ਵਿਚਲੀ ਗੱਲ
ਪੁਤਲੇ ਹਮ ਮਾਟੀ ਕੇ..!
ਚਰਨਜੀਤ ਭੁੱਲਰ
ਚੰਡੀਗੜ੍ਹ : ਅਸੀਂ ਜੀਅ ਰਹੇ ਹਾਂ, ਤਾਂ ਜੋ ਵੇਖ ਸਕੀਏ ਕਿੰਜ ਸਾਹਾਂ ਦਾ ਵਣਜ ਕਰੇਂਦੇ ਨੇ, ਸ਼ਮਸ਼ਾਨਾਂ ਦੇ ਸ਼ਾਹੂਕਾਰ। ਜਦ ਆਤਮਾ ਮਰ ਜਾਏ, ਸਰੀਰਾਂ ਨੂੰ ਭਟਕਣਾ ਪੈਂਦੇ। ਮੁੱਲ ਦੇ ਸਾਹਾਂ ਲਈ, ਉਧਾਰੇ ਦੀ ਜ਼ਿੰਦਗੀ ਲਈ। ਤੁਸਾਂ ਦੇ ਲੋਕ ਰਾਜ ’ਤੇ, ਹੁਣ ਯਮਰਾਜ ਦਾ ਰਾਜ ਐ। ਵਿਸ਼ਵ ਗੁਰੂ! ਸ਼ਮਸ਼ਾਨਾਂ ਦੇ ਠੇਕੇ ਵੀ ਮਹਿੰਗੇ ਹੋਏ ਨੇ। ਜ਼ਿੰਦਗੀ ਨਾਲ ਮੜਿੱਕੋਗੇ, ਗਲੋਟੇ ਵਾਂਗੂ ਉੱਧੜੋਗੇ। ਕੈਸੀ ਆਈ ਕਰੋਨਾ ਲਾਗ, ਮੁਲਕ ਨੂੰ ਲਾਗੀ ਬਣਾ ’ਤਾ। ਭਾੜੇ ਦਾ ਆਕਸੀਜਨ, ਕਿਵੇਂ ਭੰਨ੍ਹੇ ਫੇਫੜਿਆਂ ਦਾ ਬੰਜਰ, ਤਖ਼ਤਾਂ ਵਾਲੇ ਹੀ ਪੱਥਰ ਹੋ ਗਏ। ‘ਸੂਈ ਨਾਲ ਖੂਹ ਨਹੀਂ ਪੁੱਟੇ ਜਾ ਸਕਦੇ।’ ਅਸੀਂ ਖੜ੍ਹ ਗਏ ਸੀ, ਤਾਂ ਜੋ ਸੁਣ ਸਕੀਏ। ਨੀਰੋ ਦੀ ਬੰਸਰੀ ਨੂੰ, ਜੀਹਦੀ ਧੁਨ ‘ਦੀਦੀ-ਓ-ਦੀਦੀ’, ਬੰਗਾਲੀ ਧਰਤ ’ਤੇ ਗੂੰਜੀ। ਲੱਖਾਂ ਦੀ ਭੀੜ ਵੇਖ, ਨਰਿੰਦਰ ਭਾਈ ਗੱਜੇ... ਧੰਨਭਾਗ! ਬੰਗਾਲੀਓ ਖੁਸ਼ ਕੀਤਾ। ਠੀਕ ਉਨ੍ਹਾਂ ਪਲਾਂ ’ਚ ਕਰੋਨਾ ਦੇਸ਼ ’ਤੇ ਭੀੜਾਂ ਪਾ ਰਿਹਾ ਸੀ। ‘ਮਾੜੇ ਪੇੜ ਤੋਂ ਚੰਗੇ ਫ਼ਲ ਦੀ ਆਸ ਨਾ ਕਰੋ।’ ਬੰਗਾਲ ਦੀ ਚੋਣ ਜੰਗ ਨੇ, ਜ਼ਿੰਦਗੀ ’ਚ ਭੰਗ ਪਾ’ਤੀ। ‘ਜੇਹਾ ਸੰਤ, ਤੇਹਾ ਚੜ੍ਹਾਵਾ’। ਤੁਸਾਂ ਮੋਮਬੱਤੀ ਵੀ ਜਲਾਈ, ਤਾੜੀ ਤੇ ਥਾਲੀ ਵੀ ਖੜਕਾਈ। ਕੁੰਭ ਸਜਾਏ, ਰਾਸ ਨਾ ਆਏ।
ਅਸੀਂ ਰੁਕ ਗਏ ਹਾਂ, ਤਾਂ ਜੋ ਜਾਣ ਸਕੀਏ। ਕਰੋਨਾ ਦੌਰ ’ਚ ਪ੍ਰਧਾਨ ਮੰਤਰੀ ਨੇ, ਸਿਆਸੀ ਹਮਾਮ ’ਚ ਕਿੰਨੇ ਗੇੜੇ ਲਾਏ। ਇੱਕ ਤੈਰਵੀਂ ਨਜ਼ਰ... ਪਹਿਲੀ ਮਾਰਚ ਤੋਂ ਹੁਣ ਤੱਕ, ਨਰਿੰਦਰ ਮੋਦੀ ਨੇ ਦੇਸ਼ ’ਚ ਕੁੱਲ 14 ਗੇੜੇ ਲਾਏ, ਇਕੱਲੇ ਬੰਗਾਲ ’ਚ 12 ਦੌਰੇ ਕੀਤੇੇ। ਦੂਸਰੀ ਪਾਰੀ ਮਈ 2019 ਤੋਂ ਸ਼ੁਰੂ ਹੋਈ। ਚੱਕਰਵਰਤੀ ਫਕੀਰ ਨੇ ਕੁੱਲ 72 ਗੇੜੇ ਲਾਏ, ਜਿਨ੍ਹਾਂ ’ਚੋਂ 30 ਨਿਰੋਲ ਸਿਆਸੀ ਦੌਰੇ ਕੀਤੇ। ਪੱਛਮੀ ਬੰਗਾਲ ਦੇ 16, ਅਸਾਮ ਦੇ 10 ਤੇ ਗੁਜਰਾਤ ਦੇ ਸੱਤ। ਮਹਾਮਾਰੀ ਨੇ ਜ਼ਿੰਦਗੀ ਦੇ ਮੌਰ ਸੇਕੇ ਨੇ, ਉਨ੍ਹਾਂ ਦੀ ਤੋਤਾ ਰਟ ਐ, ਬਈ! ਬੰਗਾਲ ਜਿੱਤਣਾ ਐਂ, ਫੇਰ ਦਿਆਂਗੇ ਮੁਫ਼ਤ ਵੈਕਸੀਨ। ‘ਲਾਹੌਰੀ ਸ਼ੌਕੀਨ, ਬੋਝੇ ’ਚ ਗਾਜਰਾਂ।’ ਅਸੀਂ ਮੌਣ ’ਤੇ ਚੜ੍ਹੇ ਹਾਂ, ਤਾਂ ਜੋ ਵੇਖ ਸਕੀਏ। ਮਨੁੱਖਤਾ ਦਾ ਪੱਤਣ, ਜ਼ਮੀਰਾਂ ਦਾ ਪਤਨ। ‘ਸਮੂਹਿਕ ਸਸਕਾਰ’ ਤੇ ਕਿਤੇ ਫੁੱਟ ਪਾਥ ਸ਼ਮਸ਼ਾਨ ਬਣੇ ਨੇ। ਸੁਆਸਾਂ ਦੀ ਪੂੰਜੀ ਮੁੱਕਣ ਲੱਗੀ ਹੈ। ਇਨਸਾਨ ਪਿੰਜਰ ਬਣੇ ਨੇ। ਤਾਲਾਬੰਦੀ ਹਕੂਮਤੀ ਬੁੱਲ੍ਹਾਂ ’ਤੇ ਐ, ਮੌਤ ਨ੍ਰਿਤ ਕਰ ਰਹੀ ਐ। ਚਿੱਤ ਨਾ ਚੇਤੇ ਸੀ, ਕਿਤੇ ‘ਆਕਸੀਜਨ ਐਕਸਪ੍ਰੈੱਸ’ ਵੀ ਚੱਲੇਗੀ। ਗਾਜ਼ੀਆਬਾਦ ਦੇ ਗੁਰੂ ਘਰ ’ਚ, ਆਕਸੀਜਨ ਦਾ ਲੰਗਰ ਲੱਗਿਐ। ਮਹਾਮਾਰੀ ਨੇ ਮੁਲਕ ਖ਼ਾਨੇ ਦੇ ਮੇਚ ਕੀਤੈ। ‘ਤੂਫ਼ਾਨ ਆਉਣ ’ਤੇ ਹੀ ਮਲਾਹ ਦਾ ਪਤਾ ਲੱਗਦੈ।’
ਅਸੀਂ ਖੜਸੁੱਕ ਬਣ ਗਏ, ਇਨਸਾਨਪੁਰੇ ਦੀ ਦਰਸ਼ਨੀ ਡਿਉਢੀ ਵੇਖ। ਪਟਨਾ ਦੇ ਤਿੰਨ ਸਿਵੇ ਇੱਕ ਪ੍ਰਾਈਵੇਟ ਕੰਪਨੀ ਨੂੰ ਦੇਣੇ ਪਏ। ਹੈਦਰਾਬਾਦ ਦੇ ਇੱਕ ਪਿੰਡ ਦੇ ਸਰਪੰਚ ਨੇ, ਇੱਕ ਮਾਂ ਨੂੰ ਪਿੰਡੋਂ ਬਾਹਰ ਸੁੱਟ’ਤਾ, ਜੇਸੀਬੀ ਮਸ਼ੀਨ ’ਚ ਪਾਕੇ। ਮੱਧ ਪ੍ਰਦੇਸ਼ ’ਚ ਮਾਂ ਲਈ ਆਕਸੀਜਨ ਮੰਗੀ, ਅੱਗਿਓਂ ਕੇਂਦਰੀ ਮੰਤਰੀ ਪ੍ਰਹਿਲਾਦ ਪੈ ਨਿਕਲੇ.. ‘ਇਵੇਂ ਬੋਲੇਗਾ, ਦੋ ਖਾਏਂਗਾ।’ ਆਖ਼ਰ ਮਾਂ ਚੜ੍ਹਾਈ ਕਰ ਗਈ। ਇੰਜ ਵੀ ਹੋਣਾ ਸੀ, ਲਾਸ਼ਾਂ ਦਾ ਮੋਢਿਆਂ ’ਤੇ ਢੋਣਾ, ਜ਼ਿੰਦਗੀ ਦਾ ਵਿਛੌਣਾ,ਮੌਤ ਨੇ ਬਣਨਾ ਸੀ। ਭੋਪਾਲ ਦੇ ਸਾਬਕਾ ਮੇਅਰ ਨੇ, ਪਤਾ ਨਹੀਂ ਕਿਸ ਦਾ ਜੂਠਾ ਖਾਧੈ, ਅਰਥੀਆਂ ਨੂੰ ਹਰੀ ਝੰਡੀ ਦਿਖਾਉਣ ਲੱਗ ਪਿਆ। ‘ਜੇਹੇ ਪੀਰ, ਤੇਰੇ ਮੁਰੀਦ।’ ਅਸੀਂ ਬੈਠ ਗਏ ਹਾਂ, ਤਾਂ ਜੋ ਸੁਣ ਸਕੀਏ। ਅਦਾਲਤੀ ਫੈਸਲੇ, ਇੱਕ ਜੱਜ ਨੇ ‘ਰਾਜ ਧਰਮ’ ਚੇਤੇ ਕਰਾਇਆ, ਦੂਸਰੇ ਨੇ ਕਿਹਾ,‘ਆਕਸੀਜਨ ਰੋਕੀ ਤਾਂ ਟੰਗ ਦਿਆਂਗੇ।’ ਬੰਬਈ ਹਾਈ ਕੋਰਟ ਹੈਰਾਨ ਪ੍ਰੇਸ਼ਾਨ, ਅਖੇ, ‘ਸਭਿਅਕ ਸਮਾਜ ’ਚ ਏਦਾਂ ਕਿਵੇਂ ਹੋ ਸਕਦੈ।’ ਸ਼ੈਲੇ ਦਾ ਪ੍ਰਵਚਨ ਐ, ‘ਤਾਕਤ ਕਿਸੇ ਮਾਰੂ ਪਲੇਗ ਵਾਂਗੂ ਹੁੰਦੀ ਹੈ, ਜਿਸ ਨੂੰ ਛੂਹ ਲਵੇ, ਓਹੀ ਨਸ਼ਟ ਹੋ ਜਾਂਦਾ ਹੈ।’ ਭਾਵੇਂ ਦੇਸ਼ ਭਗਤਾਂ ਨੂੰ ਪੁੱਛ ਲਓ, ਜੋ ਪੱਛਮੀ ਬੰਗਾਲ ’ਚ ਰੈਲੀਆਂ ’ਚ ਸਜ ਧਜ ਬੈਠੇ। ਦਸੌਂਧਾ ਸਿੰਘ ਦੀ ਗੱਲ ’ਚ ਵਜ਼ਨ ਐ, ਮੌਤ ਨਾਲ ਹਿੰਢ ਕਾਹਦੀ, ਰੈਲੀਆਂ ਨੂੰ ਛੱਡ, ਕਿਤੇ ਕਰੋਨਾ ਨੂੰ ਵਲਦੇ, ਆਹ ਦਿਨ ਨਾ ਵੇਖਣੇ ਪੈਂਦੇ। ਖ਼ੈਰ, ਅਕਲ ਦੇ ਕੜਛੇ ਕਿਸੇ ਨੂੰ ਹੀ ਮਿਲਦੇ ਨੇ।
ਅਸੀਂ ਤੁਰ ਪਏ ਹਾਂ, ਤਾਂ ਜੋ ਲੱਭ ਸਕੀਏ। ਕਪਾਲ ਭਾਤੀ ਵਾਲੇ ਨੂੰ। ਬਾਬਾ ਰਾਮਦੇਵ ਬੋਲੇ... ‘ਯੋਗ ਕਰੋ, ਕਰੋਨਾ ਭਜਾਓ’। ਗੱਲ ਨਾ ਬਣੇ, ਪਤੰਜਲੀ ਦੀ ਕੋਰੋਨਿਲ ਖਾਓ। ਪਤੰਜਲੀ ਆਸ਼ਰਮ ’ਚ 83 ਕੇਸ ਪਾਜ਼ੇਟਿਵ ਕੇਸ ਆਏ ਹਨ। ‘ਬਿਪਤਾ ਬਣੀ ਤੇ ਨਾ ਬਹੁੜੇ ਕੋਈ।’ ਰਾਮਦੇਵ ਉਦੋਂ ਵੀ ਦੌੜੇ, ਜ਼ਨਾਨਾ ਕੱਪੜੇ ਪਾ ਕੇ, ਜਦੋਂ ਦਿੱਲੀ ’ਚ ਪੁਲੀਸ ਝਪਟੀ ਸੀ। ਯੋਗ ਕਮਾਉਣ ਵਾਲੇ ਜੋਗੀ, ਹੁਣ ਕਿਥੇ। ਓਹ ਤਪੱਸਿਆ ਕਰਦੇ, ਅਭਿਆਸ ਕਰਦੇ, ਸੁਆਸ ਰੋਕਣ ਦੀ ਕਲਾ ਵੀ ਸੀ। ਸਿਆਸੀ ਗੋਰਖ ਦਾ ਚੇਲਾ, ਕਾਰੋਬਾਰ ਕਰਦੈ, ਕਿਥੋਂ ਲੱਭੀਏ। ‘ਰਾਜਾ ਕੀ ਜਾਣੇ, ਭੁੱਖੇ ਦੀ ਸਾਰ।’ ਅਸੀਂ ਰੀਝ ਨਾਲ ਤੱਕ ਰਹੇ ਹਾਂ, ਤਾਂ ਜੋ ਕਰ ਸਕੀਏ। ਅਮਰਿੰਦਰ ਸਿੰਘ ਦੇ ਦਰਸ਼ਨ-ਦੀਦਾਰੇ। ਈਸ਼ਵਰ ਭੰਦੋਹਲ (ਬੁੰਗਾ ਖੁਰਦ) ਨੇ ਲੱਖਣ ਲਾ ਦੱਸਿਐ, ਮਹਾਰਾਜੇ ਦੇ ਸਿਸਵਾਂ ਫਾਰਮ ਹਾਊਸ ਵੱਲ, ਆਕਸੀਜਨ ਲੈਵਲ ਪੰਜਾਬ ਨਾਲੋਂ ਕਿਤੇ ਉੱਚੈ। ਅਮਰਿੰਦਰ ਆਫਰ ਕਰ ਚੁੱਕੇ ਨੇ, ‘ਮੇਰੇ ਦਰਵਾਜੇ ਸਭ ਲਈ ਖੁੱਲ੍ਹੇ ਨੇ।’ ਛੱਜੂ ਰਾਮ ਦਾ ਤੌਖਲੈ, ਕਿਤੇ ਪਰਜਾ ‘ਸਿਸਵਾਂ ਫਾਰਮ ਹਾਊਸ’ ਨਾ ਪਹੁੰਚ ਜਾਏ। ਚਲੋ ਪੰਜਾਬ ‘ਦਰਸ਼ਨ ਮੇਲਾ’ ਕਰਜੂ, ਨਾਲੇ ਆਕਸੀਜਨ ਦੀ ਘਾਟ ਵਾਧ ਪੂਰੀ ਹੋ ਜਾਊ। ‘ਗਾਂ ਉਹ ਚੰਗੀ, ਜਿਹੜੀ ਦੁੱਧ ਦੇਵੇ।’
ਸਾਜੀ ਨਿਵਾਜੀ ਸਾਧ ਸੰਗਤ! ਏਹ ਮਹਾਮਾਰੀ ਨਹੀਂ, ਇੱਕ ਠੋਕਰ ਐ, ਨਵੇਂ ਸਬਕ ਲੈਣ ਲਈ। ਮਹਾਨ ਭਾਰਤ ਨੇ ਵਿਸ਼ਵ ਨੂੰ ਦਿਖਾ ਦਿੱਤਾ, ਅਸੀਂ ਕਿਸੇ ਨਾਲੋਂ ਘੱਟ ਨਹੀਂ, ਆਫ਼ਤਾਂ ’ਚ ਵੀ। ਹਾਕਮਾਂ ਦਾ ਘੁਮੰਡ ਤੋੜਿਐ, ਕਰੋਨਾ ਲਾਗ ਨੇ ਔਕਾਤ ਵੀ ਦਿਖਾਈ ਐ। ਸਾਹਾਂ ਦੀ ਕੀਮਤ, ਉਸ ਨੂੰ ਪੁੱਛੋ, ਜੋ ਸਿਲੰਡਰ ਲਈ ਲੇਲ੍ਹੜੀਆਂ ਕੱਢਦਾ ਫਿਰਦੈ। ਸਾਹਾਂ ਤੋਂ ਪਿਆਰੇ ਅੱਜ ਅੰਤਿਮ ਸਾਹ ਲੈ ਰਹੇ ਨੇ ਸਿਵਿਆਂ ਦੇ ਬਿਰਖਾਂ ਦੇ ਗਲ ਲੱਗ ਵਾਰਸ ਰੋਏ ਨੇ, ਕੋਈ ਮੋਢਾ ਨਹੀਂ ਮਿਲਿਆ। ਮੀਆਂ ਮੁਹੰਮਦ ਬਖ਼ਸ਼ ਦੀ ਫਰਿਆਦ, ‘ਰੱਬਾ ਕਿਸ ਨੂੰ ਫੋਲ ਸੁਣਾਵਾਂ, ਦਰਦ ਦਿਲੇ ਦਾ ਸਾਰਾ/ਕੌਣ ਹੋਵੇ ਅੱਜ ਸਾਥੀ ਮੇਰਾ, ਦੁੱਖ ਵੰਡਾਵਣ ਹਾਰਾ।’ ਜ਼ਿੰਦਗੀ ਸਾਹਾਂ ਨਾਲ ਹੀ ਧੜਕਦੀ ਐ। ਮਨੁੱਖ ਤਾਂ ਹੈ ਹੀ ਮਿੱਟੀ ਦਾ ਪੁਤਲਾ। ਕਬੀਰ ਜੀ ਫਰਮਾ ਗਏ, ‘ਕਬੀਰ ਮਾਟੇ ਕੇ ਹਮ ਪੂਤਰੇ ਮਾਨਸੁ ਰਾਖਿਓ ਨਾਉ।’ ਜਿਹਨਾਂ ਤੌੜੀ ਦਾ ਦੁੱਧ ਪੀਤੈ, ਉਹ ਨਹੀਓਂ ਭੁੱਲਦੇ, ‘ਦਮ ਦਾ ਕੀ ਧਰਵਾਸਾ, ਜਿਵੇਂ ਪਾਣੀ ਵਿਚ ਪਤਾਸਾ।’ ਖੱਟੀ ਲੱਸੀ ਵਰਗੇ ਹਾਕਮਾਂ ’ਚੋਂ ਵੱਟ ਨਹੀਂ ਗਿਆ। ਰਸਕਿਨ ਦੀ ਵੀ ਸੁਣੋ, ‘ਘੁਮੰਡ ਨਾਲ ਆਦਮੀ ਫੁਲ ਤਾਂ ਸਕਦਾ ਹੈ ਪਰ ਫੈਲ ਨਹੀਂ ਸਕਦਾ।’ ਤਖ਼ਤ ’ਚ ਮਹਾਮਾਰੀ ਨੇ ਚਿੱਬ ਪਾਇਐ, ਤਾਹੀਓਂ ਵਰਚੁਅਲ ਰੈਲੀਆਂ ਬੇਰੋਕ ਹਨ। ਐਗਜ਼ਿਟ ਪੋਲ ਸੁਣੋ... ਆਖਰ ਮਨੁੱਖਤਾ ਹਾਰ ਗਈ।
ਜ਼ਿੰਦਗੀ ਸਾਹੋ ਸਾਹ ਐ। ਨੇਤਾ ਅਕਲੋਂ ਪੈਦਲ ਨਿਕਲੇ। ਮਹਾਮਾਰੀ ਬਾਘੀਆਂ ਪਾ ਰਹੀ ਹੈ। ਨਗਰ ਕੌਂਸਲਾਂ ਤੇ ਨਿਗਮਾਂ ਦੇ ਮੇਅਰ ਤੇ ਪ੍ਰਧਾਨਾਂ ਦੇ ਹਾਰ ਪੈ ਰਹੇ ਨੇ। ਗੁਲਾਲ ਪੈ ਰਹੇ ਨੇ, ਵਾਜੇ ਵੱਜ ਰਹੇ ਨੇ। ਜਤਿੰਦਰ ਪੰਨੂ ਨੇ ਮਿਹਣਾ ਮਾਰਿਐ,‘ਬਲਦੇ ਦਿਨੇ ਤੇ ਰਾਤ ਸਿਵੇ ਦੀਂਹਦੇ, ਉਡਦੀ ਸੜਕਾਂ ਦੇ ਤੀਕ ਹੈ ਰਾਖ ਬੇਲੀ/ ਚੜ੍ਹਿਆ ਜਿਨ੍ਹਾਂ ਨੂੰ ਚਾਅ ਪ੍ਰਧਾਨੀਆਂ ਦਾ, ‘ਸ਼ਰਮ ਕਰੋ’ ਨਾਲ ਇਨ੍ਹਾਂ ਨੂੰ ਆਖ ਬੇਲੀ।’ ਅਸੀਂ ਖੜ੍ਹਾਂਗੇ, ਖੇਤਾਂ ਦੇ ਜਾਇਆਂ ਨਾਲ। ਕਰੋਨਾ ਕਾਲ ’ਚ ਵੀ ਜੋ ਭਿੜੇ ਨੇ। ਮਿੱਟੀ ਦੇ ਪੁੱਤ ਨਿਆਂ ਮੰਗਦੇ ਨੇ, ਦਿਲਾਂ ’ਚ ਸ਼ਮਸ਼ਾਨ ਬਾਲ ਕੇ। ਫ਼ਸਲ ਤੇ ਨਸਲ ਨਾ ਰੁਲੇ, ਤਾਹੀਂ ਘਰ-ਬਾਰ ਛੱਡ ਬੈਠੇ ਨੇ। ਕਿਸਾਨਾਂ ਪੱਲੇ ਸਿਰੜ ਹੈ ਅਤੇ ਝੋਲੇ ਵਿਚ ਸਿਦਕ। ਹੌਸਲੇ ਪਹਾੜ ਬਣੇ ਨੇ। ਹਕੂਮਤ ਦੇ ਬੁੱਲ੍ਹਾਂ ’ਤੇ ਸਿੱਕਰੀ ਆਈ ਐ। ਅੰਤ ’ਚ ਡਾ. ਜਗਤਾਰ ਦੀ ਗਜ਼ਲ ਦੇ ਬੋਲ...‘ਪੈਰਾਂ ’ਚ ਬੇੜੀਆਂ ਨੇ, ਨੱਚਦੇ ਨੇ ਲੋਕ ਫਿਰ ਵੀ/ ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ।’
No comments:
Post a Comment