ਬਿਜਲੀ ਸਬਸਿਡੀ
ਵੱਡੇ ਘਰਾਣੇ ਲੈ ਰਹੇ ਨੇ ਖੁੱਲ੍ਹਾ ਗੱਫਾ !
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਧਨਾਢ ਸਨਅਤ ਮਾਲਕਾਂ ਨੂੰ ਚੁੱਪ ਚੁਪੀਤੇ ਬਿਜਲੀ ਸਬਸਿਡੀ ਦੇ ਖੁੱਲ੍ਹੇ ਗੱਫੇ ਦਿੱਤੇ ਜਾਂਦੇ ਹਨ ਜਦੋਂ ਕਿ ਕਿਸਾਨਾਂ ਦੀ ਬਿਜਲੀ ਸਬਸਿਡੀ ਦਾ ਢੋਲ ਵੱਜ ਜਾਂਦੇ ਹਨ। ਦਿਲਚਸਪ ਤੱਥ ਹਨ ਕਿ ਪੰਜਾਬ ਦੇ ਸਿਖਰਲੇ ਇੱਕ ਸੌ ਸਨਅਤ ਮਾਲਕ ਸਲਾਨਾ ਕਰੀਬ 500 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਲੈ ਰਹੇ ਹਨ ਜਿਨ੍ਹਾਂ ਚੋਂ ਇਕੱਲੇ ਨਾਹਰ ਗਰੁੱਪ (ਪੰਜ ਕੁਨੈਕਸ਼ਨ) ਨੂੰ 33.20 ਕਰੋੜ ਅਤੇ ਵਰਧਮਾਨ ਗਰੁੱਪ (ਚਾਰ ਕੁਨੈਕਸ਼ਨ) ਨੂੰ 27.86 ਕਰੋੜ ਦੀ ਬਿਜਲੀ ਸਪਲਾਈ ਲੰਘੇ ਵਰ੍ਹੇ ਦਿੱਤੀ ਹੈ। ਪੰਜਾਬ ’ਚ ਕੁੱਲ ਕਰੀਬ 94 ਲੱਖ ਬਿਜਲੀ ਕੁਨੈਕਸ਼ਨ ਹਨ ਅਤੇ ਕਰੀਬ 37 ਫੀਸਦੀ ਖਪਤਕਾਰ ਇਸ ਵੇਲੇ ਬਿਜਲੀ ਸਬਸਿਡੀ ਲੈ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਤਰਫ਼ੋਂ ਕਰੀਬ ਨੌ ਹਜ਼ਾਰ ਵੱਡੇ ਸਨਅਤਕਾਰਾਂ (ਲਾਰਜ ਸਪਲਾਈ) ਨੂੰ ਕਰੀਬ 1261 ਕਰੋੜ ਰੁਪਏ ਸਲਾਨਾ ਸਬਸਿਡੀ ਬਿਜਲੀ ਖਪਤ ਦੇ ਹਿਸਾਬ ਨਾਲ ਦਿੱਤੀ ਜਾ ਰਹੀ ਹੈ। ਸਿੱਧਾ ਮਤਲਬ ਕਿ ਪ੍ਰਤੀ ਸਨਅਤਕਾਰ ਔਸਤਨ 14 ਲੱਖ ਰੁਪਏ ਸਲਾਨਾ ਸਬਸਿਡੀ ਮਿਲ ਰਹੀ ਹੈ। ਦੂਸਰੀ ਤਰਫ਼ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਸੈਕਟਰ ਲਈ ਔਸਤਨ ਪ੍ਰਤੀ ਕਿਸਾਨ ਸਲਾਨਾ 47,857 ਰੁਪਏ ਦੀ ਸਬਸਿਡੀ ਮਿਲ ਰਹੀ ਹੈ। ਪੰਜਾਬ ਵਿਚ ਕਰੀਬ 14 ਲੱਖ ਖੇਤੀ ਕੁਨੈਕਸ਼ਨ ਹਨ ਜਿਨ੍ਹਾਂ ਨੂੰ 6700 ਕਰੋੜ ਦੀ ਬਿਜਲੀ ਸਪਲਾਈ ਮਿਲਦੀ ਹੈ।
ਮੌਜੂਦਾ ਸਰਕਾਰ ਵੱਲੋਂ ਉਦਯੋਗਿਕ ਖੇਤਰ ਦੀ ਲਾਰਜ ਅਤੇ ਮੀਡੀਅਮ ਸਪਲਾਈ ਸਨਅਤ ਨੂੰ ਬਿਜਲੀ ਪ੍ਰਤੀ ਯੂਨਿਟ 5 ਰੁਪਏ ਦਿੱਤੀ ਜਾ ਰਹੀ ਹੈ ਅਤੇ ਫਿਕਸਿਡ ਚਾਰਜਜ ਵਿਚ ਕੋਈ ਰਿਆਇਤ ਨਹੀਂ ਦਿੱਤੀ ਗਈ ਹੈ। ਸਮਾਲ ਸਪਲਾਈ ਸਨਅਤਾਂ ਨੂੰ ਫਿਕਸਡ ਚਾਰਜਜ਼ ਤੋਂ ਛੋਟ ਤੋਂ ਇਲਾਵਾ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਵਰ੍ਹਾ 2020-21 ਵਿਚ ਉਦਯੋਗਿਕ ਖੇਤਰ ਨੂੰ 1558 ਕਰੋੜ ਦੀ ਬਿਜਲੀ ਸਪਲਾਈ ਦਿੱਤੀ ਗਈ ਹੈ ਜਿਨ੍ਹਾਂ ਚੋਂ ਸਭ ਤੋਂ ਵੱਧ 1261 ਕਰੋੜ ਦੀ ਬਿਜਲੀ ਸਬਸਿਡੀ ਵੱਡੇ ਉਦਯੋਗਾਂ ਨੂੰ ਮਿਲੀ ਹੈ। ਵਰ੍ਹਾ 2020-21 ਵਿਚ ਸਮਾਲ ਪਾਵਰ ਸਨਅਤਾਂ ਨੂੰ ਸਿਰਫ਼ 137.33 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ ਜਦੋਂ ਕਿ ਮੀਡੀਅਮ ਸਪਲਾਈ ਸਨਅਤਾਂ ਨੂੰ 160.49 ਕਰੋੜ ਦੀ ਬਿਜਲੀ ਸਬਸਿਡੀ ਮਿਲੀ ਹੈ। ਨਜ਼ਰ ਮਾਰੀਏ ਤਾਂ ਕਰੀਬ 31 ਹਜ਼ਾਰ ਮੀਡੀਅਮ ਸਪਲਾਈ ਸਨਅਤਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ 51,773 ਰੁਪਏ ਸਲਾਨਾ ਬਿਜਲੀ ਸਬਸਿਡੀ ਦਿੱਤੀ ਗਈ ਹੈ ਜਦੋਂ ਕਿ ਕਰੀਬ 94 ਹਜ਼ਾਰ ਸਮਾਲ ਪਾਵਰ ਸਨਅਤਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ 14,610 ਰੁਪਏ ਸਲਾਨਾ ਸਬਸਿਡੀ ਮਿਲੀ ਹੈ।
ਐਸ.ਸੀ/ਬੀ.ਸੀ/ਬੀਪੀਐਲ ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ। ਇਸ ਕੈਟਾਗਿਰੀ ’ਚ ਕਰੀਬ 23 ਲੱਖ ਪਰਿਵਾਰ ਆਉਂਦੇ ਹਨ ਜਿਨ੍ਹਾਂ ਨੂੰ ਵਰ੍ਹਾ 2020-21 ਵਿਚ 1943 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ। ਮਤਲਬ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ 8447 ਰੁਪਏ ਸਲਾਨਾ ਸਬਸਿਡੀ ਮਿਲ ਰਹੀ ਹੈ। ਸਭਨਾਂ ਕੈਟਾਗਿਰੀਆਂ ਚੋਂ ਧਨਾਢ ਸਨਅਤਕਾਰ ਬਿਜਲੀ ਸਬਸਿਡੀ ਦਾ ਭਾਰੀ ਗੱਫਾ ਲੈਣ ਵਿਚ ਅੱਗੇ ਹਨ ਜਦੋਂ ਕਿ ਪੰਜਾਬ ਦੇ ਸਿਆਸੀ ਮੈਦਾਨ ਵਿਚ ਚਰਚਾ ਸਿਰਫ਼ ਕਿਸਾਨਾਂ ਤੇ ਗਰੀਬ ਪਰਿਵਾਰਾਂ ਦੀ ਬਿਜਲੀ ਸਬਸਿਡੀ ਦੀ ਹੁੰਦੀ ਹੈ। ਵਰ੍ਹਾ 2020-21 ਨੂੰ ਅਧਾਰ ਬਣਾ ਕੇ ਦੇਖੀਏ ਤਾਂ ਪੰਜਾਬ ਵਿਚ ਟੌਪ ਦੇ 100 ਸਨਅਤਕਾਰਾਂ ਨੂੰ 521.98 ਕਰੋੜ ਦੀ ਬਿਜਲੀ ਸਪਲਾਈ ਇੱਕ ਵਰ੍ਹੇ ’ਚ ਮਿਲੀ ਹੈ। ਪੰਜਾਬ ’ਚ ਜੋ ਸਿਖ਼ਰਲੇ ਦੇ 10 ਉਦਯੋਗਪਤੀ ਹਨ, ਉਨ੍ਹਾਂ ਨੂੰ ਇਸ ਵਰ੍ਹੇ ਵਿਚ 138.30 ਕਰੋੜ ਦੀ ਬਿਜਲੀ ਸਬਸਿਡੀ ਮਿਲੀ ਹੈ। ਪੰਜਾਬ ਦੇ ਲਾਰਜ ਸਪਲਾਈ ਵਾਲੇ 9 ਹਜ਼ਾਰ ਸਨਅਤਾਂ ਨੂੰ ਮਿਲਦੀ ਸਬਸਿਡੀ ਚੋਂ ਟੌਪ ਦੇ 100 ਸਨਅਤਕਾਰਾਂ ਹੀ ਸਬਸਿਡੀ ਦਾ 500 ਕਰੋੜ ਦੀ ਸਬਸਿਡੀ ਮਿਲ ਜਾਂਦੀ ਹੈ।
ਪਾਵਰਕੌਮ ਦੇ ਤੱਥਾਂ ਅਨੁਸਾਰ ਵਰ੍ਹਾ 2020-21 ਦੌਰਾਨ ਮੈਸਰਜ ਪੰਜਾਬ ਅਲਕਲੀਜ ਐਂਡ ਕੈਮੀਕਲਜ਼ ਨੂੰ 23.63 ਕਰੋੜ ਰੁਪਏ ਸਲਾਨਾ ਦੀ ਬਿਜਲੀ ਸਬਸਿਡੀ ਮਿਲੀ ਹੈ ਜਦੋਂ ਕਿ ਆਰਤੀ ਸਟੀਲਜ਼ ਨੂੰ 11.56 ਕਰੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ। ਨਾਹਰ ਗਰੁੱਪ ਦੇ ਕਈ ਕੁਨੈਕਸ਼ਨਾਂ ’ਤੇ ਕਰੋੜਾਂ ਦੀ ਸਬਸਿਡੀ ਦਿੱਤੀ ਗਈ ਹੈ। ਬਰਨਾਲਾ ਦੇ ਟਰਾਈਡੈਂਟ ਗਰੁੱਪ ਨੂੰ ਦੋ ਕੁਨੈਕਸ਼ਨਾਂ ’ਤੇ 6.52 ਕਰੋੋੜ ਦੀ ਬਿਜਲੀ ਸਬਸਿਡੀ ਦਿੱਤੀ ਗਈ ਹੈ ਜਦੋਂ ਕਿ ਬਠਿੰਡਾ ਜ਼ਿਲ੍ਹੇ ’ਚ ਪਿੰਡ ਜੀਦਾ ਲਾਗਲੀ ਸਪੋਟਕਿੰਗ ਸਨਅਤ ਨੂੰ 4.79 ਕਰੋੜ ਦੀ ਇੱਕੋ ਵਰ੍ਹੇ ’ਚ ਸਬਸਿਡੀ ਮਿਲੀ ਹੈ। ਹੁਸ਼ਿਆਰਪੁਰ ਵਿਚਲੀ ਮੈਸਰਜ਼ ਰਿਲਾਇੰਸ ਇੰਡਸਟਰੀਜ਼ ਲਿਮ. ਨੂੰ 2.45 ਕਰੋੜ ਦੀ ਸਬਸਿਡੀ ਦਿੱਤੀ ਗਈ ਹੈ ਜਦੋਂ ਕਿ ਬਠਿੰਡਾ ਰਿਫਾਈਨਰੀ ਨੂੰ 3.42 ਕਰੋੜ ਦੀ ਸਬਸਿਡੀ ਦਿੱਤੀ ਗਈ ਹੈ। ਨੈਸਲੇ ਇੰਡੀਆ ਨੂੰ 3.85 ਕਰੋੜ ਦੀ ਸਬਸਿਡੀ ਮਿਲੀ ਹੈ ਅਤੇ ਇਸੇ ਤਰ੍ਹਾਂ ਰੋਪੜ ਜ਼ਿਲ੍ਹੇ ਵਿਚਲੀ ਮੈਕਸ ਸਪੈਸ਼ਲਿਟੀ ਫਿਲਮਜ਼ ਨੂੰ 6.92 ਕਰੋੜ ਦੀ ਸਬਸਿਡੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਲਟਾਟੈੱਕ ਸੀਮਿੰਟ ਲਿਮ. ਨੂੰ 2.79 ਕਰੋੜ ਦੀ ਸਬਸਿਡੀ ਮਿਲਦੀ ਹੈ।
ਇਕੱਲੇ ਕਿਸਾਨ ਦਾ ਢੰਡੋਰਾ ਕਿਉਂ : ਰਜਿੰਦਰ
ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਰਸੂਖਵਾਨਾਂ ਨੂੰ ਦਿੱਤੀ ਜਾਂਦੀ ਸਬਸਿਡੀ ਦੀ ਭਾਫ ਨਹੀਂ ਕੱਢਦੀ ਹੈ ਜਦੋਂ ਕਿ ਕਿਸਾਨਾਂ ਅਤੇ ਹੋਰ ਵਰਗਾਂ ਨੂੰ ਮਿਲਦੀ ਬਿਜਲੀ ਸਬਸਿਡੀ ਦਾ ਢੰਡੋਰਾ ਪਿਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਸੈਕਟਰ ਵਿਚ ਵੀ ਬਿਜਲੀ ਸਬਸਿਡੀ ਦਾ ਛੋਟਾ ਹਿੱਸਾ ਹੀ ਛੋਟੇ ਕਿਸਾਨਾਂ ਦੇ ਹਿੱਸੇ ਆਉਂਦਾ ਹੈ।
ਧਨਾਢਾਂ ਨੂੰ ਬਿਜਲੀ ਸਬਸਿਡੀ (2020-21)
ਸਨਅਤ ਦਾ ਨਾਮ ਰਾਸ਼ੀ ਦਾ ਵੇਰਵਾ (ਕਰੋੜਾਂ ’ਚ)
1. ਪੰਜਾਬ ਅਲਕਲੀਜ 23.63 ਕਰੋੜ
2. ਮਾਧਵ ਅਲਾਏਜ਼ 17.13 ਕਰੋੜ
3. ਵਰਧਮਾਨ ਗਰੁੱਪ (4 ਕੁਨੈਕਸ਼ਨ) 27.86 ਕਰੋੜ
4. ਨਾਹਰ ਗਰੁੱਪ (5 ਕੁਨੈਕਸ਼ਨ) 33.20 ਕਰੋੜ
4. ਆਰਤੀ ਸਟੀਲਜ 11.56 ਕਰੋੜ
5. ਟਰਾਈਡੈਂਟ ਗਰੁੱਪ 6.52 ਕਰੋੜ
6. ਰਿਲਾਇੰਸ ਇੰਡਸਟਰੀਜ 2.45 ਕਰੋੜ
No comments:
Post a Comment