ਅੰਦੋਲਨ ਦਾ ਪ੍ਰਤਾਪ
ਜ਼ਿੰਦਗੀ ਦਾ ਰੰਗ ਹੋਇਆ ਬਸੰਤੀ
ਚਰਨਜੀਤ ਭੁੱਲਰ
ਚੰਡੀਗੜ੍ਹ : ਕਿਸਾਨ ਅੰਦੋਲਨ ਦਾ ਪ੍ਰਤਾਪ ਹੈ ਕਿ ਪੰਜਾਬ ’ਚ ਔਰਤਾਂ ਦੀ ਜ਼ਿੰਦਗੀ ’ਚ ਨਵੇਂ ਰੰਗ ਉੱਘੜੇ ਹਨ। ਜਿਥੇ ਔਰਤਾਂ ਨੇ ਬਸੰਤੀ ਰੰਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਹੈ, ਉਥੇ ਹਰਾ ਰੰਗ ਵੀ ਔਰਤਾਂ ਦੇ ਪਹਿਰਾਵੇ ’ਚ ਰਚਿਆ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਏ ਦਿੱਲੀ ਮੋਰਚੇ ਨੇ ਔਰਤਾਂ ਦੇ ਰਹਿਣ-ਸਹਿਣ ਅਤੇ ਪਹਿਰਾਵੇ ਦੇ ਤੌਰ ਤਰੀਕੇ ਬਦਲ ਦਿੱਤੇ ਹਨ। ਵਿਧਵਾ ਔਰਤਾਂ ਨੇ ਚਿੱਟੀ ਚੁੰਨੀ ਲਾਹ ਸੁੱਟੀ ਹੈ ਅਤੇ ਇਹ ਔਰਤਾਂ ਹੁਣ ਬਸੰਤੀ ਚੁੰਨੀ ਦੀ ਸ਼ਰਨ ’ਚ ਹਨ।ਪਟਿਆਲਾ ਦੇ ਪਿੰਡ ਨਿਆਲ ਦੀ ਮਹਿਲਾ ਕਮਲਪ੍ਰੀਤ ਕੌਰ ਹੁਣ ਸਿਰੋਂ ਬਸੰਤੀ ਚੁੰਨੀ ਨਹੀਂ ਲਾਹੁੰਦੀ। ਉਸ ਨੇ ਤਾਂ ਕਿਸਾਨ ਜਥੇਬੰਦੀ ਦੇ ਲੋਗੋ ਵਾਲਾ ਸੂਟ ਵੀ ਡਿਜ਼ਾਈਨ ਕਰਾ ਲਿਆ ਹੈ। ਸਿੰਘੂ/ਟਿਕਰੀ ’ਤੇ ਅਜਿਹੇ ਸੂਟ ਦੂਰੋਂ ਨਜ਼ਰ ਪੈਣ ਲੱਗੇ ਹਨ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਕਿਸਾਨ ਜਥੇਬੰਦੀ ਦੇ ਰੰਗਾਂ ’ਚ ਡਿਜ਼ਾਈਨ ਕਰਾਇਆ ਗਿਆ ਹੈ। ਇੱਕ ਮਹਿਲਾ ਨੇ ਆਪਣੇ ਸੂਟ ’ਤੇ ਜਥੇਬੰਦੀ ਦੇ ਝੰਡੇ ਹੀ ਡਿਜ਼ਾਈਨ ਕਰਾ ਲਏ ਹਨ। ਸੈਂਕੜੇ ਔਰਤਾਂ ਹਨ ਜੋ ਕਿਸੇ ਵੀ ਖੁਸ਼ੀ ਗਮੀ ਦੇ ਮੌਕੇ ਆਪਣੀ ਬਸੰਤੀ ਚੁੰਨੀ ਤੋਂ ਵੱਖ ਨਹੀਂ ਹੁੰਦੀਆਂ।
ਕਿਸਾਨ ਘੋਲ ਨੇ ਪੰਜਾਬ ਦੇ ਸਭਿਆਚਾਰ ’ਚ ਨਵੀਂ ਪੈੜ ਪਾਈ ਹੈ। ਔਰਤਾਂ ’ਚ ਬਸੰਤੀ ਚੁੰਨੀਆਂ ਦਾ ਖਿਆਲ ਕਿਸੇ ਫੈਸ਼ਨ ’ਚੋਂ ਨਹੀਂ ਬਲਕਿ ਇਨ੍ਹਾਂ ਨੂੰ ਆਪਣੇ ਸੰਘਰਸ਼ੀ ਧਰਾਤਲ ’ਚੋਂ ਚਿਣਗ ਲੱਗੀ ਹੈ। ਪਿੰਡ ਬਰਾਸ ਦੀ 65 ਵਰ੍ਹਿਆਂ ਦੀ ਔਰਤ ਮਹਿੰਦਰ ਕੌਰ ਬਸੰਤੀ ਚੁੰਨੀ ਅੰਗ-ਸੰਗ ਰੱਖਦੀ ਹੈ। ਉਹ ਦੱਸਦੀ ਹੈ ਕਿ ਕਈ ਖੁਸ਼ੀ ਦੇ ਸਮਾਗਮ ਵੀ ਆਏ। ਸੂਟ ਦੇ ਰੰਗ ਬਦਲ ਗਏ ਪ੍ਰੰਤੂ ਚੁੰਨੀ ਬਸੰਤੀ ਹੀ ਰਹੀ। ਦਿੱਲੀ ਘੋਲ ਮਗਰੋਂ ਜਿਥੇ ਹਰੀਆਂ, ਲਾਲ ਤੇ ਪੀਲੀਆਂ ਪੱਗਾਂ ਦਾ ਰੁਝਾਨ ਵਧਿਆ ਹੈ, ਉਥੇ ਨੌਜਵਾਨ ਪੀੜ੍ਹੀ ਵੀ ਇਨ੍ਹਾਂ ਰੰਗਾਂ ਦੇ ਨੇੜੇ ਹੋਈ ਹੈ।ਬੀਕੇਯੂ (ਉਗਰਾਹਾਂ) ਨੇ ਸਾਲ 2016 ਵਿਚ ‘ਰੰਗ ਦੇ ਬਸੰਤੀ’ ਕਾਨਫਰੰਸ ਕੀਤੀ ਸੀ ਜਿਸ ਵਿਚ ਪੰਜ ਹਜ਼ਾਰ ਔਰਤਾਂ ਨੂੰ ਬਸੰਤੀ ਚੁੰਨੀਆਂ ਖਰੀਦ ਕੇ ਦਿੱਤੀਆਂ ਗਈਆਂ ਸਨ। ਜਥੇਬੰਦੀ ਦੀ ਮਹਿਲਾ ਆਗੂ ਹਰਿੰਦਰ ਬਿੰਦੂ ਦੱਸਦੀ ਹੈ ਕਿ 21 ਫਰਵਰੀ ਨੂੰ ਜਦੋਂ ਬਰਨਾਲਾ ਵਿਚ ਔਰਤਾਂ ਦਾ ਵੱਡਾ ਇਕੱਠ ਕੀਤਾ ਤਾਂ ਜਥੇਬੰਦੀ ਵੱਲੋਂ 20 ਲੱਖ ਦੀ ਲਾਗਤ ਨਾਲ 40 ਹਜ਼ਾਰ ਔਰਤਾਂ ਨੂੰ ਬਸੰਤੀ ਚੁੰਨੀਆਂ ਦਿੱਤੀਆਂ। ਟਿਕਰੀ ਬਾਰਡਰ ’ਤੇ ਜਦੋਂ ਮਹਿਲਾ ਦਿਵਸ ਮੌਕੇ ਔਰਤਾਂ ਦਾ ਇਕੱਠ ਜੁੜਿਆ ਤਾਂ 32.50 ਲੱਖ ਦੀਆਂ ਚੁੰਨੀਆਂ ਔਰਤਾਂ ਨੂੰ ਦਿੱਤੀਆਂ ਗਈਆਂ।
ਬੀਕੇਯੂ (ਡਕੌਂਦਾ) ਨੇ ਵੀ ਦੋ ਵਰ੍ਹਿਆਂ ਤੋਂ ਔਰਤਾਂ ਨੂੰ ਹਰੀਆਂ ਚੁੰਨੀਆਂ ਦਾ ਜਾਗ ਲਾਇਆ। ਹਜ਼ਾਰਾਂ ਔਰਤਾਂ ਹਨ ਜੋ ਇਸ ਜਥੇਬੰਦੀ ਦੇ ਇਕੱਠਾਂ ਵਿਚ ਹੁਣ ਹਰੀਆਂ ਚੁੰਨੀਆਂ ਲੈ ਕੇ ਪੁੱਜਦੀਆਂ ਹਨ। ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਆਖਦੇ ਹਨ ਕਿ ਹਰੀ ਪੱਗ ਤੇ ਚੁੰਨੀਆਂ ਖੇਤੀ ਦਾ ਪ੍ਰਤੀਕ ਹੈ ਜਿਸ ਨੂੰ ਗ੍ਰਹਿਣ ਕਰਕੇ ਔਰਤਾਂ ਮਾਣ ਮਹਿਸੂਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਵੀ ਹੁਣ ਹਰੇ ਰੰਗ ਦੀਆਂ ਪੱਗਾਂ ਬੰਨ੍ਹਣ ਲੱਗੇ ਹਨ।ਬਰਨਾਲਾ ਦੇ ਪਿੰਡ ਫਤਹਿਗੜ੍ਹ ਛੰਨਾ ਦੀ ਪਰਮਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਕਦੇ ਹਰੀ ਚੁੰਨੀ ਸਿਰ ਤੋਂ ਨਹੀਂ ਲਾਹੀ। ਇਹ ਦੋਵੇਂ ਵਿਧਵਾ ਔਰਤਾਂ ਹਨ ਜੋ ਚਿੱਟੀ ਚੁੰਨੀ ਲਾਹ ਕੇ ਹੁਣ ਹਰੀ ਚੁੰਨੀ ’ਚ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਪਤਾ ਲੱਗਾ ਹੈ ਕਿ ਸੰਗਰੂਰ ਜ਼ਿਲ੍ਹੇ ਵਿਚ ਇੱਕ ਮਹਿਲਾ ਨੇ ਆਪਣੇ ਲੜਕੇ ਦੇ ਵਿਆਹ ਸਮੇਂ ਵੀ ਸੂਟ ਦੇ ਨਾਲ ਬਸੰਤੀ ਚੁੰਨੀ ਨੂੰ ਤਰਜੀਹ ਦਿੱਤੀ। ਬਠਿੰਡਾ ਦੇ ਪਿੰਡ ਪਿੱਥੋ ਦੀਆਂ ਕਰੀਬ 35 ਔਰਤਾਂ ਦਾ ਕਾਫਲਾ ਹਮੇਸ਼ਾ ਬਸੰਤੀ ਚੁੰਨੀਆਂ ਨਾਲ ਚੱਲਦਾ ਹੈ।
ਰੰਗਾਂ ਨੇ ਔਰਤਾਂ ਨੂੰ ਤਾਕਤ ਬਖ਼ਸ਼ੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਔਰਤਾਂ ਹੁਣ ਬਸੰਤੀ ਚੁੰਨੀ ਦੇ ਮਾਅਨੇ ਵੀ ਪਿੰਡਾਂ ਵਿਚ ਸਮਝਾ ਰਹੀਆਂ ਹਨ ਅਤੇ ਹੋਰਨਾਂ ਔਰਤਾਂ ਨੂੰ ਵੀ ਪ੍ਰੇਰ ਰਹੀਆਂ ਹਨ। ਪੰਜਾਬ ਵਿਚ ਬਾਕੀ ਕਿਸਾਨ ਧਿਰਾਂ ਨੇ ਵੀ ਆਪੋ ਆਪਣੀ ਜਥੇਬੰਦੀ ਦੇ ਪਛਾਣ ਦੇ ਰੰਗ ਪ੍ਰਤੀ ਔਰਤਾਂ ਨੂੰ ਪ੍ਰੇਰਿਤ ਕੀਤਾ ਹੈ। ਕਿਸਾਨ ਆਗੂ ਆਖਦੇ ਹਨ ਕਿ ਬਸੰਤੀ ਚੁੰਨੀਆਂ ਅਤੇ ਹਰੀਆਂ ਚੁੰਨੀਆਂ ਹੁਣ ਹਕੂਮਤ ਨੂੰ ਚੁਭਣ ਲੱਗੀਆਂ ਹਨ ਪ੍ਰੰਤੂ ਇਨ੍ਹਾਂ ਰੰਗਾਂ ਨੇ ਔਰਤਾਂ ਨੂੰ ਤਾਕਤ ਬਖਸ਼ੀ ਹੈ ਅਤੇ ਔਰਤਾਂ ਦੇ ਹੌਸਲੇ ਨੂੰ ਖੰਭ ਲਾਏ ਹਨ।
No comments:
Post a Comment