Thursday, April 22, 2021

                                                        ਹਾੜ੍ਹੀ ਵਿਚਾਲੇ ਛੱਡ 
                                     ਦਿੱਲੀ ਦੇ ਰਾਹ ਪਏ ਪੰਜਾਬ ਦੇ ਕਿਸਾਨ
                                                          ਚਰਨਜੀਤ ਭੁੱਲਰ    

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੀ ਇੱਕ ਆਵਾਜ਼ ’ਤੇ ਪੰਜਾਬ ਦੇ ਕਿਸਾਨ ਹਾੜ੍ਹੀ ਦੀ ਫਸਲ ਅੱਧ ਵਿਚਾਲੇ ਛੱਡ ਕੇ ਮੁੜ ਦਿੱਲੀ ਦੇ ਰਾਹ ਪੈ ਗਏ ਹਨ। ਕੋਈ ਕੰਬਾਈਨ ਖੇਤਾਂ ’ਚ ਛੱਡ ਦਿੱਲੀ ਵੱਲ ਤੁਰ ਪਿਆ ਹੈ ਜਦਕਿ ਬਹੁਤੇ ਕਿਸਾਨ ਮੰਡੀਆਂ ’ਚ ਕਣਕ ਛੱਡ ਆਪ ਦਿੱਲੀ ਆ ਬੈਠੇ ਹਨ। ਕੇਂਦਰ ਸਰਕਾਰ ਵੱਲੋਂ ਜਦੋਂ ‘ਅਪਰੇਸ਼ਨ ਕਲੀਨ’ ਦਾ ਖ਼ੌਫ ਦਿਖਾਇਆ ਗਿਆ ਤਾਂ ਸਮੁੱਚਾ ਪੰਜਾਬ ਮੁੜ ਪੱਬਾਂ ਭਾਰ ਹੋ ਗਿਆ ਹੈ। ਅਪਰੇਸ਼ਨ ਕਲੀਨ ਨੂੰ ਟੱਕਰ ਦੇਣ ਲਈ ਪਿੰਡਾਂ ’ਚ ਨਵੀਂ ਲਹਿਰ ਖੜ੍ਹੀ ਹੋ ਗਈ ਹੈ। ਮਾਨਸਾ ਦੇ ਪਿੰਡ ਭੈਣੀ ਬਾਘਾ ਦੀ ਗੁਰਦੇਵ ਕੌਰ ਆਪਣਾ ਘਰ ਸੁੰਨਾ ਛੱਡ ਕੇ ਅੱਜ ਦਿੱਲੀ ਪੁੱਜ ਗਈ ਹੈ। ਉਸ ਦਾ ਲੜਕਾ ਦੀਪ ਸਿੰਘ ਕਈ ਦਿਨਾਂ ਤੋਂ ਮੰਡੀ ਵਿਚ ਬੈਠਾ ਹੈ। ਘਰ ਹੁਣ ਇਕੱਲੀਆਂ ਔਰਤਾਂ ਹਨ। ਉਹ ਆਖਦੀ ਹੈ,‘‘ਭੀੜ ਪਈ ਤੋਂ ਘਰ ਬੈਠ ਗਏ ਤਾਂ ਜੁਆਕ ਮਿਹਣੇ ਦੇਣਗੇ।’’ 22 ਔਰਤਾਂ ਦਾ ਜਥਾ ਲੈ ਕੇ ਉਹ ਟਿਕਰੀ ਸਰਹੱਦ ਪੁੱਜੀ ਹੈ। ਪਿੰਡ ਦਿਆਲਪੁਰਾ ਦੇ ਕਿਸਾਨ ਜਗਮੇਲ ਸਿੰਘ ਨੂੰ ਕਣਕ ਤੋਂ ਵੱਧ ‘ਕਿਸਾਨ ਘੋਲ’ ਪਿਆਰਾ ਜਾਪਦਾ ਹੈ। ਉਹ ਗੁਆਂਢੀ ਨੂੰ ਇਹ ਆਖ ਦਿੱਲੀ ਵੱਲ ਤੁਰ ਪਿਆ ਕਿ ਮੰਡੀ ਵਿਚ ਫਸਲ ਦੀ ਬੋਲੀ ਨਾਲੇ ਤੁਲਾਈ ਕਰਾ ਦੇਵੇ। 

               ਇੰਜ ਹੀ ਗੋਬਿੰਦਪੁਰਾ ਦੇ ਕਿਸਾਨਾਂ ਸੋਹਣ ਅਤੇ ਹਰਜੀਤ ਸਿੰਘ ਨੂੰ ਜਦੋਂ ਕਿਸਾਨ ਮੋਰਚੇ ਦਾ ਸੁਨੇਹਾ ਲੱਗਾ ਤਾਂ ਉਹ ਵਾਢੀ ਮਗਰੋਂ ਸਿੱਧੇ ਦਿੱਲੀ ਪੁੱਜ ਗਏੇ। ਹਾਲਾਂਕਿ ਉਨ੍ਹਾਂ ਦੇ ਖੇਤਾਂ ਵਿਚ ਤੂੜੀ ਬਣਾਉਣ ਦਾ ਕੰਮ ਪਿਆ ਸੀ। ਸਾਰੇ ਕਿਸਾਨਾਂ ਦਾ ਇੱਕੋ ਤੌਖਲਾ ਹੈ ਕਿ ਦਿੱਲੀ ਮੋਰਚਾ ਸੁੰਨਾ ਰਹਿ ਗਿਆ ਤਾਂ ਕਿਤੇ ਹਕੂਮਤ ਖਿੰਡਾ ਨਾ ਦੇਵੇ। ਵਾਢੀ ਮਗਰੋਂ ਮਾਲਵੇ ਦੀਆਂ ਤਿੰਨ ਅੰਤਰਰਾਜੀ ਸਰਹੱਦਾਂ ਤੋਂ ਅੱਜ ਹਜ਼ਾਰਾਂ ਕਿਸਾਨ ਦਿੱਲੀ ਪੁੱਜ ਗਏ ਹਨ। ਮਾਝੇ ਦੇ ਗੁਰਦਾਸਪੁਰ ’ਚੋਂ ਵੱਡਾ ਕਾਫਲਾ ਦਿੱਲੀ ਦੇ ਰਾਹਾਂ ਵਿਚ ਹੈ। ਬਠਿੰਡਾ ਦੇ ਪਿੰਡ ਬੁਰਜ ਸੇਮਾ ਦਾ ਕਿਸਾਨ ਬਲਵਿੰਦਰ ਸਿੰਘ ਮੰਡੀ ਵਿਚ ਕਣਕ ਦੀ ਰਾਖੀ ਲਈ ਬੈਠਾ ਸੀ। ਜਦੋਂ ਦਿੱਲੀਓਂ ਸੁਨੇਹਾ ਪੁੱਜਿਆ  ਤਾਂ ਉਹ ਮੰਡੀ ਵਿਚ ਕਣਕ ਛੱਡ ਕੇ ਦਿੱਲੀ ਚਲਾ ਗਿਆ। ਦੂਜੇ ਕਿਸਾਨ ਆਗੂ ਉਸ ਦੀ ਫਸਲ ਦੀ ਤੁਲਾਈ ਤੇ ਬੋਲੀ ਲਗਵਾਉਣਗੇ।  ਨਾਭਾ ਬਲਾਕ ਦੇ ਪਿੰਡ ਸਾਲੂਵਾਲ ਦਾ ਕਿਸਾਨ ਜਸਵਿੰਦਰ ਸਿੰਘ ਆਪਣੀ ਫਸਲ ਕੋਲ ਮੰਡੀ ਵਿਚ ਬੈਠਾ ਸੀ। ਜਿਵੇਂ ਹੀ ਉਸ ਨੂੰ ‘ਅਪਰੇਸ਼ਨ ਕਲੀਨ’ ਦੀ ਭਿਣਕ ਪਈ ਤਾਂ ਉਹ ਮੰਡੀ ਵਿਚ ਆਪਣੇ ਪੁੱਤ ਨੂੰ ਬਿਠਾ ਕੇ ਦਿੱਲੀ ਪੁੱਜ ਗਿਆ। ਉਹ ਆਖਦਾ ਹੈ ਕਿ ਕਿਸਾਨ ਆਗੂਆਂ ਦੇ ਬੋਲਾਂ ਨੂੰ ਭੁੰਜੇ ਨਹੀਂ ਲੱਗਣ ਦੇਣਾ। ਇਸੇ ਤਰ੍ਹਾਂ ਦਾ ਜਜ਼ਬਾ ਪਿੰਡ ਸਿਰੀਏਵਾਲਾ ਦੇ ਕਿਸਾਨਾਂ ਹਰਪ੍ਰੀਤ ਸਿੰਘ ਤੇ ਨਾਇਬ ਸਿੰਘ ’ਚ ਦੇਖਣ ਨੂੰ ਮਿਲਿਆ ਜੋ ਮੰਡੀ ’ਚ ਕਣਕ ਛੱਡ ਦਿੱਲੀ ਮੋਰਚੇ ’ਚ ਜਾ ਬੈਠੇ ਨੇ। ਉਹ ਗੁਆਂਢੀ ਨੂੰ ਆਖ ਗਏ, ‘ਕਣਕ ਤੁਲਾ ਦੇਣਾ।’ 

              ਸੂਬੇ ਦੇ ਕਿਸਾਨਾਂ ਨੂੰ ਫਸਲੀ ਝਾੜ ਵਿਚ ਕਮੀ ਨੇ ਵਿੱਤੀ ਸੱਟ ਮਾਰੀ ਹੈ। ਉਪਰੋਂ ਖਰੀਦ ਕੇਂਦਰਾਂ ਵਿਚ ਬਾਰਦਾਨੇ ਦੀ ਕਮੀ ਨੇ ਕਿਸਾਨਾਂ ਨੂੰ ਖੁਆਰ ਕੀਤਾ ਹੈ। ਤਰਨ ਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦਾ ਕਿਸਾਨ ਆਗੂ ਗੁਰਲਾਲ ਸਿੰਘ ਵਾਢੀ ਦੀ ਤਿਆਰੀ ’ਚ ਸੀ। ‘ਅਪਰੇਸ਼ਨ ਕਲੀਨ’ ਦੀ ਕਨਸੋਅ ਮਿਲੀ ਤਾਂ ਉਹ ਕਟਾਈ ਵਿੱਚੇ ਛੱਡ ਕਿਸਾਨ ਮੋਰਚੇ ’ਚ ਜਾ ਬੈਠਾ। ਪਿਛੋਂ ਪਿੰਡ ਵਾਲਿਆਂ ਨੇ ਪਹਿਲਾਂ ਉਸ ਦੀ ਫਸਲ ਵੱਢੀ ਤੇ ਫਿਰ ਮੰਡੀ ਵਿਚ ਸੁੱਟੀ। ਬਹੁਤੇ ਕਿਸਾਨ ਪੁੱਤ ਦਿੱਲੀ ਸਰਹੱਦ ’ਤੇ ਬੈਠੇ ਹਨ ਜਦੋਂ ਕਿ ਬਾਪ ਮੰਡੀਆਂ ਵਿਚ ਹਨ। ਬਾਪ ਨੂੰ ਕਣਕ ਨਾ ਵਿਕਣ ਦਾ ਝੋਰਾ ਹੈ ਜਦੋਂ ਕਿ ਪੁੱਤ ਨੂੰ ਖੇਤ ਬਚਾਉਣ ਦੀ ਫਿਕਰ ਹੈ। ਕਪੂਰਥਲਾ ਦੇ ਪਿੰਡ ਟੋਡਰਵਾਲ ਦਾ ਦਿਲਪ੍ਰੀਤ ਸਿੰਘ ਖੁਦ ਕਿਸਾਨ ਮੋਰਚੇ ’ਚ ਡਟਿਆ ਹੋਇਆ ਹੈ ਜਦੋਂ ਕਿ ਉਸ ਦਾ ਪਿਤਾ ਮੰਡੀ ਵਿਚ ਬੈਠਾ ਬਾਰਦਾਨਾ ਉਡੀਕ ਰਿਹਾ ਹੈ। ਪਿੰਡ ਜਿਉਂਦ ਦੇ ਕਿਸਾਨ ਆਗੂ ਗੁਲਾਬ ਸਿੰਘ ਦੀ ਫਸਲ ਪਿੰਡ ਵਾਲਿਆਂ ਨੇ ਹੀ ਵੱਢ ਦਿੱਤੀ। ਹਰ ਪਿੰਡ ਦੀ ਇਹੋ ਕਹਾਣੀ ਹੈ ਕਿ ਕੰਮ ਦੀ ਰੁੱਤੇ ਕਿਸਾਨ ਸਭ ਕੁਝ ਛੱਡ ਕੇ ਕਿਸਾਨ ਘੋਲ ਦੀ ਤਾਕਤ ਬਣ ਬੈਠੇ ਹਨ। 

                                               ਵਿਦਿਆਰਥੀ ਦਿੱਲੀ ਵਿਚ

‘ਅਪਰੇਸ਼ਨ ਕਲੀਨ’ ਦੇ ਡਰ ਮਗਰੋਂ ਪੰਜਾਬ ’ਚੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਦਿੱਲੀ ਮੋਰਚੇ ਵਿਚ ਪੁੱਜਣ ਲੱਗ ਪਏ ਹਨ। ਕਪੂਰਥਲਾ ਦੇ ਵਿਦਿਆਰਥੀ ਸੋਨੂ ਨੇ ਦੱਸਿਆ ਕਿ ਜ਼ਿਲ੍ਹੇ ’ਚੋਂ ਕਾਫੀ ਵਿਦਿਆਰਥੀ ਦਿੱਲੀ ਆਏ ਹਨ। ਬਠਿੰਡਾ ਦੇ ਪਿੰਡ ਸਿਰੀਏਵਾਲਾ ਦਾ ਵਿਦਿਆਰਥੀ ਹਰਮਨਜੀਤ ਸਿੰਘ ਵੀ ਸਾਥੀਆਂ ਨਾਲ ਮੋਰਚੇ ’ਚ ਪੁੱਜਾ ਹੈ। ਵਿਦਿਆਰਥੀ ਵਰਗ ਵੀ ‘ਕਿਸਾਨ ਘੋਲ’ ਦਾ ਸਾਂਝੀਦਾਰ ਬਣ ਰਿਹਾ ਹੈ।

No comments:

Post a Comment