Friday, April 30, 2021

                                                        ਧੰਨ ਤੇਰਾ ਜਿਗਰਾ
                                     ਕਿਸਾਨੀ ਘੋਲ ਦੇ ਯੋਧੇ ਕਣਕ ’ਚ ਜੇਤੂ!
                                                          ਚਰਨਜੀਤ ਭੁੱਲਰ     

ਚੰਡੀਗੜ੍ਹ :  ਖੇਤੀ ਕਾਨੂੰਨਾਂ ਦੇ ਹੱਲੇ ਦੇ ਬਾਵਜੂਦ ਪੰਜਾਬ ਨੇ ਕਣਕ ਦੀ ਪੈਦਾਵਾਰ ਵਿਚ ਦੇਸ਼ ਦੀ ਪਿੱਠ ਨਹੀਂ ਲੱਗਣ ਦਿੱਤੀ। ਹਾਲਾਂਕਿ ਕਿਸਾਨ ਹਾੜ੍ਹੀ ਦੇ ਸੀਜ਼ਨ ਦੌਰਾਨ ਕਿਸਾਨ ਘੋਲ ’ਚ ਕੁੱਦੇ ਹੋਏ ਸਨ ਪ੍ਰੰਤੂ ਕਿਸਾਨਾਂ ਨੇ ਪੈਦਾਵਾਰ ਲਈ ਆਪਣਾ ਪਸੀਨਾ ਵਹਾਉਣ ’ਚ ਕਮੀ ਨਹੀਂ ਛੱਡੀ। ਪੰਜਾਬ ਵਿੱਚ ਹੁਣ ਕਣਕ ਦੀ ਖਰੀਦ 100 ਲੱਖ ਮੀਟਰਿਕ ਟਨ ਦੇ ਟੀਚੇ ਨੂੰ ਸਫ਼ਲਤਾ ਨਾਲ ਪਾਰ ਕਰ ਗਈ ਹੈ ਜੋ ਕਿ ਸਮੁੱਚੇ ਦੇਸ਼ ਵਿਚ ਹੋਏ ਖਰੀਦ ਦਾ ਕਰੀਬ 39 ਫੀਸਦੀ ਬਣਦੀ ਹੈ। ਕਿਸਾਨੀ ਘੋਲ ’ਚ ਕੁੱਦੇ ਬਹੁਤੇ ਕਿਸਾਨਾਂ ਦੀ ਫਸਲ ਤਾਂ ਐਤਕੀਂ ਹਾੜ੍ਹੀ ਦੌਰਾਨ ਪੇਂਡੂ ਨੌਜਵਾਨਾਂ ਅਤੇ ਔਰਤਾਂ ਨੇ ਹੀ ਸੰਭਾਲੀ ਸੀ।ਪੰਜਾਬ ਵਿਚ ਕਣਕ ਦੀ ਖਰੀਦ 10 ਅਪਰੈਲ ਤੋਂ ਸ਼ੁਰੂ ਹੋਈ ਸੀ ਅਤੇ 19 ਦਿਨਾਂ ਵਿਚ ਹੀ ਮੰਡੀਆਂ ’ਚੋਂ 100.39 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਦੇਸ਼ ਦੇ 12 ਸੂਬਿਆਂ ’ਚੋਂ ਕਿਸੇ ਵੀ ਰਾਜ ਨੇ ਇਹ ਅੰਕੜਾ ਨਹੀਂ ਛੂਹਿਆ ਹੈ। ਪੰਜਾਬ ਸਰਕਾਰ ਨੇ ਐਤਕੀਂ 130 ਲੱਖ ਮੀਟਰਿਕ ਟਨ ਖਰੀਦ ਦਾ ਟੀਚਾ ਮਿਥਿਆ ਹੈ ਜਿਸ ’ਚੋਂ ਕਰੀਬ 77 ਫੀਸਦੀ ਫ਼ਸਲ ਦੀ ਖਰੀਦ ਹੋ ਚੁੱਕੀ ਹੈ। ਕੇਂਦਰ ਸਰਕਾਰ ਨੇ ਬਿਹਾਰ ’ਚ ਹਾਲੇ ਤੱਕ ਇੱਕ ਦਾਣਾ ਵੀ ਖਰੀਦ ਨਹੀਂ ਕੀਤਾ ਹੈ। ਗੁਆਂਢੀ ਸੂਬੇ ਹਰਿਆਣਾ ਵਿਚ ਹੁਣ ਤੱਕ 77.28 ਲੱਖ ਮੀਟਰਿਕ ਟਨ ਦੀ ਖਰੀਦ ਹੋਈ ਹੈ।

             ਮੱਧ ਪ੍ਰਦੇਸ਼ ਨੇ ਇਸ ਵਾਰ ਪੰਜਾਬ ਤੋਂ ਜ਼ਿਆਦਾ 135 ਲੱਖ ਮੀਟਰਿਕ ਟਨ ਕਣਕ ਖਰੀਦ ਦਾ ਟੀਚਾ ਮਿਥਿਆ ਸੀ ਪ੍ਰੰਤੂ ਮੱਧ ਪ੍ਰਦੇਸ਼ ਨੇ ਹੁਣ ਤੱਕ 62.89 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਰੁਝਾਨਾਂ ਤੋਂ ਜਾਪਦਾ ਹੈ ਕਿ ਇਸ ਵਾਰ ਪੰਜਾਬ ਕਣਕ ਪੈਦਾਵਾਰ ’ਚ ਮੱਧ ਪ੍ਰਦੇਸ਼ ਨੂੰ ਵੀ ਪਿਛਾਂਹ ਛੱਡ ਜਾਵੇਗਾ। ਦੇਸ਼ ਭਰ ਵਿਚ ਹੁਣ ਤੱਕ 258.73 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਹੋਈ ਹੈ ਜਿਸ ’ਚੋਂ ਉੱਤਰ ਪ੍ਰਦੇਸ਼ ’ਚੋਂ 9.79 ਲੱਖ ਮੀਟਰਿਕ ਟਨ, ਰਾਜਸਥਾਨ ’ਚੋਂ 7.29 ਲੱਖ ਐੱਮਟੀ, ਉੱਤਰਾਖੰਡ ’ਚੋਂ 41 ਹਜ਼ਾਰ ਮੀਟਰਿਕ ਟਨ, ਗੁਜਰਾਤ ’ਚੋਂ 49 ਹਜ਼ਾਰ ਮੀਟਰਿਕ ਟਨ ਅਤੇ ਦਿੱਲੀ ’ਚੋਂ ਤਿੰਨ ਹਜ਼ਾਰ ਐੱਮਟੀ ਕਣਕ ਖਰੀਦ ਕੀਤੀ ਹੈ।ਪੰਜਾਬ ਦੇ ਕਿਸਾਨਾਂ ਦੀ ਊਰਜਾ ਪੂਰੀ ਤਰ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਘੋਲ ਵਿਚ ਲੱਗੀ ਹੋਈ ਹੈ ਅਤੇ ਉਪਰੋਂ ਕੋਵਿਡ ਮਹਾਂਮਾਰੀ ਦਾ ਪ੍ਰਕੋਪ ਸਿਰ ’ਤੇ ਹੈ। ਇਨ੍ਹਾਂ ਦੁਸ਼ਵਾਰੀਆਂ ਦੇ ਬਾਵਜੂਦ ਪੰਜਾਬ ਦਾ ਕਿਸਾਨ ਪਿਛਾਂਹ ਨਹੀਂ ਹਟਿਆ। ਭਾਰਤੀ ਖੁਰਾਕ ਨਿਗਮ ਨੇ ਹੁਣ ਤੱਕ ਦੇਸ਼ ਭਰ ’ਚੋਂ 20.40 ਲੱਖ ਮੀਟਰਿਕ ਟਨ ਕਣਕ ਖਰੀਦ ਕੀਤੀ ਹੈ ਜਿਸ ਚੋਂ ਪੰਜਾਬ ’ਚੋਂ 8.77 ਲੱਖ, ਹਰਿਆਣਾ ’ਚੋਂ 6.07 ਲੱਖ ਅਤੇ ਰਾਜਸਥਾਨ ’ਚੋਂ 5.06 ਲੱਖ ਮੀਟਰਿਕ ਟਨ ਕਣਕ ਖਰੀਦ ਕੀਤੀ ਗਈ ਹੈ। 

              ਪੰਜਾਬ ਦੀਆਂ ਮੰਡੀਆਂ ’ਚੋਂ ਸਭ ਤੋਂ ਵੱਧ ਸੰਗਰੂਰ ਜ਼ਿਲ੍ਹੇ ’ਚ 10.12 ਲੱਖ ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਹੈ। ਸੰਗਰੂਰ ਤੋਂ ਬਾਅਦ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਕ੍ਰਮਵਾਰ 8.25 ਲੱਖ ਮੀਟ੍ਰਿਕ ਟਨ ਅਤੇ 8.16 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਪੰਜਾਬ ਵਿਚ ਐਤਕੀਂ ਬਾਰਦਾਨੇ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਿੱਧੀ ਅਦਾਇਗੀ ਲਈ ਨਵੀਂ ਪ੍ਰਣਾਲੀ ਵੀ ਲਾਗੂ ਕੀਤੀ ਗਈ ਹੈ। ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਐਤਕੀਂ ਬਿਪਤਾ ਝੱਲ ਕੇ ਵੀ ਕਣਕ ਦੀ ਪੈਦਾਵਾਰ ’ਚ ਕਿਸਾਨਾਂ ਨੇ ਝੰਡੀ ਲਈ ਹੈ। ਉਨ੍ਹਾਂ ਦੱਸਿਆ ਕਿ ਬੇਮੌਸਮੀ ਬਾਰਸ਼ ਕਰਕੇ ਕਿਸਾਨੀ ਨੂੰ ਪੈਦਾਵਾਰ ਦੇ ਝਾੜ ਵਿਚ ਵੀ ਸੱਟ ਵੱਜੀ ਹੈ ਪਰ ਫਿਰ ਵੀ ਦੂਸਰੇ ਸੂਬਿਆਂ ਤੋਂ ਪੰਜਾਬ ਅੱਗੇ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਦੇ ਵੀ ਕਿਸਾਨ ਦੇ ਪਸੀਨੇ ਦਾ ਮੁੱਲ ਨਹੀਂ ਪਾਇਆ ਹੈ ਅਤੇ ਹੁਣ ਵੀ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈ ਕੇ ਕਿਸਾਨਾਂ ਨਾਲ ਧਰੋਹ ਕਮਾ ਰਹੀ ਹੈ।

                                       77 ਫੀਸਦ ਕਣਕ ਦੀ ਖਰੀਦ ਹੋਈ: ਆਸ਼ੂ

ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ 19 ਦਿਨਾਂ ਦਰਮਿਆਨ ਕੁੱਲ ਖ਼ਰੀਦ ਕਾਰਜਾਂ ਦਾ ਲਗਪਗ 77 ਫ਼ੀਸਦ ਕੰਮ ਮੁਕੰਮਲ ਕਰ ਲਿਆ ਗਿਆ ਹੈ। ਮੰਡੀਆਂ ਵਿੱਚ ਹੁਣ ਤੱਕ 101.86 ਲੱਖ ਮੀਟ੍ਰਿਕ ਟਨ ਦੀ ਆਮਦ ਦਰਜ ਕੀਤੀ ਗਈ ਹੈ। ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਕਰੀਬ 164 ਫ਼ੀਸਦ ਵਧੇਰੇ ਕਣਕ ਦੀ ਆਮਦ ਹੋਈ ਹੈ। ਨਵੀਂ ਲਾਗੂ ਕੀਤੀ ਡੀਬੀਟੀ ਪ੍ਰਣਾਲੀ ਤਹਿਤ 6.03 ਲੱਖ ਕਿਸਾਨਾਂ ਨੂੰ 15500 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ ਜਾ ਚੁੱਕਾ ਹੈ। 



No comments:

Post a Comment