ਚੀਮਾ ਸਾਹਿਬ! ਨੀਲਾ ਤਾਂ ਠੀਕ ਐ, ਆਹ ਲਾਲ ਰੰਗ ਤਾਂ ਕਾਮਰੇਡਾਂ ਦਾ ਏ! ਵਿਚੋਂ ਕੋਈ ਬੋਲਿਆ, ਭਾਈ! ਹਾਥੀ ਦੀ ਸਵਾਰੀ ਕੋਲ ਐ, ਲੱਗਦੇ ਹੱਥ ਕਾਮਰੇਡਾਂ ਦੇ ਵੀ ਚਰਨ ਪਾ ਆਓ। ਭੋਲੂ ਦਾਸ ਨੂੰ ਕੌਣ ਦੱਸੇ, ‘ਜੰਗ ਚ ਸਭ ਕੁਝ ਜਾਇਜ਼ ਹੁੰਦੈ।ਅੱਗੇ ਫੇਰ ਤੁਰਦੇ ਹਾਂ, ਪਹਿਲਾਂ ਆਹ ਸੁਣ ਲਓ। ਮਾਝੇ ਚ ਅਕਾਲੀ ਕਾਨਫਰੰਸ ਸਜੀ। ਚੋਣਾਂ ਦੇ ਸਿਖ਼ਰ ਤੇ ਵੱਡੇ ਨੇਤਾ ਨੇ ਸਿਰਾ ਲਾਤਾ। ਸਾਧ ਸੰਗਤ ਜੀ! ਵੋਟਾਂ ਤੱਕੜੀ ਨੂੰ ਪਾਇਓ, ਸਰਕਾਰ ਬਣਨ ਤੇ ਸਿੱਧੀਆਂ ਕੁੰਡੀਆਂ ਲਾਇਓ।ਪੰਡਾਲ ਚ ਜੈਕਾਰੇ ਤੇ ਜੈਕਾਰਾ ਗੂੰਜੇ। ਜਿਹਾ ਦੇਵਤਾ, ਤਿਹੀ ਪੂਜਾ।

               ਆਓ ਸਤੌਜ ਪਿੰਡ ਵੀ ਚੱਲੀਏ। ਕਿਤੇ ਭਗਵੰਤ ਮਾਨ ਸੁਣੇ, ਜ਼ਰੂਰ ਆਖਾਂਗੇ, ਬਈ! ਤੁਸੀਂ ਲਾਲਟੈਨਾਂ ਵੰਡ ਦਿਓ। ਘਰ-ਘਰ ਨੌਕਰੀਨਾ ਸਹੀ, ਦੀਵੇ ਤਾਂ ਜਗਾਓ। ਕੀ ਪਤਾ ਸਰਪਲੱਸ ਬਿਜਲੀਲੱਭ ਜਾਏ। ਅਕਾਲੀ ਗੁੱਸਾ ਖਾ ਗਏ, ‘ਅਸਾਂ ਸਰਪਲੱਸ ਕੀਤੀ, ਤੁਸਾਂ ਤੋਂ ਸਾਂਭੀ ਨਹੀਂ ਗਈ।ਗੱਲ ਲੱਖ ਰੁਪਏ ਦੀ ਕੀਤੀ ਐ। ਅੱਜ ਦੇ ਬਾਣੀਏ, ਕੱਲ੍ਹ ਦੇ ਸੇਠ।ਔਹ ਦੇਖੋ ਦਸੌਂਧਾ ਸਿੰਘ ਨੂੰ, ‘ਪੰਜਾਬਦੇ ਹੱਥਾਂ ਤੇ ਘੋਰ ਕੰਡੇ ਕਰਦਾ ਪਿਐੈ, ‘ਹਾਲ਼ੀਓ ਪਾਲੀਓ ਕਿਤੇ ਅਮਰਿੰਦਰ ਵੇਖਿਆ ਹੋਵੇ..!ਉਧਰ, ਮੁੱਖ ਮੰਤਰੀ ਫਾਰਮ ਹਾਊਸ ਤੇ ਚੜ੍ਹੇ ਨੇ। ਚਹੁੰ ਬੰਨਿਓਂ ਨਾਅਰੇ ਗੱਜੇ। ਅਸਮਾਨ ਵੱਲ ਤੱਕ, ਅਮਰਿੰਦਰ ਲੱਗੇ ਜੋਦੜੀ ਕਰਨ, ਐ ਤਿੱਤਰ ਖੰਭੀਂ ਬੱਦਲੀ! ਛੇਤੀ ਠਾਰ ਪੰਜਾਬ ਦਾ ਸੀਨਾ। ਚੋੋਣਾਂ ਬਹੁਤੀਆਂ ਦੂਰ ਨਹੀਂ, ਮੌਨਸੂਨ ਦਾ ਇਲਮ ਨਹੀਂ। ਪੰਜਾਬ ਬੁੱਕ ਸੈਂਟਰ ਵਾਲੇ ਪੌਲ ਸਾਹਿਬ ਆਖਦੇ ਨੇ...ਗਰੀਬ ਨੂੰ ਪਾਲਾ ਮਾਰਦੈ, ਅਮੀਰ ਨੂੰ ਸਰਦੀ..!ਖੈਰ, ਬਿਨਾਂ ਗੱਲੋਂ ਤਾਂ ਕੌਣ ਪੱਖੀ ਝੱਲਦੈ। ਆਪਨੇ ਪਾਣੀ ਦੀਆਂ ਬੁਛਾੜਾਂ ਐਵੇਂ ਨਹੀਂ ਝੱਲੀਆਂ।

              ਜੋਸਫ ਚੈਂਬਰਲੇਨ ਫਰਮਾ ਰਹੇ ਨੇ, ‘ਸਿਆਸਤ ਚ ਪੰਦੜਵਾੜੇ ਤੋਂ ਅੱਗੇ ਬਾਰੇ ਸੋਚਣ ਦਾ ਕੋਈ ਮਤਲਬ ਨਹੀਂ ਹੁੰਦਾ।ਸਾਡੇ ਆਲੇ ਕਿਸਾਨ ਲੰਮੀ ਸੋਚ ਕੇ ਦਿੱਲੀ ਬੈਠੇ ਨੇ। ਖੇਤੀ ਕਾਨੂੰਨਾਂ ਵਿਰੁੱਧ ਸਿੰਘ ਸਭੀਏ ਬਣ ਕੇ ਡਟੇ ਨੇ। ਡੁੱਬਦਾ ਆਦਮੀ ਮੀਂਹ ਦੀ ਪ੍ਰਵਾਹ ਨਹੀਂ ਕਰਦਾ।ਜਿਨ੍ਹਾਂ ਦੇ ਚੁੱਲ੍ਹੇ ਠਰੇ ਨੇ, ਉਨ੍ਹਾਂ ਦੇ ਸੀਨੇ ਤਪਦਾ ਥਲ ਬਣੇ ਨੇ। ਤੱਤੀਆਂ ਤਵੀਆਂ ਨੂੰ ਧਿਆ ਕੇ, ਏਹ ਮਸ਼ਾਲਾਂ ਬਾਲ ਤੁਰੇ ਨੇ। ਨਾ ਪੱਖੀ ਦਾ ਡਰ, ਨਾ ਪੱਲੇ ਦਾ ਖੌਫ਼। ਪੁਰਾਣੀ ਗੱਲ ਵੀ ਸੁਣਦੇ ਜਾਓ, ਕਦੇ ਜਨ ਸੰਘ ਦਾ ਚੋਣ ਨਿਸ਼ਾਨ ਦੀਵਾਸੀ। ਲੁਧਿਆਣਾ ਚ ਕਾਨਫਰੰਸ ਹੋਈ, ਕਾਂਗਰਸ ਪ੍ਰਧਾਨ ਗਿਆਨੀ ਜੈਲ ਸਿੰਘ ਸਨ, ਮੁੱਖ ਮਹਿਮਾਨ ਇੰਦਰਾ ਗਾਂਧੀ। ਚੋਣ ਪ੍ਰਚਾਰ ਮੁੱਕਣ ਤੇ ਸੀ, ਜਦੋਂ ਵੱਡਾ ਕੱਠ ਵੇਖਿਆ, ਇੰਦਰਾ ਭਾਸ਼ਨ ਪਿੱਛੋਂ ਜੈਲ ਸਿੰਘ ਨਾਲ ਅੱਖ ਮਿਲਾ, ਸਾੜੀ ਦਾ ਪੱਲਾ ਹਿਲਾਉਂਦੀ ਸਟੇਜੋਂ ਉੱਤਰੀ। ਗਿਆਨੀ ਜੀ ਨੇ ਰੈਲੀ ਨੂੰ ਇੰਜ ਸੰਤੋਖਿਆ..ਪੱਲਾ ਮਾਰ ਕੇ ਬੁਝਾ ਗਈ ਦੀਵਾ’, ਅੱਖ ਨਾਲ ਗੱਲ ਕਰਗੀ।

           ਕਿਤੇ ਅਮਰਿੰਦਰ ਸਿੱਧੇ ਮੂੰਹ ਗੱਲ ਕਰਦੇ, ਸੱਚੇ ਰੱਬ ਕੋਲੋਂ ਡਰਦੇ, ਬੇਰੁਜ਼ਗਾਰਾਂ/ਮੁਲਾਜ਼ਮਾਂ ਤੋਂ ਭੈਅ ਨਹੀਂ ਆਉਣਾ ਸੀ। ਬਿਜਲੀ ਕੱਟ ਨਹੀਂ, ਏਹ ਹੱਕ ਮੰਗਦੇ ਨੇ। ਕੁਝ ਲੋਕ ਏਨੇ ਗਰੀਬ ਹੁੰਦੇ ਹਨ ਕਿ ਉਨ੍ਹਾਂ ਕੋਲ ਪੈਸੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦਾ।ਹੁਕਮਰਾਨ ਬੁੱਲ੍ਹੇ ਲੁੱਟਦੇ ਹਨ, ਗਰੀਬ ਦੇ ਘਰ ਠੰਢਾ ਬੁੱਲ੍ਹਾ ਕਿਥੋਂ ਆਵੇ। ਕਿਥੇ ਮਹਿਲ ਮੁਨਾਰੇ, ਕਿਥੇ ਗਰੀਬ ਦੇ ਢਾਰੇ। ਨੇਤਾਵਾਂ ਦਾ ਢਿੱਡ ਵੇਖ, ਛੱਜੂ ਰਾਮ ਨੂੰ ਘਰ ਦਾ ਖਾਲੀ ਭੜੋਲਾ ਚੇਤੇ ਆਉਂਦੈ। ਨਰਕ ਵਿਚ ਰਹਿਣ ਵਾਲੇ ਸੁਆਹ ਤੋਂ ਨਹੀਂ ਡਰਦੇ। ਉਪਰੋਂ ਬਾਬਿਆਂ ਦੀ ਜੈ ਹੋਵੇ। ਸਵਰਗ ਨਰਕ ਦੀ ਦਸਤਾਵੇਜ਼ੀ ਦਿਖਾ, ਹਕੂਮਤਾਂ ਲਈ ਜਰਨੈਲੀ ਰਾਹ ਬਣਾਉਂਦੇ ਨੇ। ਰੱਬ ਦੀ ਰਜ਼ਾ, ਰੱਬ ਦਾ ਭਾਣਾ, ਤਕਦੀਰਾਂ ਦੀ ਖੇਡ, ਏਹ ਵੀ ਦੱਸਦੇ ਹਨ ਕਿ ਕਿਸਮਤ ਧੁਰ ਦਰਗਾਹੋਂ ਲਿਖੀ ਸ਼ੈਅ ਹੈ। ਸਿਆਸੀ ਜਾਲ ਚ ਫਸਿਆ ਗਰੀਬ ਬੰਦਾ ਭਾਗਾਂ ਨੂੰ ਕੋਸਦੈ। ਏਨੀ ਸੋਚਣ ਦੀ ਵਿਹਲ ਕਿਥੇ ਕਿ ਉਹ ਗਰੀਬ ਕਿਉਂ ਹੈ? ਕੌਣ ਜ਼ਿੰਮੇਵਾਰ ਹੈ ਏਸ ਗਰੀਬੀ ਲਈ? ਢਾਰਿਆਂ ਦਾ ਗਰੀਬੀ ਜਨਮ ਸਿੱਧ ਅਧਿਕਾਰ ਕਿਉਂ ਹੈ।

           ਭਲੇ ਵੇਲਿਆਂ ਚ ਪੰਜਾਬ ਸੋਨੇ ਦੀ ਚਿੜੀ ਸੀ। ਏਸ ਚਿੜੀ ਤੇ ਵਿੰਨ੍ਹ ਵਿੰਨ੍ਹ ਨਿਸ਼ਾਨੇ ਲਾਏ। ਹਾਲੇ ਸਿਆਸੀ ਸ਼ਿਕਾਰੀ ਹੰਭੇ ਨਹੀਂ, ਚਿੜੀ ਦੀ ਜਾਨ ਤੇ ਬਣੀ ਐ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਗੱਚ ਭਰਕੇ ਦੱਸਣਾ ਪੈਂਦੈ, ‘ਪੌਣੇ ਤਿੰਨ ਲੱਖ ਕਰੋੜ ਦਾ ਕਰਜ਼ਈ ਐ ਪੰਜਾਬ।ਬਹੁਤ ਹੀ ਭਾਵੁਕ ਇਨਸਾਨ ਨੇ ਮਨਪ੍ਰੀਤ। ਦੇਖੋਂ ਕਿਵੇਂ ਉਨ੍ਹਾਂ ਦੀਆਂ ਅੱਖਾਂ, ਬਠਿੰਡਾ ਥਰਮਲ ਦੀਆਂ ਬੰਦ ਚਿਮਨੀਆਂ ਵੇਖ ਭਿੱਜੀਆਂ ਸਨ। ਚੋਣ ਜਿੱਤਣ ਪਿੱਛੋਂ ਸਭ ਤੋਂ ਪਹਿਲਾਂ ਚਿਮਨੀਆਂ ਚੋਂ ਧੂੰਆਂ ਕੱਢੂ।ਚਿਮਨੀਆਂ ਵੱਲ ਲੋਕ ਵੇਂਹਦੇ ਰਹੇ, ਇੱਧਰ ਪੰਜਾਬ ਧੂੰਆਂਧਾਰ ਹੋ ਗਿਆ। ਰੋਟੀ ਦਾ ਸੁਆਲ ਉਠਣ ਤੋਂ ਪਹਿਲਾਂ, ਨੇਤਾ ਲੋਕ ਨਵੇਂ ਮਸਲੇ ਨਾਲ ਹਾਜ਼ਰ ਹੁੰਦੇ ਨੇ। ਭਾਵੁਕ ਸੁਰਾਂ ਛੇੜਦੇ ਹਨ। ਲੋਕ ਵਾਰੋ ਵਾਰੀ ਸੱਤਾ ਪਰੋਸਦੇ ਹਨ। ਏਸ ਆਸ ਨਾਲ ਕਿ ਭਲੇ ਦਿਨ ਆਵਣਗੇ, ਜ਼ਿੰਦਗੀ ਕੱਟ ਜਾਂਦੀ ਹੈ, ਦੁੱਖ ਨਹੀਂ। ਚੋਣਾਂ ਮੌਕੇ ਇੰਝ ਝਉਲਾ ਪੈਂਦਾ, ਜਿਵੇਂ ਸਭ ਗਰੀਬ ਦੇ ਦਰਦੀ ਨੇ। ਆਓ ਪਟਿਆਲੇ ਵੀ ਗੇੜਾ ਮਾਰੀਏ। ਦੱਸਦੇ ਨੇ ਜਦੋਂ ਪਟਿਆਲਾ ਨਦੀ ਚ ਪਾਣੀ ਚੜ੍ਹਦੈ, ਲੋਕ ਰਾਜੇ ਨੂੰ ਅਰਜ਼ੋਈ ਕਰਦੇ ਨੇ। ਮਹਾਰਾਜਾ ਪਟਿਆਲਾ ਨਦੀ ਦੇ ਬੈਠ ਕਿਨਾਰੇ, ਸੋਨੇ ਦੀ ਨੱਥ ਨਦੀ ਨੂੰ ਚੜਾਉਂਦੈ, ਇਉਂ ਨਦੀ ਦਾ ਪਾਣੀ ਥੱਲੇ ਆਉਂਦੈ, ਖੇਤ ਡੋਬੇ ਤੋਂ ਬਚਦੇ ਨੇ। ਵਿਗਿਆਨ ਕੁਝ ਵੀ ਆਖੇ, ਇਹ ਲੋਕਾਂ ਦਾ ਭਰੋਸਾ ਹੈ ਕਿ ਮਹਾਰਾਜਾ ਹੀ ਬਚਾ ਸਕਦੈ।

             ਇਵੇਂ ਦੀ ਉਮੀਦ 2017 ’ਚ ਲਾਈ ਸੀ। ਪਾਵਰਕੱਟ ਤਾਂ ਬਹਾਨਾ ਐ, ਸਬਰ ਦੇ ਪਿਆਲੇ ਐਵੇਂ ਨਹੀਂ ਛਲਕੇ। ਚਾਰੋ ਖ਼ਾਨੇ ਚਿੱਤ, ਕੋਈ ਨਾ ਬਣਿਆ ਮਿੱਤ। ਨਿਆਣੇ ਸਿਆਣੇ, ਸਭ ਜਾਗੇ ਨੇ। ਖੇਤੀ ਕਾਨੂੰਨਾਂ ਨੇ ਅਕਲਦਾਨ ਬਖਸ਼ਿਐ। ਪੰਜਾਬ ਦੀ ਨਦੀ ਦੇ ਕੰਢੇ ਤੇ ਹੁਣ ਕਿਸਾਨ ਆਗੂ ਬੈਠੇ ਨੇ, ਰਾਜੇਵਾਲ, ਉਗਰਾਹਾਂ ਤੇ ਬਾਕੀ ਸਾਰੇ। ਏਹ ਹੁਣ ਨੱਥ ਨਹੀਂ ਚੜ੍ਹਾਉਣਗੇ ,ਸਿੱਧਾ ਬੱਸ ਚੜ੍ਹਾਉਣਗੇ । ਹੁਣ ਲੋਕ ਰਾਸ਼ੀ ਫਲ ਨਹੀਂ ਦੇਖਣਗੇ, ਨਾ ਕੋਈ ਪਾਰਟੀ ਵੇਖਣਗੇ, ਬੱਸ ਅੱਖਾਂ ਚ ਅੱਖਾਂ ਪਾ ਕੇ, ਸਿੱਧਾ ਵੇਖਣਗੇ। ਪਿੰਡਾਂ ਚ ਜਾਣ ਵੇਲੇ, ਹੁਣ  ਹਾਕਮਾਂ ਦਾ ਬਲੱਡ ਵਧਦੈ। ਜਾਂਦੇ ਜਾਂਦੇ ਇੱਕ ਲਤੀਫ਼ਾ ਵੀ ਸੁਣੋ। ਲੰਘੇ ਦਿਨੀਂ ਨਰੇਂਦਰ ਮੋਦੀ ਸਲੂਨ ਚ ਵਾਲ ਕਟਾਉਣ ਗਏ। ਕੁਰਸੀ ਤੇ ਤਸ਼ਰੀਫ ਰੱਖੀ ਸੀ ਕਿ ਕਟਿੰਗ ਵਾਲਾ ਮੰੁਡਾ ਬੋਲਿਆ, ਮੋਦੀ ਜੀ! ਪਤਾ ਲੱਗਿਐ, ਸਿੰਘੂ ਤੇ ਲੱਖ ਕਿਸਾਨ ਹੋਰ ਆ ਬਹੁੜਿਐ। ਨਰੇਂਦਰ ਆਪੇ ਤੋਂ ਬਾਹਰ ਹੋਏ, ਪੈਰ ਹਿਲਾਉਣ ਲੱਗੇ। ਮੁੰਡੂ ਬੋਲਿਆ, ਸੁਣਿਐ ਕਿਸਾਨਾਂ ਨੇ ਯੂ.ਪੀ ਵੱਲ ਵੀ ਚਾਲੇ ਪਾਤੇ, ਪ੍ਰਧਾਨ ਮੰਤਰੀ ਸਿਰ ਫੜ੍ਹ ਬੈਠ ਗਏ। ਲਾਗੇ ਬੈਠਾ ਭਾਜਪਾਈ ਆਗੂ ਚੀਕ ਉੱਠਿਆ, ‘ਐ ਦੇਸ਼ ਧਿਰੋਹੀ! ਕਟਿੰਗ ਵਾਲੇ ਮੁੰਡੇ ਨੇ ਹੱਥ ਜੋੜੇ, ‘ਭਗਤੋ! ਦਾਸ ਕੋਈ ਧਿਰੋਹੀ ਨਹੀਂ, ਬੱਸ ਜਦੋਂ ਮੈਂ ਏਹ ਗੱਲਾਂ ਕਰਦਾ, ਮੋਦੀ ਜੀ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ ਅਤੇ ਮੈਨੂੰ ਵਾਲ ਕੱਟਣੇ ਸੌਖੇ ਹੋ ਜਾਂਦੇ ਨੇ।ਸਮਝ ਨਾ ਵੀ ਲੱਗੇ, ਹੱਸਣ ਚ ਕੀ ਹਰਜ ਐ। 

                                                                                                                                   

 

 

 

 

No comments:

Post a Comment